ਨਵਾਂ ਨੌਂ ਦਿਨ ਪੁਰਾਣਾ ਸੌ ਦਿਨ
Nava no din Purana So Din
ਇਹ ਇੱਕ ਸਚਾਈ ਹੈ ਕਿ ਕਿਸੇ ਵੀ ਚੀਜ਼ ਦੀ ਨਵੀਨਤਾ ਥੋੜਾ ਚਿਰ ਹੀ ਹਿੰਦੀ ਹੈ। ਅੰਗਰੇਜ਼ੀ ਵਿੱਚ ਵੀ ਅਖਾਣ ਹੈ- Old is gold ਭਾਵ ਪੁਰਾਣੀ ਚੀਜ਼ ਆਪਣੀ ਉਪਯੋਗਤਾ ਕਾਰਨ ਬਹੁਮੁੱਲੀ ਹੁੰਦੀ ਹੈ। ਨਵੀਂ ਚੀਜ਼ ਹਰ ਬੰਦੇ ਦਾ ਧਿਆਨ ਖਿੱਚਦੀ ਹੈ। ਇੱਕ ਛੋਟਾ ਜਿਹਾ ਬੱਚਾ ਵੀ ਕੋਈ ਖਿਡੌਣਾ ਜਾਂ ਪੈਨਸਿਲ ਬਾਕਸ ਵਗੈਰਾ ਖ਼ਰੀਦਦਾ ਹੈ ਤਾਂ ਬੜੇ ਚਾਅ ਨਾਲ ਸਭ ਨੂੰ ਦਿਖਾਉਂਦਾ ਫਿਰਦਾ ਹੈ। ਨਵੀਂ ਚੀਜ਼ ਦਾ ਨਸ਼ਾ ਅਨੋਖਾ ਹੀ ਹੁੰਦਾ ਹੈ। ਜਦੋਂ ਕੋਈ ਨਵੀਂ ਕਾਰ ਜਾਂ ਨਵਾਂ ਸਕੂਟਰ ਲੈਂਦਾ ਹੈ ਤਾਂ ਉਸ ਨੂੰ ਬੜਾ ਸਾਂਭ-ਸਾਂਭ ਕੇ ਰੱਖਦਾ ਹੈ। ਉਸ ਨੂੰ ਰੋਜ਼ ਸਾਫ਼ ਕਰਦਾ ਹੈ। ਪਰ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ ਦੇ ਕਥਨ ਅਨੁਸਾਰ ਇਹ ਨਵਾਂਪਣ ਅਤੇ ਇਸ ਨਾਲ ਜੁੜਿਆ ਪਿਆਰ ਥੋੜ੍ਹੇ ਸਮੇਂ ਲਈ ਹੀ ਹੁੰਦਾ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਹੈ ਸਾਡੀ ਦਿਲਚਸਪੀ ਉਸ ਚੀਜ਼ ਵੱਲ ਘੱਟਣੀ ਸ਼ੁਰੂ ਹੋ ਜਾਂਦੀ ਹੈ । ਜਦੋਂ ਅਸੀਂ ਨਵਾਂ ਮਕਾਨ ਬਣਾਉਂਦੇ ਹਾਂ ਤਾਂ ਅਸੀਂ ਘਰ ਦੇ ਕਿਸੇ ਕੋਨੇ ਤੇ ਗੱਚ ਵੀ ਨਹੀਂ ਆਉਣ ਦਿੰਦੇ ਪਰ ਥੋੜੀ ਦੇਰ ਬਾਅਦ ਉਸ ਘਰ ਦੇ ਦਰਵਾਜ਼ੇ, ਖਿੜਕੀਆਂ, ਦੀਵਾਰਾਂ ਆਦਿ ਸਭ ਗੰਦੇ ਹੋ ਜਾਂਦੇ ਹਨ। ਹਰ ਚੀਜ਼ ਦਾ ਸ਼ੌਕ ਚਾਰ ਦਿਨ ਦਾ ਹੀ ਹੁੰਦਾ ਹੈ। ਕੁਝ ਦੇਰ ਬਾਅਦ ਇਹ ਨਵੀਂ ਚੀਜ਼ ਜੀਵਨ ਦਾ ਅੰਗ ਬਣ ਜਾਂਦੀ ਹੈ।
ਉਹ ਚੀਜ਼ ਆਪਣੇ ਪ੍ਰਭਾਵਾਂ ਕਾਰਨ ਆਪਣਾ ਮੁੱਲ ਰੱਖਣ ਲੱਗ ਪੈਂਦੀ ਹੈ ਤੇ ਸਾਨੂੰ ਉਸ ਚੀਜ਼ ਦੀ ਆਦਤ ਹੋ ਜਾਂਦੀ ਹੈ। ਨਵੀਂ ਚੀਜ਼ ਆਸਾਂ ਬੰਨ੍ਹਾਉਂਦੀ ਹੈ ਤੇ ਪੁਰਾਤਨਤਾ ਵਿੱਚ ਇਹ ਆਸਾਂ ਸਾਕਾਰ ਹੁੰਦੀਆਂ ਲੱਗਦੀਆਂ ਹਨ। ਨਵਾਂਪਨ ਕੁਝ ਦੇਰ ਦਾ ਮਹਿਮਾਨ ਹੀ ਹੁੰਦਾ ਹੈ। ਚਿਰ-ਜੀਵੀ ਅਵਸਥਾ ਵਿੱਚ ਆਉਣ ਲਈ ਇਸ ਦਾ ਹੰਢ ਕੇ ਪੁਰਾਣਾ ਹੋਣਾ ਜ਼ਰੂਰੀ ਹੈ। ਚੀਜ਼ ਨੂੰ ਵਰਤਦੇ-ਵਰਤਦੇ ਸਾਡਾ ਸੰਬੰਧ ਉਸ ਨਾਲ ਵਧੇਰੇ ਗੂੜ੍ਹਾ ਹੋ ਜਾਂਦਾ ਹੈ। ਅਸੀਂ ਉਸ ਦੇ ਬਿਨਾਂ ਆਪਣੇ-ਆਪ ਨੂੰ ਅਧੂਰਾ ਸਮਝਣ ਲੱਗਦੇ ਹਾਂ। ਸ਼ਾਇਦ ਇਸ ਲਈ ਹੀ ਸਾਨੂੰ ਇਸ ਅਖਾਣ ਰਾਹੀਂ ਨਵੀਂ ਚੀਜ਼ ਦਾ ਮੋਹ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ ਤਾਂ ਕਿ ਉਸ ਦੇ ਪੁਰਾਣੇ ਹੋਣ ਤੇ ਸਾਨੂੰ ਦੁੱਖ ਨਾ ਹੋਵੇ। ਇਸ ਅਖਾਣ ਰਾਹੀਂ | ਸਾਨੂੰ ਸਾਵਧਾਨ ਕੀਤਾ ਗਿਆ ਹੈ ਕਿ ਪੁਰਾਣਾਪਨ ਟਾਲਿਆ ਹੀਂ ਜਾ ਸਕਦਾ ਤੇ ਇਹ ਸਾਡੇ ਤ੍ਰਿਸਕਾਰ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ।