ਪੜ੍ਹਾਈ ਵਿਚ ਖੇਡਾਂ ਦੀ ਥਾਂ
Padhai vich kheda ki Tha
ਖੇਡਾਂ ਅਤੇ ਮਨੁੱਖੀ ਜੀਵਨ : ਖੇਡਾਂ ਦੀ ਮਨੁੱਖੀ ਜੀਵਨ ਵਿਚ ਬੜੀ ਮਹਾਨਤਾ ਹੈ। ਇਹਨਾਂ ਦੀ ਸਾਡੇ ਸਰੀਰ ਨੂੰ ਉਸੇ ਤਰਾਂ ਹੀ ਲੋੜ ਹੈ, ਜਿਵੇਂ ਸਾਨੂੰ ਭੋਜਨ, ਹਵਾ ਅਤੇ ਪਾਣੀ ਆਦਿ ਦੀ ਜ਼ਰੂਰਤ ਹੈ। ਜਿਥੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਖ਼ੁਰਾਕ ਆਪਣਾ ਯੋਗਦਾਨ ਪਾਉਂਦੀ ਹੈ, ਉੱਥੇ ਖੇਡਾਂ ਵੀ ਸਾਡੇ ਸਰੀਰ ਨੂੰ ਖ਼ੁਰਾਕ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੇ ਕਾਬਲ ਬਣਾਉਂਦੀਆਂ ਹਨ। ਇਹ ਸਾਡੇ ਦਿਨ ਭਰ ਦੇ ਦਿਮਾਗੀ ਅਤੇ ਸਰੀਰਕ ਥਕੇਵੇਂ ਨੂੰ ਦੂਰ ਕਰ ਦਿੰਦੀਆਂ ਹਨ ਜਿਸ ਨਾਲ ਸਾਡੇ ਸਰੀਰ ਵਿਚ ਤਾਜ਼ਗੀ ਅਤੇ ਚੁਸਤੀ ਪੈਦਾ ਹੁੰਦੀ ਹੈ।
ਉੱਨਤ ਜਾਤੀਆਂ ਅਤੇ ਖੇਡਾਂ : ਸੰਸਾਰ ਦੀਆਂ ਉੱਨਤ ਜਾਤੀਆਂ ਖੇਡਾਂ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ, ਇਸੇ ਕਰਕੇ ਹੀ ਉਹ ਜੀਵਨ ਦੇ ਹਰ ਖੇਤਰ ਵਿਚ ਖੇਡਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਰਜੀਹ ਦਿੰਦੀਆਂ ਹਨ। ਵਿਕਸਿਤ ਦੇਸ਼ਾਂ ਵਿਚ ਖੇਡਾਂ ਦਾ ਇੰਤਜ਼ਾਮ ਕੇਵਲ ਵਿਦਿਆਰਥੀਆਂ ਜਾਂ ਨੌਜਵਾਨਾਂ ਲਈ ਹੀ ਨਹੀਂ, ਸਗੋਂ ਵਡੇਰੀ ਉਮਰ ਦੇ ਬੰਦਿਆਂ ਲਈ ਵੀ ਹੁੰਦਾ ਹੈ।
ਖੇਡਾਂ ਅਤੇ ਸਰੀਰਕ ਸਿਹਤ : ਖੇਡਾਂ ਸਾਡੇ ਸਰੀਰ ਨੂੰ ਸਵਸਥ ਅਤੇ ਤਾਕਤਵਰ ਰੱਖਣ ਵਿਚ ਭਾਰੀ ਯੋਗਦਾਨ ਪਾਉਂਦੀਆਂ ਹਨ। ਖੇਡਾਂ ਵਿਚ ਹਿੱਸਾ ਲੈਣ ਨਾਲ ਸਾਡੇ ਸਰੀਰ ਵਿਚ ਖੂਨ ਦਾ ਗੇੜ ਤੇਜ਼ ਹੁੰਦਾ ਹੈ। ਇਸ ਨਾਲ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਨਸ਼ਕਤੀ ਵੱਧਦੀ ਹੈ। ਰੋਜ਼ ਖੇਡਾਂ ਵਿਚ ਹਿੱਸਾ ਲੈਣ ਵਾਲੇ ਬੰਦਿਆਂ ਦਾ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਉਹਨਾਂ ਦੇ ਅੰਦਰ ਬੀਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ। ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਦੇ ਸਰੀਰ ਵਿਚ ਸਦਾ ਫੁਰਤੀ ਅਤੇ ਤਾਜ਼ਗੀ ਰਹਿੰਦੀ ਹੈ ਅਤੇ ਉਹਨਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ।
ਖੇਡਾਂ ਅਤੇ ਮਾਨਸਿਕ ਸਿਹਤ : ਸਰੀਰ ਦੇ ਸਵਸਥ ਰਹਿਣ ਨਾਲ ਮਨੁੱਖ ਆਪਣੇ ਦਿਮਾਗ ਤੋਂ ਵੀ ਵੱਧ ਤੋਂ ਵੱਧ ਫਾਇਦਾ ਉਠਾ ਸਕਦਾ ਹੈ। ਖੇਡਾਂ ਨਾਲ ਦਿਮਾਗ ਦੀ ਗਹਿਣ ਕਰਨ ਦੀ ਤਾਕਤ ਵੱਧਦੀ ਹੈ। ਇਹਨਾਂ ਨਾਲ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ। ਇਹਨਾਂ ਤੋਂ ਬਿਨਾਂ ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿਚ ਪਿੱਛੇ ਰਹਿ ਜਾਂਦੇ ਹਨ।
ਚਰਿੱਤਰ ਦਾ ਨਿਰਮਾਣ : ਸਰੀਰਕ ਅਤੇ ਦਿਮਾਗੀ ਨਿਰਮਾਣ ਤੋਂ ਬਿਨਾਂ ਖੇਡਾਂ ਮਨੁੱਖ ਦੇ ਆਚਰਣ ਦਾ ਨਿਰਮਾਣ ਵੀ ਕਰਦੀਆਂ ਹਨ। ਜਦੋਂ ਅਸੀਂ ਦੂਜਿਆਂ ਨਾਲ ਮਿਲ ਕੇ ਖੇਡਦੇ ਹਾਂ, ਤਾਂ ਸਾਡੇ ਵਿਚ ਇਕ ਦੂਜੇ ਦੀ ਸਹਾਇਤਾ ਕਰਨ, ਕਿਸੇ ਨਾਲ ਵਧੀਕੀ ਨਾ ਕਰਨ, ਆਪਣੀ ਗਲਤੀ ਨੂੰ ਮੰਨ ਲੈਣ, ਧੋਖਾ ਨਾ ਕਰਨ, ਆਗੂ ਦਾ ਹੁਕਮ ਮੰਨਣ, ਆਪਣੀ ਜਿੱਤ ਲਈ ਤਾਕਤ ਲਾਉਣ, ਨੇਮਾਂ ਦੀ ਪਾਲਣਾ ਕਰਨ ਅਤੇ ਮਿਲ ਕੇ ਚੱਲਣ ਦੇ ਗੁਣ ਪੈਦਾ ਹੁੰਦੇ ਹਨ।
ਮਨੁੱਖੀ ਮਨ ਵਿਚ ਸਥਿਰਤਾ ਪੈਦਾ ਕਰਨਾ : ਖੇਡਾਂ ਮਨੁੱਖੀ ਮਨ ਵਿਚ ਟਿਕਾਓ ਅਤੇ ਇਕਾਗਰਤਾ ਪੈਦਾ ਕਰਦੀਆਂ ਹਨ। ਖੇਡਾਂ ਵਿਚ ਲੱਗ ਕੇ ਮਨੁੱਖ ਸੰਸਾਰਕ ਝੰਜਟਾਂ, ਫਿਕਰਾਂ ਅਤੇ ਸੋਚਾਂ ਨੂੰ ਭੁੱਲ ਜਾਂਦਾ ਹੈ। ਇਸ ਕਰਕੇ ਖੇਡਾਂ ਦੀ ਭਾਰੀ ਮਨੋਵਿਗਿਆਨਕ ਮਹਾਨਤਾ।
ਦਿਲ-ਪ੍ਰਚਾਵੇ ਦਾ ਸਾਧਨ : ਖੇਡਾਂ ਦਿਲ-ਪਰਚਾਵੇ ਦਾ ਇਕ ਬਹੁਤ ਹੀ ਵਧੀਆ ਸਾਧਨ ਹਨ। ਇਹਨਾਂ ਨਾਲ ਮਨੁੱਖੀ ਮਨ ਵਿਚ ਖੁਸ਼ੀ ਨੱਚਦੀ ਹੈ। ਉਸ ਨੂੰ ਕਈ ਮੌਕਿਆਂ ਤੇ ਖੁਲ ਕੇ ਹੱਸਣ ਦਾ ਮੌਕਾ ਮਿਲਦਾ ਹੈ। ਇਸ ਤਰਾਂ ਉਸ ਦਾ ਮਨ ਖਿੜਦਾ ਹੈ। ਖੇੜਾ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦਾ ਹੈ। ਖਿੜਿਆ ਮਨ ਅਤੇ ਸਵਸਥ ਸਰੀਰ ਵਿਚ ਖੁਸ਼ਬੂ ਖਿਲਾਰਦਾ ਹੈ।
ਆਸ਼ਾਵਾਦੀ ਰਹਿਣਾ : ਖੇਡਾਂ ਵਿਚ ਭਾਗ ਲੈਣ ਵਾਲਾ ਮਨੁੱਖ ਜੀਵਨ ਦੀ ਖੇਡ ਨੂੰ ਦਲੇਰੀ ਨਾਲ ਖੇਡਦਾ ਹੈ। ਉਹ ਕਿਸੇ ਥਾਂ ਇਕ ਵਾਰ ਹਾਰ ਖਾ ਕੇ ਨਿਰਾਸ਼ ਨਹੀਂ ਹੁੰਦਾ, ਸਗੋਂ ਆਸ਼ਾਵਾਦੀ ਬਣਿਆ ਰਹਿੰਦਾ ਹੈ।
ਖੇਡਾਂ ਲਈ ਸਮੇਂ ਦਾ ਠੀਕ ਪਯੋਗ : ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨੂੰ ਇਕ ਨਿਸ਼ਚਿਤ ਸਮਾਂ ਹੀ ਦੇਣਾ ਚਾਹੀਦਾ ਹੈ। ਸਾਨੂੰ ਹਰ ਸਮੇਂ ਖੇਡਾਂ ਵਿਚ ਹੀ ਨਹੀਂ ਲੱਗੀ ਰਹਿਣਾ ਚਾਹੀਦਾ ਕਿਉਂਕਿ ਇਸ ਤਰਾਂ ਅਸੀਂ ਆਪਣੀਆਂ ਬਾਕੀ ਜ਼ਿੰਮੇਵਾਰੀਆਂ ਨੂੰ ਸਫਲਤਾ ਨਾਲ ਨਹੀਂ ਨਿਭਾ ਸਕਾਂਗੇ। ਇਸ ਲਈ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ‘ਖੇਡਾਂ ਜ਼ਿੰਦਗੀ ਲਈ ਹਨ, ਨਾ ਕਿ ਜ਼ਿੰਦਗੀ ਖੇਡਾਂ ਲਈ।