ਭਗਤ ਨਾਮਦੇਵ ਜੀ
Bhagat Namdev Ji
ਬੱਚਿਓ ! ਅੱਜ ਅਸੀਂ ਪੇਸ਼ ਕਰ ਰਹੇ ਹਾਂ ਭਗਤ ਨਾਮਦੇਵ ਜੀ ਦੀ ਕਹਾਣੀ। ਭਗਤ ਨਾਮਦੇਵ ਜੀ ਦਾ ਜਨਮ ਸੰਨ 1270 ਈ: ਵਿੱਚ ਬੰਬਈ ਨੇੜੇ ਮਹਾਰਾਸ਼ਟਰ ਦੇ ਜ਼ਿਲ੍ਹੇ ਸਿਤਾਰਾ ਦੇ ਪਿੰਡ ਨਰਸੀ-ਬਾਮਨੀ ਵਿੱਚ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਗੋਨਾਬਾਈ ਅਤੇ ਪਿਤਾ ਦਾ ਨਾਂ ਦਾਮਾ ਸੇਠ ਸੀ। ਇਹ ਜਾਤ ਦੇ ਛੀਂਬੇ ਸਨ। ਭਗਤ ਨਾਮਦੇਵ ਜੀ ਬਚਪਨ ਵਿੱਚ ਹੀ ਪੁੰਡਰਪੁਰ ਆ ਗਏ। ਏਥੇ ਬੀਠੁਲ (ਪ੍ਰਭੂ) ਜੀ ਦਾ ਪ੍ਰਸਿੱਧ ਮੰਦਰ ਸੀ। ਇੱਥੇ ਨਾਮਦੇਵ ਦੇ ਮਾਤਾ ਪਿਤਾ ਜੀ ਅਕਸਰ ਆਇਆ ਕਰਦੇ ਸਨ। ਇਹਨਾਂ ਨੂੰ ਦੇਖਕੇ ਹੀ ਨਾਮਦੇਵ ਜੀ ਵੀ ਏਸੇ ਬੀਠੁਲ ਦੀ ਮੂਰਤੀ ਦੇ ਪੁਜਾਰੀ ਬਣ ਗਏ। ਆਪ ਦੀ ਸ਼ਰਧਾ ਐਨੀ ਵਧ ਗਈ ਕਿ ਨਿੱਕੀ ਜਿਹੀ ਉਮਰ ਵਿੱਚ ਹੀ ਆਪ ਬੀਠੁਲ ਦੀ ਮੂਰਤੀ ਨੂੰ ਜਿਉਂਦੇ ਜਾਗਦੇ ਭਗਵਾਨ ਮੰਨਣ ਲਗ ਪਏ।
ਬੱਚਿਓ! ਆਪ ਦਾ ਵਿਆਹ ਛੋਟੀ ਉਮਰ ਵਿੱਚ ਰਾਜਾਈ ਨਾਮ ਦੀ ਲੜਕੀ ਨਾਲ ਹੋ ਗਿਆ। ਪਰ ਵਿਆਹ ਤੋਂ ਪਹਿਲਾਂ ਹੀ ਨਾਮਦੇਵ ਜੀ ਦੇ ਭੋਲੇ ਤੇ ਸੱਚੇ ਵਿਸ਼ਵਾਸ ਨੂੰ ਰੰਗ ਲੱਗ ਚੁੱਕਾ ਸੀ। ਆਪ ਦੇ ਹੱਥ ਵਿੱਚ ਹਰ ਵੇਲੇ ਕੈਂਸੀਆਂ ਫੜੀਆਂ ਹੁੰਦੇ ਅਤੇ ਬਹੁਤਾ ਚਿਰ ਮੰਦਰ ਵਿੱਚ ਹੀ ਰਹਿੰਦੇ। ਇਕ ਵਾਰ ਆਪ ਦੇ ਮਾਤਾ ਪਿਤਾ ਜੀ ਬਾਹਰ ਕਿਸੇ ਕੰਮ ਚਲੇ ਗਏ। ਉਹ ਹਰ ਰੋਜ਼ ਬੀਠੁਲ ਨੂੰ ਦੁੱਧ ਦਾ ਭੋਗ ਲਵਾਉਂਦੇ ਸਨ। ਜਾਂਦੇ ਹੋਏ ਉਹ ਨਾਮਦੇਵ ਜੀ ਨੂੰ ਕਹਿ ਗਏ ਕਿ ਸਵੇਰੇ ਬੀਠੁਲ ਨੂੰ ਭੋਗ ਲਵਾਉਣਾ ਹੈ, ਫਿਰ ਆਪ ਕੁਝ ਖਾਣਾ ਪੀਣਾ ਹੈ।
ਨਾਮਦੇਵ ਜੀ ਨੇ ਹਾਂ ਕਹਿ ਦਿੱਤੀ ਅਤੇ ਚੁੱਪ ਕਰ ਗਏ। ਉਹ ਜਾਣਦੇ ਸਨ ਕਿ ਮਾਤਾ ਪਿਤਾ ਜੀ ਬੀਠੁਲ ਦੇ ਮੂੰਹ ਨਾਲ ਦੁੱਧ ਦੀ ਉਂਗਲ ਹੀ ਛੁਹਾਉਂਦੇ ਹਨ ਅਤੇ ਉਸੇ ਉਂਗਲ ਨੂੰ ਫਿਰ ਦੂਜੇ ਦੁੱਧ ਵਿੱਚ ਪਾ ਕੇ ਸਮਝ ਲੈਂਦੇ ਸਨ ਕਿ ਭਗਵਾਨ ਦਾ ਭੋਗ ਲਗ ਗਿਆ ਹੈ। ਪਰ ਨਾਮਦੇਵ ਜੀ ਦੇ ਖਿਆਲ ਵਿੱਚ ਇਹ ਗੱਲ ਸੀ ਕਿ ਭਗਵਾਨ ਪ੍ਰਤੱਖ ਆਪ ਹੈ ਅਤੇ ਦੁੱਧ ਪੀਂਦਾ ਹੈ। ਭਗਤ ਨਾਮਦੇਵ ਜੀ ਸਵੇਰੇ ਉੱਠੇ। ਇਸ਼ਨਾਨ ਕਰਕੇ ਪ੍ਰਭੂ ਭਗਵਾਨ ਜੀ ਲਈ ਦੁੱਧ ਲੈ ਕੇ ਬੜੀ ਸ਼ਰਧਾ ਨਾਲ ਮੰਦਰ ਚਲੇ ਗਏ। ਮਨ ਵਿੱਚ ਬੜਾ ਚਾਅ ਸੀ ਕਿ ਅੱਜ ਮਸਾਂ ਮੌਕਾ ਮਿਲਿਆ ਹੈ ਆਪਣੇ ਹੱਥੀਂ ਭੋਗ ਲੁਵਾਉਣ ਦਾ। ਪਹਿਲੇ ਦਿਨ ਨਾਮਦੇਵ ਜੀ ਕੁਝ ਚਿਰ ਦੁੱਧ ਦੀ ਕਟੋਰੀ ਮੂਰਤੀ ਦੇ ਅੱਗੇ ਰੱਖਕੇ ਬੈਠੇ ਰਹੇ ਪਰ ਮੂਰਤੀ ਨੇ ਦੁੱਧ ਨਾ ਪੀਤਾ। ਨਾਮਦੇਵ ਜੀ ਨੇ ਆਖਿਆ, “ਅੱਜ ਤੁਸੀਂ ਦੁੱਧ ਕਿਉਂ ਨਹੀਂ ਪੀਂਦੇ ? ਮੈਂ ਤਾਂ ਬੜਾ ਸਾਫ ਦੁੱਧ ਲਿਆਇਆ ਹਾਂ। ਮੈਂ ਕੋਈ ਅਨਜਾਣ ਤਾਂ ਨਹੀਂ। ਜਿਵੇਂ ਮੇਰੇ ਮਾਤਾ ਪਿਤਾ ਜੀ ਕਰਦੇ ਹਨ, ਉਸੇ ਤਰ੍ਹਾਂ ਮੈਂ ਕੀਤਾ ਹੈ। ਫਿਰ ਦੁੱਧ ਕਿਉਂ ਨਹੀਂ ਪੀਂਦੇ ?
ਬੱਚਿਓ ! ਬੀਠੁਲ ਦੇ ਦੁੱਧ ਨਹੀਂ ਸੀ ਪੀਣਾ, ਨਾ ਹੀ ਪੀਤਾ। ਪਰ ਨਾਮਦੇਵ ਜੀ ਸੱਚੀਂ-ਮੁੱਚੀਂ ਦੁੱਧ ਪਿਲਾਉਣ ਤੇ ਤੁੱਲ ਗਏ। ਆਪ ਦਾ ਹਿਰਦਾ ਸੱਚਾ ਸੀ ਅਤੇ ਸੱਚੇ ਹਿਰਦੇ ਦੀਆਂ ਸਭ ਗੱਲਾਂ ਪ੍ਰਵਾਨ ਹੋ ਜਾਂਦੀਆਂ ਹਨ।
ਨਾਮਦੇਵ ਜੀ ਮੂਰਤੀ ਨੂੰ ਦੁੱਧ ਪੀਣ ਲਈ ਮਜਬੂਰ ਕਰਦੇ ਰਹੇ ਅਤੇ ਆਖਦੇ ਰਹੇ ਕਿ ਜੇ ਦੁੱਧ ਨਾ ਪੀਤਾ ਤਾਂ ਮੈਂ ਦੁੱਧ ਪੀਣਾ ਛੱਡ ਦਿਆਂਗਾ। ਇੱਥੋਂ ਹਿੱਲਾਂਗਾ ਨਹੀਂ ਅਤੇ ਆਪਣੇ ਮਾਤਾ ਪਿਤਾ ਕੋਲ ਤੁਹਾਡੀ ਸ਼ਿਕਾਇਤ ਲਾਵਾਂਗਾ। ਮੈਂ ਤੁਹਾਨੂੰ ਉਹਨਾਂ ਤੋਂ ਮਾਰ ਪੁਵਾਂਗਾ।
ਨਾਮਦੇਵ ਜੀ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ ਅਤੇ ਸੁਰਤੀ ਸੱਚੀਂ-ਮੁੱਚੀਂ ਭਗਵਾਨ ਕੋਲ ਪਹੁੰਚ ਗਈ। ਭਾਵੇਂ ਬੈਠੇ ਮੰਦਰ ਵਿੱਚ ਮੂਰਤੀ ਦੇ ਸਾਹਮਣੇ ਸਨ ਪਰ ਮਨ ਭਗਵਾਨ ਦੇ ਚਰਨਾਂ ਵਿੱਚ ਪਹੁੰਚ ਗਿਆ।ਭਗਵਾਨ ਨੂੰ ਬਾਲਕ ਨਾਮਦੇਵ ਦੀਆਂ ਗੱਲਾਂ ਬੜੀਆਂ ਪਿਆਰੀਆਂ ਲੱਗੀਆਂ। ਕਦੇ ਨਾ ਹਿੱਲਣ ਵਾਲੀ ਮੂਰਤੀ ਹਿੱਲੀ ਅਤੇ ਹੱਸ ਪਈ।
ਨਾਮਦੇਵ ਜੀ ਦੀਆਂ ਅੱਖਾਂ ਖੁੱਲ੍ਹ ਗਈਆਂ। ਭਗਵਾਨ ਨੂੰ ਹੱਸਦਾ ਵੇਖਕੇ ਝੱਟ ਹੀ ਦੁੱਧ ਵਾਲੀ ਕਟੋਰੀ ਅੱਗੇ ਕੀਤੀ। ਭਗਵਾਨ ਦੁੱਧ ਪੀ ਕੇ ਫਿਰ ਪੱਥਰ ਹੋ ਗਏ। ਮੂਰਤੀ ਫਿਰ ਉਸੇ ਤਰ੍ਹਾਂ ਹੋ ਗਈ। ਨਾਮਦੇਵ ਜੀ ਘਰ ਨੂੰ ਆ ਗਏ। ਸਾਰੇ ਇਹ ਗੱਲ ਫੈਲ ਗਈ ਕਿ ਬੀਠੁਲ ਦੀ ਮੂਰਤੀ ਨਾਮਦੇਵ ਨਾਲ ਗੱਲਾਂ ਕਰਦੀ ਹੈ। ਅਜਿਹਾ ਕਈ ਵਾਰ ਹੋਇਆ। ਜਦੋਂ ਵੀ ਨਾਮਦੇਵ ਜੀ ਪ੍ਰੇਮ ਵਿੱਚ ਮਸਤ ਹੋ ਕੇ ਕੈਂਸੀਆਂ ਵਜਾਉਂਦੇ ਤਾਂ ਭਗਵਾਨ ਉਸੇ ਵੇਲੇ ਹੀ ਆ ਜਾਂਦੇ। ਨਾਮਦੇਵ ਨਾਲ ਗੱਲਾਂ ਕਰਦੇ। ਨਾਮਦੇਵ ਜੀ ਸਾਰੇ ਪਾਸੇ ਬਾਲ ਭਗਤ ਕਰਕੇ ਪ੍ਰਸਿੱਧ ਹੋ ਗਏ।
ਇਕ ਵਾਰ ਨਾਮਦੇਵ ਜੀ ਦੀ ਛੰਨ ਨੂੰ ਅੱਗ ਲੱਗ ਗਈ। ਕਿਸੇ ਨੇ ਜਾ ਕੇ ਨਾਮਦੇਵ ਜੀ ਨੂੰ ਦੱਸਿਆ। ਨਾਮਦੇਵ ਜੀ ਨੇ ਆਖਿਆ ਕਿ ਉਹ ਪ੍ਰਭੂ ਆਪ ਹੀ ਅੱਗ ਰੂਪ ਹੈ। ਉਹ ਆਪ ਹੀ ਮੇਰਾ ਘਰ ਸਾੜਨਾ ਚਾਹੇ ਤਾਂ ਉਸਨੂੰ ਬਚਾਅ ਕੌਣ ਸਕਦਾ ਹੈ ? ਇਹ ਕਹਿ ਕੇ ਉਹ ਛੰਨ ਕੋਲ ਆ ਗਏ ਅਤੇ ਜਿਹੜੀਆਂ ਚੀਜ਼ਾਂ ਬਾਹਰ ਰਹਿ ਗਈਆਂ ਸਨ ਉਹ ਵੀ ਚੁੱਕ ਕੇ ਅੱਗ ਵਿੱਚ ਸੁੱਟ ਦਿੱਤੀਆਂ। ਪਰ ਦੂਜੇ ਦਿਨ ਲੋਕਾਂ ਨੇ ਵੇਖਿਆ ਕਿ ਉਸ ਥਾਂ ਬੜੀ ਸੋਹਣੀ ਛੰਨ ਬਣੀ ਹੋਈ ਸੀ। ਲੋਕਾਂ ਦੇ ਪੁੱਛਣ ਤੇ ਨਾਮਦੇਵ ਜੀ ਨੇ ਉੱਤਰ ਦਿੱਤਾ ਕਿ ਇਹ ਵੀ ਪ੍ਰਭੂ ਨੇ ਹੀ ਬਣਾਈ ਹੈ। ਇਕ ਗਵਾਂਢਣ ਅਮੀਰ ਔਰਤ ਨੇ ਨਾਮਦੇਵ ਜੀ ਨੂੰ ਆਖਿਆ ਕਿ ਜਿਸ ਮਿਸਤਰੀ ਕੋਲੋਂ ਤੂੰ ਛੰਨ ਬਣਾਈ ਹੈ ਉਸ ਕੋਲੋਂ ਮੈਨੂੰ ਵੀ ਬਣਵਾ ਦੇ। ਮੈਂ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇਵਾਂਗੀ।
ਬੱਚਿਓ! ਨਾਮਦੇਵ ਜੀ ਉਸ ਗੁਵਾਂਢਣ ਦੀ ਗੱਲ ਤੇ ਹੱਸ ਪਏ ਅਤੇ ਕਿਹਾ, “ਮੇਰਾ ਕਾਰੀਗਰ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ। ਉਹ ਧਨ ਦਾ ਭੁੱਖਾ ਨਹੀਂ ਅਤੇ ਧਨ ਵਾਲਿਆਂ ਦਾ ਕੰਮ ਉਹ ਨਹੀਂ ਕਰਦਾ।”
ਪਹਿਲਾਂ ਨਾਮਦੇਵ ਜੀ ਸਭ ਕੁਝ ਬੀਠੁਲ ਨੂੰ ਹੀ ਸਮਝਦੇ ਸਨ ਪਰ ਸੰਤ ਗਿਆਨੇਸ਼ਵਰ ਦੀ ਸੰਗਤ ਤੋਂ ਗੁਰੂ ਗਿਆਨ ਦੀ ਪ੍ਰਾਪਤੀ ਦਾ ਮੌਕਾ ਬਣ ਗਿਆ। ਆਪ ਬ੍ਰਹਮ ਗਿਆਨੀ ਹੋ ਗਏ। ਗੁਰੂ ਧਾਰਨ ਕਰਨ ਮਗਰੋਂ ਆਪ ਦੀ ਹਾਲਤ ਹੀ ਬਦਲ ਗਈ। ਆਪ ਦੀ ਭਗਤੀ ਬੀਠੁਲ ਦੀ ਮੂਰਤੀ ਤੋਂ ਸ਼ੁਰੂ ਹੋ ਕੇ ਮੁਕੰਮਲ ਪਦਵੀ ਤੱਕ ਪੁੱਜ ਗਈ। ਸੰਤ ਗਿਆਨੇਸ਼ਵਰ ਨਾਲ ਮਿਲ ਕੇ ਆਪ ਨੇ ਤੀਰਥ ਯਾਤਰਾ ਕੀਤੀ ਅਤੇ ਕਈ ਤੀਰਥਾਂ ਤੇ ਫਿਰਦੇ ਰਹੇ। ਜਿਸ ਚੀਜ਼ ਦੀ ਲੋੜ ਸੀ ਕਿਤੇ ਨਾ ਮਿਲੀ। ਬੜੀਆਂ ਭੀੜਾਂ ਦੇਖੀਆਂ। ਪਰ ਬੁੱਤਾਂ ਤੋਂ ਬਿਨਾਂ ਕੁਝ ਵੀ ਆਪ ਨੂੰ ਨਜ਼ਰ ਨਾ ਆਇਆ। ਗੰਗਾ, ਕਾਂਸ਼ੀ ਅਤੇ ਅਯੁੱਧਿਆ ਆਦਿ ਸ਼ਹਿਰਾਂ ਦੀ ਸੈਰ ਕੀਤੀ, ਛੂਤ-ਛਾਤ ਦੀ ਬਿਮਾਰੀ ਆਮ ਦੇਖੀ। ਤੀਰਥਾਂ ਤੇ ਪਾਂਡਿਆਂ ਦੀ ਹਕੂਮਤ ਅਤੇ ਤੀਰਥਾਂ ਤੋਂ ਬਾਹਰ ਮੁਗਲਾਂ ਦੀ ਹਕੂਮਤ ਵਿੱਚ ਪੰਡਤਾਂ ਨੂੰ ਲੁਕ ਲੁਕ ਆਪਣੇ ਧਰਮ ਦੀ ਕਿਰਤ ਕਰਦੇ ਵੇਖਿਆ। ਕਈ ਥਾਈਂ ਵੇਖਿਆ ਕਿ ਕਈ ਪੰਡਤ ਲੋਕ ਮੁਸਲਮਾਨ ਤੋਂ ਡਰ ਕੇ, ਸਮੇਂ ਦਾ ਲਾਭ ਪ੍ਰਾਪਤ ਕਰਨ ਲਈ ਮੁਸਲਮਾਨ ਭੇਸ ਧਾਰੀ ਫਿਰਦੇ ਹਨ। ਬਾਹਰੋਂ ਕੁਝ ਅਤੇ ਅੰਦਰੋਂ ਕੁਝ।
ਬੱਚਿਓ ! ਤੀਰਥ ਯਾਤਰਾਂ ਤੋਂ ਬਾਦ ਆਪ ਦਾ ਨਿਸਚਾ ਬੁੱਤ ਪੂਜਾ ਤੋਂ ਉੱਠ ਗਿਆ । ਆਪ ਦੇ ਇਸ ਗਿਆਨ ਵਿੱਚ ਤਬਦੀਲੀ ਹੋ ਗਈ ਕਿ ਸਭ ਕੁਝ ਬੀਠੁਲ ਦੀ ਮੂਰਤੀ ਹੈ। ਪਰ ਬੀਠੁਲ ਤਾਂ ਸਰਬ ਵਿਆਪਕ ਹੈ। ਪਹਿਲਾਂ ਉਹ ਪੁੰਡਰਪੁਰ ਦੇ ਮੰਦਰ ਵਿੱਚ ਬੀਠੁਲ ਦਾ ਹੋਣਾ ਯਕੀਨ ਕਰਦੇ ਸਨ ਪਰ ਤੀਰਥ ਯਾਤਰਾ ਕਰਦੇ ਕਰਦੇ ਜਦੋਂ ਰਾਜਸਥਾਨ ਦੇ ਮਾਰੂਥਲ ਵਿੱਚ ਪੁੱਜੇ ਤਾਂ ਪਾਣੀ ਦੀ ਪਿਆਸ ਲੱਗੀ। ਇਕ ਖੂਹ ਤੇ ਬੜੀ ਆਸ ਕਰਕੇ ਪਹੁੰਚੇ। ਪਰ ਖੂਹ ਦਾ ਪਾਣੀ ਤਾਂ ਸੌ ਗਜ਼ ਤੋਂ ਵੀ ਥੱਲੇ ਸੀ। ਇਸ ਕਰਕੇ ਲੱਜ ਤੋਂ ਬਿਨਾਂ ਪਾਣੀ ਪੀਣਾ ਅਸੰਭਵ ਸੀ। ਸੰਤ ਗਿਆਨੇਸ਼ਵਰ ਹੇਠ ਕਰਕੇ ਕਿਤੇ ਦੂਰ ਚਲੇ ਗਏ ਅਤੇ ਪਾਣੀ ਪੀ ਆਏ। ਭਗਤ ਨਾਮਦੇਵ ਜੀ ਲਈ ਪਾਣੀ ਲੈ ਆਏ। ਪਰ ਇਹ ਵੇਖਕੇ ਉਹ ਹੈਰਾਨ ਹੋ ਗਏ ਕਿ ਸੌ ਗਜ਼ ਡੂੰਘਾ ਪਾਣੀ ਖੂਹ ਦੇ ਉਪਰ ਤੱਕ ਆ ਕੇ ਬਾਹਰ ਨੂੰ ਵਹਿ ਰਿਹਾ ਸੀ ਅਤੇ ਨਾਮਦੇਵ ਜੀ ਪਾਣੀ ਪੀ ਚੁੱਕੇ ਸਨ।
ਬੱਚਿਓ! ਸੰਤ ਗਿਆਨੇਸ਼ਵਰ ਨੇ ਨਾਮਦੇਵ ਜੀ ਤੋਂ ਪੁੱਛਿਆ ਕਿ ਇਹ ਕਿਵੇਂ ਹੋਇਆ? ਤਾਂ ਨਾਮਦੇਵ ਜੀ ਨੇ ਦੱਸਿਆ, “ਇਹ ਸਭ ਬੀਠੁਲ ਦੀ ਕਿਰਪਾ ਹੈ। ਮੈਂ ਤਾਂ ਪਿਆਸ ਨਾਲ ਮਰ ਚੱਲਿਆ ਸੀ ਪਰ ਬੀਠੁਲ ਨੇ ਬਚਾ ਲਿਆ। ਪਹਿਲਾਂ ਮੈਂ ਸਮਝਦਾ ਸੀ ਕਿ ਬੀਠੁਲ ਪੁੰਡਰਪੁਰ ਦੇ ਮੰਦਰ ਵਿੱਚ ਹੀ ਰਹਿੰਦਾ ਹੈ ਪਰ ਹੁਣ ਮੈਨੂੰ ਭੇਤ ਲਗ ਗਿਆ ਹੈ ਕਿ ਉਹ ਸਭ ਥਾਂ ਹੈ।
ਸੰਤ ਗਿਆਨੇਸ਼ਵਰ ਨੇ ਆਖਿਆ, “ਮੈਂ ਤਾਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਤੂੰ ਇਹ ਗਲਤ ਗੱਲ ਪੱਲੇ ਬੰਨ ਲਈ ਹੈ ਕਿ ਪ੍ਰਭੂ ਸਿਰਫ ਮੰਦਰ ਵਿੱਚ ਹੀ ਹੈ। ਤੂੰ ਬੀਠੁਲ ਨੂੰ ਮੰਦਰ ਵਿੱਚ ਵੇਖਿਆ ਸੀ। ਦੁੱਧ ਵੀ ਪਿਲਾਇਆ ਸੀ। ਤੇਰੇ ਨਾਲ ਗੱਲਾਂ ਵੀ ਕੀਤੀਆਂ ਪਰ ਹੁਣ ਤੀਰਥ ਯਾਤਰਾ ਤੇ ਆਉਣ ਲੱਗੇ ਵੀ ਤੂੰ ਮੇਰੇ ਕਹੇ ਨਹੀਂ ਤੁਰਿਆ। ਬੀਠੁਲ ਨੇ ਆਗਿਆ ਦਿੱਤੀ ਤਾਂ ਤੁਰਿਆ ਸੀ। ਸ਼ੁਕਰ ਹੈ ਤੈਨੂੰ ਬੀਠੁਲ ਨੇ ਆਪ ਹੀ ਇਹ ਗੱਲ ਸਮਝਾ ਦਿੱਤੀ ਕਿ ਉਹ ਸਭ ਥਾਂ ਹੈ।”
ਇਸ ਤੋਂ ਬਾਦ ਨਾਮਦੇਵ ਜੀ ਪੁੰਡਰਪੁਰ ਚਲੇ ਗਏ। ਉਨ੍ਹਾਂ ਦੇ ਖਿਆਲਾਂ ਵਿੱਚ ਫਰਕ ਪੈ ਜਾਣ ਕਰਕੇ ਮੰਦਰ ਦੇ ਪਾਂਡੇ ਆਪ ਨਾਲ ਈਰਖਾ ਕਰਨ ਲੱਗੇ। ਪਰ ਉਨ੍ਹਾਂ ਦੀ ਪੇਸ਼ ਨਹੀਂ ਸੀ ਜਾਂਦੀ। ਨਾਮਦੇਵ ਜੀ ਜਿੱਥੇ ਵੀ ਕੀਰਤਨ ਕਰਦੇ ਦੁਨੀਆਂ ਉਥੇ ਹੀ ਪੁੱਜ ਜਾਂਦੀ। ਭਗਤ ਜੀ ਛੀਂਬੇ ਜਾਤ ਨਾਲ ਸਬੰਧਤ ਸਨ ਪਰ ਪੰਡਤ ਆਪ ਨੂੰ ਸ਼ੂਦਰ ਆਖਦੇ ਸਨ। ਪੰਡਤਾਂ ਨੇ ਸਾਜ਼ਸ਼ ਕੀਤੀ ਤੇ ਬਾਦਸ਼ਾਹ ਤਕ ਇਹ ਖ਼ਬਰ ਪਹੁੰਚਾਈ ਕਿ ਨਾਮਦੇਵ ਮੁਸਲਮਾਨੀ ਮੱਤ ਦੇ ਖਿਲਾਫ ਪ੍ਰਚਾਰ ਕਰਦਾ ਹੈ। ਉਹਨਾਂ ਨੇ ਕਾਜ਼ੀ ਅਤੇ ਮੌਲਵੀ ਪਹਿਲਾਂ ਹੀ ਆਪਣੇ ਹੱਕ ਵਿੱਚ ਗੰਢ ਲਏ।
ਬੱਚਿਓ ! ਮਹਾਰਾਸ਼ਟਰ ਦੇ ਬਿਦਰ ਸ਼ਹਿਰ ਵਿੱਚ ਨਾਮਦੇਵ ਜੀ ਬਾਦਸ਼ਾਹ ਦੇ ਪੇਸ਼ ਹੋਏ। ਬਾਦਸ਼ਾਹ ਨੇ ਪੁੱਛਿਆ ਕਿ ਇਹ ਬੀਠੁਲ ਕੌਣ ਹੈ ? ਨਾਮਦੇਵ ਜੀ ਨੇ ਆਖਿਆ, “ਉਹ ਸਭ ਦਾ ਮਾਲਕ ਪ੍ਰਭੂ ਹੈ। ਉਸਨੂੰ ਮੈਂ ਬੀਠੁਲ ਕਹਿੰਦਾ ਹਾਂ। ਤੁਸੀਂ ਉਸਨੂੰ ਖੁਦਾ ਕਹਿੰਦੇ ਹੋ।
ਬਾਦਸ਼ਾਹ ਨੇ ਆਖਿਆ, “ਜੇ ਖੁਦਾ ਅਤੇ ਉਸ ਵਿੱਚ ਕੋਈ ਫਰਕ ਨਹੀਂ ਤਾਂ ਫਿਰ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿੰਦਾ ?” ਨਾਮਦੇਵ ਜੀ ਨੇ ਕਿਹਾ, “ਜਿਸ ਨਾਮ ਦੀ ਮੈਂ ਉਪਾਸਨਾ ਕੀਤੀ ਹੈ ਜਿਸ ਨਾਮ ਨਾਲ ਚੇਤੇ ਕਰਕੇ ਮੈਂ ਉਸ ਬੀਠੁਲ ਜੀ ਦੇ ਦਰਸ਼ਨ ਕੀਤੇ ਹਨ ਉਸ ਬੀਠੁਲ ਪਿਆਰੇ ਦੇ ਨਾਮ ਨੂੰ ਕਿਵੇਂ ਛੱਡ ਦਿਆਂ ?”
ਬਾਦਸ਼ਾਹ ਨੇ ਆਖਿਆ, “ਤੈਨੂੰ ਬੀਠੁਲ ਦਾ ਨਾਮ ਛੱਡਣਾ ਪਵੇਗਾ।ਜੇ ਨਹੀਂ ਛੱਡਣਾ ਤਾਂ ਫਿਰ ਸਾਨੂੰ ਵੀ ਬੀਠੁਲ ਦਿਖਾ।” ਨਾਮਦੇਵ ਨੇ ਫਰਮਾਇਆ, “ਜੇ ਬੀਠੁਲ ਦੇਖਣਾ ਹੈ ਤਾਂ ਦੇਖ ਲਵੇ। ਬਾਦਸ਼ਾਹ ਨੇ ਪੁੱਛਿਆ, “ਬੀਠੁਲ ਕਿਵੇਂ ਦਿਖਾਵੇਂਗਾ?” ਨਾਮਦੇਵ ਜੀ ਬੋਲੇ, “ਜਿਵੇਂ ਤੁਸੀਂ ਦੇਖਣਾ ਚਾਹੋਗੇ।
ਫਿਰ ਕੀ ਸੀ। ਬਾਦਸ਼ਾਹ ਨੇ ਉਸੇ ਵੇਲੇ ਇਕ ਸੱਜਰ ਸੂਈ ਗਾਂ ਮੰਗਵਾਈ ਅਤੇ ਨਾਮਦੇਵ ਦੇ ਸਾਹਮਣੇ ਹੀ ਹਲਾਲ ਕਰ ਦਿੱਤੀ। ਬਾਦਸ਼ਾਹ ਨੇ ਆਖਿਆ ਕਿ ਹੁਣ ਬੀਠੁਲ ਨੂੰ ਕਹੋ ਕਿ ਇਸ ਨੂੰ ਜ਼ਿੰਦਾ ਕਰ ਦੇਵੇ। ਨਾਮਦੇਵ ਜੀ ਨੇ ਆਖਿਆ, “ਹਲਾਲ ਕੀਤਾ ਹੋਇਆ ਪਸ਼ੂ ਕੋਈ ਕਿਵੇਂ ਜ਼ਿੰਦਾ ਕਰੇਗਾ ? ਮੈਂ ਤਾਂ ਇਹ ਨਹੀਂ ਕਰ ਸਕਦਾ। ਪਰ ਜੇ ਮੇਰਾ ਬੀਠੁਲ ਚਾਹੇ ਤਾਂ ਜੋ ਮਰਜ਼ੀ ਕਰ ਸਕਦਾ ਹੈ।”
“ਜੇ ਗਾਂ ਨਾ ਜਿਉਂਦੀ ਹੋ ਸਕੀ ਤਾਂ ਮੈਂ ਤੈਨੂੰ ਮਰਵਾ ਦਿਆਂਗਾ। ਜਾਂ ਮੁਸਲਮਾਨ ਬਣ ਜਾ।” ਇਹ ਬਾਦਸ਼ਾਹ ਦਾ ਹੁਕਮ ਸੀ। ਨਾਮਦੇਵ ਜੀ ਨੇ ਕਿਹਾ, “ਮੈਨੂੰ ਤੇਰੀ ਕੋਈ ਵੀ ਸ਼ਰਤ ਮਨਜ਼ੂਰ ਨਹੀਂ। ਪਰ ਮੈਂ ਬੀਠੁਲ ਨੂੰ ਕਹਿ ਕੇ ਦੇਖ ਲਵਾਂ। ਉਹਦੀ ਜੋ ਮਰਜ਼ੀ ਹੋਏਗੀ, ਹੋ ਜਾਏਗਾ।”
ਨਾਮਦੇਵ ਜੀ ਕੈਂਸੀਆਂ ਫੜ ਕੇ ਬੀਠੁਲ ਦੇ ਸਿਮਰਨ ਵਿੱਚ ਲਗ ਗਏ। ਨਾਮਦੇਵ ਜੀ ਦੀ ਮਾਤਾ ਨੇ ਜਦੋਂ ਸੁਣਿਆ ਕਿ ਆਪ ਨੂੰ ਬਾਦਸ਼ਾਹ ਨੇ ਸੱਤ ਘੜੀਆਂ ਦੀ ਮੋਹਲਤ ਦਿੱਤੀ ਹੈ ਤਾਂ ਉਹ ਨਾਮਦੇਵ ਨੂੰ ਕਹਿਣ ਲੱਗੀ, “ਤੂੰ ਖੁਦਾ ਖੁਦਾ ਆਖ ਲੈ। ਕੀ ਫ਼ਰਕ ਪੈਣਾ ਹੈ।” ਪਰ ਨਾਮਦੇਵ ਜੀ ਨੇ ਕਿਹਾ, “ਨਾ ਤੂੰ ਮੇਰੀ ਮਾਂ ਏ ਅਤੇ ਨਾ ਮੈਂ ਤੇਰਾ ਪੁੱਤਰ। ਮੈਨੂੰ ਐਸੀ ਮਾਂ ਨਹੀਂ ਚਾਹੀਦੀ, ਜੋ ਆਪਣੇ ਪੁੱਤਰ ਨੂੰ ਧਰਮ ਤੋਂ ਡੇਗੇਂ।”
ਪਰ ਭਗਤ ਦੀ ਲਾਜ ਰੱਖਣ ਵਾਲੇ ਪ੍ਰਭੂ ਨੂੰ ਫ਼ਿਕਰ ਪੈ ਗਿਆ। ਉਹ ਸਤਵੀਂ ਘੜੀ ਮੁਕਣ ਤੋਂ ਪਹਿਲਾਂ ਹੀ ਆ ਹਾਜ਼ਰ ਹੋਏ। ਉਹਨਾਂ ਨਾਮਦੇਵ ਜੀ ਨੂੰ ਆਖਿਆ ਕਿ ਜੇ ਕਹੇ ਥਾਂ ਧਰਤੀ ਉਲਟਾ ਕੇ ਤੈਨੂੰ ਦੁੱਖ ਦੇਣ ਵਾਲਿਆਂ ਨੂੰ ਖਤਮ ਕਰ ਦਿਆਂ। ਜੇ ਕਹੇ ਤਾਂ ਧਰਤੀ ਨੂੰ ਅਸਮਾਨ ਤੇ ਟੰਗ ਦਿਆਂ। ਪਰ ਭਗਤ ਨਾਮਦੇਵ ਜੀ ਸਿਰ ਫੇਰ ਗਏ ਕਿ ਉਨ੍ਹਾਂ ਨੂੰ ਇਹ ਗੱਲ ਮਨਜ਼ੂਰ ਨਹੀਂ।
ਬੱਚਿਓ ! ਭਗਵਾਨ ਫਿਰ ਬੋਲੇ ਕਿ ਜੇ ਕਹੇ ਤਾਂ ਮੋਈ ਗਾਂ ਜਿਊਂਦੀ ਕਰ ਦਿਆਂ। ਹੁਣ ਭਗਤ ਨਾਮਦੇਵ ਜੀ ਬੋਲ ਉੱਠੇ ਕਿ ਬੱਸ ਇਹ ਕੰਮ ਕਰ ਦਿਉ। ਇਸ ਨਾਲ ਦੇਖਣ ਵਾਲਿਆਂ ਦੇ ਮਨ ਤੇ ਤੁਹਾਡਾ ਪ੍ਰਭਾਵ ਪਵੇਗਾ। ਸਭ ਨੂੰ ਤੁਹਾਡੇ ਤੇ ਯਕੀਨ ਆ ਜਾਵੇਗਾ।
ਮੋਈ ਗਾਂ ਜਿਊਂਦੀ ਹੋ ਗਈ। ਨਾਮਦੇਵ ਜੀ ਦੀ ਸਾਰੇ ਪਾਸੇ ਜੈ-ਜੈ ਕਾਰ ਹੋ ਗਈ। ਆਪ ਬਿਦਰ ਤੋਂ ਵਾਪਸ ਪੁੰਡਰਪੁਰ ਆ ਗਏ। ਫਿਰ ਬੀਠੁਲ ਦੇ ਮੰਦਰ ਗਏ।ਪੰਡਤਾਂ ਨੇ ਪਹਿਲਾਂ ਹੀ ਸਾਜ਼ਸ਼ ਕੀਤੀ ਹੋਈ ਸੀ ਕਿ ਨਾਮਦੇਵ ਨੂੰ ਮੰਦਰ ਵਿੱਚ ਨਾ ਵੜਨ ਦਿਓ। ਜੇ ਅੰਦਰ ਚਲਾ ਜਾਏ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿਓ।
ਠੀਕ ਏਸੇ ਤਰ੍ਹਾਂ ਕੀਤਾ ਗਿਆ। ਨਾਮਦੇਵ ਜੀ ਦੀ ਮੰਦਰ ਦੇ ਪਾਂਡਿਆਂ ਨੇ ਬਹੁਤ ਬੇਇੱਜ਼ਤੀ ਕੀਤੀ। ਸ਼ੂਦਰ ਆਖ ਕੇ ਧੱਕੇ ਮਾਰੇ ਅਤੇ ਬਾਹਰ ਕੱਢ ਦਿੱਤਾ ਮੰਦਰ ਤੋਂ। ਇਹ ਦੇਖ ਕੇ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਜਾ ਬੈਠੇ। ਬੀਠੁਲ ਦਾ ਸਿਮਰਨ ਕਰਨ ਵਿੱਚ ਜੁੜ ਗਏ। ਭਜਨ ਕੀਰਤਨ ਉਥੇ ਬੈਠ ਕੇ ਹੀ ਕਰਨ ਲੱਗੇ। ਭਗਵਾਨ ਨੇ ਏਥੇ ਵੀ ਅਜੀਬ ਕੌਤਕ ਕੀਤਾ। ਮੰਦਰ ਨੂੰ ਫੇਰ ਕੇ, ਮੰਦਰ ਦਾ ਮੂੰਹ ਭਗਤ ਨਾਮਦੇਵ ਜੀ ਵੱਲ ਕਰ ਦਿੱਤਾ। ਜਿਹੜੇ ਪਾਸੇ ਪੰਡਤ ਬੈਠੇ ਸਨ ਉਧਰ ਮੰਦਰ ਦਾ ਪਿੱਛਾ ਕਰ ਦਿੱਤਾ।
ਸੋ ਬੱਚਿਓ ! ਨਾਮਦੇਵ ਜੀ ਸ਼ਿਰੋਮਣੀ ਭਗਤ ਹੋਏ ਹਨ। ਆਪ ਨੇ ਅਨੇਕਾਂ ਲੋਕਾਂ ਨੂੰ ਭਗਤੀ ਰੰਗ ਵਿੱਚ ਰੰਗਿਆ ਜਿਹਨਾਂ ਵਿੱਚੋਂ ਭਗਤ ਤਿਰਲੋਚਨ ਜੀ ਦਾ ਨਾਮ ਵੀ ਪ੍ਰਸਿੱਧ ਹੈ। ਆਖੀਰ ਆਪ 1351 ਈਸਵੀ ਨੂੰ ਸ਼ੋਲ੍ਹਾਪੁਰ ਵਿੱਚ ਸਵਰਗ ਸਿਧਾਰ ਗਏ। ਆਪ ਜੀ ਦੀ ਯਾਦ ਵਿੱਚ ਬਣਿਆ ਮੱਠ ਪੁੰਡਰਪੁਰ ਮੰਦਰ ਦੇ ਬਾਹਰ ‘ਨਾਮਦੇਵ ਦਰਵਾਜ਼ੇ ਦੇ ਪਾਸ ਹੈ।ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਆਪ ਦੀ ਬਾਣੀ ਨੂੰ ਵੀ ਦਰਜ ਕੀਤਾ। ਆਪ ਦੇ 60 ਦੇ ਕਰੀਬ ਸ਼ਬਦ ਜੋ 18 ਰਾਗਾਂ ਵਿੱਚ ਹਨ ਆਦਿ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ। ਇਨ੍ਹਾਂ ਦਾ ਇਕ ਸਥਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿੱਚ ਸਸ਼ੋਭਿਤ ਹੈ।