ਆਪਣੇ ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਵਾਉਣ ਲਈ ਚਿੱਠੀ ਲਿਖੋ।
43, ਸ਼ਿਵਾਜੀ ਨਗਰ,
ਜਲੰਧਰ।
18 ਮਾਰਚ, 20…..
ਸ੍ਰੀਮਾਨ ਜੀ,
ਸਤਿ ਸ੍ਰੀ ਅਕਾਲ !
ਮੈਂ ਆਪ ਜੀ ਦੇ ਮਕਾਨ ਵਿਚ ਪਿਛਲੇ ਦਸ ਕੁ ਸਾਲ ਤੋਂ ਰਹਿ ਰਿਹਾ ਹਾਂ। ਅੱਜ ਕੱਲ੍ਹ ਤੁਹਾਡੇ ਮਕਾਨ ਦੀ ਹਾਲਤ ਕਾਫ਼ੀ ਮੁਰੰਮਤ ਦੀ ਮੰਗ ਕਰਦੀ ਹੈ। ਮਕਾਨ ਦੀ ਉੱਪਰਲੀ ਛੱਤ ਉੱਤੇ ਬਣੀ ਪਾਣੀ ਦੀ ਟੈਂਚੀ ਨੂੰ ਪ੍ਰੇੜਾਂ ਆ ਚੁੱਕੀਆਂ ਹਨ।ਉਨ੍ਹਾਂ ਵਿਚੋਂ ਹਰ ਵੇਲੇ ਪਾਣੀ ਚੋਂਦਾ ਰਹਿੰਦਾ ਹੈ। ਫਰਸ਼ਾਂ ਦਾ ਪਲਸਤਰ ਉਖੜ ਰਿਹਾ ਹੈ। ਦਰਵਾਜ਼ਿਆਂ ਦੀ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਹੈ।ਉਪਰਲੀ ਛੱਤ ਅਤੇ ਬਰਸਾਤੀ ਦੀ ਛੱਤ ’ਤੇ ਟੀਪ ਕਰਵਾਉਣ ਦੀ ਜ਼ਰੂਰਤ ਹੈ।
ਕਈ ਸਾਲਾਂ ਤੋਂ ਇਸ ਮਕਾਨ ਵਿਚ ਮਰੰਮਤ ਨਹੀਂ ਕਰਵਾਈ ਗਈ। ਦਰਵਾਜ਼ਿਆਂ ਅਤੇ ਖਿੜਕੀਆਂ ਦਾ ਰੰਗ ਰੋਗਣ ਵੀ ਲੱਥਦਾ ਜਾ ਰਿਹਾ ਹੈ। ਖਿੜਕੀਆਂ ਅਤੇ ਰੋਸ਼ਨਦਾਨਾਂ ਦੇ ਕਈ ਸ਼ੀਸ਼ੇ ਟੁੱਟੇ ਹੋਏ ਹਨ। ਅੰਦਰ ਕਮਰਿਆਂ ਵਿਚ ਧੱਬੇ ਜਿਹੇ ਬੜੇ ਭੈੜੇ ਦਿੱਸਦੇ ਹਨ।
ਕਈ ਥਾਵਾਂ ਤੋਂ ਬਿਜਲੀ ਦੀਆਂ ਤਾਰਾਂ ਉਖੜੀਆਂ ਹੋਈਆਂ ਹਨ ਅਤੇ ਤਾਰਾਂ ਨੰਗੀਆਂ ਹੋ ਗਈਆਂ ਹਨ। ਚਿਰ ਦੀ ਜੜਤ ਹੋਣ ਕਾਰਨ ਕਈ ਤਾਰਾਂ ਦੀ ਉੱਪਰਲੀ ਰਬੜ ਵੀ ਲਹਿ ਗਈ ਹੈ ਜਾਂ ਤਿੜਕ ਚੁੱਕੀ ਹੈ। ਅਜਿਹੀ ਹਾਲਤ ਵਿਚ ਕੋਈ ਦੁਰਘਟਨਾ ਵਾਪਰਣ ਦਾ ਖ਼ਤਰਾ ਬਣ ਸਕਦਾ ਹੈ ਇਸ ਲਈ ਅਸੀਂ ਬੜੀ ਪਰੇਸ਼ਾਨੀ ਵਿਚ ਦਿਨ ਕੱਟ ਰਹੇ ਹਾਂ।
ਮੈਂ ਉਮੀਦ ਕਰਦਾ ਹਾਂ ਕਿ ਆਪ ਕਿਰਾਏਦਾਰਾਂ ਦੀਆਂ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਛੇਤੀ ਹੀ ਮਕਾਨ ਦੀ ਮੁਰੰਮਤ ਵੱਲ ਖ਼ਾਸ ਧਿਆਨ ਦੇ ਕੇ ਧੰਨਵਾਦੀ ਬਣਾਉਗੇ।
ਆਪ ਦਾ ਸ਼ੁਭਚਿੰਤਕ,
ਰਘੁਵੀਰ ਸਿੰਘ।