ਅੱਖੀਂ ਡਿੱਠਾ ਮੈਚ
Ankho Dekha Match
ਖੇਡਾਂ ਵਿਚ ਦਿਲਚਸਪੀ ਹੋਣ ਕਾਰਨ ਮੈਂ ਕੋਈ ਵੀ ਮੈਚ ਨਹੀਂ ਖੁਝਾਉਂਦਾ | ਪਰ ਸਭ ਤੋਂ ਵੱਧ ਮੈਨੂੰ ਬਾਸਕਟ-ਬਾਲ ਵਿਚ ਦਿਲਚਸਪੀ ਹੈ । ਕਿਤੇ ਵੀ ਇਹ ਮੈਚ ਹੋਵੇ ਮੈਂ ਇਸ ਨੂੰ ਜ਼ਰੂਰ ਵੇਖਦਾ ਹਾਂ । ਪਿਛਲੇ ਹਫਤੇ ਸੀ.ਬੀ.ਐਸ.ਈ. ਦੇ ਬਾਸਕਟ-ਬਾਲ ਟੂਰਨਾਮੈਂਟ ਸਾਡੇ ਸਕੂਲ ਵਿਚ ਹੀ ਹੋਏ ।
ਵੈਸੇ ਤਾਂ ਸਾਰੇ ਹੀ ਮੈਚ ਦੇਖੇ ਪਰ ਸਭ ਤੋਂ ਮਜ਼ੇਦਾਰ ਮੈਚ ਫਾਈਨਲ ਮੈਚ ਸੀ ਜੋ ਕਿ ਸਾਡੇ ਸਕੂਲ ਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਣਾ ਸੀ।
4 ਵਜੇ ਬੈਂਡ ਵਾਜੇ ਨਾਲ ਮੁੱਖ ਮਹਿਮਾਨ ਦਾ ਆਗਮਨ ਹੋਇਆ । ਮੁੱਖ ਮਹਿਮਾਨ ਦੇ ਸੀਟ ਸੰਭਾਲਣ ਨਾਲ ਹੀ ਦੋਵੇਂ ਟੀਮਾਂ ਦੋਵੇਂ ਪਾਸੇ ਖੜ੍ਹੀਆਂ ਹੋ ਗਈਆਂ । ਸਕੂਲ ਦੇ ਪ੍ਰਿੰਸੀਪਲ ਸਾਹਿਬ ਮੁੱਖ ਮਹਿਮਾਨ ਨਾਲ ਦੋਵੇਂ ਟੀਮਾਂ ਦੀ ਜਾਣ ਪਛਾਣ ਵਾਸਤੇ ਆਏ । ਜਾਣ ਪਛਾਣ ਤੋਂ ਬਾਅਦ ਮੈਚ ਅਰੰਭ ਹੋਇਆ ।
ਵਿਚਕਾਰਲੀ ਲਾਈਨ ਤੇ ਦੋ ਖਿਡਾਰੀ ਖੜ੍ਹੇ ਹੋ ਗਏ । ਬਾਕੀ ਸਾਰੇ ਆਸੇ-ਪਾਸੇ ਸਨ । ਰੈਫ਼ਰੀ ਨੇ ਵਿਚਕਾਰ ਬਾਲ ਸੁੱਟੀ । ਸਾਡੇ ਸਕੂਲ ਦੇ ਕੈਪਟਨ ਨੇ ਕੁੱਦ ਕੇ ਬਾਲ ਆਪਣੇ ਖਿਡਾਰੀ ਵੱਲ ਮਾਰੀ, ਉਸ ਨੇ ਅੱਗੇ ਵੱਧ
ਰਹੇ ਰਵਿੰਦਰ ਵਲ ਪਾਸ ਦਿੱਤਾ ਤੇ ਉਸ ਨੇ ਬਾਲ ਬਾਸਕਟ ਵਿਚ ਪਾ ਕੇ । ਦੋ ਪੁਆਇੰਟ ਲੈ ਲਏ ।
ਸਾਰਾ ਗਰਾਊਂਡ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉਠਿਆ। ਹੁਣ ਤਾਂ ਇਹ ਹਾਲ ਸੀ ਇਕ ਵਾਰ ਇਕ ਪਾਸੇ ਦੋ ਪੁਆਇੰਟ ਮਿਲਦੇ ਤੇ ਦੂਜੀ ਵਾਰੀ ਦੂਜੇ ਪਾਸੇ ਦੋ ਮਿਲ ਜਾਂਦੇ । ਕਾਫੀ ਮੁਸ਼ਕਿਲ ਸਮਾਂ ਸੀ । ਕਦੀ ਸਾਡੀ
ਟੀਮ ਅੱਗੇ ਹੁੰਦੀ ਤੇ ਕਦੀ ਸੰਗਰੂਰ ਦੀ ਟੀਮ ਅੱਗੇ ਹੁੰਦੀ । ਅੱਧੇ ਸਮੇਂ ਤੱਕ ਸਾਡੀ ਟੀਮ ਸਿਰਫ ਚਾਰ ਪੁਆਇੰਟਾਂ ਨਾਲ ਹੀ ਅੱਗੇ ਸੀ। ਸੰਗਰੂਰ ਦੀ ਟੀਮ ਦੇ ਹੌਸਲੇ ਬੁਲੰਦ ਸਨ । ਉਹ ਵੀ ਜਿੱਤਣ ਦੀ ਆਸ ਲਗਾ ਕੇ ਬੈਠੇ ਸਨ। ਇਸ ਖੇਡ ਵਿਚ ਤਾਂ 3-4ਪੁਆਇੰਟਾਂ ਦਾ ਵਾਧਾ ਕੁਝ ਵੀ ਮਹੱਤਵ ਨਹੀਂ ਰੱਖਦਾ।
ਦੂਜਾ ਅੱਧ ਸ਼ੁਰੂ ਹੋਇਆ | ਪਾਸੇ ਬਦਲ ਗਏ ਸਨ । ਸਾਡੀ ਟੀਮ ਨੇ ਹੁਣ ਦੂਸਰੇ ਰਿੰਗ ਤੇ ਬਾਸਕਟ ਕਰਨੀ ਸੀ। ਇਹ ਸਮਾਂ ਸਾਡੇ ਪੱਖ ਵੱਲ ਗਿਆ, ਹੁਣ ਬਹੁਤ ਸਾਰੇ ਪੁਆਇੰਟ ਅਸੀਂ ਲੈ ਚੁੱਕੇ ਸਾਂ । ਸੰਗਰੂਰ ਦੇ ਖਿਡਾਰੀ ਹੁਣ ਫਾਊਲ ਮਾਰ ਰਹੇ ਸਨ । ਦੋ ਖਿਡਾਰੀ ਗੇਮ ਤੋਂ ਬਾਹਰ ਹੋ ਗਏ ਸਨ । ਕਿਉਂਕਿ ਉਨ੍ਹਾਂ ਦੇ ਪੰਜ-ਪੰਜ ਫਾਊਲ ਹੋ ਗਏ ਸਨ।
ਅੰਤ ਵਿਚ ਇਹ ਮੇਚ 23 ਪੁਆਇੰਟਾਂ ਦੇ ਫ਼ਰਕ ਨਾਲ ਅਸੀਂ ਜਿੱਤ ਲਿਆ । ਆਖਰੀ ਸੀਟੀ ਵਜਦੇ ਹੀ, ਸਾਰੇ ਖੁਸ਼ੀ ਨਾਲ ਨੱਚ ਉੱਠੇ । ਸਾਡੇ ਪ੍ਰਿੰਸੀਪਲ ਸਾਹਿਬ ਬੜੇ ਖੁਸ਼ ਸਨ । ਦੂਸਰੇ ਦਿਨ ਦੀ ਸਾਨੂੰ ਛੁੱਟੀ ਹੋ ਗਈ। ਇਉ ਇਸ ਮੈਚ ਦਾ ਅਸੀਂ ਬਹੁਤ ਹੀ ਅਨੰਦ ਮਾਣਿਆ।