ਮੇਰੀ ਮਨਪਸੰਦ ਪੁਸਤਕ
Meri Manpasand Pustak
ਮੈਨੂੰ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਮੈਂ ਨਾਵਲ ਆਦਿ ਵੀ ਪੜ੍ਹਦਾ ਹਾਂ। ਅੱਜ ਤੱਕ ਮੈਂ ਜਿੰਨੀਆਂ ਪੁਸਤਕਾਂ ਪੜ੍ਹੀਆਂ ਹਨ, ਇਹਨਾਂ ਵਿੱਚੋਂ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਮੇਰੀ ਮਨ-ਪਸੰਦ ਪੁਸਤਕ ਹੈ। ਇਹ ਡਾਕਟਰ ਕੰਵਲਜੀਤ ਗਰੋਵਰ ਦੀ ਲਿਖੀ ਹੋਈ ਹੈ। ਇਸ ਵਿੱਚ 12 ਮਹਾਨ ਵਿਅਕਤੀਆਂ ਦੀ ਜਿੰਦਗੀ ਬਾਰੇ ਚਾਨਣਾ ਪਾਇਆ ਗਿਆ ਹੈ। ਇਹ ਸਾਰੇ ਪੰਜਾਬ (1947 ਤੋਂ ਪਹਿਲਾਂ ਦਾ ਪੰਜਾਬ ਤੇ ਹੁਣ ਦਾ ਪੰਜਾਬ) ਦੇ ਜੰਮਪਲ ਹਨ। ਇਹ ਮਹਾਨ ਹਸਤੀਆਂ ਹਨ ਸ਼ੋਭਾ ਸਿੰਘ, (ਮਹਾਨ ਰੂਹਾਨੀ ਚਿੱਤਰਕਾਰ), ਮੁਹੰਮਦ ਰਫ਼ੀ (ਸੁਪ੍ਰਸਿੱਧ ਫ਼ਿਲਮੀ ਗਾਇਕ), ਬਲਰਾਜ ਸਾਹਨੀ (ਸਿੱਧ ਫਿਲਮੀ ਸ਼ਖਸੀਅਤ), ਮਹਿੰਦਰ ਸਿੰਘ ਰੰਧਾਵਾ (ਬਹੁਪੱਖੀ ਪ੍ਰਤਿਭਾਵਾਨ ਹਸਤੀ), ਖੁਸ਼ਵੰਤ ਸਿੰਘ (ਪੰਜਾਬੀਅਤ ਦਾ ਮਹਾਨ ਰੇਖਾਕਾਰ), ਅੰਮ੍ਰਿਤਾ ਪ੍ਰੀਤਮ (ਸਿੱਧ ਅੰਤਰ-ਰਾਸ਼ਟਰੀ ਨਾਰੀ ਲੇਖਕਾ), ਹਰਗੋਬਿੰਦ ਖੁਰਾਨਾ (ਸੰਸਾਰ ਪ੍ਰਸਿੱਧ ਨੋਬਲ ਵਿਗਿਆਨੀ), ਡਾ: ਮਨਮੋਹਨ ਸਿੰਘ (ਅਰਥ-ਸ਼ਾਸਤਰ ਦੀ ਉੱਘੀ ਹਸਤੀ ਤੇ ਵਰਤਮਾਨ ਪ੍ਰਧਾਨ ਮੰਤਰੀ), ਨੇਕ ਚੰਦ (ਵਿਲੱਖਣ ਕਲਪਨਾਸ਼ੀਲ ਉਸਰੱਈਆ), ਜਰਨੈਲ ਸਿੰਘ (ਪੰਜਾਬੀ ਸੱਭਿਆਚਾਰ ਦਾ ਮਹਾਨ ਚਿਤੇਰਾ), ਸ਼ਹੀਦ ਭਗਤ ਸਿੰਘ (ਮਹਾਨ ਸੁਤੰਤਰਤਾ ਸੰਗਰਾਮੀ), ਬਲਵੰਤ ਗਾਰਗੀ (ਸਿਰਮੌਰ ਲੇਖਕ ਅਤੇ ਰੰਗਕਰਮੀ। ਇਹਨਾਂ ਸਾਰੇ ਮਹਾਨ ਵਿਅਕਤੀਆਂ ਬਾਰੇ ਪੜ੍ਹ ਕੇ ਇਹਨਾਂ ਵਰਗੇ ਗੁਣ ਆਪਣੇ ਵਿੱਚ ਪੈਦਾ ਕਰਨ ਦੇ ਭਾਵ ਪ੍ਰਗਟ ਹੁੰਦੇ ਹਨ। ਇਹਨਾਂ ਸਾਰਿਆਂ ਨੇ ਆਪਣੀ ਕਲਾ ਦੇ ਚਮਤਕਾਰ ਦਿਖਾ ਕੇ ਇਨ੍ਹਾਂ ਖੇਤਰਾਂ ਨੂੰ ਅਮੀਰੀ ਪ੍ਰਦਾਨ ਕੀਤੀ। ਇਹਨਾਂ ਮਹਾਨ ਹਸਤੀਆਂ ਦੇ ਵੱਡਮੁੱਲੇ ਯੋਗਦਾਨਾਂ ਤੋਂ ਮੈਨੂੰ ਅਗਵਾਈ ਤੇ ਪ੍ਰੇਰਨਾ ਮਿਲੀ। ਇਹ ਸਾਰੀਆਂ ਮਹਾਨ ਹਸਤੀਆਂ ਨੇ ਜਿੱਥੇ ਪੰਜਾਬ ਤੇ ਪੰਜਾਬੀਅਤ ਨੂੰ ਨਵੀਂ ਨੁਹਾਰ ਦਿੱਤੀ, ਉੱਥੇ ਇਹ ਸੰਸਾਰ ਦੇ ਗਗਨ ਮੰਡਲ ਉੱਤੇ ਚਮਕਦੇ ਹੋਏ ਰੋਸ਼ਨ ਸਿਤਾਰੇ ਵੀ ਬਣੇ ਹਨ। ਇਹਨਾਂ ਸਾਰੀਆਂ ਗੱਲਾਂ ਕਰਕੇ ਇਹ ਮੇਰੀ ਮਨਪਸੰਦ ਪੁਸਤਕ ਹੈ।