ਭਗਤ ਸੈਨ ਜੀ
Bhagat Sen Ji
ਬੱਚਿਓ ! ਭਗਤ ਸੈਨ ਜੀ ਨਾਈ ਜਾਤ ਦੇ ਸਨ ਅਤੇ ਉਹ ਕੰਮ ਵੀ ਇਹੋ ਹੀ ਕਰਦੇ ਸਨ। ਆਪ ਇਕ ਰਾਜੇ ਦੇ ਘਰ ਨੌਕਰ ਸਨ। ਇਹ ਰੋਜ਼ ਹੀ ਸਵੇਰੇ ਜਾਂਦੇ ਅਤੇ ਰਾਜੇ ਨੂੰ ਤੇਲ ਦੀ ਮਾਲਸ਼ ਕਰਦੇ, ਉਹਦੀ ਮੁਠੀ-ਚਾਪੀ ਕਰਦੇ ਅਤੇ ਹੋਰ ਹਰ ਤਰ੍ਹਾਂ ਦੀ ਸੇਵਾ ਕਰਦੇ ਸਨ। ਸੇਵਾ ਐਨੀ ਸ਼ਰਧਾ ਅਤੇ ਪ੍ਰੇਮ ਨਾਲ ਕਰਦੇ ਸਨ ਕਿ ਰਾਜਾ-ਜੋ ਬਾਂਧਵ ਨਗਰ ਦਾ ਰਾਜਾ ਵੀਰ ਸਿੰਘ ਸੀ- ਇਨ੍ਹਾਂ ਤੇ ਐਨਾ ਖੁਸ਼ ਸੀ ਕਿ ਪੁੱਛੋ ਹੀ ਕੁਝ ਨਾ। ਇਸ ਤੋਂ ਇਲਾਵਾ ਸੈਨ ਜੀ ਨੂੰ ਤਨਖਾਹ ਵੀ ਚੰਗੀ ਦਿੰਦਾ ਸੀ।
ਸੈਨ ਜੀ ਸ਼ੁਰੂ ਤੋਂ ਹੀ ਸਾਧਾਂ ਸੰਤਾਂ ਦੀ ਸੰਗਤ ਕਰਨ ਵਾਲੇ ਸਨ। ਜਿੱਥੇ ਕਿਤੇ ਵੀ ਉਨ੍ਹਾਂ ਨੂੰ ਕਿਸੇ ਪ੍ਰਭੂ ਦੇ ਪਿਆਰੇ ਦਾ ਪਤਾ ਲਗਦਾ ਉਹ ਉਸਨੂੰ ਘਰ ਲੈ ਆਉਂਦੇ ਅਤੇ ਉਹਦੀ ਖ਼ੂਬ ਸੇਵਾ ਕਰਦੇ। ਇਸ ਲਗਨ ਦਾ ਇਹ ਫਲ ਮਿਲਿਆ ਕਿ ਕੋਈ ਨਾ ਕੋਈ ਸਾਧੂ ਸੰਤ ਉਨ੍ਹਾਂ ਦੇ ਘਰ ਆਇਆ ਹੀ ਰਹਿੰਦਾ ਅਤੇ ਸਤਿਸੰਗ ਲੱਗਾ ਹੀ ਰਹਿੰਦਾ।
ਬੱਚਿਓ! ਇਕ ਦਿਨ ਸੈਨ ਜੀ ਦੇ ਘਰ ਐਸੇ ਸੰਤ ਪ੍ਰਾਹੁਣੇ ਆ ਗਏ ਜਿਨ੍ਹਾਂ ਦੀ ਜ਼ਬਾਨ ਵਿੱਚ ਰੱਜ ਕੇ ਰਸ ਸੀ। ਸੰਤ ਜੀ ਨੇ ਪ੍ਰਭੂ ਭਗਵਾਨ ਦੇ ਚਰਿੱਤਰਾਂ ਅਤੇ ਕੌਤਕਾਂ ਦੀ ਗੱਲ ਚਲਾਈ। ਐਸਾ ਰਸ ਬੁਝਾ ਕਿ ਰਾਤ ਭਰ ਉਸੇ ਅਨੰਦ ਵਿੱਚ ਮਗਨ ਹੋਏ ਸਤਿ ਸੰਗਤ ਵਿੱਚ ਜੁੱਟੇ ਰਹੇ। ਪ੍ਰਭੂ ਦੇ ਸੱਚੇ ਰਸ ਵਿੱਚ ਸੈਨ ਜੀ ਐਨੇ ਮਗਨ ਹੋਏ ਕਿ ਰਾਜੇ ਦੇ ਘਰ ਨਾ ਗਏ। ਉਹਨਾਂ ਸੋਚਿਆ ਕਿ ਸਤਿ ਸੰਗਤ ਨੂੰ ਛੱਡ ਕੇ ਨਹੀਂ ਜਾਵਾਂਗਾ। ਜੋ ਹੋਊ ਵੇਖੀ ਜਾਊ।
ਪਰ ਉਧਰ ਭਗਵਾਨ ਨੇ ਸਰਲ ਹਿਰਦੇ ਵਾਲੇ ਭਗਤ ਦੀ ਥਾਂ ਆਪ ਉਸਦਾ ਕੰਮ ਕਰਨ ਦੀ ਧਾਰ ਲਈ ਜਿਵੇਂ ਭਗਵਾਨ ਨੂੰ ਰਾਜੇ ਤੋਂ ਇਹ ਖਤਰਾ ਸੀ ਕਿ ਉਹ ਭਗਤ ਨੂੰ ਤੰਗ ਕਰੇਗਾ ਜਾਂ ਉਹਦੇ ਹਿਰਦੇ ਨੂੰ ਦੁਖਾਵੇਗਾ। ਭਗਵਾਨ ਨੂੰ ਪਤਾ ਸੀ ਕਿ ਆਖਰ ਰਾਜਾ ਹੈ।ਨੌਕਰ ਨੂੰ ਝਿੜਕ-ਚੰਭ ਕਰਨਾ ਤਾਂ ਰਾਜੇ ਦਾ ਸੁਭਾਵਕ ਕੰਮ ਹੈ। ਜੇਕਰ ਭਗਵਾਨ ਚਾਹੁੰਦਾ ਤਾਂ ਉਹ ਆਪਣੇ ਭਗਤ ਦੀ ਰਾਜੇ ਤੋਂ ਰਾਖੀ ਕਰ ਸਕਦਾ ਸੀ ਪਰ ਇਹ ਉਸਦੀ ਆਪਣੀ ਮਰਜ਼ੀ ਹੈ। ਜਿਸ ਤਰੀਕੇ ਨਾਲ ਵੀ ਚੱਲੇ, ਆਪਣੀ ਮੌਜ਼ ਦਾ ਮਾਲਕ ਹੈ।
ਬੱਚਿਓ! ਸੈਨ ਜੀ ਤਾਂ ਆਪਣੇ ਸਤਿਸੰਗ ਵਿੱਚ ਲੱਗੇ ਰਹੇ। ਆਏ ਹੋਏ ਸੰਤਾਂ ਨੇ ਕਥਾ ਦਾ ਭੋਗ ਉਦੋਂ ਪਾਇਆ ਜਦੋਂ ਬਾਹਰ ਚਿੱਟਾ ਦਿਨ ਚੜ ਚੁੱਕਾ ਸੀ।ਉਧਰ ਸੈਨ ਜੀ ਦਾ ਰੂਪ ਧਾਰ ਕੇ ਭਗਵਾਨ ਰਾਜੇ ਦੀ ਸੇਵਾ ਕਰਕੇ ਉਸਨੂੰ ਐਨਾ ਪ੍ਰਸੰਨ ਕਰ ਆਏ ਸਨ ਕਿ ਕਮਾਲ ਹੀ ਹੋ ਗਈ। ਭਲਾ ਜਿਸਦੀ ਭਗਵਾਨ ਆਪ ਮੁੱਠੀ-ਚਾਪੀ ਕਰੇ ਜਾਂ ਤੇਲ ਦੀ ਮਾਲਸ਼ ਕਰੇ, ਉਸਨੂੰ ਉਹੋ ਜਿਹਾ ਅਨੰਦ ਹੋਰ ਕੌਣ ਦੇ ਸਕਦਾ ਹੈ ? ਰਾਜਾ ਹੈਰਾਨ ਹੋ ਰਿਹਾ ਸੀ ਕਿ ਸੈਨ ਨੇ ਅੱਜ ਮੇਰੀ ਸੇਵਾ ਬੜੇ ਪ੍ਰੇਮ ਨਾਲ ਕੀਤੀ ਹੈ ਪਰ ਉਹ ਇਕ ਦਮ ਗਾਇਬ ਕਿੱਥੇ ਹੋ ਗਿਆ ਹੈ?
ਐਨੇ ਚਿਰ ਨੂੰ ਸੈਨ ਜੀ ਸਤਿਸੰਗ ਤੋਂ ਵਿਹਲੇ ਹੋ ਕੇ ਰਾਜੇ ਦੇ ਘਰ ਚਲੇ ਗਏ ਕਿ ਚਲੋ ਹਾਜ਼ਰੀ ਭਰ ਆਉਂਦੇ ਹਾਂ ਅਤੇ ਦੇਰੀ ਦੀ ਖਿਮਾ ਮੰਗ ਲਵਾਂਗੇ। ਅਸਲੀ ਸੈਨ ਜੀ ਰਾਜੇ ਦੇ ਘਰ ਉਦੋਂ ਪੂਜੇ ਜਦੋਂ ਭਗਵਾਨ ਰੂਪੀ ਸੈਨ, ਰਾਜੇ ਨੂੰ ਸੰਨ ਕਰਕੇ ਜਾ ਚੁੱਕੇ ਸਨ। ਰਾਜੇ ਨੇ ਆਉਂਦੇ ਸੈਨ ਨੂੰ ਪੁੱਛਿਆ ਕਿ ਸੇਵਾ ਕਰਕੇ ਕਿੱਧਰ ਚਲਾ ਗਿਆ ਸੀ ?
ਬੱਚਿਓ! ਸੈਨ ਜੀ ਰਾਜੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ। ਉਹਨਾਂ ਕਿਹਾ, “ਮੈਂ ਤਾਂ ਆਇਆ ਹੀ ਹੁਣ ਹਾਂ। ਮੈਂ ਸੇਵਾ ਕਿਹੜੇ ਵੇਲੇ ਕਰ ਲਈ ? ਰਾਜਾ ਜੀ, ਤੁਹਾਨੂੰ ਭੁਲੇਖਾ ਲਗਦਾ ਹੈ।”
ਰਾਜਾ ਵੀ ਹੈਰਾਨ ਹੋਇਆ ਕਿ ‘ਮੇਰੀ ਸੇਵਾ ਕੌਣ ਕਰ ਗਿਆ ? ਮੈਂ ਤਾਂ ਚੰਗੀ ਤਰ੍ਹਾਂ ਵੇਖਿਆ ਸੀ ਕਿ ਤੂੰ ਹੀ ਸੀ। ਜੇ ਤੂੰ ਨਹੀਂ ਸੀ ਤਾਂ ਤੂੰ ਕਿਥੇ ਸੀ?” ਸੈਨ ਜੀ ਨੇ ਦੱਸਿਆ ਕਿ ਮੈਂ ਤਾਂ ਘਰ ਹੀ ਸੀ। ਰਾਜੇ ਨੇ ਪੁੱਛਿਆ ਕਿ ਕੀ ਕਰਦਾ ਸੀ ? ਅੱਗੋਂ ਸੈਨ ਜੀ ਨੇ ਵਿਸਥਾਰ ਨਾਲ ਦੱਸਿਆ ਕਿ ਰਾਤ ਘਰ ਵਿੱਚ ਇਕ ਸੰਤ ਜੀ ਪ੍ਰਾਹੁਣੇ ਆ ਗਏ ਸਨ। ਕੀ ਕਹਿਣੇ ਉਨ੍ਹਾਂ ਦੀ ਕਥਨੀ ਦੇ। ਉਨ੍ਹਾਂ ਦੀ ਜ਼ਬਾਨ ਦੀ ਮਿਠਾਸ ਤੇ ਰੂਸ ਨੇ ਬੱਸ ਮੈਨੂੰ ਕਿਤੇ ਹਿੱਲਣ ਹੀ ਨਹੀਂ ਦਿੱਤਾ। ਉਹਨਾਂ ਦੇ ਸਤਿਸੰਗ ਵਿੱਚ ਬੈਠਿਆਂ ਹੀ ਸਾਰੀ ਰਾਤ ਬੀਤ ਗਈ ਅਤੇ ਤੁਹਾਡੀ ਸੇਵਾ ਦਾ ਮੌਕਾ ਵੀ ਲੰਘ ਗਿਆ। ਸੰਤ ਜੀ, ਪ੍ਰਭੂ ਸ਼ਰ ਦੀਆਂ ਐਸੀਆਂ ਕਥਾਵਾਂ ਸੁਣਾ ਰਹੇ ਸਨ ਕਿ ਉਨ੍ਹਾਂ ਦੇ ਅਨੰਦ ਨੂੰ ਨਹੀਂ ਛੱਡਿਆ ਤੇ ਇਹੋ ਖਿਆਲ ਕੀਤਾ ਸੀ ਕਿ ਤੁਹਾਡੇ ਗੁੱਸੇ ਗਿਲੇ ਨੂੰ ਸਹਾਰ ਲਵਾਂਗਾ।
ਰਾਜਾ ਸੈਨ ਜੀ ਦੀ ਗੱਲ ਸੁਣ ਕੇ ਸਮਝ ਗਿਆ ਅਤੇ ਬੋਲਿਆ, “ਸੈਨ ਜੀ, ਮੈਂ ਸਮਝ ਗਿਆ ਕਿ ਉਹ ਤੇਰਾ ਰੂਪ ਧਾਰ ਕੇ ਆਉਣ ਵਾਲਾ ਪ੍ਰਭੂ ਭਗਵਾਨ ਆਪ ਸੀ। ਤੂੰ ਉਥੇ ਅਨੰਦ ਲੈਂਦਾ ਰਿਹਾ ਅਤੇ ਏਥੇ ਜੋ ਅਨੰਦ ਮੈਨੂੰ ਆਇਆ ਹੈ, ਉਸਦਾ ਮੈਂ ਕੀ ਦੱਸਾਂ? ਬੱਸ ਪੁੱਛ ਹੀ ਕੁਝ ਨਾ।”
ਇਹ ਆਖਕੇ ਰਾਜੇ ਨੇ ਸੈਨ ਜੀ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਬੋਲਿਆ, “ਬੱਸ ਸੈਨ ਜੀ, ਅੱਜ ਤੋਂ ਮੈਂ ਤੇਰੀ ਸੇਵਾ ਕਰਿਆ ਕਰਾਂਗਾ। ਤੂੰ ਭਗਵਾਨ ਦਾ ਰੂਪ ਹੋ ਗਿਆ ਏਂ। ਤੇਰੇ ਲਈ ਭਗਵਾਨ ਤੇਰਾ ਰੂਪ ਧਾਰ ਕੇ ਆਇਆ ਸੀ।”
ਬੱਚਿਓ ! ਰਾਜੇ ਨੇ ਗਲਵੱਕੜੀ ਛੱਡੀ ਅਤੇ ਪ੍ਰੇਮ ਵਿੱਚ ਖੀਵਾ ਹੋ ਗਿਆ ਕਿ ਉਸਨੇ ਸੈਨ ਜੀ ਦੇ ਚਰਨ ਫੜ ਲਏ। ਚਰਨ ਫੜ ਕੇ ਰਾਜਾ ਬਹਿ ਗਿਆ। ਛੱਡੇ ਹੀ ਨਾ ਅਤੇ ਸੈਨ ਜੀ ਦੀ ਉਸਤਤ ਕਰੀ ਜਾਵੇ |
ਸੈਨ ਜੀ ਦਾ ਜੱਸ ਦਿਨ-ਬ-ਦਿਨ ਫੈਲਦਾ ਗਿਆ। ਉਨ੍ਹਾਂ ਦੇ ਸੱਚੇ ਪ੍ਰੇਮ ਨੇ ਉਨ੍ਹਾਂ ਨੂੰ ਭਗਤ ਬਣਾ ਦਿੱਤਾ। ਦਿਨਾਂ ਵਿੱਚ ਹੀ ਆਪ ਦੇ ਘਰ ਅੱਗੇ ਭੀੜਾਂ ਲੱਗ ਗਈਆਂ। ਜੇ ਰਾਜਾ ਭਗਤ ਦਾ ਸਤਿਕਾਰ ਕਰਨ ਵਿੱਚ ਪਿੱਛੇ ਨਾ ਰਹੇ ਤਾਂ ਪਰਜਾ ਕਿਉਂ ਨਾ ਸਤਿਕਾਰ ਕਰੇ?
ਇਸ ਤੋਂ ਬਾਅਦ ਭਗਤ ਸੈਨ ਜੀ ਨੇ ਘਰ-ਬਾਹਰ ਛੱਡ ਦਿੱਤਾ ਅਤੇ ਤੀਰਥਾਂ ਤੇ ਚਲੇ ਗਏ। ਕਾਂਸ਼ੀ ਵਿੱਚ ਜਾ ਕੇ ਆਪ ਰਾਮਾ ਨੰਦ ਜੀ ਦੇ ਸ਼ਿਸ਼ ਬਣ ਗਏ ਅਤੇ ਪੂਰਨ ਪ੍ਰਭੂ-ਭਗਵਾਨ ਦੇ ਰੰਗ ਵਿੱਚ ਰੰਗੇ ਗਏ। ਸੋ ਬੱਚਿਓ ! ਐਸੇ ਸਨ ਭਗਤ ਸੈਨ ਜੀ, ਜਿਹਨਾਂ ਦਾ ਜਸ ਅੱਜ ਵੀ ਸਾਰੀ ਦੁਨੀਆਂ ਗਾਉਂਦੀ ਹੈ।