ਆਪਣੇ ਜ਼ਿਲੇ ਦੇ ਕ੍ਰਿਸ਼ੀ-ਵਿਗਿਆਨ ਕੇਂਦਰ ਨੂੰ ਖੇਤੀ-ਬਾੜੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਕੋਰਸ ਕਰਨ ਬਾਰੇ ਪੱਤਰ ਲਿਖੋ।
ਪਿੰਡ ਤੇ ਡਾਕਖ਼ਾਨਾ ਹੁਸਨਪੁਰ,
ਜ਼ਿਲ੍ਹਾ ਗੁਰਦਾਸਪੁਰ।
ਮਿਤੀ : 28-04-20….
ਸੇਵਾ ਵਿਖੇ,
ਨਿਰਦੇਸ਼ਕ ਸਾਹਿਬ,
ਕ੍ਰਿਸ਼ੀ-ਵਿਗਿਆਨ ਕੇਂਦਰ,
ਗੁਰਦਾਸਪੁਰ।
ਵਿਸ਼ਾ : ਖੇਤੀ-ਬਾੜੀ ਨਾਲ ਸੰਬੰਧਤ ਸਹਾਇਕ ਧੰਦਿਆਂ ਦਾ ਸਿਖਲਾਈ ਕੋਰਸ ਕਰਨ ਬਾਰੇ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਐੱਮ.ਏ. ਪਾਸ ਨੌਜਵਾਨ ਹਾ। ਮੈਂ ਆਪਣੇ ਪਿਤਾ ਜੀ ਨਾਲ ਖੇਤੀ-ਬਾੜੀ ਕਰਦਾ ਹਾਂ। ਸਾਡੇ ਕੋਲ ਘਰ ਦੀ ਦਸ ਏਕੜ ਜ਼ਮੀਨ ਹੈ। ਅਜੋਕੇ ਸਮੇਂ ‘ਚ ਖੇਤੀ-ਬਾੜੀ ਦੇ ਕਿੱਤੇ ‘ਚ ਬਹੁਤੀ ਆਮਦਨ ਨਹੀਂ ਹੈ। ਮੈਂ ਵੱਖ-ਵੱਖ ਸੰਚਾਰ ਸਾਧਨਾਂ ਤੋਂ ਇਹ ਸੁਣ ਕੇ ਪ੍ਰਭਾਵਿਤ ਹੋਇਆ ਹਾਂ ਕਿ ਖੇਤੀ-ਬਾੜੀ ਨਾਲ ਸੰਬੰਧਤ ਸਹਾਇਕ ਧੰਦਿਆਂ ਦੇ ਖੇਤਰ ਵਿੱਚ ਤਰੱਕੀ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਸੋ ਮੈਂ ਖੇਤੀ-ਬਾੜੀ ਨਾਲ ਸੰਬੰਧਤ ਸਹਾਇਕ ਧੰਦੇ ਵਜੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਕਰਨ ਬਾਰੇ ਮਨ ਬਣਾਇਆ ਹੈ।
ਮੈਨੂੰ ਇਹ ਵੀ ਜਾਣਕਾਰੀ ਹੈ ਕਿ ਕਿਸੇ ਵੀ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਸੰਬੰਧੀ ਸਿਖਲਾਈ ਕੋਰਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਕਿਰਪਾ ਕਰਕੇ ਮੈਨੂੰ ਇਹ ਸਹਾਇਕ ਧੰਦੇ ਦੀ ਸਿਖਲਾਈ ਨਾਲ ਸੰਬੰਧਤ ਹੇਠਲੀ ਜਾਣਕਾਰੀ ਦੇਣ ਦੀ ਕਿਰਪਾਲਤਾ ਕੀਤੀ ਜਾਵੇ :
(ੳ) ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧੀ ਕੋਰਸ ਕਦੋਂ-ਕਦੋਂ ਕਰਵਾਏ ਜਾਂਦੇ ਹਨ ?
(ਅ) ਇਹ ਕੋਰਸ ਕਿੰਨੇ ਦਿਨਾਂ ਦਾ ਹੁੰਦਾ ਹੈ ?
(ੲ) ਇਸ ਕੋਰਸ ਵਿੱਚ ਹਿੱਸਾ ਲੈਣ ਲਈ ਕੀ-ਕੀ ਸ਼ਰਤਾਂ ਹੁੰਦੀਆਂ ਹਨ ?
(ਸ) ਇਸ ਕੋਰਸ ਦੀ ਫ਼ੀਸ ਕਿੰਨੀ ਦੇਣੀ ਪੈਂਦੀ ਹੈ ?
(ਹ) ਕੋਰਸ ਦੌਰਾਨ ਉੱਥੇ ਠਹਿਰਨ ਦਾ ਕੀ ਪ੍ਰਬੰਧ ਤੇ ਕਿੰਨਾ ਖ਼ਰਚਾ ਹੁੰਦਾ ਹੈ ?
(ਕ) ਕੀ ਕੋਰਸ ਕਰਨ ਮਗਰੋਂ ਬੈਂਕਾਂ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ ?
(ਖ) ਕੀ ਕਰਜ਼ੇ ਉੱਪਰ ਸਬਸਿਡੀ ਵੀ ਮਿਲਦੀ ਹੈ ?
ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੈਨੂੰ ਉਪਰੋਕਤ ਜਾਣਕਾਰੀ ਛੇਤੀ ਦੇਵੋਗੇ। ਇਸ ਖ਼ੇਚਲ ਲਈ ਮੈਂ ਆਪ ਜੀ ਦਾ ਬਹੁਤ
ਸ਼ੁਕਰਗੁਜ਼ਾਰ ਹੋਵਾਂਗਾ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਹਰਵਿੰਦਰ ਸਿੰਘ
ਸਪੁੱਤਰ ਸ੍ਰ. ਉਂਕਾਰ ਸਿੰਘ