ਤੁਹਾਡਾ ਛੋਟਾ ਭਰਾ ਪੜਾਈ ਵਿਚ ਧਿਆਨ ਨਹੀਂ ਦਿੰਦਾ ਅਤੇ ਬਰੀ ਸੰਗਤ ਵਿਚ ਪੈ ਗਿਆ ਹੈ। ਉਸ ਨੂੰ ਪੱਤਰ ਰਾਹੀਂ ਬੁਰੀ ਸੰਗਤ ਛੱਡ ਕੇ ਪੜ੍ਹਾਈ ਵਿਚ ਮਨ ਲਾਉਣ ਲਈ ਲਿਖੋ।
ਪ੍ਰੀਖਿਆ ਭਵਨ,
ਸ਼ਹਿਰ,
2 ਫਰਵਰੀ, 20…..
ਪਿਆਰੇ ਦੀਪਕ,
ਸਤਿ ਸ੍ਰੀ ਅਕਾਲ !
ਕੱਲ ਤੇਰੇ ਸਕੂਲ ਵੱਲੋਂ ਭੇਜੀ ਪ੍ਰੀਖਿਆ ਵਿਚ ਅੰਕ ਪ੍ਰਾਪਤੀ ਦੀ ਰਿਪੋਰਟ ਪੜ ਕੇ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਤੂੰ ਹਰ ਵਿਸ਼ੇ ਵਿਚੋਂ ਬੁਰੀ ਤਰ੍ਹਾਂ ਅਸਫਲ ਰਿਹਾ ਹੈ।
ਇਸ ਦੇ ਨਾਲ ਹੀ ਸਕੂਲ ਵਿਚ ਗੈਰ-ਹਾਜ਼ਿਰ ਰਹਿਣ ਬਾਰੇ ਪੜ ਕੇ ਮਨ ਨੂੰ ਬਹੁਤ ਦੁੱਖ ਹੋਇਆ। ਪਰ ਅੱਜ ਮਾਤਾ ਜੀ ਵੱਲੋਂ ਲਿਖੀ ਚਿੱਠੀ ਪੜ ਕੇ ਤਾਂ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਤੂੰ ਬੁਰੀ ਸੰਗਤ ਵਿਚ ਪੈ ਕੇ ਜਿੱਥੇ ਉਹਨਾਂ ਦਾ ਕਹਿਣਾ ਨਹੀਂ ਮੰਨਦਾ ਉੱਥੇ ਤੈਨੂੰ ਚੋਰੀਛਿਪੇ ਜੂਆ ਖੇਡਣ ਦੀ ਵੀ ਆਦਤ ਪੈ ਗਈ ਹੈ।
ਤੂੰ ਤਾਂ ਆਪ ਸਿਆਣਾ ਹੈਂ। ਤੂੰ ਜਾਣਦਾ ਹੀ ਹੈਂ ਕਿ ਆਪਾਂ ਦੋਵਾਂ ਭਰਾਵਾਂ ’ਤੇ ਪਿਤਾ ਜੀ ਦੇ ਵਿਛੋੜੇ ਕਾਰਨ ਢੇਰ ਜ਼ਿੰਮੇਵਾਰੀਆਂ ਆ ਗਈਆਂ ਹਨ। ਤੂੰ ਆਪ ਹੀ ਸੋਚ ਕਿ ਮਾਤਾ . ਜੀ ਕਿੰਨੀਆਂ ਮੁਸੀਬਤਾਂ ਝਲ ਕੇ ਘਰ ਦੇ ਖਰਚ ਦਾ ਸਾਰਾ ਭਾਰ ਚੁੱਕੀ ਫਿਰਦੇ ਹਨ। ਅਜਿਹੀ ਹਾਲਤ ਵਿਚ ਅਸੀਂ ਉਹਨਾਂ ਦਾ ਸਹਾਰਾ ਬਣਨਾ ਹੈ ਨਾ ਕਿ ਅਸੀਂ ਉਹਨਾਂ ਨੂੰ ਦੁੱਖਾਂ ਦੀ ਭੱਠੀ ਵਿਚ ਤਪਾਉਣਾ ਹੈ। ਉਹ ਜੋ ਕੁਝ ਵੀ ਆਖਦੇ ਹਨ ਤੇਰੇ ਚੰਗੇ ਲਈ ਆਖਦੇ ਹਨ। ਜੇ ਤੂੰ ਹੁਣ ਪੜ੍ਹ ਲਵੇਂਗਾ ਤਾਂ ਉਹ ਵੇਲੇ ਸਿਰ ਤੇਰੇ ਹੀ ਕੰਮ ਆਵੇਗਾ।
ਦੀਪਕ ! ਵਿੱਦਿਆ ਤੀਜਾ ਨੇਤਰ ਹੈ। ਵਿੱਦਿਆ ਬਿਨਾਂ ਵਿਅਕਤੀ ਜਾਨਵਰ ਦੇ ਸਮਾਨ ਹੁੰਦਾ ਹੈ ਅਤੇ ਉਹ ਆਪਣੇ ਜੀਵਨ ਦੇ ਕੇਵਲ ਸਾਹ ਪੂਰੇ ਕਰਨ ਲਈ ਹੀ ਜੀਉਂਦਾ ਹੈ।
ਮੇਰੇ ਛੋਟੇ ਭਰਾ, ਤੂੰ ਭੈੜੇ ਮੁੰਡਿਆਂ ਦੀ ਸੰਗਤ ਛੱਡ ਦੇ। ਮੈਂ ਤੈਨੂੰ ਇਹ ਨਹੀਂ ਰੋਕਦਾ ਕਿ ਤੂੰ ਕੋਈ ਦੋਸਤ ਨਾ ਬਣਾ ਮੈਂ ਤਾਂ ਸਗੋਂ ਇਹ ਚਾਹੁੰਦਾ ਹਾਂ ਕਿ ਤੂੰ ਚੰਗੇ ਤੇ ਸਿਆਣੇ ਦੋਸਤਾਂ ਦੀ ਵੱਧ ਤੋਂ ਵੱਧ ਸੰਗਤ ਕਰੇ ਤਾਂ ਜੋ ਸੋਨੇ ਨਾਲ ਲੱਗ ਕੇ ਸੁਹਾਗਾ ਵੀ ਵੱਡਮੁੱਲਾ ਬਣ ਜਾਵੇ।
ਛੋਟੇ ਭਰਾ ! ਹਾਲੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹੁਣ ਵੀ ਮੌਕਾ ਹੈ ਕਿ ਤੂੰ ਲਗਨ ਨਾਲ ਮਿਹਨਤ ਕਰਕੇ ਆਪਣੀ ਪਿਛਲੀ ਕਮੀ ਨੂੰ ਪੂਰਾ ਕਰ ਲੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੂੰ ਮੇਰੇ ਕਹੇ ਤੇ ਫੁੱਲ ਚੜ੍ਹਾ ਕੇ ਹੁਣ ਤੋਂ ਹੀ ਪੜ੍ਹਾਈ ਵਿਚ ਦਿਲੋਂ ਜਾਨ ਨਾਲ ਜੁੱਟ ਜਾਵੇਗਾ। ਸਫਲਤਾ ਜ਼ਰੂਰ ਹੀ ਤੇਰੇ ਕਦਮ ਛੂਹੇਗੀ।
ਮੇਰੇ ਵੱਲੋਂ ਮਾਤਾ ਜੀ ਨੂੰ ਪੈਰੀਂ ਪੈਣਾਂ।
ਤੇਰਾ ਵੱਡਾ ਭਰਾ,
ਮੋਹਨ ਲਾਲ।