ਭਗਤ ਸੂਰਦਾਸ ਜੀ
Bhagat Surdas Ji
ਬੱਚਿਓ! ਭਗਤ ਸੂਰਦਾਸ ਦਾ ਅਸਲੀ ਨਾਮ ਮਦਨ ਮੋਹਣ ਸੀ। ਇਹ ਨਾਂ ਇਹਨਾਂ ਦੀ ਸੁੰਦਰਤਾ ਕਰਕੇ ਰੱਖਿਆ ਗਿਆ। ਆਪ ਦਾ ਜਨਮ ਦਿੱਲੀ ਦੇ ਨੇੜੇ ਇਕ ਪਿੰਡ ਵਿੱਚ ਪੰਡਤ ਰਵਿਦਾਸ ਦੇ ਘਰ ਸੰਮਤ 1540 ਈ: ਨੂੰ ਹੋਇਆ। ਆਪ ਜਨਮ ਤੋਂ ਅੰਨੇ ਨਹੀਂ ਸਨ ਪਰ ਜਦੋਂ ਅੰਨੇ ਹੋਏ ਤਾਂ ਆਪ ਦਾ ਨਾਂ ਸੂਰਦਾਸ ਪੈ ਗਿਆ। ਆਪ ਨੂੰ ਬਚਪਨ ਤੋਂ ਹੀ ਵਿਦਿਆ ਪੜ੍ਹਨ ਅਤੇ ਰਾਗ ਸਿੱਖਣ ਦਾ ਸ਼ੌਕ ਸੀ। ਬਹੁਤ ਹੀ ਥੋੜ੍ਹੇ ਸਮੇਂ ਵਿੱਚ ਆਪ ਨੇ ਕਈ ਭਾਸ਼ਾਵਾਂ ਸਿੱਖ ਲਈਆਂ। ਕਵਿਤਾ ਅਤੇ ਰਾਗ ਦਾ ਪੂਰਾ ਗਿਆਨ ਹੋ ਗਿਆਨ ਹੋਇਆ। ਭਗਤ ਸੂਰਦਾਸ ਦੀ ਸਾਰੇ ਪਾਸੇ ਵਡਿਆਈ ਹੋਣ ਲੱਗੀ। ਕੋਈ ਉਹਦੇ ਕੋਲੋਂ ਗੀਤ ਸੁਣਦਾ, ਕੋਈ ਗਿਆਨ ਚਰਚਾ ਕਰਦਾ ਅਤੇ ਕੋਈ ਉਹਦੀ ਜਵਾਨੀ ਵੱਲ ਵੇਖ ਕੇ ਖ਼ੁਸ਼ ਹੁੰਦਾ ਪਰ ਉਸਦਾ ਬਾਪ ਰਵਿਦਾਸ ਜਨਮ ਤੋਂ ਗਰੀਬ ਸੀ। ਸਾਰੀ ਉਮਰ ਅਨੇਕਾਂ ਹੇਰਾ ਫੇਰੀਆਂ ਕਰਨ ਤੇ ਵੀ ਉਹ ਗਰੀਬੀ ਤੋਂ ਖਹਿੜਾ ਨਾ ਛੁਡਾ ਸਕਿਆ।
ਇਕ ਦਿਨ ਮਦਨ ਮੋਹਣ ਜੀ ਇਕ ਸਰੋਵਰ ਕਿਨਾਰੇ ਬੈਠੇ ਸਨ ਅਤੇ ਇਕ ਗੀਤ ਦੀ ਰਚਨਾ ਕਰ ਰਹੇ ਸਨ। ਜਦੋਂ ਉਹ ਉੱਠ ਕੇ ਟਹਿਲਣ ਲੱਗੇ ਤਾਂ ਇਕ ਨੌਜਵਾਨ ਕੁੜੀ, ਜੋ ਜਵਾਨ ਅਤੇ ਸੁੰਦਰ ਸੀ, ਉਹਨਾਂ ਦੀ ਨਜ਼ਰ ਪਈ। ਉਹ ਮਦਨ ਮੋਹਣ ਵੱਲ ਹੀ ਦੇਖ ਰਹੀ ਸੀ। ਦੋਵੇਂ ਇਕ ਦੂਜੇ ਵੱਲ ਆਹਮੋ-ਸਾਹਮਣੇ ਖਲੋਤੇ ਟਿਕਟਿਕੀ ਬੰਨ ਕੇ ਇਕ ਦੂਜੇ ਨੂੰ ਵੇਖਦੇ ਰਹੇ। ਅੱਖਾਂ ਹੀ ਅੱਖਾਂ ਵਿੱਚ ਇਕ ਦੂਜੇ ਦੀ ਜਵਾਨੀ ਅਤੇ ਸੁੰਦਰਤਾ ਪੀਂਦੇ ਰਹੇ। ਆਖਰ ਮਦਨ ਮੋਹਣ ਨੇ ਕੁੜੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ। ਉਹ ਵੀ ਮਦਨ ਮੋਹਣ ਦੇ ਨੇੜੇ ਆ ਗਈ। ਉਸਨੇ ਪੁੱਛਿਆ ਕਿ ਦੱਸੋ ਕੀ ਸੇਵਾ ਕਰਾਂ ? ਮਦਨ ਮੋਹਣ ਨੇ ਆਖਿਆ ਕਿ ਮੇਰੀਆਂ ਅੱਖਾਂ ਵੱਲ ਵੇਖੋ। ਕੁੜੀ ਨੇ ਧਿਆਨ ਨਾਲ ਦੇਖਿਆ ਅਤੇ ਬੋਲੀ ਕਿ ਮੈਂ ਤਾਂ ਆਪ ਦੀਆਂ ਅੱਖਾਂ ਵੱਲ ਹੀ ਵੇਖਦੀ ਹਾਂ। ਮੈਨੂੰ ਆਪਣਾ ਚਿਹਰਾ ਤੁਹਾਡੀਆਂ ਅੱਖਾਂ ਵਿੱਚ ਦਿੱਸਦਾ ਹੈ।
ਮਦਨ ਮੋਹਣ ਨੇ ਆਖਿਆ ਕਿ ਮੈਨੂੰ ਵੀ ਆਪਣਾ ਚਿਹਰਾ ਤੇਰੀਆਂ ਅੱਖਾਂ ਵਿੱਚ ਦਿੱਸਦਾ ਹੈ। ਕੁੜੀ ਨੇ ਸ਼ਰਮਾ ਕੇ ਨੀਵੀਂ ਪਾ ਲਈ। ਮੋਹਣ ਨੇ ਪੁੱਛਿਆ ਕਿ ਕੱਲ੍ਹ ਫਿਰ ਆਵੇਂਗੀ? ਕੁੜੀ ਨੇ ਹਾਂ ਕਰ ਦਿੱਤੀ। ਉਹ ਉਥੋਂ ਖਿਸਕ ਗਈ। ਉਹ ਘਰੋਂ ਕੱਪੜੇ ਧੋਣ ਅਤੇ ਇਸ਼ਨਾਨ ਕਰਨ ਆਈ। ਅਗਲੇ ਦਿਨ ਉਹ ਸਰੋਵਰ ਦੇ ਕੰਢੇ ਬਹਿ ਕੱਪੜੇ ਧੋਣ ਲਗ ਪਈ। ਮਦਨ ਮੋਹਣ ਸਰੋਵਰ ਦੀਆਂ ਪੌੜੀਆਂ ਤੇ ਬੈਠਾ ਉਸਨੂੰ ਦੇਖਦਾ ਰਿਹਾ। ਪਤਲੀ ਧੋਤੀ ਸਰੀਰ ਦੁਆਲੇ ਵੱਲ ਕੇ ਕੁੜੀ ਨੇ ਇਸ਼ਨਾਨ ਕੀਤਾ। ਜਦੋਂ ਸਰੋਵਰ ਵਿੱਚੋਂ ਚੁਭੀ ਮਾਰ ਕੇ ਬਾਹਰ ਨਿਕਲੀ ਤਾਂ ਮਦਨ ਮੋਹਣ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਜਲ ਦੇਵੀ ਪਾਣੀ ਵਿੱਚੋਂ ਬਾਹਰ ਆ ਗਈ ਹੋਵੇ। ਉਸਨੇ ਕੁੜੀ ਦੀ ਉਸਤਤ ਵਿੱਚ ਇਕ ਗੀਤ ਦੀ ਰਚਨਾ ਕੀਤੀ।
ਬੱਚਿਓ | ਕੁੜੀ ਰੋਜ਼ਾਨਾ ਸਰੋਵਰ ਤੇ ਆਉਂਦੀ ਰਹੀ ਅਤੇ ਮਦਨ ਮੋਹਣ ਉਸਨੂੰ ਦੇਖਦਾ ਰਿਹਾ। ਇਕ ਦਿਨ ਮੋਹਣ ਨੇ ਕੁੜੀ ਨੂੰ ਆਖਿਆ ਕਿ ਆਉਂਦੀ ਹੋਈ ਦੋ ਸਲਾਈਆਂ ਲੈ ਆਵੀਂ। ਅਣਭੋਲ ਕੁੜੀ ਸਲਾਈਆਂ ਲੈ ਆਈ। ਸਲਾਈਆਂ ਫੜ ਕੇ ਮੋਹਣ ਨੇ ਆਪਣੀਆਂ ਅੱਖਾਂ ਵਿੱਚ ਖੋਭ ਲਈਆਂ ਤੇ ਅੰਨ੍ਹਾ ਹੋ ਗਿਆ। ਕੁੜੀ ਇਹ ਦੇਖਕੇ ਗਸ਼ ਖਾ ਕੇ ਡਿੱਗ ਪਈ। ਮਦਨ ਮੋਹਣ ਨੇ ਉਸਨੂੰ ਹੋਸ਼ ਵਿੱਚ ਲਿਆਂਦਾ ਅਤੇ ਆਖਿਆ ਕਿ ਮੈਂ ਇਸ ਵਾਸਤੇ ਅੰਨ੍ਹਾ ਹੋਇਆ ਹਾਂ ਕਿ ਇਹ ਨੈਣ ਕਿਸੇ ਹੋਰ ਸੁੰਦਰੀ ਉੱਤੇ ਮੋਹਿਤ ਨਾ ਹੋ ਜਾਣ।ਮੈਂ ਤੈਨੂੰ ਹਿਰਦੇ ਵਿੱਚ ਵਸਾ ਬੈਠਾ ਹਾਂ। ਤੇਰਾ ਹੀ ਰਹਿਣਾ ਚਾਹੁੰਦਾ ਹਾਂ।
ਉਸ ਦਿਨ ਤੋਂ ਬਾਦ ਮਦਨ ਮੋਹਣ ਨੂੰ ਸਭ ਨੇ ਸੂਰਦਾਸ ਆਖਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦਿੱਲੀ ਦੇ ਤਖ਼ਤ ਤੇ ਅਕਬਰ ਰਾਜ ਕਰਦਾ ਸੀ। ਅਕਬਰ ਸਭ ਧਰਮਾਂ ਦੇ ਵਿਦਵਾਨਾਂ, ਕਵੀਆਂ, ਰਾਗੀਆਂ ਅਤੇ ਚਿਤਰਕਾਰਾਂ ਦਾ ਆਦਰ ਕਰਦਾ ਸੀ। ਸੂਰਦਾਸ ਮਹਾਂ ਕਵੀ ਪ੍ਰਸਿੱਧ ਹੋ ਗਿਆ ਸੀ। ਉਸਦਾ ਗਲਾ ਵੀ ਬੜਾ ਰਸੀਲਾ ਸੀ। ਥਾਂ ਥਾਂ ਆਪ ਦੀ ਸੋਭਾ ਹੋਣ ਲੱਗੀ। ਜਦੋਂ ਅਕਬਰ ਨੂੰ ਸੂਰਦਾਸ ਦਾ ਪਤਾ ਲੱਗਾ ਤਾਂ ਉਸਨੇ ਟੋਡਰਮਲ ਰਾਹੀਂ ਉਸਨੂੰ ਆਪਣੇ ਦਰਬਾਰ ਵਿੱਚ ਬੁਲਾ ਲਿਆ। ਅਕਬਰ ਕੋਲ ਹੋਰ ਵੀ ਵਿਦਵਾਨ ਸਨ ਪਰ ਸਾਰਿਆਂ ਵਿੱਚ ਆਪ ਦੀ ਬਹੁਤ ਸ਼ਲਾਘਾ ਹੋਈ। ਅਕਬਰ ਨੇ ਖ਼ੁਸ਼ ਹੋ ਕੇ ਅਵਧ ਦੇ ਕਸਬੇ ਖੰਧੀਲਾ ਦਾ ਆਪ ਨੂੰ ਹਾਕਮ ਬਣਾ ਦਿੱਤਾ। ਇਸਦੇ ਜੁੰਮੇ ਕੰਮ ਮਾਮਲਾ ਇਕੱਠਾ ਕਰਨ ਅਤੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਦਾ ਲਾਇਆ ਗਿਆ ਪਰ ਕੋਮਲ ਹਿਰਦੇ ਵਾਲੇ ਇਸ ਭਗਤ ਤੋਂ ਗਰੀਬਾਂ ਕੋਲੋਂ ਮਾਮਲਾ ਕਿਵੇਂ ਇਕੱਠਾ ਹੁੰਦਾ ? ਜੋ ਥੋੜ੍ਹਾ ਬਹੁਤਾ ਮਾਮਲਾ ਇਕੱਠਾ ਕੀਤਾ ਉਹ ਵੀ ਸਾਧੂ ਸੰਤਾਂ ਨੂੰ ਖਵਾ ਦਿੱਤਾ। ਸ਼ਾਹੀ ਖ਼ਜ਼ਾਨੇ ਵਿੱਚ ਜਮਾਂ ਹੀ ਨਾ ਕਰਾਇਆ। ਜਦੋਂ ਮਾਮਲਾ ਜਮਾਂ ਕਰਾਉਣ ਦਾ ਹੁਕਮ ਹੋਇਆ ਤਾਂ ਸੰਦੂਕ ਖਾਲੀ ਵੇਖਕੇ ਆਪ ਘਰੋਂ ਨੱਠ ਗਏ। ਬਾਦਸ਼ਾਹ ਨੂੰ ਖਬਰ ਮਿਲੀ ਕਿ ਸੂਰਦਾਸ ਸਰਕਾਰੀ ਰੁਪਿਆ ਸਮੇਤ ਕਿੱਧਰੇ ਨੱਸ ਗਿਆ ਹੈ। ਜਦੋਂ ਪੂਰੀ ਪੜਤਾਲ ਕੀਤੀ ਤਾਂ ਬਾਦਸ਼ਾਹ ਨੇ ਆਖਿਆ ਕਿ ਕੋਈ ਚਿੰਤਾ ਨਹੀਂ। ਜੇ ਉਸਨੇ ਰੱਬ ਦੇ ਭਗਤਾਂ ਨੂੰ ਖਵਾ ਦਿੱਤੇ ਹਨ ਤਾਂ ਕੀ ਹੋਇਆ ? ਉਸਨੂੰ ਲੱਭੋ। ਉਸਦਾ ਸਾਰਾ ਕਸੂਰ ਮਾਫ ਕੀਤਾ ਜਾਂਦਾ ਹੈ। ਉਹ ਇਕ ਵਾਰ ਦਰਬਾਰ ਵਿੱਚ ਹਾਜ਼ਰ ਜ਼ਰੂਰ ਹੋਵੇ।
ਬੱਚਿਓ ! ਸੂਰਦਾਸ ਨੇ ਸਾਰੀ ਗੱਲ ਸੁਣ ਲਈ ਪਰ ਦਰਬਾਰ ਵਿੱਚ ਹਾਜ਼ਰ ਹੋਣ ਤੋਂ ਉੱਕੀ ਨਾਂਹ ਕਰ ਦਿੱਤੀ। ਉਸਨੇ ਫ਼ੈਸਲਾ ਕੀਤਾ ਕਿ ਉਹ ਨੌਕਰੀ ਨਹੀਂ ਕਰੇਗਾ। ਪਰ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਸੂਰਦਾਸ ਦਰਬਾਰ ਵਿੱਚ ਹਾਜ਼ਰ ਨਹੀਂ ਹੋਣਾ ਚਾਹੁੰਦਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਸੂਰਦਾਸ ਦੀ ਗ੍ਰਿਫਤਾਰੀ ਵਾਸਤੇ ਹੁਕਮ ਜਾਰੀ ਕਰ ਦਿੱਤਾ। ਅਕਬਰ ਦੇ ਬੰਦਿਆਂ ਹੁਕਮ ਅਨੁਸਾਰ ਸੂਰਦਾਸ ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਪੁੱਜੇ ਤਾਂ ਬਾਦਸ਼ਾਹ ਨੇ ਮੱਥੇ ਲੱਗਣ ਤੋਂ ਪਹਿਲਾਂ ਹੀ ਬੰਦੀਖਾਨੇ ਵਿੱਚ ਡੱਕ ਦੇਣ ਦਾ ਹੁਕਮ ਦਿੱਤਾ। ਸੂਰਦਾਸ ਕੈਦੀ ਬਣ ਗਿਆ। ਬੰਦੀਖਾਨੇ ਦੇ ਜਿਸ ਕਮਰੇ ਵਿੱਚ ਸੂਰਦਾਸ ਨੂੰ ਰੱਖਿਆ ਗਿਆ ਉਥੇ ਬਹੁਤ ਹਨੇਰਾ ਸੀ। ਉਥੇ ਜੋ ਸੰਤਰੀ ਸੀ ਉਸਦਾ ਨਾਮ ਤਿਮਰ ਖਾਂ ਸੀ। ਤਿਮਰ ਦਾ ਅਰਥ ਵੀ ਹਨੇਰਾ ਹੁੰਦਾ ਹੈ। ਸੋ ਹਨੇਰੇ ਦਾ ਰਾਖਾ ਹਨੇਰਾ ਹੀ ਸੀ। ਤਿਮਰ ਖਾਂ ਬਹੁਤ ਪੱਥਰ ਦਿਲ ਸੰਤਰੀ ਸੀ। ਉਹ ਕੈਦੀਆਂ ਨਾਲ ਬਹੁਤ ਸਖਤੀ ਕਰਦਾ ਸੀ। ਉਸਦੀ ਸਖਤੀ ਨੂੰ ਦੇਖਕੇ ਸੂਰਦਾਸ ਜੀ ਨੇ ਇਕ ਕਵਿਤਾ ਰਚੀ। ਉਸ ਕਵਿਤਾ ਨੂੰ ਹਰ ਵੇਲੇ ਸੂਰਦਾਸ ਗਾਉਂਦਾ ਰਹਿੰਦਾ। ਉਹ ਕਵਿਤਾ ਅਕਬਰ ਤੱਕ ਵੀ ਪਹੁੰਚ ਗਈ। ਕਵਿਤਾ ਸੁਣਕੇ ਅਕਬਰ ਐਨਾ ਖੁਸ਼ ਹੋਇਆ ਕਿ ਉਸਨੇ ਸੂਰਦਾਸ ਨੂੰ ਛੱਡਣ ਦਾ ਹੁਕਮ ਦੇ ਦਿੱਤਾ। ਆਜ਼ਾਦ ਹੋਣ ਪਿੱਛੋਂ ਸੂਰਦਾਸ ਜੀ, ਸ੍ਰੀ ਕ੍ਰਿਸ਼ਨ ਜੀ ਦੀ ਨਗਰੀ ਮਥਰਾ ਨੂੰ ਤੁਰ ਪਏ। ਦਿੱਲੀ ਤੋਂ ਮਥਰਾ ਨੂੰ ਤੁਰੇ ਜਾਂਦਿਆਂ ਮਥਰਾ ਦੇ ਨੇੜੇ ਰਾਹ ਵਿੱਚ ਇਕ ਖੂਹ ਸੀ। ਉਸਦੀ ਮੌਣ ਟੁੱਟ ਚੁੱਕੀ ਸੀ। ਪਰ ਪਾਣੀ ਬਹੁਤਾ ਨਹੀਂ ਸੀ। ਰਸਤੇ ਵਿੱਚ ਹਨੇਰਾ ਹੋ ਗਿਆ। ਰਾਹ ਦੇ ਖਤਰਿਆਂ ਤੋਂ ਜਾਣੂ ਕਰਾਉਣ ਵਾਲਾ ਨਾਲ ਕੋਈ ਨਹੀਂ ਸੀ। ਡੰਗੋਰੀ ਦੇ ਆਸਰੇ ਤੁਰੇ ਜਾ ਰਹੇ ਸਨ। ਖੂਹ ਦੇ ਨੇੜੇ ਜਾ ਕੇ ਐਸਾ ਪੈਰ ਉਕਿਆ ਕਿ ਸੂਰਦਾਸ ਜੀ ਘੜੰਮ ਕਰਕੇ ਖੂਹ ਵਿੱਚ ਡਿੱਗ ਪਏ। ਕੋਲ ਕੋਈ ਨਹੀਂ ਸੀ। ਪਸ਼ੂ ਚਾਰਨ ਵਾਲੇ ਬਾਲਕ ਵੀ ਘਰਾਂ ਨੂੰ ਚਲੇ ਗਏ ਸਨ। ਨਾ ਕਿਸੇ ਵੇਖਿਆ ਅਤੇ ਨਾ ਕਿਸੇ ਖੂਹ ਵਿੱਚੋਂ ਕੱਢਿਆ।
ਬੱਚਿਓ ! ਜਿਸਦਾ ਰਾਖਾ ਭਗਵਾਨ ਹੈ ਉਸਨੂੰ ਕੋਈ ਦੁੱਖ ਨਹੀਂ ਹੁੰਦਾ। ਖੂਹ ਵਿੱਚ ਡਿੱਗਦੇ ਸਾਰ ਸੂਰਦਾਸ ਜੀ ‘ਰਾਧੇ ਸ਼ਾਮ, ਰਾਧੇ ਸ਼ਾਮ’ ਉਚਾਰਨ ਲੱਗੇ। ਰਾਧੇ ਸ਼ਾਮ ਸਹਾਈ ਹੋਏ। ਖੂਹ ਦਾ ਪਾਣੀ ਸੁੱਕ ਗਿਆ। ਗਾਰੇ ਜਿਹੇ ਵਿੱਚ ਸਾਰੀ ਰਾਤ ਖਲੋਤੇ ਰਹੇ। ਸਾਰੀ ਰਾਤ ਸ੍ਰੀ ਕ੍ਰਿਸ਼ਨ ਜੀ ਨੂੰ ਧਿਆਉਂਦੇ ਰਹੇ। ਜਦੋਂ ਸਵੇਰ ਹੋਈ ਤਾਂ ਪਸ਼ੂ ਚਾਰਨ ਵਾਲੇ ਦੋ ਬੱਚੇ ਫਿਰਦੇ ਫਿਰਦੇ ਖੂਹ ਕੋਲ ਆ ਗਏ। ਜਦੋਂ ਉਹਨਾਂ ‘ਰਾਧੇ ਸ਼ਾਮ’ ਦੀ ਆਵਾਜ਼ ਸੁਣੀ ਤਾਂ ਕੰਢੇ ਤੇ ਖਲ ਕੇ ਖੂਹ ਵਿੱਚ ਝਾਤੀ ਮਾਰੀ। ਖੂਹ ਵਿੱਚ ਇਕ ਆਦਮੀ ਸੀ। ਬੱਚਿਆਂ ਨੇ ਪੁੱਛਿਆ ਕਿ ਤੂੰ ਕੌਣ ਏਂ ?
ਸੂਰਦਾਸ ਜੀ ਨੇ ਆਖਿਆ ਕਿ ਬੱਚਿਓ ! ਮੈਂ ਸੂਰਦਾਸ ਹਾਂ ! ਰਾਤੀਂ ਖੂਹ ਵਿੱਚ ਡਿੱਗ ਪਿਆ ਸਾਂ। ਮੈਨੂੰ ਬਾਹਰ ਕੱਢੋ।
ਬੱਚੇ ਸੋਚਣ ਲੱਗੇ ਕਿ ਕਿਵੇਂ ਕੱਢੀਏ ਖੂਹ ਵਿੱਚੋਂ ? ਕੁਝ ਚਿਰ ਸੋਚਣ ਤੋਂ ਬਾਦ ਇਕ ਨੇ ਸਲਾਹ ਦਿੱਤੀ ਕਿ ਪਿੰਡੋਂ ਬੰਦਿਆਂ ਨੂੰ ਸੱਦ ਕੇ ਲਿਆਈਏ।
ਇਕ ਬੱਚਾ ਪਸ਼ੂਆਂ ਦੀ ਰਾਖੀ ਕਰਦਾ ਰਿਹਾ ਅਤੇ ਦੂਜਾ ਪਿੰਡ ਨੂੰ ਭੱਜ ਗਿਆ। ਘਰੋਂ ਵੱਡੇ ਮਰਦਾਂ ਨੂੰ ਬੁਲਾ ਲਿਆਇਆ। ਉਹਨਾਂ ਸੂਰਦਾਸ ਜੀ ਨੂੰ ਖੂਹ ਤੋਂ ਬਾਹਰ ਕੱਢਿਆ। ਸੂਰਦਾਸ ਜੀ ਕੀਰਤਨ ਕਰਦੇ ਹੋਏ ਮਥੁਰਾ ਵੱਲ ਚਲੇ ਗਏ।
ਬੱਚਿਓ ! ਸੂਰਦਾਸ ਦੇ ਹਿਰਦੇ ਵਿੱਚ ਬ੍ਰਿਹਾ ਬਹੁਤ ਸੀ। ਜਿਸ ਸੁੰਦਰੀ ਦੀ ਸੂਰਤ ਦੇਖਣ ਪਿੱਛੋਂ ਅੰਨੇ ਹੋਏ ਸਨ, ਉਸਨੂੰ ਨਹੀਂ ਭੁੱਲੇ। ਉਹੋ ਪਵਿੱਤਰ ਪ੍ਰੇਮ ਹੁਣ ਸ੍ਰੀ ਕ੍ਰਿਸ਼ਨ ਰਾਧਾ ਪ੍ਰਸੰਗਾਂ ਤੇ ਗੀਤਾਂ ਵਿੱਚ ਵਰਣਨ ਕਰਨ ਲੱਗੇ। ਗਊ ਘਾਟ ਅਸਥਾਨ ਉੱਤੇ ਜਾ ਡੇਰੇ ਲਾਏ। ਉਥੇ ਆਪ ਨੂੰ ਗੋਸਵਾਮੀ, ਬਲਭਾਚਾਰਜ ਜੀ ਮਿਲੇ। ਉਹਨਾਂ ਜਦੋਂ ਸੂਰਦਾਸ ਜੀ ਕੋਲੋਂ ਵੈਰਾਗਮਈ ਭਜਨ ਸੁਣੇ ਤਾਂ ਬਹੁਤ ਖੁਸ਼ ਹੋਏ। ਉਹਨਾਂ ਸੂਰਦਾਸ ਨੂੰ ਆਪਣਾ ਚੇਲਾ ਬਣਾ ਲਿਆ।
ਆਪ ਨੇ ਬਹੁਤ ਕਵਿਤਾ ਰਚੀ।ਆਪ ਦਾ ਵਿਚਾਰ ਸੀ ਕਿ ਸਵਾ ਲੱਖ ਪਦ ‘ਕਵਿਤਾ’ ਰਚਣ ਪਰ ਪਤੰਤਰ ਹਜ਼ਾਰ ਪਦ ਰਚਣ ਪਿੱਛੋਂ ਆਪ 80 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਅੱਜ ਕੱਲ੍ਹ ਜੋ ਆਪ ਦਾ ਗਰੰਥ ਮਿਲਦਾ ਹੈ ਉਸ ਵਿੱਚ ਸਿਰਫ ਪੰਜ ਹਜ਼ਾਰ ਪਦ ਹਨ। ਹੋਰ ਵੀ ਆਪ ਦੇ ਲਿਖੇ ਗਰੰਥ ਮਿਲਦੇ ਹਨ ਪਰ ‘ਸੂਰ ਸਾਗਰ’ ਪ੍ਰਸਿੱਧ ਗਰੰਥ ਹੈ। ਸ੍ਰੀ ਕ੍ਰਿਸ਼ਨ ਜੀ ਦੇ ਭਗਤਾਂ ਵਿੱਚ ਆਪ ਇਕ ਮਹਾਨ ਹਸਤੀ ਹੋਏ ਹਨ। ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਵੀ ਆਪ ਦੀ ਬਾਣੀ ਦਰਜ ਹੈ।