ਪੰਜਾਬ ਦੇ ਲੋਕ ਗੀਤ
Punjab ke Lok Geet
ਧਰਤ ਸੁਹਣੀ: ਪੰਜਾਬ ਦੀ ਧਰਤੀ ਹਾਵੀ ਹੈ। ਇਹ ਲੋਕ ਗੀਤਾਂ ਦੀ ਧਰਤੀ ਹੈ ਅਤੇ ਪੰਜਾਬੀ ਲੋਕ ਹਮੇਸ਼ਾ ਤੋਂ ਹੀ ਗੀਤਾਂ ਦੇ ਸ਼ੋਕੀਨ ਰਹੇ ਹਨ | ਪੰਜਾਬੀ ਗੀਤਾਂ ਚ ਹੀ ਪੈਦਾ ਹੁੰਦੇ , ਬਚਪਨ ਵੀ ਗੀਤਾਂ ਵਿਚ ਗੁਜਾਰਦੇ, ਗੀਤਾਂ ਵਿਚ ਹੀ ਪਲ-ਪਲ ਜਵਾਨ ਹੁੰਦੇ, ਗੀਤਾਂ ਚ ਹੀ ਵਿਆਹਿਆ ਜਾਂਦੇ, ਗ੍ਰਹਿਸਤ ਵੀ ਗੀਤਾਂ ‘ਚ ਹੀ ਭੋਗਦੈ ਅਤੇ ਅੰਤ ਨੂੰ ਗੀਤਾਂ ‘ਚ ਹੀ ਟੁਰ ਜਾਂਦੈ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੇ ਲੋਕ ਗੀਤਾਂ ਦਾ ਸਬੰਧ ਪੂਰੇ ਮਨੁੱਖੀ ਚੱਕਰ ਨਾਲ ਹੈ। ਗੀਤਾਂ ਦਾ ਸਬੰਧ ਸਭਿਆਚਾਰਕ ਜੀਵਨ ਦੇ ਹਰ ਪੜਾਅ ਨਾਲ ਜੁੜਿਆ ਹੋਇਆ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, “ਲੋਕ ਗੀਤ ਕਿਸੇ ਦੇਸ ਦੇ ਸਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ। “
ਲੋਕ ਹੀ ਗੀਤ ਰਚਦੇ ਹਨ : ਲੋਕ ਗੀਤ ਲੋਕ ਦਿਲਾਂ ‘ਚੋਂ ਆਪ-ਮੁਹਾਰੇ ਹੀ ਫੁੱਟਦੇ ਹਨ। ਇਨ੍ਹਾਂ ਨੂੰ ਕੋਈ ਵਿਸ਼ੇਸ਼ ਕਵੀ ਨਹੀਂ ਰਚਦਾ ਬਲਕਿ ਸਧਾਰਨ ਲੋਕਾਂ ਦੇ ਦਿਲੀ ਭਾਵ ਹੀ ਗੀਤਾਂ ਦਾ ਰੂਪ ਧਾਰ ਕੇ ਨਿਰੰਤਰ ਵਹਿੰਦੇ ਰਹਿੰਦੇ ਹਨ । ਇਹ ਪੀੜ੍ਹੀ-ਦਰ-ਪੀੜੀ ਸਦੀਆਂ ਤੋਂ ਹੀ ਲੋਕ-ਮਨਾਂ ਵਿਚ ਵੱਸਦੇ ਆ ਰਹੇ ਹਨ। ਇਹ ਆਮ ਬੋਲਚਾਲ ਦੀ ਭਾਸ਼ਾ ਵਿਚ ਰਚੇ ਜਾਂਦੇ ਹਨ ਅਤੇ ਸਮੇਂ, ਸਥਾਨ ਤੇ ਜਾਤੀਗਤ ਕਾਰਨਾਂ ਕਰਕੇ ਇਨ੍ਹਾਂ ਦੀ ਸ਼ਬਦਾਵਲੀ ਵਿਚ ਕੁਝ ਨਾ ਕੁਝ , ਥੋੜਾ-ਥੋੜਾ ਪਰਿਵਰਤਨ ਹੁੰਦਾ ਰਹਿੰਦਾ ਹੈ। ਪੁਰਾਣੇ ਲੋਕ ਗੀਤਾਂ ਦੇ ਖ਼ਜ਼ਾਨੇ ਵਿਚ ਲੋਕਾਂ ਵੱਲੋਂ ਨਵੇਂ ਰਚੇ ਲੋਕ ਗੀਤ ਵੀ ਸੁਤੇਸਿਧ ਹੀ ਸ਼ਾਮਲ ਹੁੰਦੇ ਰਹਿੰਦੇ ਹਨ।
ਲੋਕ ਗੀਤਾਂ ਵਿਚ ਇਨ੍ਹਾਂ ਦੇ ਰਚਣਹਾਰਿਆਂ ਵਰਗੀ ਸਾਦਗੀ, ਸਰਲਤਾ, ਆਪ-ਮੁਹਾਰਾਪਨ ਤੇ ਅਲਬੇਲਾਪਨ ਝਲਕਦਾ ਹੈ। ਪਰ ਇਨਾਂ ਵਿਚਲਾ ਅੰਤ੍ਰੀਵ ਭਾਵ ਤੇ ਕਲਪਨਾ ਦੀ ਮਿਸਾਲ ਲਾਜਵਾਬ ਹੁੰਦੀ ਹੈ, ਜਿਵੇਂ :
ਮੁੱਲ ਵਿਕਦਾ ਸਜਣ ਮਿਲ ਜਾਵੇ
ਲੈ ਲਵਾਂ ਮੈਂ ਜਿੰਦ ਵੇਚ ਕੇ।
ਪੰਜਾਬੀ ਜਨ-ਜੀਵਨ : ਲੋਕ ਗੀਤਾਂ ਦਾ ਵਿਸ਼ਾ ਵਸਤੂ ਖੁੱਲ੍ਹਾ-ਡੁੱਲਾ ਅਤੇ ਸਭ ਤਰ੍ਹਾਂ ਦੇ ਵਰਤਾਰੇ ਨੂੰ ਸੰਜੋਅ ਕੇ ਰੱਖਣ ਵਾਲਾ ਹੁੰਦਾ ਹੈ। ਪੰਜਾਬੀ ਜਨ-ਜੀਵਨ ਵਿਚ ਵਾਪਰਨ ਵਾਲਾ ਹਰ ਵਰਤਾਰਾ ਲੋਕ ਗੀਤਾਂ ਦਾ ਅੰਗ ਬਣ ਜਾਂਦਾ ਹੈ। ਲੋਕ ਗੀਤਾਂ ਦੀ ਇਸ ਮਾਲਾ ਵਿਚ ਬੱਚੇ, ਬੁੱਢੇ, ਮੁਟਿਆਰਾਂ, ਗੱਭਰੂ, ਪਿਆਰ, ਵਿਛੋੜਾ, ਵਫ਼ਾਦਾਰੀ, ਬੇਵਫ਼ਾਈ, ਤਾਹਨੇ-ਮਿਹਣੇ , ਖੇਤ, ਖੂਹ, ਫ਼ਸਲਾਂ, ਬਿਜਾਈ, ਕਟਾਈ, ਬਾਗਬਾਨੀ, ਬਿਰਖ, ਪਸ਼ੂ, ਪੰਛੀ, ਰੁੱਤਾਂ, ਪਿੰਡ, ਸ਼ਹਿਰ, ਹਾਰ-ਸ਼ਿੰਗਾਰ, ਕਸਰਤ, ਖੇਡਾਂ, ਨਾਚ, ਚੰਗੇ-ਮੰਦੇ ਕਰਮ, ਸੰਤ, ਸੂਰਬੀਰ, ਦੇਸ਼ ਭਗਤ, ਡਾਕੂ, ਬਿਮਾਰੀ ਤੇ ਮੌਤ ਆਦਿ ਵਿਸ਼ੇ ਸੁੱਚੇ ਮਣਕਿਆਂ ਵਾਂਗ ਪਰੋਏ ਹੁੰਦੇ ਹਨ।
ਲੋਕ ਗੀਤਾਂ ਦੇ ਰੂਪ : ਲੋਕ ਗੀਤਾਂ ਦੇ ਕਈ ਰੂਪ ਹਨ, ਜਿਨ੍ਹਾਂ ਦਾ ਸਬੰਧ ਹਰ ਮੌਕੇ ਨਾਲ ਹੁੰਦਾ ਹੈ। ਭਾਵੇਂ ਉਹ ਖੁਸ਼ੀ ਦਾ ਮੌਕਾ ਹੋਵੇ ਭਾਵੇਂ ਗ਼ਮੀ ਦਾ, ਭਾਵੇਂ ਖੇਡਾਂ ਹੋਣ ਜਾਂ ਰਸਮਾਂ-ਰੀਤਾਂ, ਗੀਤਾਂ ਤੋਂ ਬਿਨਾਂ ਅਧੂਰੀਆਂ ਜਾਪਦੀਆਂ ਹਨ। ਲੋਕ ਗੀਤਾਂ ਦੇ ਕੁਝ ਚੋਣਵੇਂ ਰੂਪ ਇਹ ਹਨ ਜਿਵੇਂ ਘੋੜੀਆਂ, ਸੁਹਾਗ, ਸਿੱਠਣੀਆਂ, ਮਾਹੀਆ, ਟੱਪੇ, ਬੋਲੀਆਂ, ਛੰਦ, ਲੋਰੀਆਂ, ਥਾਲ ਆਦਿ।
ਪੰਜਾਬ ਵਿਚ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਵਿਚ ਪੁੱਤਰ ਦੇ ਜਨਮ ਦੀ ਖੁਸ਼ੀ ਨੂੰ ਜ਼ਿਆਦਾ ਪੇਸ਼ ਕੀਤਾ ਜਾਂਦਾ ਹੈ; ਜਿਵੇਂ
ਹਰਿਆ ਨੀ ਮਾਏ..
ਜਨਮ ਤੋਂ ਬਾਅਦ ਜਦੋਂ ਤੱਕ ਬੱਚਾ ਕੁੱਛੜ ਹੁੰਦਾ ਹੈ, ਉਸ ਦੀ ਮਾਂ ਅਤੇ ਭੈਣਾਂ ਵੱਲੋਂ ਉਸ ਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਹੀ ਗੀਤਾਂ ਦੀ ਧੁਨ ਵਿਚ ਲਿਆ ਜਾਂਦਾ ਹੈ, ਸੌਂ ਜਾਂਦਾ ਹੈ :
ਅੱਲ੍ਹੜ ਬੱੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬੈਠੀ ਛੱਟੇਗੀ,
ਮਾਂ ਪੂਣੀਆਂ ਵੱਟੇਗੀ
ਬਾਵੀ ਮੰਨ ਪਕਾਵੇਗੀ
ਬਾਵਾ ਬੈਠਾ ਖਾਵੇਗਾ।
ਲੋਰੀਆਂ ਦੇ ਵਿਚ ਹੀ ਮਾਂ ਦੇ ਸੁਪਨੇ ਭਵਿੱਖ ਵੱਲ ਪਹੁੰਚ ਜਾਂਦੇ ਹਨ। ਲੋਰੀਆਂ ਰਾਹੀਂ ਉਹ ਆਪਣੇ ਪੁੱਤਰ ਦੀ ਵਹੁਟੀ ਵੀ ਲੈ ਆਉਂਦੀ ਹੈ। ਜਦੋਂ ਕੁੜੀਆਂ ਥੋੜੀਆਂ ਕੁ ਵੱਡੀਆਂ ਹੋ ਜਾਂਦੀਆਂ ਹਨ ਤਾਂ ਕਿਕਲੀ ਪਾਉਂਦੀਆਂ ਗੀਤ ਗਾਉਂਦੀਆਂ ਹਨ :
ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਗੀਤਾਂ ਦੇ ਮੁਹਾਂਦਰੇ : ਗੀਤਾਂ ਦੇ ਅਸਲੀ ਮੁਹਾਂਦਰੇ ਤਾਂ ਵਿਆਹ ਵੇਲੇ ਪਛਾਣੇ ਜਾਂਦੇ ਹਨ। ਕੁੜੀ ਦੇ ਵਿਆਹ ‘ਤੇ ਗਾਏ ਜਾਣ ਵਾਲੇ ਗੀਤਾਂ ਨੂੰ ‘ਸੁਹਾਗ’ ਕਿਹਾ ਜਾਂਦਾ ਹੈ ਤੇ ਮੁੰਡੇ ਦੇ ਵਿਆਹ ‘ਤੇ ਗਾਏ ਜਾਣ ਵਾਲੇ ਗੀਤਾਂ ਨੂੰ “ਘੋੜੀਆਂ’। ਸੁਹਾਗ ਵਿਚ ਕੁੜੀ ਦੀਆਂ ਸੱਧਰਾਂ, ਰੀਝਾਂ, ਮਾਪਿਆਂ ਨਾਲ ਪ੍ਰੀਤ, ਪਰਿਵਾਰਕ ਸਾਂਝ ਤੇ ਵਿਛੋੜੇ ਦਾ ਹਾਲ ਬਿਆਨ ਕੀਤਾ ਜਾਂਦਾ ਹੈ, ਜੋ ਬਹੁਤ ਹੀ ਕਰੁਣਾਮਈ ਵਾਤਾਵਰਨ ਸਿਰਜ ਜਾਂਦਾ ਹੈ; ਜਿਵੇਂ :
ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਵੇ ਜਾਣਾ
ਨੀ ਬੇਟੀ ਚੰਨਣ ਦੇ ਓਹਲੇ-ਓਹਲੇ ਕਿਉਂ ਖੜੀ,
ਮੈਂ ਖੜੀ ਸਾਂ ਬਾਬਲ ਜੀ ਦੇ ਦੁਆਰ ਬਾਬਲ ਵਰ ਲੋੜੀਏ …
ਘੋੜੀਆਂ ਵਿਚ ਮਾਪਿਆਂ ਦੇ ਘਰ ਦੀ ਅਮੀਰੀ ਆਦਿ ਬਿਆਨ ਕੀਤੀ ਜਾਂਦੀ ਹੈ; ਜਿਵੇਂ :
“ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ ਵੇ,
ਸੋਂਹਦੀ ਕਾਠੀਆਂ ਦੇ ਨਾਲ, ਕਾਠੀਆਂ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਵੇ।
ਮਾਂ ਦਿਆਂ ਸੁਰਜਨਾ… ਸੁਰਜਨਾ ਵੇ ….
ਪੁੱਤ ਸਹੁਰਿਆਂ ਦੇ ਘਰ ਢੁੱਕਣਾ
ਵਿਆਹ ਵੇਲੇ ਨਾਨਕਾ ਤੇ ਦਾਦਕਾ ਮੇਲ ਇਕ-ਦੂਜੇ ਨੂੰ ਸਿੱਠਣੀਆਂ ਦਿੰਦੇ ਹਨ। ਇਹ ਸਿਰਫ਼ ਵਕਤੀ ਮਜ਼ਾਕ ਹੁੰਦਾ ਹੈ। ਇਨ੍ਹਾਂ ਗੱਲਾਂ ‘ ਗੀਤਾਂ ਦਾ ਕੋਈ ਵੀ ਗੁੱਸਾ ਨਹੀਂ ਕਰਦਾ ਜਾਂ ਇਹ ਸਿੱਠਣੀਆਂ ਬਰਾਤੀਆਂ ਨੂੰ ਵੀ ਦਿੱਤੀਆਂ ਜਾਂਦੀਆਂ ਸਨ: ਜਿਵੇਂ :
ਸਾਡੇ ਤਾਂ ਵਿਹੜੇ ਮੁੱਢ ਮਕੋਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ…
ਨਿਲੱਜਿਓ ! ਲੱਜ ਤੁਹਾਨੂੰ ਨਹੀਂ।
ਨੂੰਹ-ਸੱਸ ਦਾ ਰਿਸ਼ਤਾ : ਲੋਕ ਗੀਤਾਂ ਵਿਚ ਸੱਸ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਆਉਂਦਾ ਹੈ। ਇਹ ਜ਼ਿਕਰ ਸੱਸ ਦੇ ਅੜੀਅਲਪੁਣੇ ਨੂੰ ਵਧੇਰੇ ਦਰਸਾਉਂਦਾ ਹੈ। ਕੁੜੀਆਂ ਆਪਣੀ ਸੱਸ ਨੂੰ ਗੀਤਾਂ ਰਾਹੀਂ ਹਮੇਸ਼ਾ ਨਿੰਦਦੀਆਂ ਹਨ, ਕਿਉਂਕਿ ਪੇਕੇ ਘਰ ਵਰਗਾ ਮਾਹੌਲ ਸਹੁਰੇ ਘਰ ਨਹੀਂ ਮਿਲਦਾ। ਸੱਸ ਦੀਆਂ ਨਸੀਹਤਾਂ, ਤਲਖ਼ੀਆਂ ਉਸ ਨੂੰ ਦੁਖੀ ਕਰ ਦਿੰਦੀਆਂ ਹਨ, ਤਾਂ ਹੀ ਕਿਹਾ ਹੈ :
“ਮਾਪਿਆਂ ਨੇ ਰੱਖੀ ਲਾਡਲੀ,
ਅੱਗੋਂ ਸੱਸ ਬਘਿਆੜੀ ਟੱਕਰੀ
ਜੇਕਰ ਕੁੜੀ ਦੇ ਪੇਕਿਓਂ ਕੋਈ ਆ ਜਾਵੇ ਉਸ ਦੀ ਖ਼ਾਤਰਦਾਰੀ ਵਿਚ ਕੋਈ ਕਸਰ ਰਹਿ ਜਾਵੇ ਤਾਂ ਵੀ ਸੱਸ ਦੀ ਸ਼ਾਮਤ : . ਨੀ ਸੱਸ ਤੇਰੀ ਮੱਝ ਮਰ ਜੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਜਦਕਿ ਅਸਲੀਅਤ ਤਾਂ ਇਹ ਹੈ :
ਮਾਵਾਂ ਲਾਡ ਲਡਾ ਧੀਆਂ ਨੂੰ ਵਿਗਾੜਨ ਨੀ
ਸੱਸਾਂ ਦੇ ਦੇ ਮੱਤਾਂ ਉਮਰ ਸੰਵਾਰਨ ਨੀ।
ਨੂੰਹ-ਸੱਸ ਦਾ ਰਿਸ਼ਤਾ ਤਾਂ ਆਪਣੇਪਣ ਵਾਲਾ, ਮਿਠਾਸ ਭਰਿਆ ਹੋਣਾ ਚਾਹੀਦਾ ਹੈ। ਦੋਵਾਂ ਨੂੰ ਇਕ-ਦੂਜੇ ਨੂੰ ਸਮਝਣਾ ਚਾਹੀਦਾ ਹੈ। ਸੰਸ ਮਾੜੀ ਨਹੀਂ ਹੁੰਦੀ, ਮਾੜੀ ਤਾਂ ਸਾਡੀ ਆਪਣੀ ਸੋਚ ਹੁੰਦੀ ਹੈ। ਜੇ ਤੁਹਾਡੀ ਸੋਚ ਸਕਾਰਾਤਮਕ ਹੋਵੇਗੀ ਤਾਂ ਆਪ-ਮੁਹਾਰੇ ਤੁਸੀਂ ਕਹੋਗੇ :
ਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀ,
ਪਿਪਲੀ ਦੀ ਠੰਢੀ-ਠੰਢੀ ਛਾਂ ਵਰਗੀ।
ਮਾਹੀਆ, ਟੱਪੇ ਵੀ ਲੋਕ ਗੀਤਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਪਰਦੇਸ ਗਏ ਮਾਹੀ ਦੀ ਯਾਦ, ਵਿਛੋੜੇ ਦੀ ਤੜਪ ਆਦਿ ਪੇਸ਼ ਕਰਦੇ। ਇਹ ਰੂਪ ਵੀ ਮਨ ਨੂੰ ਅਤਿ ਪ੍ਰਭਾਵਿਤ ਕਰਦੇ ਹਨ :
* ਪਾਣੀ ਛੰਨੇ ਵਿਚੋਂ ਕਾਂ ਪੀਤਾ
ਤੇਰੇ ਵਿਚੋਂ ਰੱਬ ਦਿੱਸਿਆ, ਤੈਨੂੰ ਸਜਦਾ ਮੈਂ ਤਾਂ ਕੀਤਾ…
* ਗੱਡੀ ਚਲਦੀ ਏ ਟੇਸ਼ਨ ‘ਤੇ
ਪਰਾਂ ਹਟ ਵੇ ਬਾਬੁ, ਸਾਨੂੰ ਮਾਹੀਆ ਵੇਖਣ ਦੇ…
ਸਭਿਆਚਾਰਕ ਪੱਖ : ਗੀਤਾਂ ਵਿਚ ਸਭਿਆਚਾਰਕ ਹਾਲਾਤ ਵੀ ਪੇਸ਼ ਹੁੰਦੇ ਹਨ :
* ਜੱਟ ਜੱਟੀ ਨੂੰ ਲੈਣ ਨਾ ਆਵੇ
ਡਰਦਾ ਕਬੀਲਦਾਰੀਓ
ਇਤਿਹਾਸਕ ਪੱਖ : ਇਤਿਹਾਸ ਵੀ ਝਲਕਦਾ ਹੈ :
* ਤੇਰਾ ਰਾਜ ਨਾ ਫਰੰਗੀਆ ਰਹਿਣਾ ਭਗਤ ਸਿੰਘ ਕੋਹ ਸੁੱਟਿਆ।
* ਦੇ ਚਰਖੇ ਨੂੰ ਗੇੜਾ ਲੋੜ ਨਹੀਂ ਤੋਪਾਂ ਦੀ।
* ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ, ਗਾਂਧੀ ਦੇ ਚਰਖੇ ਨੇ।
ਸੋਗਮਈ ਕਾਵਿ-ਰੂਪ : ਇਨ੍ਹਾਂ ਵਿਚ ਅਲਾਹੁਣੀਆਂ, ਵੈਣ, ਕੀਰਨੇ ਆਦਿ ਆ ਜਾਂਦੇ ਹਨ, ਉਹ ਵੀ ਗੀਤਾਂ ਵਿਚ ਹੀ ਪਾਏ ਜਾਂਦੇ ਹਨ
ਜਵਾਨ ਪੁੱਤ : ਕੀਰਨੇ : ਹਾਏ ! ਹਾਏ ! ਨਾ ਜੋਗਾ,…..
ਲੋਕ ਗੀਤਾਂ ਦੀ ਲੰਮੀ ਉਮਰ : ਲੋਕ ਗੀਤਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਤੇ ਇਹ ਹੁੰਦੇ ਵੀ ਬਹੁਤ ਲੰਮੀ ਉਮਰ ਵਾਲੇ ਹਨ। ਸਦੀਆਂ ਤੁਰੇ ਆ ਰਹੇ ਹਨ। ਇੰਜ ਹੀ ਅਗਾਂਹ ਵੀ ਇਨਾਂ ਨੇ ਨਿਰੰਤਰ ਤੁਰਦੇ ਹੀ ਰਹਿਣਾ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ |ਤਾਂ ਕਿਹਾ ਜਾਂਦਾ ਹੈ, ਜਾਹ ਸੱਜਣਾ ਵੇ। ਤੇਰੀ ਉਮਰ ਕਿਸੇ ਲੋਕ ਗੀਤ ਜਿੰਨੀ ਲੰਮੀ ਹੋਵੇ।
ਸਾਰੰਸ਼ : ਸੋ, ਇਹ ਪ੍ਰਤੱਖ ਹੈ ਕਿ ਲੋਕ ਗੀਤਾਂ ਵਿਚ ਪੰਜਾਬੀ ਜੀਵਨ ਦੇ ਸਾਰੇ ਖ਼ਾਸ ਲੱਛਣ ਸਾਫ਼-ਸਾਫ਼ ਉਜਾਗਰ ਹੁੰਦੇ ਹਨ। ਇਹ ਗੀਤ ਨਾ ਤੇ ਭਾਵਾਂ ਦੀ ਦ੍ਰਿਸ਼ਟੀ ਤੋਂ ਲੈਅ-ਤਾਲ ਸਹਿਤ ਅਤੇ ਲੈਅ-ਤਾਲ ਰਹਿਤ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਦੇ ਲੋਅ-ਤਾਲ ਸਹਿਤ ਰੂਪਾਂ ਵਿਚ ਗੀਤ, ਬੋਲੀਆਂ, ਬਾਰਾਮਾਹ, ਟੱਪੇ, ਭੇਟਾਂ ਆਦਿ ਸ਼ਾਮਲ ਹਨ। ਲੇਅ-ਤਾਲ ਰਹਿਤ ਰੂਪਾਂ ਵਿਚ ਸਿਠਣੀਆਂ, ਕੀਰਨੇ, ਦੋਹੇ, ਬੈਂਤ, ਸੰਦ. ਰਾਹੁਣੀਆਂ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸੁਹਾਗ ਅਤੇ ਘੋੜੀਆਂ ਜਿੱਥੇ ਮਿਰਾਸੀ, ਭੇਡ, ਸੈਂਸੀ ਆਦਿ ਵਿਆਹ-ਸ਼ਾਦੀਆਂ ‘ਤੇ ਲੈਅ-ਤਾਲ ਸਹਿਤ ਗਾਉਂਦੇ ਹਨ, ਉੱਥੇ ਆਮ ਲੋਕ ਜ਼ਿਆਦਾਤਰ ਲੇਅ-ਤਾਲ ਰਹਿਤ ਹੀ ਗਾਉਂਦੇ ਹਨ। ਮੁੱਕਦੀ ਗੱਲ ਇਹ ਹੈ ਕਿ ਪੰਜਾਬੀਆਂ ਲੂ ਸੁਭਾਅ ਦੀ ਤਰਾਂ ਇਹਨਾਂ ਦੇ ਲੋਕ ਗੀਤ ਵੀ ਖੁਲੇ ਬਹਿਆਂ ਵਾਲੇ ਹਨ ਜੋ ਸਮਾਜ ਦੀਆਂ ਸੱਭਿਆਚਾਰਕ, ਆਰਥਕ, ਰਾਜਨੀਤਕ, ਤਹਾਸਕ ਜੀਵਨ ਘਟਨਾਵਾਂ ਦਾ ਬਾ-ਖੂਬੀ ਚਿਤਰਨ ਕਰਨ ਦੇ ਸਮਰੱਥ ਹਨ।