ਭਗਤ ਪੀਪਾ ਜੀ
Bhagat Pipa Ji
ਬੱਚਿਓ! ਅਸਲ ਵਿੱਚ ਪੀਪਾ ਜੀ ਇਕ ਦੇਸ਼ ਗਗਨੌਰ ਦੇ ਰਾਜਾ ਸਨ। ਇਹਨਾਂ ਦਾ ਜਨਮ 1483 ਬਿਕਰਮੀ ਨੂੰ ਹੋਇਆ। ਚੜ੍ਹਦੀ ਜਵਾਨੀ ਵਿੱਚ ਹੀ ਆਪ ਨੂੰ ਆਪਣੇ ਬਾਪ ਦੀ ਥਾਂ ਰਾਜ ਮਿਲ ਗਿਆ। ਇਹਨਾਂ ਨੇ 12 ਸੁੰਦਰ ਔਰਤਾਂ ਨਾਲ ਸ਼ਾਦੀ ਕੀਤੀ। ਹਰ ਇਕ ਰਾਣੀ ਇਕ ਦੂਜੀ ਨਾਲੋਂ ਵੱਧ ਸੁੰਦਰ ਸੀ ਪਰ ਸਭ ਤੋਂ ਛੋਟੀ ਪਦਮਣੀ ਰਾਣੀ ਸੀਤਾ ਸੀ। ਸੀਤਾ ਨਾਲ ਪੀਪਾ ਜੀ ਬਹੁਤ ਪਿਆਰ ਕਰਦੇ ਸਨ। ਪੀਪਾ ਜੀ ਦੁਰਗਾ ਦੇਵੀ ਦੇ ਉਪਾਸ਼ਕ ਸਨ। ਇਕ ਦਿਨ ਪੀਪਾ ਜੀ ਨੂੰ ਪਤਾ ਲੱਗਾ ਕਿ ਉਹਦੇ ਸ਼ਹਿਰ ਵਿੱਚ ਸਾਧੂਆਂ ਦੀ ਇਕ ਟੋਲੀ ਆਈ ਹੈ। ਇਹ ਸਾਧੂ ਕੀਰਤਨ ਬਹੁਤ ਰਸੀਲਾ ਕਰਦੇ ਸਨ। ਸਾਧੂਆਂ ਦੀ ਉਪਮਾ ਸੁਣ ਕੇ ਰਾਜੇ ਨੇ ਆਪਣੀਆਂ ਰਾਣੀਆਂ ਨਾਲ ਸਲਾਹ ਕੀਤੀ ਕਿ ਸਾਧੂਆਂ ਨੂੰ ਭੋਜਨ ਛਕਾਉਣਾ ਹੈ। ਸਲਾਹ ਪੱਕੀ ਹੋਣ ਤੇ ਪੀਪਾ ਜੀ ਨੇ ਸਾਧੂਆਂ ਕੋਲ ਜਾ ਕੇ ਬੇਨਤੀ ਕੀਤੀ ਕਿ ਮੇਰੇ ਘਰ ਆ ਕੇ ਘਰ ਨੂੰ ਪਵਿੱਤਰ ਕਰੋ ਅਤੇ ਭਜਨ ਛਕ।
ਰਾਜੇ ਪੀਪੇ ਦੀ ਇਹ ਬੇਨਤੀ ਸਵੀਕਾਰ ਕਰਕੇ ਉਹਨਾਂ ਰਾਜੇ ਦੇ ਘਰ ਆਉਣਾ ਮੰਨ ਲਿਆ। ਸਾਰੀ ਸਾਧੂ ਮੰਡਲੀ ਪੀਪਾ ਜੀ ਦੇ ਮਹੱਲਾਂ ਵਿੱਚ ਆ ਗਈ। ਖ਼ੂਬ ਸੇਵਾ ਕੀਤੀ ਗਈ ਉਹਨਾਂ ਦੀ। ਪੀਪਾ ਜੀ ਦੀ ਅਤੇ ਰਾਣੀਆਂ ਦੀ ਸ਼ਰਧਾ ਅਤੇ ਭਗਤੀ ਦੇਖਕੇ ਸਾਧੂ ਬਹੁਤ ਖੁਸ਼ ਹੋਏ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਰਾਜਾ ਪੱਥਰ ਦੀ ਦੇਵੀ ਦੁਰਗਾ ਦਾ ਪੁਜਾਰੀ ਹੈ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ। ਉਹ ਸੰਤ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ। ਉਹਨਾਂ ਅਰਦਾਸ ਕੀਤੀ ਕਿ ਰਾਜੇ ਪੀਪੇ ਨੂੰ ਭਗਵਾਨ ਇਹ ਸੁਮੱਤ ਬਖਸ਼ੇ ਕਿ ਉਹ ਪੱਥਰ ਪੂਜਕ ਨਾ ਰਹੇ ਸਗੋਂ ਪ੍ਰਭੂ ਦੀ ਭਗਤੀ ਕਰੇ।
ਨੇ ਉਹਨਾਂ ਦੀ ਅਰਦਾਸ ਸੁਣ ਲਈ ਅਤੇ ਰਾਜੇ ਨੂੰ ਸੱਚੀ ਬੱਚਿਓ ! ਪ੍ਰਭੂ ਭਗਤੀ ਤੇ ਪਾਉਣ ਲਈ ਇਕ ਵਿਉਂਤ ਸੋਚੀ। ਇਕ ਦਿਨ ਰਾਜੇ ਪੀਪੇ ਨੂੰ ਸੁਪਨਾ ਆਇਆ। ਸੁਪਨੇ ਵਿੱਚ ਉਸਨੇ ਵੇਖਿਆ ਕਿ ਉਹ ਪਲੰਘ ਤੇ ਸੁੱਤਾ ਪਿਆ ਸੀ ਕਿ ਸ਼ੀਸ਼ ਮਹਿਲ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ। ਇਕ ਬਹੁਤ ਹੀ ਡਰਾਉਣੀ ਸੂਰਤ ਉਹਦੇ ਵੱਲ ਵਧੀ। ਇਹ ਰਾਜੇ ਨੂੰ ਦੈਂਤ ਜਾਪਿਆ। ਦੈਂਤ ਰਾਜੇ ਦੇ ਪਲੰਘ ਕੋਲ ਗਿਆ। ਉਸਦੇ ਦੰਦ ਅਤੇ ਹੱਥਾਂ ਦੇ ਨਹੁੰ ਡਰਾਉਣੇ ਅਤੇ ਬਹੁਤ ਵੱਡੇ ਸਨ। ਪੀਪਾ ਜਾਨ ਬਚਾਉਣ ਵਾਸਤੇ ਪਲੰਘ ਤੋਂ ਉੱਠਕੇ ਨੱਸਣ ਲੱਗਾ ਪਰ ਉਹ ਨੱਸ ਨਾ ਸਕਿਆ। ਦੈਂਤ ਬਿਲਕੁਲ ਨੇੜੇ ਹੋ ਕੇ ਆਖਣ ਲੱਗਾ ਕਿ ਕੱਲ੍ਹ ਤੋਂ ਦੁਰਗਾ ਦੀ ਪੂਜਾ ਨਾ ਕਰੀਂ। ਜੇ ਉਸਦੀ ਪੂਜਾ ਕੀਤੀ ਤਾਂ ਤੈਨੂੰ ਮਾਰ ਦੇਵਾਂਗਾ। ਇਹ ਕਹਿ ਕੇ ਦੈਂਤ ਅਲੋਪ ਹੋ ਗਿਆ।
ਬੱਚਿਓ ! ਪੀਪਾ ਜੀ ਡਰ ਗਏ। ਉਹਨਾਂ ਦੀ ਨੀਂਦ ਖੁੱਲ੍ਹ ਗਈ। ਉਹਨਾਂ ਸੀਤਾ ਨੂੰ ਸਾਰੀ ਗੱਲ ਦੱਸੀ। ਸੀਤਾ ਨੇ ਧੀਰਜ ਦਿੱਤਾ। ਪੀਪਾ ਜੀ ਨੇ ਕਿਹਾ ਕਿ ਮੈਂ ਹੁਣੇ ਦੁਰਗਾ ਦੇ ਮੰਦਰ ਜਾਣਾ ਹੈ। ਦੁਰਗਾ ਦਾ ਮੰਦਰ ਮਹਿਲ ਵਿੱਚ ਹੀ ਸੀ। ਦੋਵੇਂ ਉਥੇ ਗਏ। ਜਦੋਂ ਦੁਰਗਾ ਦੀ ਮੂਰਤੀ ਅੱਗੇ ਮੱਥਾ ਟੇਕਿਆ ਤਾਂ ਮੂਰਤੀ ਦੇ ਪਿੱਛੋਂ ਇਕ ਆਵਾਜ਼ ਆਈ ਕਿ ਮੇਰੀ ਪੂਜਾ ਨਾ ਕਰੋ। ਸਗੋਂ ਕਿਸੇ ਸੰਤ ਦੇ ਲੜ ਲੱਗੋ। ਉਸਦੀ ਕਿਰਪਾ ਨਾਲ ਭਗਤੀ ਦੇ ਸਹੀ ਰਸਤੇ ਪਵੋਗੇ। ਜਿਹੜੇ ਸੰਤ ਤੇਰੇ ਘਰੋਂ ਭੋਜਨ ਛਕ ਕੇ ਗਏ ਹਨ, ਉਹਨਾਂ ਕੋਲੋਂ ਪੁੱਛੋ।
ਇਸ ਆਵਾਜ਼ ਨੂੰ ਪੀਪਾ ਜੀ ਅਤੇ ਸੀਤਾ ਨੇ ਬੜੇ ਧਿਆਨ ਨਾਲ ਸੁਣਿਆ। ਉਹ ਅੰਤਮ ਵਾਰ ਪ੍ਰਣਾਮ ਕਰਕੇ ਮਹਿਲਾਂ ਨੂੰ ਚਲੇ ਗਏ। ਉਹਨਾਂ ਸੰਤਾਂ ਨੂੰ ਘਰ ਬੁਲਾਇਆ। ਘਰ ਪਹੁੰਚਣ ਤੋਂ ਪਹਿਲਾਂ ਹੀ ਸੰਤ ਸਮਝ ਗਏ ਕਿ ਪੀਪਾ ਜੀ ਤੇ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਹੈ ਅਤੇ ਉਹ ਸਿੱਧੇ ਰਸਤੇ ਪੈ ਗਿਆ ਹੈ।ਜਦੋਂ ਉਹ ਰਾਜੇ ਪੀਪੇ ਕੋਲ ਪਹੁੰਚੇ ਤਾਂ ਉਹਦਾ ਚਿਹਰਾ ਦੇਖਕੇ ਖੁਸ਼ ਹੋ ਗਏ। ਉਹ ਦੁਰਗਾ ਦੀ ਪੂਜਾ ਵਾਸਤੇ ਨਹੀਂ ਸੀ ਗਿਆ। ਪੀਪਾ ਜੀ ਵੈਰਾਗੀ ਹੋ ਗਏ। ਉਹਨਾਂ ਦੀਆਂ ਅੱਖਾਂ ਵਿੱਚ ਨਿਰਾਲੀ ਚਮਕ ਸੀ। ਸੰਤਾਂ ਦੀ ਸੰਗਤ ਨਾਲ ਉਹਨਾਂ ਦੀ ਉਦਾਸੀ ਦੂਰ ਹੋ ਗਈ। ਪੀਪਾ ਜੀ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਕੋਲ ਲੈ ਚੱਲੋ। ਸੰਤਾਂ ਨੇ ਕਿਹਾ ਕਿ ਆਪ ਹੀ ਕਾਂਸ਼ੀ ਨੂੰ ਚਲੇ ਜਾਓ ਅਤੇ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਵਿੱਚ ਚਲੇ ਜਾਣਾ।
ਬੱਚਿਓ ! ਪੀਪਾ ਜੀ ਰੱਥ ਵਿੱਚ ਬੈਠ ਕੇ ਕਾਂਸ਼ੀ ਚਲੇ ਗਏ। ਪ੍ਰਭੂ ਨੇ ਉਹਨਾਂ ਦਾ ਇਮਤਿਹਾਨ ਲੈਣਾ ਸੀ। ਪੀਪਾ ਨੂੰ ਪਰਖਣਾ ਸੀ ਕਿ ਉਹ ਸੱਚਮੁੱਚ ਹੀ ਭਗਤੀ ਮਾਰਗ ਵਿੱਚ ਪੈਰ ਪਾਉਣ ਜੋਗਾ ਹੋਇਆ ਹੈ ਜਾਂ ਨਹੀਂ। ਰਾਮਾਨੰਦ ਜੀ ਨੇ ਪੀਪਾ ਜੀ ਦੀ ਕਰੜੀ ਪ੍ਰੀਖਿਆ ਲਈ ਪਰ ਪੀਪਾ ਜੀ ਨੇ ਆਪਣਾ ਸਭ ਕੁਝ ਲੁਟਾ ਕੇ ਵੀ ਪ੍ਰੀਖਿਆ ਪਾਸ ਕਰ ਲਈ। ਰਾਜਾ ਪੀਪਾ ਕੰਗਾਲ ਹੋ ਗਿਆ। ਪੀਪਾ ਤੇ ਸੀਤਾ ਜੀ ਰਹਿ ਗਏ। ਪੀਪਾ ਜੀ ਨੇ ਸਵਾਮੀ ਜੀ ਦੇ ਆਸ਼ਰਮ ਅੱਗੇ ਆ ਕੇ ਬੇਨਤੀ ਕੀਤੀ ਕਿ ਸਵਾਮੀ ਜੀ ਨੂੰ ਆਖੋ ਕਿ ਪੀਪਾ ਦਰਸ਼ਨ ਕਰਨਾ ਚਾਹੁੰਦਾ ਹੈ। ਸਵਾਮੀ ਜੀ ਹੱਸਦੇ ਹੋਏ ਕਹਿਣ ਲੱਗੇ ਕਿ ਜੇ ਪੀਪਾ ਛੇਤੀ ਮੁਕਤੀ ਤੇ ਭਗਤੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਆਖੋ ਕਿ ਖੂਹ ਵਿੱਚ ਛਾਲ ਮਾਰ ਦੇਵੇ।
ਪੀਪਾ ਜੀ ਖੂਹ ਵਿੱਚ ਛਾਲ ਮਾਰਨ ਲਈ ਭੱਜ ਗਏ। ਪਰ ਸਵਾਮੀ ਜੀ ਨੇ ਜਦੋਂ ਅੰਤਰ ਧਿਆਨ ਹੋ ਕੇ ਦੇਖਿਆ ਕਿ ਪੀਪਾ ਸੱਚੀਂ ਖੂਹ ਵਿੱਚ ਛਾਲ ਮਾਰਨ ਜਾ ਰਿਹਾ ਹੈ ਤਾਂ ਉਹਨਾਂ ਆਪਣੀ ਯੋਗ ਸ਼ਕਤੀ ਰਾਹੀਂ ਪੀਪੇ ਦੀਆਂ ਲੱਤਾਂ ਦੀ ਸ਼ਕਤੀ ਖਿੱਚ ਲਈ। ਉਸ ਕੋਲੋਂ ਨੱਸਿਆ ਨਾ ਗਿਆ। ਸਵਾਮੀ ਦੇ ਚੇਲਿਆਂ ਉਸਨੂੰ ਖੂਹ ਕੋਲੋਂ ਫੜ ਲਿਆ।ਰਾਮਾਨੰਦ ਜੀ ਬਹੁਤ ਖੁਸ਼ ਹੋਏ। ਪੀਪਾ ਨੇ ਪ੍ਰੀਖਿਆ ਪੂਰੀ ਕਰ ਲਈ। ਪੀਪਾ ਸਵਾਮੀ ਜੀ ਦੇ ਚਰਨਾਂ ਵਿੱਚ ਜਾ ਡਿੱਗਾ। ਸਵਾਮੀ ਜੀ ਨੇ ਪ੍ਰਭੂ ਦੀ ਲਗਨ ਲਗਾ ਦਿੱਤੀ। ਆਪਣਾ ਚੇਲਾ ਬਣਾ ਲਿਆ। ਭਗਤੀ ਦੀ ਦਾਤ ਲੈ ਕੇ ਪੀਪਾ ਜੀ ਆਪਣੇ ਸ਼ਹਿਰ ਗਗਨੌਰ ਆ ਗਏ। ਇੱਥੇ ਆ ਕੇ ਉਹਨਾਂ ਸਾਧੂ ਸੰਤਾਂ ਦੀ ਖੂਬ ਸੇਵਾ ਕੀਤੀ। ਪੀਪਾ ਜੀ ਦੀ ਇੱਛਾ ਸੀ ਕਿ ਇਕ ਵਾਰੀ ਸਵਾਮੀ ਜੀ ਦਰਸ਼ਨ ਦੇਣ।
ਬੱਚਿਓ! ਭਗਤ ਪੀਪਾ ਜੀ ਇੱਛਾ ਪੂਰੀ ਕਰਨ ਵਾਸਤੇ ਰਾਮਾਨੰਦ ਜੀ ਗਗਨੌਰ ਸ਼ਹਿਰ ਤੁਰ ਪਏ। ਪੀਪਾ ਜੀ ਨੇ ਉਹਨਾਂ ਦਾ ਅਤੇ ਸਾਰੇ ਚੇਲਿਆਂ ਦਾ ਬਹੁਤ ਸਤਿਕਾਰ ਕੀਤਾ। ਜਦੋਂ ਸਵਾਮੀ ਜੀ ਜਾਣ ਲੱਗੇ ਤਾਂ ਪੀਪਾ ਜੀ ਨੇ ਆਖਿਆ ਕਿ ਮੈਂ ਰਾਜ ਭਾਗ ਤਿਆਗ ਕੇ ਸਨਿਆਸ ਧਾਰਨ ਕਰਨਾ ਚਾਹੁੰਦਾ ਹਾਂ। ਸਵਾਮੀ ਜੀ ਨੇ ਉਸਨੂੰ ਸਨਿਆਸੀ ਹੋਣੋਂ ਰੋਕਿਆ ਨਹੀਂ। ਪੀਪਾ ਜੀ ਆਪਣੀ ਪਤਨੀ ਸੀਤਾ ਸਮੇਤ ਸਨਿਆਸ ਧਾਰਨ ਕਰਕੇ, ਰਾਜ ਭਾਗ ਦਾ ਤਿਆਗ ਕਰਕੇ ਸਵਾਮੀ ਜੀ ਨਾਲ ਨਿਕਲ ਤੁਰੇ। ਜਿੱਥੇ ਵੀ ਰਾਮਾਨੰਦ ਜੀ ਦੀ ਸਾਧੂ ਮੰਡਲੀ ਜਾਂਦੀ ਆਪ ਉਥੇ ਹੀ ਜਾਂਦੇ ਰਹੇ। ਤੀਰਥਾਂ ਦੀ ਯਾਤਰਾ ਕਰਦੀ ਸਾਧੂ ਮੰਡਲੀ ਦਵਾਰਕਾ ਨਗਰ ਪਹੁੰਚ ਗਈ। ਥੋੜ੍ਹੇ ਦਿਨ ਯਾਤਰਾ ਕਰਕੇ ਰਾਮਾਨੰਦ ਜੀ ਤਾਂ ਕਾਂਸ਼ੀ ਨੂੰ ਵਾਪਸ ਆ ਗਏ ਪਰ ਪੀਪਾ ਜੀ ਦਵਾਰਕਾ ਹੀ ਰਹੇ। ਇੱਥੇ ਭਗਵਾਨ ਕ੍ਰਿਸ਼ਨ ਜੀ ਨੇ ਆਪ ਨੂੰ ਦਰਸ਼ਨ ਦਿੱਤੇ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਪੀਪਾ ਜੀ ਦੀ ਮਹਿਮਾ ਸਾਰੀ ਦਵਾਰਕਾ ਨਗਰੀ ਵਿੱਚ ਫੈਲ ਗਈ।
ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਪੀਪਾ ਜੀ ਅਤੇ ਸੀਤਾ ਪ੍ਰਭੂ ਦੇ ਦਰਸ਼ਨ ਕਰਕੇ ਆਏ ਹਨ ਤਾਂ ਸਾਰਾ ਸ਼ਹਿਰ ਪੀਪਾ ਜੀ ਦੇ ਦਰਸ਼ਨਾਂ ਨੂੰ ਆਉਣ ਲੱਗਾ। ਕਈ ਤਾਂ ਆਪ ਨੂੰ ਪ੍ਰਭੂ ਦਾ ਰੂਪ ਸਮਝ ਕੇ ਪੂਜਣ ਲੱਗੇ। ਪੀਪਾ ਜੀ ਨੂੰ ਇਹ ਗੱਲ ਪਸੰਦ ਨਹੀਂ ਸੀ। ਉਹ ਸੀਤਾ ਸਮੇਤ ਜੰਗਲਾਂ ਨੂੰ ਤੁਰ ਪਏ।ਉਹ ਜੰਗਲਾਂ ਵਿੱਚ ਜਾ ਕੇ ਇਕਾਂਤ ਵਿੱਚ ਭਗਤੀ ਕਰਨਾ ਚਾਹੁੰਦੇ ਸਨ।
ਜੰਗਲ ਦੇ ਰਸਤੇ ਵਿੱਚ ਉਹਨਾਂ ਇਕ ਪਠਾਣ ਮਿਲਿਆ। ਪਠਾਣ ਬੜਾ ਕਪਟੀ ਅਤੇ ਬੇਈਮਾਨ ਸੀ। ਉਹ ਪੀਪਾ ਜੀ ਅਤੇ ਸੀਤਾ ਦੇ ਮਗਰ ਹੋ ਤੁਰਿਆ। ਥੋੜ੍ਹੀ ਦੂਰ ਜਾ ਕੇ ਸੀਤਾ ਜੀ ਨੂੰ ਪਿਆਸ ਲੱਗੀ। ਉਹ ਪਾਣੀ ਪੀਣ ਲਈ ਰੁਕ ਗਏ। ਪੀਪਾ ਜੀ ਪ੍ਰਭੂ ਦਾ ਨਾਮ ਜਪਦੇ ਤੁਰੇ ਗਏ। ਪਠਾਣ ਨੇ ਪਾਣੀ ਪੀਂਦੀ ਸੀਤਾ ਨੂੰ ਦਬੋਚ ਲਿਆ। ਉਹ ਸੀਤਾ ਨੂੰ ਚੁੱਕ ਕੇ ਇਕ ਪਾਸੇ ਲੈ ਗਿਆ। ਪਠਾਣ ਦੇ ਕਾਬੂ ਆਈ ਸੀਤਾ ਨੇ ਪ੍ਰਭੂ ਨੂੰ ਚੇਤੇ ਕੀਤਾ। ਪ੍ਰਭੂ ਜੀ ਝੱਟ ਹੀ ਸ਼ੇਰ ਦਾ ਰੂਪ ਧਾਰਨ ਕਰਕੇ ਆ ਗਏ। ਉਹਨਾਂ ਪਠਾਣ ਨੂੰ ਮਾਰ ਮੁਕਾਇਆ ਅਤੇ ਸੀਤਾ ਦੀ ਰੱਖਿਆ ਕੀਤੀ। ਸ਼ੇਰ ਜਿਧਰੋਂ ਆਇਆ ਸੀ ਉਧਰ ਹੀ ਚਲਾ ਗਿਆ। ਸੀਤਾ ਅਜੇ ਉਥੇ ਹੀ ਖਲੋਤੀ ਸੀ। ਪ੍ਰਭੂ ਫਿਰ ਸਨਿਆਸੀ ਦਾ ਰੂਪ ਧਾਰਨ ਕਰਕੇ ਆਏ ਅਤੇ ਆਖਿਆ ਕਿ ਤੇਰਾ ਪਤੀ ਪੀਪਾ ਤੈਨੂੰ ਖੜਾ ਉਡੀਕ ਰਿਹਾ ਹੈ। ਮੇਰੇ ਨਾਲ ਚਲੋ ਮੈਂ ਤੁਹਾਨੂੰ ਉਹਨਾਂ ਕੋਲ ਛੱਡ ਆਵਾਂ।
ਬੱਚਿਓ ! ਸੀਤਾ ਸਨਿਆਸੀ ਨਾਲ ਤੁਰ ਪਈ। ਪੀਪਾ ਜੀ ਕੋਲ ਪਹੁੰਚ ਕੇ ਸਨਿਆਸੀ ਅਲੋਪ ਹੋ ਗਿਆ। ਸੀਤਾ ਜੀ ਨੂੰ ਫਿਰ ਪਤਾ ਲੱਗਾ ਕਿ ਇਹ ਤਾਂ ਪ੍ਰਭੂ ਜੀ ਆਪ ਸਨ। ਉਹ ਸਿਮਰਨ ਕਰਦੀ ਪੀਪਾ ਜੀ ਨਾਲ ਚਲ ਪਈ।
ਏਸੇ ਤਰ੍ਹਾਂ ਪੀਪਾ ਜੀ ਨੇ ਰਾਜਾ ਸੂਰਜ ਦਾ ਕਲਿਆਣ ਕੀਤਾ। ਆਪਣੇ ਜੀਵਨ ਵਿੱਚ ਕਈ ਕੌਤਕ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ ਅਤੇ ਕਈ ਲੋਕਾਂ ਨੂੰ ਭਗਤੀ ਮਾਰਗ ਵੱਲ ਤੋਰਿਆ।
ਆਪ ਨੇ ਤਕਰੀਬਨ ਇਕ ਸੌ ਛੱਤੀ ਸਾਲ ਦੇ ਕਰੀਬ ਉਮਰ ਭੋਗੀ ਅਤੇ ਐਨੀ ਵੱਡੀ ਉਮਰ ਵਿੱਚ ਸਾਰੇ ਦੇਸ਼ ਦੀ ਯਾਤਰਾ ਕਰਕੇ ਭੁੱਲੇ ਭਟਕੇ ਲੋਕਾਂ ਦਾ ਕਲਿਆਣ ਕਰਦੇ ਰਹੇ। ਇਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੋਣ ਦਾ ਮਾਣ ਪ੍ਰਾਪਤ ਹੋਇਆ।