ਤੁਸੀਂ ਸਕੂਲ ਦੀ ਛਿਮਾਹੀ ਪ੍ਰੀਖਿਆ ਵਿਚ ਕਿਸੇ ਕਾਰਨ ਹਿਸਾਬ ਦਾ ਪਰਚਾ ਨਹੀਂ ਦੇ ਸਕੇ, ਜਿਸ ਕਾਰਨ ਤੁਹਾਨੂੰ ਪੰਜ ਰੁਪਏ ਜ਼ੁਰਮਾਨਾ ਹੋ ਗਿਆ ਹੈ। ਜ਼ੁਰਮਾਨਾ ਮੁਆਫ਼ ਕਰਾਉਣ ਲਈ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ,
ਸਰਕਾਰੀ ਹਾਈ ਸਕੂਲ,
ਮਾਨਸਾ ਸ਼ਹਿਰ ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਦਸਵੀਂ (ਏ) ਸ਼੍ਰੇਣੀ ਦਾ ਵਿਦਿਆਰਥੀ ਹਾਂ। 5 ਦਸੰਬਰ ਤੋਂ ਸ਼ੁਰੂ ਹੋਈ ਛੇਮਾਹੀ ਪ੍ਰੀਖਿਆ ਵਿਚ ਮੈਂ ਹਿਸਾਬ ਦੇ ਦੋਵੇਂ (ਏ) ਅਤੇ (ਬੀ) ਪਰਚੇ ਨਹੀਂ ਦੇ ਸਕਿਆ, ਜਿਸ ਕਾਰਨ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ।
ਹਿਸਾਬ ‘ਏ’ ਦਾ ਪਰਚਾ 8 ਦਸੰਬਰ ਨੂੰ ਸੀ, ਪਰ ਉਸ ਤੋਂ ਇਕ ਦਿਨ ਪਹਿਲਾਂ ਜਦੋਂ 7 ਦਸੰਬਰ ਨੂੰ ਸਾਇੰਸ ਦਾ ਪਰਚਾ ਦੇ ਕੇ ਘਰ ਪਰਤਿਆ ਤਾਂ ਅਚਾਨਕ ਹੀ ਕਾਂਬੇ ਨਾਲ ਮੈਨੂੰ ਬਹੁਤ ਤੇਜ਼ ਬੁਖ਼ਾਰ ਹੋ ਗਿਆ। ਦੂਜੇ ਦਿਨ ਵੀ ਕਾਫ਼ੀ ਬੁਖ਼ਾਰ ਰਿਹਾ, ਜਿਸ ਕਾਰਨ ਮੈਂ ਸਕੂਲ ਨਹੀਂ ਆ ਸਕਿਆ। ਮੇਰੇ ਪਿਤਾ ਜੀ ਆਪਣੇ ਦਫ਼ਤਰ ਵੱਲੋਂ ਕਿਤੇ ਬਾਹਰ ਗਏ ਹੋਏ ਸਨ, ਜਿਸ ਕਾਰਨ ਮੈਂ ਆਪ ਵੱਲ ਕੋਈ ਬੇਨਤੀ ਪੱਤਰ ਨਾ ਭੇਜ ਸਕਿਆ ਅਤੇ ਨਾ ਹੀ ਮੇਰੀ ਸ਼੍ਰੇਣੀ ਦਾ ਕੋਈ ਜਮਾਤੀ ਹੀ ਮੇਰੇ ਮੁਹੱਲੇ ਵਿਚ ਰਹਿੰਦਾ ਹੈ, ਜਿਸ ਦੇ ਹੱਥ ਮੈਂ ਆਪਣੀ ਅਰਜ਼ੀ ਭੇਜ ਸਕਦਾ। ਮੈਂ ਪਿਛਲੇ ਤਿਮਾਹੀ ਇਮਤਿਹਾਨ ਵਿਚ ਹਿਸਾਬ ਵਿਚ ਆਪਣੀ ਸ਼੍ਰੇਣੀ ਵਿਚੋਂ ਸਭ ਤੋਂ ਵੱਧ ਨੰਬਰ ਲਏ ਸਨ। ਜੇਕਰ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਹੁਣ ਵੀ ਇਹਨਾਂ ਪਰਚਿਆਂ ਦਾ ਸਪੈਸ਼ਲ ਟੈਸਟ ਦੇ ਸਕਦਾ ਹਾਂ।
ਇਸ ਲਈ ਇਹਨਾਂ ਦੋ ਪਰਚਿਆਂ ਵਿਚ ਨਾ ਬੈਠ ਸਕਣ ਕਾਰਨ ਜਿਹੜਾ ਮੈਨੂੰ ਪੰਜ ਰੁਪਏ ਜ਼ੁਰਮਾਨਾ ਹੋਇਆ ਹੈ, ਉਹ ਮਿਹਰਬਾਨੀ ਕਰਕੇ ਮੁਆਫ ਕਰਨ ਦੀ ਕਿਰਪਾਲਤਾ ਕੀਤੀ ਜਾਏ। ਕਿਉਂ ਜੋ ਇਕ ਤਾਂ ਮੈਂ ਬੀਮਾਰ ਹੋਣ ਕਰਕੇ ਇਹ ਦੋ ਪਰਚੇ ਨਹੀਂ ਦੇ ਸਕਿਆ, ਦੂਜੇਮੇਰੇ ਪਿਤਾ ਜੀ ਗਰੀਬ ਹੋਣ ਕਾਰਨ ਇਹ ਜ਼ੁਰਮਾਨਾ ਭਰਨ ਤੋਂ ਅਸਮਰਥ ਹਨ। ਮੈਂ ਪੁਸ਼ਟੀ ਲਈ ਬਿਨੈ-ਪੱਤਰ ਦੇ ਨਾਲ ਹੀ ਆਪਣੀ ਬੀਮਾਰੀ ਦਾ ਸਰਟੀਫਿਕੇਟ ਵੀ ਲਗਾ ਰਿਹਾ ਹਾਂ।
ਧੰਨਵਾਦ ਸਹਿਤ।
ਆਪ ਜੀ ਦਾ ਆਗਿਆਕਾਰੀ,
ਰਵੀਦੀਪ ਸਿੰਘ
ਮਿਤੀ 12 ਦਸੰਬਰ, 20….