ਆਪਣੀ ਮਾਤਾਜੀ ਜੀ ਨੂੰ ਸਕੂਲ ਟੂਰ ਦੀ ਦੇਂਦੇ ਹੋਏ ਵਿਵਰਣ ਪੱਤਰ ਲਿਖੋ
ਪ੍ਰੇਮ ਨਗਰ,
ਜ਼ਿਲ੍ਹਾ ਕਪੂਰਥਲਾ
22 ਅਪ੍ਰੈਲ, 20……
ਸਤਿਕਾਰਯੋਗ ਮਾਤਾ ਜੀ,
ਮੱਥਾ ਟੇਕਦਾ ਹਾਂ।
ਮੈਂ ਏਸ ਵੇਲੇ ਆਪਣੇ ਸਕੂਲ ਦੇ ਸਾਥੀ ਵਿਦਿਆਰਥੀਆਂ ਨਾਲ ਭਾਰਤ ਦੇ ਸਵਰਗ ਕਸ਼ਮੀਰ ਦੀ ਸੈਰ ਦਾ ਖੂਬ ਆਨੰਦ ਮਾਣ ਰਿਹਾ ਹਾਂ। ਸਾਡਾ ਸੈਰ-ਸਪਾਟੇ ਦਾ ਇਹ ਪ੍ਰੋਗਰਾਮ ਸ਼ੁਰੂ ਤੋਂ ਹੀ ਬੜਾ ਮਜ਼ੇਦਾਰ ਰਿਹਾ ਹੈ ਅਤੇ ਅਸੀਂ ਇਸਦਾ ਭਰਪੂਰ ਅਨੰਦ ਲਿਆ ਹੈ।
12 ਅਪ੍ਰੈਲ ਨੂੰ ਅਸੀਂ ਸਾਰੇ ਵਿਦਿਆਰਥੀ ਆਪਣੇ ਅਧਿਆਪਕ ਸਾਹਿਬ ਦੀ ਅਗਵਾਈ ਵਿਚ ਜਲੰਧਰ ਤੋਂ ਸਵੇਰੇ ਪਹਿਲੀ ਬਸ ਦੁਆਰਾ ਜੰਮ ਰਵਾਨਾ ਹੋ ਗਏ ਸਾਂ। ਅਸੀਂ ਦੁਪਹਿਰ ਪਿੱਛੋਂ ਜੰਮ ਅਪੜ ਗਏ । ਰਾਤ ਇਕ ਧਰਮਸ਼ਾਲਾ ਵਿਚ ਕੱਟੀ। ਦੂਜੇ ਦਿਨ ਸਵੇਰੇ ਬਸ ਦੁਆਰਾ ਅਸੀਂ ਸ੍ਰੀਨਗਰ ਵੱਲ ਚੱਲ ਪਏ।
ਰਸਤੇ ਵਿਚ ਦੋਹੀਂ ਪਾਸੀਂ ਅਕਾਸ਼ ਨਾਲ ਗੱਲਾਂ ਕਰਦੇ ਪਹਾੜ ਸਨ। ਸਾਰਾ ਰਸਤਾ ਝਾੜੀਆਂ ਅਤੇ ਜੰਗਲੀ ਪੌਦਿਆਂ ਨਾਲ ਭਰਿਆ ਹੋਇਆ ਸੀ। ਜਿਵੇਂ-ਜਿਵੇਂ ਅਸੀਂ ਅਗਾਂਹ ਵੱਧਦੇ ਗਏ, ਪਹਾੜ ਹੋਰ ਉੱਚੇ ਤੋਂ ਉੱਚੇ ਹੁੰਦੇ ਗਏ। ਇਹਨਾਂ ਪਹਾੜਾਂ ਵਿਚ ਪੱਥਰਾਂ ਦੀ ਗਿਣਤੀ ਤੇ ਅਕਾਰ ਵੀ ਵੱਧਦਾ ਗਿਆ। ਇਹ ਪਹਾੜ ਚੀਲਾਂ ਤੇ ਦਿਉਦਾਰਾਂ ਦੇ ਰੁੱਖਾਂ ਨਾਲ ਲੱਦੇ ਹੋਏ ਸਨ। ਕਈ ਪਹਾੜੀ ਝਰਨਿਆਂ ਵਿਚੋਂ ਡਿੱਗ ਰਿਹਾ ਪਾਣੀ ਬੜਾ ਮਨਮੋਹਣਾ ਪ੍ਰਤੀਤ ਹੁੰਦਾ ਸੀ। ਸਾਡੀ ਬਸ ਉੱਚੀਆਂ-ਨੀਵੀਆਂ ਅਤੇ ਵੱਲ ਖਾਂਦੀਆਂ ਸੜਕਾਂ ਤੋਂ ਲੰਘਦੀ ਜਾਂਦੀ ਸੀ। ਮੈਂ ਬਸ ਦੇ ਸ਼ੀਸ਼ੇ ਵਿੱਚੋਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਰਿਹਾ ਸੀ। ਉਸ ਵੇਲੇ ਠੰਢ ਲਗਾਤਾਰ ਵੱਧਦੀ ਜਾ ਰਹੀ ਸੀ। ਸ਼ਾਮ ਨੂੰ ਕੋਈ ਛੇ ਵਜੇ ਸਾਡੀ ਬਸ ਸ੍ਰੀਨਗਰ ਪਹੁੰਚੀ। ਅਸੀਂ ਆਟੋ ਰਿਕਸ਼ਾ ਕਰਕੇ ਇਕ ਹੋਟਲ ਵਿਚ ਜਾ ਪੁੱਜੇ ਅਤੇ ਆਪਣੇ ਰਹਿਣ ਦਾ ਪ੍ਰਬੰਧ ਕੀਤਾ।
ਅਗਲੇ ਦਿਨ ਅਸੀਂ ਸਾਰੇ ਟਾਂਗਮਰਗ ਪਹੁੰਚੇ। ਇਹ ਉੱਚੇ ਪਹਾੜਾਂ ਦੇ ਪੈਰਾਂ ਵਿਚ ਸਥਿਤ ਹੈ। ਇੱਥੋਂ ਗੁਲਮਰਗ ਚਾਰ ਕਿਲੋਮੀਟਰ ਦੀ ਦੂਰੀ ਤੇ ਹੈ। ਅਸੀਂ ਗੁਲਮਰਗ ਤੀਕ ਪੈਦਲ ਜਾਣ ਦਾ ਫੈਸਲਾ ਕੀਤਾ। ਅਸੀਂ ਸਾਰੇ ਬੜੀ ਖੁਸ਼ੀ-ਖੁਸ਼ੀ, ਹੱਸਦੇ-ਨੱਚਦੇ, ਗਾਉਂਦੇ ਅਤੇ ਹੁਸੀਨ। ਕੁਦਰਤੀ, ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਪੰਧ ਖਤਮ ਕਰ ਰਹੇ ਸਾਂ। ਰਾਹ ਵਿਚ ਅਸੀਂ ਦੇਖਿਆ ਕਿ ਕੁਝ ਲੋਕ ਘੋੜਿਆਂ ਅਤੇ ਖਚਰਾਂ ਉੱਤੇ ਸਵਾਰ ਹੋ ਕੇ ਜਾ ਰਹੇ ਹਨ। ਇੱਥੋਂ ਦੇ ਦਿਉ-ਕੱਦ ਉੱਚੇ-ਉੱਚੇ ਰੁੱਖ ਅਕਾਸ਼ ਨਾਲ ਗੱਲਾਂ ਕਰਦੇ ਜਾਪਦੇ ਸਨ। ਹੱਸਦੇ-ਖੇਡਦੇ ਅਸੀਂ ਗੁਲਮਰਗ ਪਹੁੰਚੇ ਗਏ। ਇੱਥੋਂ ਦੇ ਆਲੇ-ਦੁਆਲੇ ਦਾ ਬੜਾ ਹੀ ਮਨਮੋਹਕ ਦ੍ਰਿਸ਼ ਹੈ। ਇੱਥੇ ਇਕ ਛੋਟਾ ਜਿਹਾ ਫੁੱਲਾਂ ਨਾਲ ਭਰਿਆ ਮੈਦਾਨ ਹੈ ਜਿਸ ਵਿਚ ਚਸ਼ਮੇ ਵੱਗਦੇ ਹਨ।
ਗੁਲਮਰਗ ਤੋਂ ਅਸੀਂ ਘੋੜਿਆਂ ਦੁਆਰਾ ਖਲਮਰਗ ਅੱਪੜੇ। ਇਹ ਸਾਰਾ ਰਾਹ ਕੱਚਾ ਹੈ ਅਤੇ ਪੱਧਰੇ ਮੈਦਾਨਾਂ ਵਿਚੋਂ ਲੰਘਦਾ ਹੈ। ਇਥੇ ਸਾਰਾ ਸਾਲ ਬਰਫ ਜੰਮੀ ਰਹਿੰਦੀ ਹੈ। ਇੱਥੇ ਅਸੀਂ ਕੁਝ ਸਮਾਂ ਰੁਕੋ। ਫਿਰ ਅਸੀਂ ਵਾਪਸ ਗੁਲਮਰਗ ਹੁੰਦੇ ਹੋਏ ਟਾਂਗਮਰਗ ਰਾਹੀਂ ਅਸੀਂ ਮੁੜ ਸ੍ਰੀਨਗਰ ਪਰਤ ਆਏ।
ਪਿਛਲੇ ਕੁਝ ਦਿਨਾਂ ਤੋਂ ਅਸੀਂ ਕਸ਼ਮੀਰ ਦੇ ਕਈ ਹੋਰ ਸੁੰਦਰ ਥਾਵਾਂ ਦੀ ਸੈਰ ਵੀ ਕੀਤੀ। ਅਸਾਂ ਨਿਸ਼ਾਤ ਬਾਗ, ਸ਼ਾਲੀਮਾਰ ਬਾਗ, ਕੁੱਕੜ ਨਾਗ, ਸੋਨਮਰਗ, ਅਵਾਂਤੀਪੁਰ ਦੇ ਖੰਡਰ, ਪਹਿਲਗਾਮ, ਚੰਦਨਵਾੜੀ ਅਤੇ ਇੱਛਾਬਲ ਝਰਨੇ ਦੇ ਸੁੰਦਰ ਨਜ਼ਾਰੇ ਵੇਖੇ।
ਹੁਣ ਸਾਡੀ ਸੈਰ ਦਾ ਪ੍ਰੋਗਰਾਮ ਲਗਪਗ ਖਤਮ ਹੋ ਚੁੱਕਿਆ ਹੈ। ਅੱਜ ਸ਼ਾਮ ਅਸੀਂ ਸ਼ਿਕਾਰੇ ਵਿਚ ਡਲ ਝੀਲ ਦੀ ਸੈਰ ਦਾ ਆਨੰਦ ਲਵਾਂਗੇ। ਕੱਲ ਨੂੰ ਸ੍ਰੀਨਗਰ ਤੋਂ ਵਾਪਸ ਪਰਤਾਂਗੇ। ਫਿਰ ਜੰਮੂ ਅੱਪੜ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਵੀ ਜਾਵਾਂਗੇ। ਉਮੀਦ ਹੈ ਕਿ ਅਸੀਂ ਪਹਿਲੀ ਮਈ ਤੱਕ ਘਰ ਪਹੁੰਚ ਜਾਵਾਂਗੇ।
ਪਿਤਾ ਜੀ ਨੂੰ ਚਰਨ ਬੰਦਨਾ ਅਤੇ ਵੱਡੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ।
ਆਪ ਦਾ ਪਿਆਰਾ ਸਪੁੱਤਰ ,
ਰਵੀਰਾਜ।