ਜੇ ਮੈਂ ਕਰੋੜ ਪਤੀ ਹੁੰਦਾ
Je me Crore Pati hunda
ਰੂਪ-ਰੇਖਾ- ਜਾਣ-ਪਛਾਣ, ਇੱਕ ਗਰੀਬ ਬੱਚੇ ਦੀ ਜ਼ਿੰਮੇਵਾਰੀ, ਵਧੀਆ ਮਕਾਨ ਦੀ ਉਸਾਰੀ, ਬੱਚਿਆ ਦੀ ਪੜ੍ਹਾਈ ਲਈ ਪ੍ਰਬੰਧ, ਬੁਢਾਪੇ ਲਈ ਬੱਚਤ, ਗਰੀਬ ਰਿਸ਼ਤੇਦਾਰਾਂ ਦੀ ਮਦਦ, ਕਿਸੇ ਅਨਾਥ-ਆਸ਼ਰਮ ਨੂੰ ਦਾਨ, ਰੋਗੀਆਂ ਦੀ ਮਦਦ ਦਾ ਪ੍ਰਬੰਧ, ਲਾਇਬਰੇਰੀ ਦੀ ਸਥਾਪਨਾ, ਛੋਟੇ ਜਿਹੇ ਸਕੂਲ ਦੀ ਸਥਾਪਨਾ, ਬੇਰੁਜ਼ਗਾਰਾਂ ਦੀ ਸਹਾਇਤਾ, ਸਾਰ-ਅੰਸ਼ ।
ਜਾਣ-ਪਛਾਣ- ਮਨੁੱਖ ਅਕਸਰ ਸੁਪਨੇ ਦੇਖਦਾ ਹੈ। ਸੁਪਨੇ ਦੇਖਣਾ ਮਾੜੀ ਗੱਲ ਨਹੀਂ ਹੈ। ਸੁਪਨੇ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੇ ਹਨ। ਮਨੁੱਖ ਵਿੱਚ ਸਵੈਭਰੋਸਾ ਪੈਦਾ ਹੁੰਦਾ ਹੈ। ਸੁਪਨੇ ਲਓ ਪਰ ਸੁਪਨਿਆਂ ਵਿੱਚ ਲੀਨ ਨਹੀਂ ਹੋਣਾ ਚਾਹੀਦਾ। ਮੈਂ ਵੀ ਜਦੋਂ ਕਦੀ ਵਿਹਲਾ ਹੁੰਦਾ ਹਾਂ ਤਾਂ ਸੁਪਨੇ ਦੇਖਦਾ ਹਾਂ। ਜੇ ਕਦੇ ਕਿਸਮਤ ਨੇ ਸਾਥ ਦਿੱਤਾ ਤਾਂ ਸ਼ਾਇਦ ਮੈਂ ਵੀ ਕਰੋੜਪਤੀ ਬਣ ਜਾਵਾਂ। ਜੇਕਰ ਕਦੀ ਮੇਰੀ ਪੰਜ ਕਰੋੜ ਦੀ ਲਾਟਰੀ ਨਿਕਲ ਆਈ ਤਾਂ ਮੈਂ ਕਈ ਯੋਜਨਾਵਾਂ ਬਣਾਈਆਂ ਹੋਈਆਂ ਹਨ। ਅਕਸਰ ਲੋਕ ਕਹਿੰਦੇ ਹਨ ਕਿ ਪੈਸਾ ਮਿਲਣ ਤੇ ਮ ਅਮਰੀਕਾ ਘੁੰਮਣ ਜਾਵਾਂਗਾ ਜਾਂ ਸਵਿਟਜ਼ਰਲੈਂਡ ਜਾਵਾਂਗਾ ਪਰ ਮੈਂ ਇਸ ਰਾਜ ਨੂੰ ਕਦੇ ਵੀ ਇਹੋ ਜਿਹੀਆਂ ਐਸ਼ਪ੍ਰਸਤੀਆਂ ਵਿੱਚ ਨਹੀਂ ਉਡਾਵਾਂਗਾ। ਪੈਸਾ ਵਰਤਮਾਨ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਗਰੀਬ ਆਦਮੀ ਕਦੇ ਵੀ ਇੱਜ਼ਤ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਕਿੰਨਾ ਵੀ ਗਿਆਨੀ ਹੋਵੇ। ਅਮੀਰ ਆਦਮੀ ਦੇ ਸਭ ਸਭ ਅੱਗੇ ਪਿੱਛੇ ਫਿਰਦੇ ਹਨ ਤਾਂ ਹੀ ਤਾਂ ਸਿਆਣਿਆਂ ਨੇ ਕਿਹਾ ਹੈ, “ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ । .
ਇੱਕ ਗਰੀਬ ਬੱਚੇ ਦੀ ਜ਼ਿੰਮੇਵਾਰੀ- ਮੇਰੀ ਇਹ ਦਿਲੀ ਤਮੰਨਾ ਹੈ ਕਿ ਜੇ ਮੇਰੇ ਕੋਲ ਖੁੱਲ੍ਹੇ ਪੈਸੇ ਹੋਣ ਤਾਂ ਮੈਂ ਇੱਕ ਗਰੀਬ ਬੱਚਾ ਜੋ ਕਿ ਪੜਨਾ ਚਾਹੁੰਦਾ ਹੋਵੇ, ਉਸ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਲਵਾਂਗਾ। ਉਹ ਜਿੰਨਾ ਪੜ੍ਹਨਾ ਚਾਹੇਗਾ| ਮੈਂ ਉਸ ਨੂੰ ਪੜ੍ਹਾਵਾਂਗਾ, ਜਦੋਂ ਤੱਕ ਉਹ ਆਪਣੀ ਜ਼ਿੰਦਗੀ ਖੁਦ ਚਲਾਉਣ ਲਈ ਆਤਮ-ਨਿਰਭਰ ਨਹੀਂ ਹੋ ਜਾਵੇਗਾ, ਮੈਂ ਉਸ ਦਾ ਸਾਥ ਨਹੀਂ ਛੱਡਾਂਗਾ।
ਵਧੀਆ ਮਕਾਨ ਦੀ ਉਸਾਰੀ- ਜੇ ਮੇਰੀ ਲਾਟਰੀ ਨਿਕਲੇਗੀ ਤਾਂ ਮੈਂ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਸੁੰਦਰ ਘਰ ਬਣਾਵਾਂਗਾ।ਉਸ ਮਕਾਨ ਦੇ ਬਾਹਰ ਇੱਕ ਸੁੰਦਰ ਬਗੀਚਾ ਬਣਾਵਾਂਗਾ ਜਿਸ ਦੇ ਵਿੱਚ ਇੱਕ ਫੁਹਾਰਾ ਲਗਾਵਾਂਗਾ। ਸ਼ਾਮ ਨੂੰ ਉੱਥੇ ਬੈਠ ਕੇ ਸੁੰਦਰ-ਸੁੰਦਰ ਫੁੱਲਾਂ ਨੂੰ ਦੇਖਾਂਗਾ। ਮੈਂ ਆਪਣੇ ਘਰ ਵਿੱਚ ਜੀਵਨ ਨੂੰ ਸੁੱਖ ਦੇਣ ਵਾਲੀਆਂ ਹਰ ਤਰ੍ਹਾਂ ਦੀਆਂ ਵਰਤਮਾਨ ਸਹੂਲਤਾਂ ਰੱਖਾਂਗਾ।
ਬੱਚਿਆਂ ਦੀ ਪੜ੍ਹਾਈ ਲਈ ਪ੍ਰਬੰਧ- ਮੈਂ ਕੁੱਝ ਪੈਸੇ ਆਪਣੇ ਬੱਚਿਆਂ ਦੀ ਪੜਾਈ ਲਈ ਬਚਾ ਕੇ ਰੱਖਾਂਗਾ ਤਾਂ ਜੋ ਮੈਂ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕਾਂ ਤੇ ਪੜ੍ਹਾ ਲਿਖਾ ਕੇ ਡਾਕਟਰ ਜਾਂ ਵੱਡੇ ਅਫ਼ਸਰ ਬਣਾ ਸਕਾਂ। |
ਬੁਢਾਪੇ ਲਈ ਬੱਚਤ- ਮੈਂ ਕੁਝ ਪੈਸੇ ਆਪਣੇ ਬੁਢਾਪੇ ਲਈ ਜਮਾ ਕਰਾਂਗਾ। ਮੈਂ ਸਰਕਾਰ ਵੱਲੋਂ ਚਲਾਈਆਂ ਗਈਆਂ ਬੱਚਤ ਸਕੀਮਾਂ ਵਿੱਚੋਂ ਕਿਸੇ ਇੱਕ ਸਕੀਮ ਤੇ ਪੈਸੇ ਲਗਾਵਾਂਗਾ ਤਾਂ ਕਿ ਬੁਢਾਪੇ ਸਮੇਂ ਮੈਨੂੰ ਕਿਸੇ ਦੀ ਮੁਥਾਜੀ ਨਾ ਸਹਣਿ ਕਰਨੀ ਪਵੇ।
ਗਰੀਬ ਰਿਸ਼ਤੇਦਾਰਾਂ ਦੀ ਮਦਦ- ਮੈਨੂੰ ਪਤਾ ਹੈ ਜੇ ਕਿਸਮਤ ਨੇ ਮੇਰਾ ਸਾਥ ਦਿੱਤਾ ਤਾਂ ਸਾਰੇ ਰਿਸ਼ਤੇਦਾਰ ਮਿੱਤਰ ਪੈਸੇ ਦੀ ਮੰਗ ਕਰਨਗੇ ਤੇ ਆਪਣੀਆਂ ਮਜਬਰੀਆਂ ਵੀ ਸੁਣਾਉਣਗੇ। ਮੈਂ ਕਿਸੇ ਇਹੋ ਜਿਹੇ ਗਰੀਬ ਰਿਸ਼ਤੇਦਾਰ ਦੀ ਮਦਦ ਕਰਾਂਗਾ ਜਿਸ ਨੂੰ ਜ਼ਰੂਰਤ ਹੋਵੇ। ਮੈਂ ਉਸ ਦੇ ਬੱਚੇ ਦੀ ਵਿੱਦਿਆ ਪ੍ਰਾਪਤੀ ਲਈ ਮੱਦਦ ਕਰਾਂਗਾ ਤੇ ਉਸ ਦੀਆਂ ਹੋਰ ਛੋਟੀਆਂ-ਛੋਟੀਆਂ ਲੋੜਾਂ ਦੀ ਪੂਰਤੀ ਕਰਨ ਦੀ ਕੋਸ਼ਸ਼ ਕਰਾਂਗਾ।
ਕਿਸੇ ਅਨਾਥ ਆਸ਼ਰਮ ਨੂੰ ਦਾਨ- ਸਾਡੇ ਦੇਸ਼ ਵਿੱਚ ਕਈ ਅਨਾਥ-ਆਸ਼ਰਮ ਖੁੱਲੇ ਹੋਏ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਨਾਥ ਬੱਚੇ ਉੱਥੇ ਰਹਿ ਰਹੇ ਹਨ। ਕਈ ਸੰਸਥਾਵਾਂ ਸਮਾਜ ਸੇਵਾ ਕਰ ਰਹੀਆਂ ਹਨ। ਮੈਂ ਉੱਥੇ ਰਹਿ ਰਹੇ ਬੱਚਿਆਂ ਦੀਆਂ ਜ਼ਰੂਰਤਾਂ ਅਨੁਸਾਰ ਉਹਨਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਸ਼ ਕਰਾਂਗਾ ਤੇ ਹੋਰ ਲੋਕਾਂ ਨੂੰ ਵੀ ਸਹਾਇਤਾ ਲਈ ਪ੍ਰੇਰਿਤ ਕਰਾਂਗਾ। ਉਹਨਾਂ ਦੀ ਸਹਾਇਤਾ ਨਾਲ ਮੈਨੂੰ ਲੱਗਦਾ ਹੈ ਕਿ ਮੇਰੇ ਮਨ ਨੂੰ ਸਤੁੰਸ਼ਟੀ ਮਿਲੇਗੀ।
ਰੋਗੀਆਂ ਦੀ ਮਦਦ ਦਾ ਪ੍ਰਬੰਧ- ਮੈਂ ਕਈ ਵਾਰ ਦੇਖਦਾ ਹਾਂ ਕਿ ਗਰੀਬ ਲੋਕ ਬਿਮਾਰੀਆਂ ਦਾ ਇਲਾਜ ਨਹੀਂ ਕਰਵਾ ਸਕਦੇ ਤੇ ਉਹ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਮੈਂ ਇਹੋ ਜਿਹੇ ਗਰੀਬਾਂ ਦੀ ਮੱਦਦ ਕਰਾਂਗਾ ਤਾਂ ਕਿ ਉਹ ਸਮੇਂ ਤੋਂ ਪਹਿਲੇ ਆਈ ਮੌਤ ਨਾ ਮਰਨ। ਮੈਂ ਸਰਕਾਰ ਦੀ ਸਹਾਇਤਾ ਨਾਲ ਇੱਕ ਛੋਟਾ ਜਿਹਾ ਹਸਪਤਾਲ ਬਣਾਵਾਂਗਾ ਜਿੱਥੇ ਗ਼ਰੀਬਾਂ ਦਾ ਇਲਾਜ ਮੁਫ਼ਤ ਹੋ ਸਕੇ ਤੇ ਉਹ ਕੀੜੇ ਮਕੌੜਿਆਂ ਵਾਂਗ ਨਾ ਮਰਨ। ਮੈਂ ਇਸ ਨੇਕ ਕੰਮ ਲਈ ਡਾਕਟਰਾਂ ਨਾਲ ਸੰਪਰਕ ਕਰਾਂਗਾ ਜੋ ਆਪਣਾ ਕੁਝ ਸਮਾਂ ਕੱਢ ਕੇ ਗਰੀਬਾਂ ਦਾ ਮੁਫ਼ਤ ਚੈਕ-ਅੱਪ ਕਰਨ। ਮੈਂ ਉਹਨਾਂ ਗਰੀਬਾਂ ਦੀਆਂ ਦਵਾਈਆਂ ਦਾ ਪ੍ਰਬੰਧ ਕਰਾਂਗਾ। ਇਸ ਤਰਾਂ ਕਰਨ ਨਾਲ ਮੈਂ ਸੱਚਾ ਸਮਾਜ-ਸੇਵਕ ਬਣ ਸਕਾਂਗਾ। ਜੇ ਮੈਂ ਇਸ ਤਰ੍ਹਾਂ ਦਾ ਕਦਮ ਚੁੱਕਾਗਾਂ ਤਾਂ ਸ਼ਾਇਦ ਹੋਰ ਲੋਕ ਵੀ ਸਹਾਇਤਾ ਲਈ ਹੱਥ ਵਟਾਉਣਗੇ।
ਲਾਇਬਰੇਰੀ ਦੀ ਸਥਾਪਨਾ- ਮੈਂ ਆਮ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਤੇ ਉਹਨਾਂ ਦੇ ਦਿਲ-ਪਰਚਾਵੇ ਲਈ ਇੱਕ ਛੋਟੀ ਜਿਹੀ ਲਾਇਬਰੇਰੀ ਵੀ ਕਾਇਮ ਕਰਾਂਗਾ, ਜਿੱਥੋਂ ਉਹਨਾਂ ਨੂੰ ਪੜ੍ਹਨ ਲਈ ਅਖ਼ਬਾਰਾਂ ਮਿਲ ਸਕਣ। ਇਸ ਤੋਂ ਇਲਾਵਾ ਮੈਂ ਉਹਨਾਂ ਦੇ ਮਨੋਰੰਜਨ ਲਈ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਆਦਿ ਦੀਆਂ ਕਿਤਾਬਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਸ਼ ਕਰਾਂਗਾ।
ਬੇਰੁਜ਼ਗਾਰਾਂ ਦੀ ਸਹਾਇਤਾ ਮੈਂ ਬੇਰੁਜ਼ਗਾਰਾਂ ਦੀ ਸਹਾਇਤਾ ਲਈ ਇੱਕ ਸਿਖਲਾਈ ਸਕਲ ਖੋਲਾਂਗਾ। ਉਹਨਾਂ ਨੂੰ ਵੱਖ-ਵੱਖ ਕਿੱਤਿਆਂ ਬਾਰੇ ਸਿਖਲਾਈ ਦੇਣ ਦਾ ਪ੍ਰਬੰਧ ਕਰਾਂਗਾ। ਉਹਨਾਂ ਨੂੰ ਇਹ ਵੀ ਸਮਝਾਵਾਂਗਾ ਕਿ ਕੇਵਲ ਨੌਕਰੀ ਲਈ ਹੱਥ-ਪੈਰ ਨਾ ਮਾਰਨ ਸਗੋਂ ਕੋਈ ਕੰਮ ਧੰਦਾ ਕਰਨ। ਮੈਂ ਉਹਨਾਂ ਨੂੰ ਤਕਨੀਕੀ ਸਿੱਖਿਆ ਬਾਰੇ ਜਾਣਕਾਰੀ ਪ੍ਰਦਾਨ ਕਰਾਂਗਾ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਤਕਨੀਕੀ ਮਾਹਿਰਾਂ ਦੀ ਕਮੀ ਵੀ ਦੂਰ ਹੋ ਸਕੇਗੀ।
ਛੋਟੇ ਜਿਹੇ ਸਕੂਲ ਦੀ ਸਥਾਪਨਾ- ਮੈਂ ਇੱਕ ਛੋਟੇ ਜਿਹੇ ਸਕੂਲ ਦੀ ਸਥਾਪਨਾ ਕਰਾਂਗਾ। ਮੈਂ ਉਹ ਸਕੂਲ ਦਾ ਸਮਾਂ ਸ਼ਾਮ ਦਾ ਨਿਸ਼ਚਿਤ ਕਰਾਂਗਾ। ਮੈਂ ਇਹ ਸਕੂਲ ਕਿਸੇ ਪਿੰਡ ਵਿੱਚ ਖੋਲਾਂਗਾ। ਮੈਂ ਇਸ ਕੰਮ ਲਈ ਕੋਈ ਅਧਿਆਪਕ ਨਿਯੁਕਤ ਨਹੀਂ ਕਰਾਂਗਾ। ਮੈਂ ਆਪ ਹੀ ਪਵਾਂਗਾ। ਮੈਂ ਉਹਨਾਂ ਲੋਕਾਂ ਨੂੰ ਸਿੱਖਿਅਤ ਕਰਾਂਗਾ ਜਿਹੜੇ ਸਵੇਰੇ ਕੰਮ ਕਰਦੇ ਹਨ ਪਰ ਉਹਨਾਂ ਨੂੰ ਆਪਣੀ ਜਿੰਦਗੀ ਵਿੱਚ ਪੜ੍ਹਨ। ਦਾ ਮੌਕਾ ਨਹੀਂ ਮਿਲਿਆ।
ਸਾਰ ਅੰਸ਼- ਮੈਂ ਕਰੋੜਪਤੀ ਬਣਨ ਤੋਂ ਬਾਅਦ ਆਪਣੇ ਪੈਸਿਆਂ ਦਾ ਪ੍ਰਯੋਗ ਚੰਗੇ ਕੰਮਾਂ ਲਈ ਕਰਾਂਗਾ। ਮੈਂ ਉਹ ਸਾਰੇ ਕੰਮ ਕਰਨਾ ਚਾਹਾਂਗਾ ਜਿਹੜੇ ਇੱਕ ਸਮਾਜ ਸੇਵਕ ਨੂੰ ਕਰਨੇ ਚਾਹੀਦੇ ਹਨ। ਮੈਂ ਅਨਪੜ੍ਹ, ਦੁਖੀਆ ਤੇ ਗਰੀਬਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਾਂਗਾ। ਮੈਂ ਉਹਨਾਂ ਸਾਰਿਆਂ ਨੂੰ ਵੀ ਅਪੀਲ ਕਰਦਾ ਹਾਂ, ਜਿਹਨਾਂ ਕੋਲ ਕਾਫ਼ੀ ਮਾਤਰਾ ਵਿੱਚ ਪੈਸਾ ਹੈ, ਉਹ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਜੇ ਕਿਸੇ ਕੋਲ ਵੀ ਲੋੜੀਂਦਾ ਧਨ ਹੋਵੇ, ਉਹ ਸੰਸਾਰ ਵਿੱਚ ਅਦਭੁੱਤ ਤੇ ਨਾ ਭੁੱਲਣ ਵਾਲੇ ਕੰਮ ਕਰ ਕੇ ਵਿਖਾ ਸਕਦਾ ਹੈ। ਜੇ ਮੇਰਾ ਕਰੋੜਪਤੀ ਬਣਨ ਦਾ ਸੁਪਨਾ ਪੂਰਾ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਮਤ ਸਮਝਾਂਗਾ। ਤੇ ਜੀਵਨ ਚੰਗੇ ਕੰਮਾਂ ਦੇ ਲੇਖੇ ਲਾਵਾਂਗਾ।