ਬੇਰੁਜ਼ਗਾਰੀ ਦੀ ਸਮੱਸਿਆ
Berojgari di Samasiya
ਜਾਣ-ਪਛਾਣ : ਬੇਰੁਜ਼ਗਾਰੀ ਦੁਨੀਆਂ ਭਰ ਦੇ ਪੂੰਜੀਵਾਦੀ ਦੇਸ਼ਾਂ ਵਿਚ ਦਿਨੋ-ਦਿਨ ਵੱਧ ਰਹੀ ਹੈ, ਪਰ ਭਾਰਤ ਵਿਚ ਇਸਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।
ਬੇਰੁਜ਼ਗਾਰਾਂ ਦੀ ਗਿਣਤੀ : ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ ਗਿਣਤੀ26 ਵੱਖ ਨੂੰ ਪੁੱਜ ਗਈ ਤੇ ਇਸ ਸਮੇਂ ਇਹ 70 ਲੱਖ ਦੇ ਕਰੀਬ ਹੈ। ਪਰ ਅਸਲ ਬੇਰੁਜ਼ਗਾਰੀ ਇਸ ਤੋਂ ਦੁੱਗਣੀ ਤਿੱਗਣੀ ਹੈ, ਕਿਉਂਕਿ ਹਰ ਬੇਰੁਜ਼ਗਾਰ ਆਦਮੀ ਆਪਣਾ ਨਾਮ ਰੁਜ਼ਗਾਰ ਦਫਤਰ ਵਿਚ ਦਰਜ ਨਹੀਂ ਕਰਵਾਉਂਦਾ। ਪੰਜ-ਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ ਦੋ ਕਰੋੜ ਵਿਅਕਤੀ ਬੇਰੁਜ਼ਗਾਰ ਘੁੰਮ ਰਹੇ ਸਨ ਅਤੇ ਹੁਣ ਇਹ ਗਿਣਤੀ ਢਾਈ ਕਰੋੜ ਦੇ ਨੇੜੇ-ਤੇੜੇ ਹੋਵੇਗੀ।ਪਿੰਡਾਂ ਵਿਚ 25% ਲੋਕ ਅਰਧ ਬੇਰੁਜ਼ਗਾਰੀ ਦਾ ਸ਼ਿਕਾਰ ਹਨ।
ਨੌਕਰੀ ਲੱਭਣ ਵਾਲੇ ਲੋਕ : ਰੁਜ਼ਗਾਰ ਦਫਤਰਾਂ ਦੇ ਰਜਿਸਟਰ ਦੇਖਿਆਂ ਪਤਾ ਲੱਗਦਾ ਹੈ ਕਿ ਨੌਕਰੀ ਲੱਭਣ ਵਾਲਿਆਂ ਵਿਚ 75% ਤਾਂ ਉਹ ਬੰਦੇ ਹਨ, ਜਿਨ੍ਹਾਂ ਨੇ ਨਾ ਕਿਸੇ ਪੇਸ਼ੇ ਵਿਚ ਕੋਈ ਟਰੇਨਿੰਗ ਪ੍ਰਾਪਤ ਕੀਤੀ ਹੈ ਨਾ ਹੀ ਉਹਨਾਂ ਨੂੰ ਕੰਮ ਦਾ ਪਹਿਲਾਂ ਕੋਈ ਅਨੁਭਵ ਹੈ। 7% ਉਹ ਲੋਕ ਹਨ, ਜੋ ਕਾਰੀਗਰ ਅਤੇ ਦਸਤਕਾਰ ਹਨ। 5% ਪੇਸ਼ੇਵਰ ਅਤੇ ਟੈਕਨੀਕਲ ਲੋਕ ਹਨ। ਪੜੇ-ਲਿਖੇ ਬੇਕਾਰਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।
ਕਾਰਨ : ਭਾਰਤ ਵਿਚ ਬੇਰੁਜ਼ਗਾਰੀ ਵਿਚ ਵਾਧੇ ਦੇ ਹੇਠ ਲਿਖੇ ਕਾਰਨ ਹਨ-
ਮੱਧ ਸ਼੍ਰੇਣੀ ਵਿਚ ਵਾਧਾ : ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਪ੍ਰੀਖਿਆਵਾਂ ਪਾਸ ਕਰ ਕੇ ਦਫਤਰੀ ਤੇ ਤਕਨੀਕੀ ਕੰਮ ਕਰਨ ਵਾਲੀ ਦਰਮਿਆਨੀ ਸ਼੍ਰੇਣੀ ਦੀ ਗਿਣਤੀ ਦਿਨੋਦਿਨ ਵੱਧ ਰਹੀ ਹੈ। ਇਸ ਤਰ੍ਹਾਂ ਨੌਕਰੀ ਲੱਭਣ ਵਾਲਿਆਂ ਅਤੇ ਨੌਕਰੀ ਦੇ ਮੌਕਿਆਂ ਵਿਚ ਸੰਤੁਲਨ ਬਿਲਕੁਲ ਨਹੀਂ ਰਿਹਾ।
ਪੱਛੜੀ ਖੇਤੀਬਾੜੀ: ਭਾਰਤ ਦੀ ਖੇਤੀਬਾੜੀ ਦਾ ਪੱਛੜਿਆ ਹੋਣਾ ਤੇ ਇਸ ਉੱਤੇ ਆਬਾਦੀ ਦਾ ਵੱਧ ਰਿਹਾ ਬੋਝ ਬੇਰੁਜ਼ਗਾਰੀ ਦਾ ਮੁੱਖ ਕਾਰਨ ਹੈ।
ਮਹਿੰਗਾਈ : ਮੁੱਲ ਵੱਧਣ ਨਾਲ ਲੋਕਾਂ ਦੀ ਖਰੀਦ-ਸ਼ਕਤੀ ਘੱਟ ਗਈ ਹੈ ਅਤੇ ਕਾਰਖਾਨਿਆਂ ਦਾ ਮਾਲ ਅਣਵਿਕਿਆ ਪਿਆ ਰਹਿੰਦਾ ਹੈ, ਇਸ ਕਰਕੇ ਬਹੁਤ ਸਾਰੇ ਮਜ਼ਦੂਰ ਬੇਕਾਰ ਹੋ ਗਏ ਹਨ।
ਬਾਲਣ ਅਤੇ ਸ਼ਕਤੀ ਦੀ ਕਮੀ ਅਤੇ ਛਾਂਟੀ: ਇਸ ਤੋਂ ਬਿਨਾਂ ਸਰਕਾਰ ਵਲੋਂ ਵੱਖਵੱਖ ਵਿਭਾਗਾਂ ਨੂੰ ਬੰਦ ਕਰਨ ਨਾਲ, ਨਿੱਜੀ ਫ਼ਰਮਾਂ ਵਿਚ ਬਾਲਣ ਅਤੇ ਸ਼ਕਤੀ ਦੀ ਕਮੀ ਕਾਰਨ ਕੰਮ ਦੀ ਕਮੀ ਕਾਰਨ ਜਾਂ ਉਹਨਾਂ ਦੇ ਫੇਲ੍ਹ ਹੋਣ ਨਾਲ ਰੁਜ਼ਗਾਰ ਉੱਪਰ ਬੈਠੇ ਬਹੁਤੇ ਲੋਕਾਂ ਨੂੰ ਛਾਂਟੀ ਅਤੇ ਬੇਕਾਰੀ ਦਾ ਸਾਹਮਣਾ ਕਰਨਾ ਪਿਆ ਹੈ।
ਵਿਦੇਸ਼ੀ ਮੁਦਰਾ ਦੀ ਕਮੀ : ਦੇਸ਼ ਵਿਚ ਵਿਦੇਸ਼ੀ ਸਿੱਕੇ ਦੀ ਕਮੀ ਦੇ ਬਰਾਬਰ ਕਈ ਤੀਬੰਧ ਲਗਾਏ ਹਨ, ਜੋ ਕਿ ਕਾਰਖਾਨਿਆਂ ਦੇ ਮਾਲ ਅਤੇ ਮਸ਼ੀਨਰੀ ਉੱਪਰ ਵੀ ਲਾਗੂ ਹੁੰਦੇ ਹਨ। ਨਤੀਜੇ ਵਜੋਂ ਕਾਰਖਾਨਿਆਂ ਵਿਚ ਉਤਪਾਦਨ ਘੱਟ ਗਿਆ ਹੈ ਅਤੇ ਕਾਰਖਾਨੇ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੇ।
ਬੇਰੁਜ਼ਗਾਰੀ ਕਿਵੇਂ ਦੂਰ ਕਰੀਏ : ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅੱਗੇ ਲਿਖੀਆਂ ਗੱਲਾਂ ਦਾ ਹੋਣਾ ਲਾਜ਼ਮੀ ਹੈ
ਤੇਜ਼ ਆਰਥਿਕ ਪ੍ਰਗਤੀ: ਦੇਸ਼ ਦੀ ਤੇਜ਼ ਆਰਥਿਕ ਤਰੱਕੀ, ਖ਼ਾਸ ਕਰ ਬਹੁਮੁੱਖੀ ਅਤੇ ਗਤੀਸ਼ੀਲ ਸਨਅਤੀਕਰਨ ਬੜਾ ਜ਼ਰੂਰੀ ਹੈ। ਇਸ ਨਾਲ ਰੁਜ਼ਗਾਰ ਦੇ ਨਵੇਂ ਰਸਤੇ ਖੁਣ ਅਤੇ ਪੜ੍ਹਿਆਂ-ਲਿਖਿਆਂ ਅਤੇ ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਪੇਂਡੂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਨਅਤਾਂ ਵਿਚ ਰੁਜ਼ਗਾਰ ਦੇਣਾ ਚਾਹੀਦਾ ਹੈ।
ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਹਰ ਹਾਲਤ ਵਿਚ ਘਟਾਉਣਾ ਚਾਹੀਦਾ ਹੈ। ਵਰਤਮਾਨ ਵਿੱਦਿਅਕ ਢਾਂਚੇ ਨੂੰ ਤਕਨੀਕੀ ਅਤੇ ਵਪਾਰਿਕ ਸਿੱਖਿਆ ਦੇਣ ਵਾਲਾ ਬਣਾਉਣਾ ਚਾਹੀਦਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿਚ ਰੁਜ਼ਗਾਰ ਦਫਤਰਾਂ ਦਾ ਜਾਲ ਫੈਲਾਉਣਾ ਚਾਹੀਦਾ ਹੈ। ਜਦੋਂ ਕੋਈ ਨਿੱਜੀ ਕੰਪਨੀ ਫੇਲ ਹੋ ਜਾਵੇ ਤਾਂ ਸਰਕਾਰ ਨੂੰ ਬੇਕਾਰਾਂ ਨੂੰ ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਉਪਰੋਕਤ ਸਾਰੇ ਵਿਚਾਰ ਦਾ ਨਤੀਜਾ ਇਹ ਨਿਕਲਦਾ ਹੈ ਕਿ ਭਾਰਤ ਵਿਚ ਇਹ ਸਮੱਸਿਆ ਬਹੁਤ ਗੰਭੀਰ ਰੂਪ ਅਖ਼ਤਿਆਰ ਕਰ ਚੁੱਕੀ ਹੈ। ਜੇਕਰ ਇਸ ਦਾ ਤੁਰੰਤ ਪ੍ਰਬੰਧ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਬਹੁਤ ਹੀ ਖਤਰਨਾਕ ਨਿਕਲ ਸਕਦੇ ਹਨ। ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਹੱਲ ਲਈ ਪ੍ਰਗਤੀਵਾਦੀ ਕਦਮ ਪੁੱਟੇ ਅਤੇ ਇਸ ਸੰਬੰਧੀ ਸਮਾਜਵਾਦੀ ਦੇਸ਼ਾਂ ਤੋਂ ਸਿੱਖਿਆ ਲਵੇ।