ਬੱਚਤ
Bachat
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸ ਦੇ ਜੀਵਨ ਵਿੱਚ ਬੱਚਤ ਦੀ ਬਹੁਤ ਮਹਾਨਤਾ ਹੈ। ਬੱਚਤ ਦਾ ਨਿੱਜੀ ਫਾਇਦਾ ਤਾਂ ਹੁੰਦਾ ਹੀ ਹੈ ਸਗੋਂ ਸਮੁੱਚੇ ਦੇਸ਼ ਨੂੰ ਵੀ ਲਾਭ ਪਹੁੰਚਦਾ ਹੈ। ਭਾਰਤ ਸਰਕਾਰ ਨੇ ਬੱਚਤਾਂ ਲਈ ਛੋਟੀਆਂ-ਛੋਟੀਆਂ – ਸਕੀਮਾ ਵੀ ਚਲਾਈਆਂ ਹੋਈਆਂ ਹਨ ਜਿਹਨਾਂ ਨਾਲ ਆਮ ਆਦਮੀ ਬੱਚਤ ਕਰ ਸਕਦਾ ਹੈ। ਸਾਡੇ ਦੇਸ਼ ਵਿੱਚ ਗਰੀਬ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਲਈ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਔਖੀਆਂ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਬੂੰਦ-ਬੂੰਦ ਨਾਲ ਤਲਾਬ ਭਰਦਾ ਹੈ ਜੇਕਰ ਉਹ ਥੋੜਾ ਬਹੁਤੀ ਬੱਚਤ ਦੀ ਆਦਤ ਬਣਾ ਲੈਣ ਤਾਂ ਉਹ ਕੁੱਝ ਪੈਸੇ ਜੋੜ ਸਕਦੇ ਹਨ। ਝੁੱਗੀਆਂ, ਝੌਪੜੀਆਂ ਵਿੱਚ ਰਹਿਣ ਵਾਲੇ ਕਈ ਵਾਰ ਰੋਟੀ ਖਾ ਨਹੀਂ ਸਕਦੇ, ਪਰ ਬੀੜੀਆਂ ਤੇ ਸ਼ਰਾਬ ਛੱਡ ਨਹੀਂ ਸਕਦੇ। ਜੇ ਉਹ ਰੋਜ ਪੀਣ ਵਾਲੀ ਬੀੜੀ ਤੇ ਖ਼ਰਚ ਜਾਣ ਵਾਲੇ ਪੈਸੇ ਜੋੜਨੇ ਸ਼ੁਰੂ ਕਰਨ ਤਾਂ ਉਹ ਚੋਖੀ ਰਕਮ ਜੋੜ ਸਕਦੇ ਹਨ। ਜੇ ਉਹ ਸ਼ਰਾਬ ਨਾ ਪੀਣ ਤਾਂ ਬੱਚਿਆਂ ਨੂੰ ਪੜ੍ਹਾ-ਲਿਖਾ ਸਕਦੇ ਹਨ। ਬੱਚਤ ਦੀ ਆਦਤ ਹਰ ਮਨੁੱਖ ਨੂੰ ਹੋਣੀ ਚਾਹੀਦੀ ਹੈ ਤੇ ਅਸੀਂ ਬੱਚਿਆਂ ਨੂੰ ਜੇਬ ਖ਼ਰਚ ਦਿੰਦੇ ਸਮੇਂ ਬੱਚਤ ਲਈ ਪ੍ਰੇਰਿਤ ਕਰ ਸਕਦੇ ਹਾਂ। ਜੇ ਬੱਚਿਆਂ ਵਿੱਚ ਇਹ ਆਦਤ ਸ਼ੁਰੂ ਤੋਂ ਬਣ ਜਾਵੇਗੀ ਤਾਂ ਵੱਡੇ ਹੋ ਕੇ ਵੀ ਉਹ ਆਪਣੇ ਆਪ ਹੀ ਪੈਸੇ ਜੋੜਨ ਦੀ ਕੋਸ਼ਸ਼ ਕਰਨਗੇ | ਬੱਚਤ ਕੀਤੀ ਹੋਈ ਕਿਸੇ ਸਮੇਂ ਵੀ ਕੰਮ ਆ ਸਕਦੀ ਹੈ। ਅਚਾਨਕ ਕੋਈ ਬਿਮਾਰੀ ਆਦਿ ਆ ਜਾਵੇ ਤਾਂ ਮੁਸੀਬਤ ਪੈ ਜਾਂਦੀ ਹੈ। ਸਾਨੂੰ ਬੱਚਤ ਕਰਨ ਲਈ ਆਪਣੇ ਘਰ ਦਾ ਬਜਟ ਬਣਾਉਣਾ ਚਾਹੀਦਾ ਹੈ। ਅਸੀਂ ਬਿਜਲੀ-ਪਾਣੀ ਸਾਵਧਾਨੀ ਨਾਲ ਵਰਤੀਏ ਤਾਂ ਵੀ ਬਹੁਤ ਬੱਚਤ ਹੋ ਜਾਂਦੀ ਹੈ। ਕਈ ਲੋਕ ਫਾਲਤੁ ਰਸਮਾਂ-ਰਿਵਾਜਾਂ ਤੇ ਦਿਖਾਵੇ ਲਈ ਖ਼ਰਚ ਕਰਦੇ ਹਨ। ਉਸ ਤੇ ਕਾਬੂ ਪਾ ਕੇ ਵੀ ਬੱਚਤ ਕੀਤੀ ਜਾ ਸਕਦੀ ਹੈ। ਬੱਚਤ ਨਾਲ ਜਦੋਂ ਕੁੱਝ ਪੈਸੇ ਇਕੱਠੇ ਹੁੰਦੇ ਹਨ ਤਾਂ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਅਚਾਨਕ ਪਈਆਂ ਮੁਸ਼ਕਲਾਂ ਦਾ ਟਾਕਰਾ ਕਰਨ ਵਿੱਚ ਅਸਾਨੀ ਹੋ ਜਾਂਦੀ ਹੈ। ਅੱਜ ਕੱਲ ਤਾਂ ਨੌਕਰੀ ਪੇਸ਼ਾ ਲੋਕਾਂ ਦੀਆਂ ਤਨਖਾਹਾਂ ਸਿੱਧੇ ਬੈਂਕ ਵਿੱਚ ਜਮਾਂ ਹੁੰਦੀਆਂ ਹਨ।ਜੇ ਉਹ ਸਾਰਾ ਵੇਤਨ ਨਾ ਨਿਕਲਵਾਉਣ ਤੇ 500 ਰੁਪਏ ਮਹੀਨਾ ਹੀ ਬੈਂਕ ਵਿੱਚ ਛੱਡ ਦੇਣ ਤ ਬੈਂਕ ਉਸ ਪੈਸੇ ਨਾਲ ਵਿਆਜ ਲਗਾ ਕੇ ਉਹਨਾਂ ਨੂੰ ਪੈਸੇ ਵਾਪਸ ਕਰਦਾ ਹੈ। ਬੱਚਤ ਕਰਨ ਨਾਲ ਅਸੀਂ ਭਵਿੱਖ ਦੇ ਖ਼ਰਚਿਆਂ ਦੀ ਚਿੰਤਾ ਤੋਂ ਮੁਕਤ ਹੋ ਜਾਂਦੇ ਹਨ।