ਤੁਹਾਡੇ ਵੱਡੇ ਭਰਾ ਦਾ ਵਿਆਹ ਹੈ। ਆਪਣੇ ਪਿਤਾ ਜੀ ਨੂੰ ਚਿੱਠੀ ਰਾਹੀਂ ਲਿਖੋ ਕਿ ਤੁਸੀਂ ਉਸ ਵਿਚ ਕੀ-ਕੀ ਸੁਧਾਰ ਕਰਨਾ ਚਾਹੁੰਦੇ ਹੋ?
ਪੀਖਿਆ ਭਵਨ,
ਸ਼ਹਿਰ ।
25 ਅਪ੍ਰੈਲ, 20……
ਸਤਿਕਾਰਯੋਗ ਪਿਤਾ ਜੀ,
ਆਦਰ ਸਹਿਤ ਚਰਨ ਬੰਦਨਾ !
ਆਪ ਜੀ ਵੱਲੋਂ ਲਿਖੀ ਹੋਈ ਚਿੱਠੀ ਪੜ੍ਹ ਕੇ ਬਹੁਤ ਹੀ ਖੁਸ਼ੀ ਹੋਈ ਹੈ ਕਿ ਵੱਡੇ ਭਰਾ ਦਾ ਵਿਆਹ ਨੀਯਤ ਕਰ ਦਿੱਤਾ ਗਿਆ ਹੈ। ਆਪ ਜੀ ਨੇ ਇਸ ਵਿਆਹ ਸੰਬੰਧੀ ਮੇਰੇ ਵਿਚਾਰਾਂ ਤੋਂ ਜਾਣੂ ਹੋਣ ਬਾਰੇ ਵੀ ਲਿਖਿਆ ਹੈ। ਮੈਂ ਆਪਣੀ ਸਮਝ ਅਨੁਸਾਰ ਕੁਝ ਲਿਖ ਰਿਹਾ ਹਾਂ।
ਪਿਤਾ ਜੀ, ਤੁਸੀਂ ਜਾਣਦੇ ਹੀ ਹੋ ਕਿ ਸਾਡੇ ਰੀਤੀ ਰਿਵਾਜ਼ਾਂ ਨੇ ਸਾਡੇ ਸਮਾਜਿਕ ਢਾਂਚੇ ਨੂੰ ਬੜਾ ਹੀ ਗੁੰਝਲਦਾਰ ਬਣਾ ਦਿੱਤਾ ਹੈ। ਇਹਨਾਂ ਗੁੰਝਲਾਂ ਨੂੰ ਸਰਲ ਬਨਾਉਣ ਲਈ ਤਕੜੀ ਅਤੇ ਸੁਚੱਜੀ ਅਗਵਾਈ ਦੀ ਜ਼ਰੂਰਤ ਹੈ। ਮੁੱਖ ਤੌਰ ‘ਤੇ ਇਹ ਪਹਿਲਾਂ ਸਾਡੇ ਘਰੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਕਿ ਅਸੀਂ ਮਨਜੀਤ ਦੀ ਸ਼ਾਦੀ ਬਹੁਤ ਹੀ ਸਾਦਾ ਤਰੀਕੇ ਨਾਲ ਕਰੀਏ। ਕੋਈ ਦਿਖਾਵਾ ਨਾ ਕੀਤਾ ਜਾਵੇ। ਇੰਝ ਤੁਹਾਡੀ ਦੇਖਾ-ਦੇਖੀ ਪਿੰਡ ਦੇ ਦੂਜੇ ਲੋਕ ਵੀ ਇੰਜ ਕਰਨ ਦੀ ਹਿੰਮਤ ਕਰ ਸਕਣਗੇ ਅਤੇ ਆਪਣੇ ਸਿਰ ਫਜ਼ੂਲ ਦੇ ਕਰਜ਼ੇ ਦਾ ਬੋਝ ਚੁੱਕਣ ਤੋਂ ਬਚਣਗੇ।
ਤੁਸੀਂ ਆਏ ਦਿਨ ਅਖ਼ਬਾਰਾਂ ਵਿਚ ਦਾਜ ਦੀ ਲਾਅਨਤ ਬਾਰੇ ਪੜਦੇ ਹੀ ਹੋ। ਇਸ ਨੇ ਹਜ਼ਾਰਾਂ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਇਹ ਠੀਕ ਹੈ ਕਿ ਸਰਕਾਰ ਨੇ ਦਾਜ ਲੈਣ ਦੇ ਵਿਰੁੱਧ ਕਾਨੂੰਨ ਬਣਾਏ ਹਨ ਪਰ ਫੇਰ ਵੀ ਇਹ ਸ਼ਮਾਜਿਕ ਕੋਹੜ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸਮਾਜ ਦੇ ਸਹਿਯੋਗ ਤੋਂ ਬਿਨਾਂ ਇਸ ਬੀਮਾਰੀ ਉੱਤੇ ਕੋਈ ਸਰਕਾਰ ਵੀ ਕਾਬੂ ਨਹੀਂ ਪਾ ਸਕਦੀ। ਇਸ ਲਈ ਮੈਂ ਵੀ ਚਾਹੁੰਦਾ ਹਾਂ ਕਿ ਵੀਰ ਜੀ ਦੇ ਵਿਆਹ ਵਿਚ ਕੋਈ ਦਾਜ ਨਾ ਲੈ ਕੇ ਦੂਜਿਆਂ ਲਈ ਇਕ ਮਿਸਾਲ ਪੇਸ਼ ਕਰੀਏ।
ਆਪਣੇ ਘਰ ਵਿਚ ਕਿਸੇ ਗੱਲ ਦੀ ਕੋਈ ਕਮੀ ਨਹੀਂ। ਵੀਰ ਜੀ, ਚੰਗੀ ਨੌਕਰੀ ਉੱਤੇ ਲੱਗੇ ਹੋਏ ਹਨ। ਉੱਧਰ ਉਹਨਾਂ ਦੀ ਹੋਣ ਵਾਲੀ ਪਤਨੀ ਵੀ ਸਰਕਾਰੀ ਸਕੂਲ ਵਿਚ ਅਧਿਆਪਕਾ ਹੈ।
ਉਪਰੋਕਤ ਵਿਚਾਰ ਮੈਂ ਆਪਣੀ ਤੁਛ ਬੁੱਧੀ ਅਨੁਸਾਰ ਆਪ ਨੂੰ ਲਿਖ ਰਿਹਾ ਹਾਂ। ਇਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਆਪ ਦੀ ਮਰਜ਼ੀ ਹੈ। ਮੈਂ ਵਿਆਹ ਤੋਂ ਦੋ ਦਿਨ ਪਹਿਲਾਂ ਪਹੁੰਚ ਜਾਵਾਂਗਾ।
ਬੀਜੀ ਅਤੇ ਵੱਡੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ।
ਆਪ ਦਾ ਪਿਆਰਾ ਪੁੱਤਰ,
ਮਹੇਸ਼ ਕੁਮਾਰ।