Punjabi Essay on “Aurata vich Asurakhiya di Bhawna”, “ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ”, Punjabi Essay for Class 10, Class 12 ,B.A Students and Competitive Examinations.

ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ

Aurata vich Asurakhiya di Bhawna

 

ਰੂਪ-ਰੇਖਾ- ਜਾਣ-ਪਛਾਣ, ਸੰਸਾਰ ਭਰ ਦੀ ਸਮੱਸਿਆ, ਇਸਤਰੀਆ ਦੀ ਸਥਿਤੀ ਤੇ ਸੁਰੱਖਿਆ, ਬਚਪਨ, ਜਵਾਨੀ ਹਰ ਰੂਪ ਵਿੱਚ ਅਸੁਰਿੱਖਤ, ਵਿਆਹ ਤੋਂ ਬਾਅਦ ਦੀ ਸਥਿਤੀ, ਦਿਮਾਗੀ ਡਰ, ਸਾਰ ਅੰਸ਼। 

 

ਜਾਣ-ਪਛਾਣ- ਭਾਰਤ ਇੱਕ ਅਜ਼ਾਦ ਦੇਸ਼ ਹੈ। ਇਸ ਦੇਸ਼ ਵਿੱਚ ਮਰਦਾਂ ਤੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਔਰਤਾਂ ਹਰ ਖੇਤਰ ਵਿੱਚ ਮਰਦਾਂ ਦਾ ਸਾਥ ਦਿੰਦੀਆਂ ਹਨ। ਉਹ ਧੀਆਂ, ਭੈਣਾਂ, ਪਤਨੀਆਂ, ਮਾਵਾਂ ਤੇ ਦਾਦੀ ਦੇ ਰੂਪ ਵਿੱਚ ਸਮਾਜ ਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਭਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਸਤਿਕਾਰਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੀਆਂ। ਅਸੀਂ ਵੀ ਆਪਣੇ ਆਲੇ-ਦੁਆਲੇ ਝਾਤੀ ਮਾਰੀਏ ਤਾਂ ਕੀ ਅਸੀਂ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਔਰਤਾਂ ਸੁਰੱਖਿਅਤ ਹਨ ?

ਸੰਸਾਰ ਭਰ ਦੀ ਸਮੱਸਿਆ ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ ਸੰਸਾਰ ਭਰ ਦੀ ਸਮੱਸਿਆ ਹੈ ਪਰ ਭਾਰਤ ਦੇਸ਼ ਵਿੱਚ ਬਹੁਤ ਜ਼ਿਆਦਾ ਹੈ। ਇਸ ਸਭ ਲਈ ਸਮਾਜਿਕ ਮਾਨਤਾਵਾਂ ਤੇ ਕਾਨੂੰਨ ਸਭ ਤੋਂ ਜ਼ਿਆਦਾ ਦੋਸ਼ੀ ਹਨ। ਮੁੱਢਲੇ ਸਮੇਂ ਤੋਂ ਹੀ ਇਸਤਰੀ ਨੂੰ ਸੁਤੰਤਰ ਰੂਪ ਵਿੱਚ ਵਿਚਰਨ ਨਾ ਦੇਣਾ, ਪਰਦੇ ਵਿੱਚ ਰੱਖਣਾ, ਕਿਸੇ ਨਾਲ ਗੱਲ-ਬਾਤ ਨਾ ਕਰਨ ਦੇਣੀ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਸਮਾਜ ਵਿੱਚ ਇਸਤਰੀ ਦੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਜਗਾਈ ਰੱਖਣ ਵਾਲਾ ਵਾਤਾਵਰਨ ਲੰਮੇ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ।

ਇਸਤਰੀਆਂ ਦੀ ਸਥਿਤੀ ਤੇ ਸੁਰੱਖਿਆ- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਤਰੀਆਂ ਦੀ ਸਥਿਤੀ ਪਹਿਲਾਂ ਨਾਲੋਂ ਠੀਕ ਹੈ। ਪੁਰਾਣੇ ਜਮਾਨੇ ਵਿੱਚ ਤਾਂ ਉਹਨਾਂ ਨੂੰ ਪੜ੍ਹਾਈ ਕਰਨ ਦਾ ਵੀ ਹੱਕ ਨਹੀਂ ਸੀ। ਉਹਨਾਂ ਨਾਲ ਖਾਣ-ਪੀਣ ਤੇ ਪਹਿਨਣ ਵਿੱਚ ਵੀ ਵਿਤਕਰਾ ਕੀਤਾ ਜਾਂਦਾ ਸੀ। ਅਜੋਕੀ ਇਸਤਰੀ ਹਰ ਖੇਤਰ ਵਿੱਚ ਅੱਗੇ ਵੱਧ ਰਹੀ ਹੈ। ਉਹ ਵਿਗਿਆਨ, ਤਕਨਾਲੋਜੀ, ਚਕਿੱਤਸਾ, ਪ੍ਰਸ਼ਾਸਕੀ ਤੇ ਸਿਆਸੀ ਖੇਤਰਾਂ ਵਿੱਚ ਮਰਦਾਂ ਨਾਲੋਂ ਅੱਗੇ ਲੰਘ ਰਹੀ ਹੈ। ਸਰਕਾਰ ਨੇ ਵੀ ਇਸਤਰੀ ਜਾਤੀ ਨੂੰ ਸੁਤੰਤਰ ਰੂਪ ਵਿੱਚ ਸ਼ਕਤੀਸ਼ਾਲੀ ਢੰਗ ਨਾਲ ਵਿਚਰਨ ਲਈ ਉਤਸ਼ਾਹਿਤ ਕੀਤਾ ਹੈ। ਟੈਲੀਵੀਜ਼ਨ ਤੇ ਅਨੇਕਾਂ ਲੜੀਵਾਰ ਤੇ ਵਿਗਿਆਪਨ ਦਿਖਾਏ ਜਾਂਦੇ ਹਨ ਪਰ ਇਸਤਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਜਿਉਂ ਦੀ ਤਿਉਂ ਹੀ ਹੈ। ਪਹਿਲੇ ਜ਼ਮਾਨੇ ਵਿੱਚ ਕਿਸੇ ਪਿੰਡ ਦਾ ਜਾਂ ਮੁਹੱਲੇ ਦਾ ਮੁੰਡਾ ਲੜਕੀ ਦੀ ਇੱਜ਼ਤ ਦੀ ਰਖਵਾਲੀ ਕਰਦਾ ਸੀ ਤੇ ਉਸ ਨੂੰ ਭੈਣ ਦੀ ਤਰ੍ਹਾਂ ਸਮਝਦਾ ਸੀ। ਬੀਤੇ ਤਿੰਨ ਚਾਰ ਦਹਾਕਿਆਂ ਤੋਂ ਨੈਤਿਕ ਕਦਰਾਂ-ਕੀਮਤਾਂ ਵਿੱਚ ਇਸ ਤਰ੍ਹਾਂ ਗਿਰਾਵਟ ਆ ਗਈ ਹੈ ਕਿ ਰਿਸ਼ਤਿਆਂ ਦਾ ਕੋਈ ਮਾਣ-ਇੱਜ਼ਤ ਹੀ ਨਹੀਂ ਰਿਹਾ। ਸਾਡੇ ਦੇਸ਼ ਵਿੱਚ ਵੱਡੇ-ਵੱਡੇ ਨੇਤਾਵਾਂ ਦੇ ਨੌਜੁਆਨ ਮੁੰਡੇ ਤਾਂ ਸਾਰਾ ਡਰ ਸ਼ਰਮ ਉਤਾਰ ਕੇ ਹੀ ਘੁੰਮਦੇ ਹਨ। ਉਹ ਕਿਸੇ ਧੀ ਭੈਣ ਦੀ ਇੱਜ਼ਤ ਕਰਨਾ ਨਹੀਂ ਜਾਣਦੇ। ਜੇ ਕੋਈ ਉਹਨਾਂ ਦੀ ਸ਼ਿਕਾਇਤ ਕਰਨਾ ਵੀ ਚਾਹੇ ਤਾਂ ਵੀ ਕੋਈ ਉਹਨਾਂ ਦਾ ਕੁੱਝ ਨਹੀਂ ਵਿਗਾੜ ਸਕਦਾ ਕਿਉਂ ਕਿ ਸਾਡੀ ਅਮਨ-ਕਾਨੂੰਨ ਵਿਵਸਥਾ ਢਿੱਲੀ ਹੈ। ਇਸਤਰੀ ਨਾਂ ਤਾਂ ਜਨਮ ਤੋਂ ਪਹਿਲਾਂ ਸੁਰੱਖਿਅਤ ਹੈ ਤੇ ਨਾ ਜਨਮ ਤੋਂ ਬਾਅਦ ।

ਬਚਪਨ, ਜਵਾਨੀ ਹਰ ਰੂਪ ਵਿੱਚ ਅਸੁਰੱਖਿਅਤ- ਆਧੁਨਿਕ ਯੁੱਗ ਵਿੱਚ ਵਿਗਿਆਨ ਦੀਆਂ ਕਾਢਾਂ ਫ਼ਾਇਦਾ ਲੈਂਦੇ ਹੋਏ ਕਈ ਮਾਂ-ਬਾਪ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਖ਼ਤਮ ਕਰਨ ਦੀ ਕੋਸ਼ਸ਼ ਕਰਦੇ ਹਨ। ਜਿਹੜੀ ਬੱਚੀ ਜਨਮ ਲੈ ਲੈਂਦੀ ਹੈ ਉਸ ਨੂੰ ਉਹ ਪਰਾਇਆ ਧਨ ਹੀ ਸਮਝ ਕੇ ਪਾਲਦੇ-ਪੋਸਦੇ ਹਨ। ਜਿਵੇਂਜਿਵੇਂ ਸਮਾਂ ਬੀਤਦਾ ਹੈ ਤਾਂ ਉਸਦੇ ਮਨ ਤੇ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ।ਉਸ ਸਮੇਂ ਉਸ ਨੂੰ ਜੀਵਨ ਦੇ ਕਈ ਪੜਾਵਾਂ ਵਿੱਚੋਂ ਨਿਕਲਣਾ ਪੈਂਦਾ ਹੈ। ਉਸ ਨੂੰ ਆਲੇ-ਦੁਆਲੇ ਸਾਰੀਆਂ ਨਜ਼ਰਾਂ ਮੌਕਾ ਤਾਤੂ ਹੀ ਲੱਗਦੀਆਂ ਹਨ। ਉਹ । ਆਪਣੇ ਆਪ ਨੂੰ ਕਿਧਰੇ ਵੀ ਸੁਰੱਖਿਅਤ ਨਹੀਂ ਸਮਝਦੀ। ਜੇ ਉਹ ਕਿਸੇ ਨਾਲ ਖੁੱਲ ਕੇ ਗੱਲ ਕਰ ਲੈਂਦੀ ਹੈ ਤਾਂ ਉਸ ਨੂੰ ਸਮਾਜ ਸ਼ੱਕੀ ਨਜ਼ਰਾਂ ਨਾਲ ਦੇਖਦਾ ਹੈ। ਜੇ ਉਹ ਘੱਟ ਬੋਲਦੀ ਹੈ ਤਾਂ ਵੀ ਉਸ ਨੂੰ ਤਾਹਨੇ ਮਾਰੇ ਜਾਂਦੇ ਹਨ। ਕਈ ਵਾਰ ਇਸਤਰੀ ਦਲੇਰ ਬਣਨ ਦਾ ਦਾਅਵਾ ਵੀ ਕਰਦੀ ਹੈ ਪਰ ਫਿਰ ਵੀ ਅੰਦਰ ਹੀ ਅੰਦਰ ਅਸੁਰੱਖਿਅਤ ਹੀ ਮਹਿਸੂਸ ਕਰਦੀ ਹੈ।ਉਹ ਭਰ ਜਵਾਨੀ ਵਿੱਚ ਜਦੋਂ ਵੀ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਗਲੀਆਂ, ਬਜ਼ਾਰਾਂ ਵਿੱਚ ਉਸ ਨੂੰ ਭੱਦੇ ਮਖੌਲ • ਤੇ ਛੇੜਖਾਨੀ ਕਰਨ ਵਾਲੇ ਮਿਲ ਹੀ ਜਾਂਦੇ ਹਨ। ਸਕੂਲਾਂ ਕਾਲਜਾਂ ਵਿੱਚ ਕਈ ਸਿਰ-ਫਿਰੇ ਉਸਦਾ ਪਿੱਛਾ ਕਰਦੇ ਰਹਿੰਦੇ ਹਨ। ਉਸ ਸਮੇਂ ਉਸ ਦੀ ਹਾਲਤ ਇਹ ਹੁੰਦੀ ਹੈ ਕਿ ਘਰ ਵਾਲਿਆਂ ਨੂੰ ਦੱਸਣ ਤੇ ਵੀ ਦਿਲ ਨਹੀਂ ਕਰਦਾ ਤੇ ਛੁਪਾਉਣਾ ਵੀ ਔਖਾ ਹੁੰਦਾ ਹੈ। ਜੇ ਉਹ ਬੱਸ ਗੱਡੀ ਵਿੱਚ ਸਫ਼ਰ ਕਰਦੀ ਹੈ ਤਾਂ ਕੋਈ ਜਾਣਬੁੱਝ ਕੇ ਉਸ ਨਾਲ ਜੁੜ ਕੇ ਬੈਠਣ ਦੀ ਕੋਸ਼ਸ਼ ਕਰਦਾ ਹੈ। ਕੋਈ ਉਸ ਨੂੰ ਗੰਦੀ ਭਾਸ਼ਾ ਵਿੱਚ ਟੈਲੀਫ਼ੋਨ ਕਰਦਾ ਹੈ ਜਾਂ ਅਸ਼ਲੀਲ ਐਸ. ਐਮ. ਐਸ. ਭੇਜਦਾ ਹੈ। ਕਈ ਵਾਰ ਤਾਂ ਅਧਿਆਪਕ ਹੀ ਆਪਣੇ ਵਿਦਿਆਰਥੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਜੇ ਉਹ ਨੌਕਰੀ ਕਰਦੀ ਹੈ ਤਾਂ ਉਸ ਦਾ ਅਫ਼ਸਰ ਉਸ ਤੇ ਗੰਦੀ ਨਜ਼ਰ ਰੱਖਦਾ ਹੈ। ਜੇ ਉਹ ਵਿਰੋਧ ਕਰਦੀ ਹੈ ਤਾਂ ਉਸ ਤੇ ਗੰਦੇਗੰਦੇ ਇਲਜ਼ਾਮ ਲਗਾਏ ਜਾਂਦੇ ਹਨ। ਇਹਨਾਂ ਹਾਲਤਾਂ ਵਿੱਚ ਉਹ ਬੇਹੱਦ ਅਸੁਰੱਖਿਅਤ ਮਹਿਸੂਸ ਕਰਦੀ ਹੈ ਤੇ ਸੋਚਦੀ ਹੈ, ਕਾਸ਼ ! ਉਹ ਦੁਨੀਆਂ ਵਿੱਚ ਕੁੜੀ ਬਣ ਕੇ ਜਨਮ ਹੀ ਨਾ ਲੈਂਦੀ। ਸਹੀ ਗੱਲ ਤਾਂ ਇਹ ਹੈ ਕਿ ਅੱਜ ਦੀ ਇਸਤਰੀ ਨਾ ਜਨਮ ਤੋਂ ਪਹਿਲਾਂ ਸੁਰੱਖਿਅਤ ਹੈ ਤੇ ਨਾ ਹੀ ਬਾਅਦ ਵਿੱਚ। ਉਹ ਨਾ ਭੋਲੇਭਾਲੇ ਬਚਪਨ ਵਿੱਚ ਸੁਰੱਖਿਅਤ ਹੈ ਤੇ ਨਾ ਜਵਾਨੀ ਵਿੱਚ। ਉਹ ਨਾ ਦੋਸਤ ਦੇ ਰੂਪ ਵਿੱਚ ਸੁਰੱਖਿਅਤ ਹੈ ਤੇ ਨਾ ਪ੍ਰੇਮਿਕਾ ਦੇ ਰੂਪ ਵਿੱਚ।ਉਹ ਨਾ ਪਤਨੀ ਦੇ ਰੂਪ ਵਿੱਚ ਸੁਰੱਖਿਅਤ ਹੈ ਤੇ ਨਾ ਨੂੰਹ ਦੇ ਰੂਪ ਵਿੱਚ।ਉਹ ਨਾ ਮੁਲਾਜ਼ਮ ਦੇ ਰੂਪ ਵਿੱਚ ਸੁਰੱਖਿਅਤ ਤੇ ਨਾ ਘਰੇਲੂ ਇਸਤਰੀ ਦੇ ਰੂਪ ਵਿੱਚ।

ਵਿਆਹ ਤੋਂ ਬਾਅਦ ਦੀ ਸਥਿਤੀ ਵਿਆਹ ਤੋਂ ਬਾਅਦ ਵੀ ਚੰਗਾ ਪਰਿਵਾਰ ਤੇ ਪਤੀ ਸਿਰਫ਼ 20% ਇਸਤਰੀਆਂ ਨੂੰ ਹੀ ਚੰਗਾ ਮਿਲਦਾ ਹੈ। ਉਹ ਵਿਆਹ ਕੇ ਸਹੁਰੇ ਘਰ ਪਹੁੰਚਦੀ ਹੈ ਤਾਂ ਸਭ ਉਸ ਦੀ ਪੜ੍ਹਾਈ-ਲਿਖਾਈ ਨੂੰ ਭੁੱਲ ਜਾਂਦੇ ਹਨ ਤੇ ਇਹ ਵੀ ਭੁੱਲ ਜਾਂਦੇ ਹਨ ਕਿ ਉਹ ਵੀ ਕਿਸੇ ਦੀ ਧੀ ਹੈ। ਉਸ ਨੂੰ ਪੇਕੇ ਜਾਣ ਤੋਂ ਰੋਕਾਂ ਲਗਾਈਆਂ ਜਾਂਦੀਆਂ ਹਨ। ਪੇਕਿਆਂ ਦੀ ਛੋਟੀ-ਛੋਟੀ ਗੱਲ ਤੇ ਤਾਹਨ ਮਾਰੇ ਜਾਂਦੇ ਹਨ। ਕਈ ਵਾਰ ਤਾਂ ਦਾਜ ਦੇ ਲਾਲਚੀ ਸਹੁਰੇ ਮਿਲਣ ਤੇ ਜਾਂ ਤਾਂ ਉਹ ਆਪ ਆਤਮ-ਹੱਤਿਆ ਕਰ ਲੈਂਦੀ ਹੈ ਜਾਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਉਸ ਸਮੇਂ ਸੱਸ ਦੇ ਰੂਪ ਵਿੱਚ ਇਸਤਰੀ ਹੀ ਇਸਤਰੀ ਦੀ ਸਭ ਤੋਂ ਵੱਡੀ ਦੁਸ਼ਮਣ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।

ਦਿਮਾਗੀ ਡਰ- ਅਜਿਹੇ ਵਾਤਾਵਰਨ ਵਿੱਚ ਰਹਿ ਰਹੀ ਇਸਤਰੀ ਭਾਵੇਂ ਉਸ ਨਾਲ ਸਭ ਕੁੱਝ ਚੰਗਾ ਹੀ ਵਾਪਰਿਆ ਹੋਵੇ, ਇਧਰੋਂ-ਉਧਰੋਂ ਸੁਣ ਕੇ ਇੰਨੀ ਡਰ ਜਾਂਦੀ ਹੈ ਕਿ ਉਸ ਦੇ ਦਿਮਾਗ਼ ਵਿੱਚ ਡਰ ਬੈਠ ਜਾਂਦਾ ਹੈ। ਉਹ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਜਦੋਂ ਉਹ ਆਪ ਜੁਆਨੀ ਵਿੱਚ ਹੁੰਦੀ ਹੈ ਤਾਂ ਵੀ ਡਰੀ ਰਹਿੰਦੀ ਹੈ, ਫਿਰ ਜਦੋਂ ਉਸ ਦੀ ਲੜਕੀ ਜੁਆਨੀ ਦੀ ਉਮਰ ਵਿੱਚ ਹੁੰਦੀ ਹੈ ਤਾਂ ਉਸ ਨੂੰ ਇਹ ਡਰ ਹੋਰ ਜ਼ਿਆਦਾ ਸਤਾਉਂਦਾ ਰਹਿੰਦਾ ਹੈ। ਉਸ ਦਾ ਵਿਸ਼ਵਾਸ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਵੀ ਉੱਠ ਜਾਂਦਾ ਹੈ। ਉਹ ਹਰ ਚੰਗੇ ਮਾੜੇ ਇਨਸਾਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ।

ਸਾਰ ਅੰਸ਼- ਇਸਤਰੀਆਂ ਦੀ ਅਜਿਹੀ ਤਣਾਓ ਭਰੀ ਮਾਨਸਿਕ ਅਵਸਥਾ ਨੂੰ ਦੇਖਦੇ ਹੋਏ ਸਮਾਜ ਨੂੰ ਉਸਾਰੂ ਨਹੀਂ ਕਿਹਾ ਜਾ ਸਕਦਾ। ਅਜਿਹੀ ਇਸਤਰੀ ਮਾਨਸਿਕ ਤੇ ਸਰੀਰਕ ਰੂਪ ਵਿੱਚ ਸਿਹਤਮੰਦ ਨਹੀਂ ਰਹਿ ਸਕਦੀ। ਉਸ ਦੀ ਅਜਿਹੀ ਤਣਾਓ ਭਰੀ ਸਥਿਤੀ ਵਾਲਾ ਵਾਤਾਵਰਨ ਆਧੁਨਿਕ ਯੁੱਗ ਦੇ ਮਰਦ। ਦੇ ਸੱਭਿਅਕ ਹੋਣ ਦੀ ਗਵਾਹੀ ਨਹੀਂ ਦਿੰਦਾ। ਸੋ, ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਆਪਣੀਆਂ ਧੀਆਂ, ਭੈਣਾਂ, ਮਾਵਾਂ, ਪਤਨੀਆਂ ਨੂੰ ਸਤਿਕਾਰ ਦੇਈਏ। ਸਭ ਤੋਂ ਪਹਿਲਾਂ ਸੱਸ ਤੇ ਨਨਾਣ ਦੇ ਰੂਪ ਵਿੱਚ ਹੀ ਇਸਤਰੀਆਂ ਨੂੰ ਦੂਸਰੀ ਇਸਤਰੀ ਦੀ ਕਦਰ ਕਰਨੀ ਪਵੇਗੀ। ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇ ਇਸਤਰੀਆਂ ਵੀ ਮਰਦਾਂ ਦੀ ਤਰ੍ਹਾਂ ਸੁਰੱਖਿਅਤ ਹੋਣ ਤਾਂ ਸਾਡਾ ਸਮਾਜ ਅਮੀਰ ਹੋ ਜਾਵੇਗਾ।

2 Comments

  1. nareshdhianpur2229@gmail.com February 21, 2020
    • Avatar photo Absolute-Study February 22, 2020

Leave a Reply