ਪੜ੍ਹਾਈ ਵਿੱਚ ਖੇਡਾਂ ਦਾ ਮਹੱਤਵ
Padhai vich Kheda da Mahatva
ਅਜੋਕੀ ਵਿੱਦਿਆ ਪ੍ਰਣਾਲੀ ਵਿਦਿਆਰਥੀਆਂ ਦੇ ਸਿਰਫ਼ ਦਿਮਾਗ ਨੂੰ ਹੀ ਵਿਕਸਿਤ ਨਹੀਂ ਕਰਦੀ ਸਗੋਂ ਇਸ ਦਾ ਉਦੇਸ਼ ਦਿਮਾਗੀ, ਸਰੀਰਕ ਤੇ ਇਖਲਾਕੀ ਪੱਖ ਤੋਂ ਵਿਦਿਆਰਥੀਆਂ ਨੂੰ ਅਗਾਂਹ ਵਧਾਉਣਾ ਹੈ । ਇਸ ਪ੍ਰਕਾਰ ਵਿਦਿਆਰਥੀਆਂ ਦਾ ਦਿਮਾਗ, ਸਰੀਰ ਤੇ ਮਨ ਵਿਕਸਿਤ ਹੋ ਜਾਂਦਾ ਹੈ । ਆਮ ਕਹਾਵਤ ਹੈ ਕਿ ਨਿਰੋਗ ਸਰੀਰ ਵਿੱਚ ਹੀ ਵਿਕਸਿਤ ਅਤੇ ਨਿਰੋਗ ਦਿਮਾਗ ਦਾ ਵਾਸਾ ਹੁੰਦਾ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈਪੰਜਾਬੀ ਲੋਕ ਕਹਿੰਦੇ ਹਨ –
ਜਿਸਮ ਵਿਚ ਜੇ ਤਾਕਤ ਨਹੀਂ,
ਤਾਂ ਸਮਝੋ ਸਿਰ ਵਿਚ ਲਿਆਕਤ ਨਹੀਂ ।
ਕੁਝ ਸਮਾਂ ਪਹਿਲਾਂ ਤੱਕ ਭਾਰਤ ਦਾ ਵਿੱਦਿਅਕ ਢਾਂਚਾ ਸਿਰਫ ਬੁੱਧੀ ਦੀ ਤਰੱਕੀ ਤੇ ਜ਼ੋਰ ਦੇਂਦਾ ਸੀ । ਵਿਦਿਆਰਥੀ ਘੋਟਾ ਲਾ ਕੇ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰਦੇ ਰਹਿੰਦੇ ਸਨ । ਬਹੁਤੇ ਹੁਸ਼ਿਆਰ ਵਿਦਿਆਰਥੀ ਸਾਰਾ ਦਿਨ ਕਿਤਾਬਾਂ ਵਿਚ ਹੀ ਸਿਰ ਦੇਈ ਰੱਖਦੇ ਸਨ।
ਅਜੋਕਾ ਵਿਦਿਅਕ-ਢਾਂਚਾ ਖੇਡਾਂ ਦੇ ਮਹੱਤਵ ਨੂੰ ਅੱਖੋਂ ਉਹਲੇ ਨਹੀਂ ਕਰ ਰਿਹਾ । ਇਤਿਹਾਸ ਗਵਾਹ ਹੈ ਕਿ ਸਾਡੇ ਬਹੁਤ ਵੱਡੇ ਵੱਡੇ ਯੋਧੇ ਚੰਗੇ ਸਾਹਿਤਕਾਰ ਵੀ ਸਨ । ਭਗਵਾਨ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਦੀ ਫਿਲਾਸਫ਼ੀ ਰਚੀ, ਬੜੇ ਮਹਾਨ ਯੋਧਾ ਵੀ ਸਨ । ਦਸਮ ਗ੍ਰੰਥ ਦੇ ਰਚਣ ਹਾਰ ਗੁਰੁ ਗੋਬਿੰਦ ਸਿੰਘ ਜੀ ਇਕ ਨਿਰਭੈ ਯੋਧਾ ਸਨ । | ਇਸ ਪ੍ਰਕਾਰ ਇਹ ਸਿੱਧ ਹੋ ਜਾਂਦਾ ਹੈ ਕਿ ਸਰੀਰਕ ਤਾਕਤ ਨਾਲ ਹੀ ਦਿਮਾਗ ਵਿਕਸਤ ਹੋ ਸਕਦਾ ਹੈ ।
ਹਰ ਵੇਲੇ ਕਿਤਾਬੀ-ਕੀੜਾ ਬਣਿਆ ਰਹਿਣ ਵਾਲਾ ਵਿਦਿਆਰਥੀ ਕਦੀ ਵੀ ਪਹਿਲੇ ਨੰਬਰ ਤੇ ਨਹੀਂ ਆ ਸਕਦਾ । ਪੜ੍ਹਨ ਤੋਂ ਬਾਅਦ ਜੇਕਰ ਉਹ ਖੇਡਾਂ ਵੱਲ ਰੁਚੀ ਵਿਖਾਉਂਦਾ ਹੈ ਤਾਂ ਉਸ ਦਾ ਅਕੇਵਾਂ ਘਟ ਜਾਂਦਾ ਹੈ ਤੇ ਉਹ ਮੁੜਕੇ ਫੇਰ ਤਾਜ਼ਾ ਦਮ ਹੋ ਕੇ ਪੜ੍ਹਾਈ ਕਰ ਸਕਦਾ ਹੈ । ਪੁਰਾਤਨ ਸਮਿਆਂ ਵਿਚ ਜਦੋਂ ਯੂਨਾਨੀ ਸਭਿਅਤਾ ਸਿਖਰ ਤੇ ਸੀ, ਉਸ ਸਮੇਂ ਹੀ ਉਨ੍ਹਾਂ ਨੇ ਉਲੰਪਿਕ ਖੇਡਾਂ ਦੀ ਪ੍ਰੰਪਰਾ ਸ਼ੁਰੂ ਕੀਤੀ । ਇਸ ਤੋਂ ਪਤਾ ਲਗ ਜਾਂਦਾ ਹੈ ਕਿ ਉਨ੍ਹਾਂ ਦੀ ਤਰੱਕੀ ਵਿਚ ਖੇਡਾਂ ਦਾ ਬਹੁਤ ਮਹੱਤਵ ਰਿਹਾ ਸੀ ।
ਕੌਮੀ-ਖੇਡ-ਮੁਕਾਬਲਿਆਂ ਵਿਚ ਵੱਖ-ਵੱਖ ਪ੍ਰਾਂਤਾਂ ਦੇ ਰਹਿਣ ਵਾਲਿਆਂ ਵਿਚ ਪਿਆਰ ਦੀ ਭਾਵਨਾ ਤੇ ਮੇਲ ਜੋਲ ਵਧਦਾ ਹੈ । ਅੰਤਰ-ਰਾਸ਼ਟਰੀ ਖੇਡਾਂ ਦੇ ਮੁਕਾਬਲਿਆਂ ਵਿਚ ਇਹ ਮੇਲ ਜੋਲ ਹੋਰ ਵੀ ਵਧਦਾ ਹੈ ਇਉਂ ਵਿਅਕਤੀ ਦਾ ਇਖਲਾਕੀ ਵਿਕਾਸ ਹੁੰਦਾ ਹੈ ।
ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ । ਇਸ ਦੀ ਜਾਂਚ ਅਸੀਂ ਖੇਡਾਂ ਤੋਂ ਹੀ ਸਿੱਖ ਸਕਦੇ ਹਾਂ । ਖੇਡਾਂ ਵਿੱਚ ਸਾਨੂੰ ਜਿੱਤ ਤੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ । ਸਾਡਾ ਮਨ ਜੇਕਰ ਜਿੱਤ ਕਾਰਨ ਖੁਸ਼ ਹੁੰਦਾ ਹੈ ਤਾਂ ਹਾਰ ਨੂੰ ਵੀ ਸਵੀਕਾਰ ਕਰਦਾ ਹੈ । ਇਹ ਭਾਵਨਾ ਵਿਅਕਤੀ ਨੂੰ ਜੀਵਨ ਦੇ ਹਰ ਖੇਤਰ ਵਿਚ ਹਾਰ ਸਵੀਕਾਰ ਕਰਨ ਦੇ ਸਮਰੱਥ ਬਣਾਉਂਦੀ ਹੈ ।
ਅਨੁਸ਼ਾਸਨਹੀਣ-ਵਿਅਕਤੀ ਕਦੀ ਵੀ ਜੀਵਨ ਵਿਚ ਸਫਲਤਾ ਨਹੀਂ ਪ੍ਰਾਪਤ ਕਰ ਸਕਦਾ । ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ । ਖੇਡ ਦੇ ਅਸੂਲ ਮੰਨਣ ਦੀ ਭਾਵਨਾ ਉਸ ਨੂੰ ਜੀਵਨ ਦੇ ਹਰ ਅਸੂਲ ਨੂੰ, ਕੁਦਰਤ ਦੇ ਹਰ ਅਸੂਲ ਨੂੰ ਮੰਨਣ ਦੇ ਸਮਰੱਥ ਬਣਾਉਂਦੀ ਹੈ । ਟੀਮ-ਸਪਿਰਟ ਦੀ ਭਾਵਨਾ ਵੀ ਵਿਦਿਆਰਥੀ ਖੇਡਾਂ ਤੋਂ ਹੀ ਸਿੱਖਦਾ ਹੈ।ਇਸ ਪ੍ਰਕਾਰ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣ ਨਾਲ ਵਿਦਿਆਰਥੀ ਹਰ ਮੈਦਾਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ ।