Punjabi Story, Essay, Paragraph, on “Bhagat Kabir Ji” “ਭਗਤ ਕਬੀਰ ਜੀ” for Class 9, 10 and 12 Students in Punjabi Language.

ਭਗਤ ਕਬੀਰ ਜੀ

Bhagat Kabir Ji

ਅਜ਼ੀਜ਼ ਬੱਚਿਓ ! ਤੁਹਾਨੂੰ ਭਗਤਾਂ ਦੇ ਜੀਵਨ ਨਾਲ ਸਬੰਧਤ ਕਹਾਣੀਆਂ ਚੰਗੀਆਂ ਲਗਦੀਆਂ ਹਨ ਤਾਂ ਆਓ ਅੱਜ ਤੁਹਾਨੂੰ ਭਗਤ ਕਬੀਰ ਦੀ ਕਹਾਣੀ ਸੁਣਾਈਏ।

ਬੱਚਿਓ! ਭਗਤ ਕਬੀਰ ਦਾ ਜਨਮ ਕਾਂਸ਼ੀ ਵਿੱਚ ਹੋਇਆ ਦੱਸਿਆ ਜਾਂਦਾ ਹੈ ਪਰ ਆਪ ਦੇ ਜਨਮ ਬਾਰੇ ਕਈ ਗੱਲਾਂ ਪ੍ਰਚਲਤ ਹਨ। ਇਕ ਗੱਲ ਤਾਂ ਇਹ ਹੈ ਕਿ ਈਸ਼ਵਰ ਖੁਦ ਬਾਲ ਦਾ ਰੂਪ ਧਾਰ ਕੇ ਇਕ ਤਲਾਅ ਕੋਲ ਕਾਂਸ਼ੀ ਵਿੱਚ ਉਤਰੇ ਅਤੇ ਨੀਰੂ ਜੁਲਾਹੇ ਦੀ ਇਸਤਰੀ ਨੀਮਾਂ ਆਪ ਨੂੰ ਘਰ ਚੁੱਕ ਲਿਆਈ। ਦੂਜੀ ਗੱਲ ਇਹ ਵੀ ਮੰਨੀ ਜਾਂਦੀ ਹੈ ਕਿ ਆਪ ਇਕ ਵਿਧਵਾ ਇਸਤਰੀ ਦੇ ਪੇਟੋਂ ਪੈਦਾ ਹੋਏ। ਇਸ ਇਸਤਰੀ ਨੂੰ ਰਾਮਾਨੰਦ ਨੇ ਸੁਭਾਵਿਕ ਹੀ ਬਿਨਾਂ ਮੰਗੇ ਪੁੱਤਰ ਵੰਤੀ ਹੋਣ ਦਾ ਵਰ ਦੇ ਦਿੱਤਾ ਸੀ ਅਤੇ ਇਸਤਰੀ ਸ਼ਰਮ ਦੀ ਮਾਰੀ ਲੜਕੇ ਨੂੰ ਪੈਦਾ ਹੋਣ ਮਗਰੋਂ ਤਲਾਅ ਕੋਲ ਰੱਖ ਗਈ ਜਿੱਥੋਂ ਨੀਰੂ ਤੇ ਨੀਮਾਂ ਲੰਘੇ ਤੇ ਰੋਂਦੇ ਬੱਚੇ ਨੂੰ ਚੁੱਕ ਕੇ ਘਰ ਲੈ ਗਏ। ਉਹਨਾਂ ਇਸ ਬੱਚੇ ਦਾ ਨਾਮ ਕਬੀਰ ਰੱਖਿਆ।

ਛੋਟੇ ਹੁੰਦੇ ਹੀ ਆਪ ਬੜੇ ਸਿਆਣੇ ਅਤੇ ਹੋਣਹਾਰ ਸਨ। ਭਾਵੇਂ ਆਪ ਨੇ ਮੁਸਲਮਾਨ ਜੁਲਾਹਿਆਂ ਦੇ ਘਰ ਪ੍ਰਵਰਿਸ਼ ਪਾਈ ਸੀ ਪਰ ਆਪ ਰਹਿੰਦੇ ਕਾਂਸ਼ੀ ਸਨ ਜਿਹੜਾ ਵੱਡੇ ਵੱਡੇ ਵਿਦਵਾਨਾਂ ਦਾ ਸ਼ਹਿਰ ਗਿਣਿਆ ਜਾਂਦਾ ਸੀ। ਭਾਵੇਂ ਆਪ ਦੇ ਮਾਤਾ ਪਿਤਾ ਨੇ ਬਚਪਨ ਵਿੱਚ ਹੀ ਆਪ ਨੂੰ ਪਿਤਾ ਪੁਰਖੀ ਕੰਮ ਵਿੱਚ ਪਾ ਦਿੱਤਾ ਸੀ ਫਿਰ ਵੀ ਆਪ ਦਾ ਜਦੋਂ ਦਾਅ ਲਗਦਾ ਸਤਿਸੰਗ ਵਾਲੀਆਂ ਥਾਵਾਂ ਤੇ ਪੁੱਜ ਜਾਂਦੇ ਅਤੇ ਪ੍ਰਭੂ-ਪਿਆਰ ਦੀਆਂ ਗੱਲਾਂ ਸੁਣਦੇ ਰਹਿੰਦੇ। ਇਹਨਾਂ ਗੱਲਾਂ ਤੋਂ ਆਪ ਨੇ ਭੇਦ ਪਾ ਲਿਆ ਕਿ ਗੁਰੂ ਬਿਨਾਂ ਗਤ ਨਹੀਂ ਹੁੰਦੀ।

ਬੱਚਿਓ ! ਉਹਨਾਂ ਦਿਨਾਂ ਵਿੱਚ ਕਾਂਸ਼ੀ ਵਿੱਚ ਰਾਮਾਨੰਦ ਜੀ ਦਾ ਨਾਮ ਤਪੱਸਵੀ ਅਤੇ ਬ੍ਰਹਮ ਗਿਆਨ ਦੀ ਉੱਚੀ ਅਵਸਥਾ ਕਰਕੇ ਬੜਾ ਪ੍ਰਸਿੱਧ ਸੀ। ਪਰ ਉਨ੍ਹਾਂ ਦਾ ਅਸੂਲ ਸੀ ਕਿ ਉਹ ਬ੍ਰਾਹਮਣ ਜਾਂ ਉੱਚੀ ਜਾਤ ਤੋਂ ਬਿਨਾਂ ਕਿਸੇ ਹੋਰ ਨੂੰ ਉਪਦੇਸ਼ ਨਾ ਦਿੰਦੇ ਅਤੇ ਨਾ ਹੀ ਸ਼ਿਸ਼ ਬਣਾਉਂਦੇ ਸਨ। ਭਾਵੇਂ ਕਬੀਰ ਜੀ ਛੋਟੀ ਉਮਰ ਵਿੱਚ ਹੀ ਸਿਆਣੇ ਅਤੇ ਗਿਆਨਵਾਨ ਸਨ ਪਰ ਜੁਲਾਹੇ ਘਰ ਪਾਲਣ ਪੋਸ਼ਣ ਹੋਣ ਕਰਕੇ ਨੀਵੀਂ ਜਾਤ ਵਿੱਚ ਗਿਣੇ ਜਾਂਦੇ ਸਨ। ਇਸ ਲਈ ਰਾਮਾਨੰਦ ਜੀ ਕੋਲੋਂ ਉਪਦੇਸ਼ ਮਿਲਣਾ ਮੁਸ਼ਕਲ ਸੀ। ਨਾ ਹੀ ਗੁਰੂ ਬਣਾ ਸਕਦੇ ਸਨ ਪਰ ਦਿਲ-ਦਿਮਾਗ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਉਹਨਾਂ ਦਾ ਹੀ ਸ਼ਿਸ਼ ਬਣਨਾ ਹੈ।

ਬੱਚਿਓ ! ਰਾਮਾਨੰਦ ਜੀ ਸਵੇਰੇ ਅੰਮ੍ਰਿਤ ਵੇਲੇ ਹਨੇਰੇ ਵਿੱਚ ਹੀ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਸਨ ਅਤੇ ਇਹ ਉਨ੍ਹਾਂ ਦਾ ਨੇਮ ਸੀ। ਕਬੀਰ ਜੀ ਨੂੰ ਉਨ੍ਹਾਂ ਦੀ ਇਸ ਕਿਰਿਆ ਦਾ ਪਤਾ ਲਗ ਗਿਆ। ਉਹ ਵੀ ਕੋਈ ਗੱਲ ਸੋਚ ਕੇ ਅੰਮ੍ਰਿਤ ਵੇਲੇ ਜਾਗਣ ਲਗ ਪਏ। ਗੰਗਾ ਦੇ ਕਿਨਾਰੇ ਪੁੱਜਦੇ ਅਤੇ ਜਦੋਂ ਰਾਮਾਨੰਦ ਜੀ ਇਸ਼ਨਾਨ ਕਰਨ ਤੋਂ ਬਾਦ ਰਾਹ ਪੈਂਦੇ ਤਾਂ ਉਸ ਰਸਤੇ ਵਿੱਚ ਲੇਟ ਜਾਂਦੇ ਤਾਂ ਕਿ ਕਿਸੇ ਤਰੀਕੇ ਨਾਲ ਰਾਮਾਨੰਦ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋ ਜਾਏ। ਉਹਨਾਂ ਛੇਤੀ ਹੀ ਇਸ ਗੱਲ ਵਿੱਚ ਸਫਲਤਾ ਪਾ ਲਈ। ਇਕ ਦਿਨ ਰਸਤੇ ਵਿੱਚ ਅਜੇ ਹਨੇਰਾ ਹੀ ਸੀ ਕਿ ਕਬੀਰ ਜੀ ਲੇਟ ਗਏ। ਜਦੋਂ ਰਾਮਾਨੰਦ ਜੀ ਇਸ਼ਨਾਨ ਕਰਨ ਤੋਂ ਮਗਰੋਂ ਸਿਮਰਨ ਕਰਦੇ ਵਾਪਸ ਜਾ ਰਹੇ ਸਨ ਤਾਂ ਸੁੱਤੇ ਆਦਮੀ ਦਾ ਠੰਡਾ ਲਗਾ ਗਿਆ। ਕੋਈ ਹੋਰ ਹੁੰਦਾ ਤਾਂ ਗਾਹਲਾਂ ਕੱਢਦਾ ਪਰ ਸਿਮਰਨ ਤੇ ਸ਼ਾਂਤ ਸੁਭਾਅ ਵਾਲੇ ਰਾਮਾਨੰਦ ਜੀ ਬੋਲੇ ਕਿ ਉਠੋ ! ‘ਰਾਮ ਕੇ ਰਾਮ ਕਹੁ’।

ਕਬੀਰ ਜੀ ਸੁੱਤੇ ਤਾਂ ਹੈ ਨਹੀਂ ਸਨ ਜਿਸ ਚੀਜ਼ ਦੀ ਉਹਨਾਂ ਨੂੰ ਲੋੜ ਸੀ ਉਹ ਮਿਲ ਗਈ। ਰਾਮਾਨੰਦ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਪਿਛੇ ਹੋ ਗਏ।

ਉਹਨਾਂ ਰਾਮਾਨੰਦ ਦੇ ਬੋਲ ‘ਰਾਮ ਕੇ ਰਾਮ ਕਹੁ’ ਨੂੰ ਗੁਰਮੰਤਰ ਬਣਾ ਲਿਆ। ਸੱਚੇ ਆਦਮੀ ਨੂੰ ਸੋਚੇ ਰਹਿਣ ਲਈ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਬੀਰ ਜੀ ਨਾਲ ਵੀ ਅਜਿਹਾ ਹੀ ਹੋਇਆ। ਉਹ ਮੁਸਲਮਾਨ ਜੁਲਾਹਿਆਂ ਦੇ ਘਰ ਰਿਸ਼ ਪਾ ਕੇ ਜਪਦੇ ਰਾਮ ਦਾ ਨਾਮ ਸਨ। ਪਰ ਆਪ ਹਿੰਦੂਆਂ ਵਿੱਚ ਵੀ ਨਹੀਂ ਸੀ ਰਲਦੇ। ਏਸੇ ਕਰਕੇ ਪੰਡਤਾਂ ਅਤੇ ਕਾਜ਼ੀਆਂ ਨਾਲ ਹਰ ਰੋਜ਼ ਝਗੜਾ ਹੋਇਆ ਹੀ ਰਹਿੰਦਾ। ਹੋਰ ਤਾਂ ਹੋਰ ਘਰ ਵਿੱਚ ਮਾਤਾ ਨੂੰ ਉਹਨਾਂ ਦਾ ਇਸ ਤਰ੍ਹਾਂ ਦਾ ਜੀਵਨ ਪਸੰਦ ਨਹੀਂ ਸੀ ਕਰਦੀ। ਹੋਰ ਲੋਕਾਂ ਦੀ ਗੱਲ ਤਾਂ ਵੱਖਰੀ ਸੀ।

ਬੱਚਿਓ! ਆਪ ਦਾ ਵਿਆਹ ‘ਲੋਈ’ ਜੀ ਨਾਲ ਹੋ ਗਿਆ। ਆਪ ਦੇ ਘਰ ਇਕ ਪੁੱਤਰ ਕਮਾਲਾ ਅਤੇ ਧੀ ਕਮਾਲੀ ਪੈਦਾ ਹੋਈ। ਸਮਾਂ ਬੀਤਿਆ। ਇਕ ਵਾਰ ਚੋਰ ਲੋਕਾਂ ਦੀ ਮਾਰ ਤੋਂ ਡਰਦਾ ਕਬੀਰ ਜੀ ਦੇ ਘਰ ਆ ਗਿਆ। ਚੋਰ ਨੇ ਵਾਸਤੇ ਪਾਏ ਕਿ ਮੈਨੂੰ ਬਚਾ ਲਵੋ। ਕਬੀਰ ਜੀ ਵੀ ਅਜੀਬ ਸਨ। ਉਹਨਾਂ ਚੋਰ ਨੂੰ ਕਮਾਲੀ ਨਾਲ ਲੇਟ ਜਾਣ ਲਈ ਕਿਹਾ।

ਐਨੇ ਚਿਰ ਨੂੰ ਬਾਹਰੋਂ ਲੋਕ ਆ ਗਏ ਕਿ ਚੋਰ ਤੁਹਾਡੇ ਘਰ ਵੜਿਆ ਹੈ। ਕਬੀਰ ਜੀ ਨੇ ਕਿਹਾ ਕਿ ਜਿੱਥੇ ਹੈ ਲੱਭ ਲਵੋ। ਸਾਰੇ ਅੰਦਰ ਵੜ ਗਏ। ਲੋਈ ਜੀ ਆਪਣੇ ਮੰਜੇ ਤੇ ਸਨ। ਕਮਾਲੀ ਵੀ ਆਪਣੇ ਮੰਜੇ ਤੇ ਲੇਟੀ ਹੋਈ ਸੀ ਅਤੇ ਕੁਮਾਲਾ ਵੀ। ਕਬੀਰ ਜੀ ਉੱਠ ਕੇ ਬੈਠ ਗਏ। ਲੋਕਾਂ ਘਰ ਦਾ ਪੱਤਾ-ਪੱਤਾ ਫੋਲਿਆ ਪਰ ਨਿਰਾਸ਼ ਹੋ ਕੇ ਚਲੇ ਗਏ। ਪਰ ਚੋਰ ਤਾਂ ਕਮਾਲੀ ਨਾਲ ਮੰਜੇ ਤੇ ਲੇਟਿਆ ਪਿਆ ਸੀ। ਕਬੀਰ ਜੀ ਦੀ ਇਸ ਖੁੱਲ ਦਿਲੀ ਨੇ ਚੋਰ ਦੇ ਮਨ ਤੇ ਐਸਾ ਅਸਰ ਕੀਤਾ ਕਿ ਲੋਕਾਂ ਦੇ ਜਾਣ ਤੋਂ ਮਗਰੋਂ ਕਬੀਰ ਜੀ ਦੇ ਚਰਨੀ ਲੱਗ ਗਿਆ। ਚੋਰੀ ਕਰਨ ਤੋਂ ਤੋਬਾ ਕੀਤੀ। ਕਬੀਰ ਜੀ ਕਮਾਲੀ ਦਾ ਵਿਆਹ ਉਸ ਨਾਲ ਕਰਨ ਲਈ ਤਿਆਰ ਹੋ ਗਏ। ਚੋਰ ਤੋਂ ਸਾਧ ਹੋਇਆ ਆਦਮੀ ਕਮਾਲੀ ਨੂੰ ਵਿਆਹ ਕੇ ਲੈ ਗਿਆ। ਇਸ ਗੱਲ ਨੂੰ ਦੇਖ ਲੋਕਾਂ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਨਿੰਦਾ ਹੋਈ ਕਬੀਰ ਜੀ ਦਾ ਪ੍ਰਤਾਪ ਵਧਦਾ ਗਿਆ। ਕਬੀਰ ਜੀ ਤਾਂ ਨਾਮ ਦੇ ਰੰਗ ਵਿੱਚ ਰੰਗੇ ਜਾ ਰਹੇ ਸਨ ਪਰ ਬ੍ਰਾਹਮਣ ਲੋਕ ਆਪ ਨੂੰ ਸ਼ੂਦਰ ਆਖਣ ਲੱਗੇ।ਆਪ ਨਾਲ ਵੈਰ ਰੱਖਣ ਲੱਗੇ ਪਰ ਕਬੀਰ ਜੀ ਨੂੰ ਕੀ ਡਰ ਸੀ।ਸੱਚੇ ਪ੍ਰਭੂ ਭਗਤ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇ ਜੁਲਾਹਿਆਂ ਨੂੰ ਸ਼ੂਦਰ ਕਹਿੰਦੇ ਹੋ ਤਾਂ ਈਸ਼ਵਰ ਵੀ ਜੁਲਾਹਾ ਹੀ ਹੈ। ਇਹ ਜਗਤ ਵੀ ਤਾਂ ਇਕ ਤਾਣੀ ਵਾਂਗ ਹੈ। ਈਸ਼ਵਰ ਇਸ ਜਗਤ ਰੂਪੀ ਤਾਣੀ ਨੂੰ ਹਰ ਵੇਲੇ ਹੀ ਬੁਣਦਾ ਰਹਿੰਦਾ ਹੈ। ਜੇ ਮੈਂ ਜੁਲਾਹਾ ਹਾਂ ਤਾਂ ਕੀ ਹੋਇਆ ?

ਬ੍ਰਾਹਮਣ ਹੋਰ ਖਿਝ ਗਏ। ਬਾਦਸ਼ਾਹ ਸਿਕੰਦਰ ਲੋਧੀ ਦੌਰਾ ਕਰਦਾ ਕਿਤੇ ਕਾਂਸ਼ੀ ਆ ਗਿਆ ਤਾਂ ਪੰਡਤਾਂ ਤੇ ਕਾਜ਼ੀਆਂ ਰਲ ਕੇ ਉਸ ਕੋਲ ਕਬੀਰ ਜੀ ਦੀ ਸ਼ਿਕਾਇਤ ਲਾਈ ਕਿ ਇਹ ਦੋਹਾਂ ਮਜ਼ਹਬਾਂ ਦੇ ਖਿਲਾਫ਼ ਬੋਲਦਾ ਹੈ। ਬਾਦਸ਼ਾਹ ਸੁਣਕੇ ਗੁੱਸੇ ਵਿੱਚ ਆ ਗਿਆ ਅਤੇ ਆਖਿਆ ਕਿ ਕਬੀਰ ਨੂੰ ਮੇਰੇ ਸਾਹਮਣੇ ਪੇਸ਼ ਕਰੋ।

ਕਬੀਰ ਕੋਲ ਬਾਦਸ਼ਾਹ ਦਾ ਸੁਨੇਹਾ ਪਹੁੰਚਾ। ਬਾਦਸ਼ਾਹ ਦੇ ਬੰਦਿਆਂ ਨੇ ਆਪਣਾ ਪੂਰਾ ਰੋਹਬ ਪਾਇਆ ਅਤੇ ਨਾਲ ਹੀ ਕਬੀਰ ਨੂੰ ਕਿਹਾ ਕਿ ਉਹ ਜਾਂਦਾ ਹੀ ਬਾਦਸ਼ਾਹ ਨੂੰ ਸਲਾਮ ਕਰੇ, ਨਹੀਂ ਤਾਂ ਖੈਰ ਨਹੀਂ। ਪਰ ਕਬੀਰ ਜੀ ਮਾਇਆ ਦੇ ਪੁਜਾਰੀ ਭਗਤ ਨਹੀਂ ਸਨ। ਉਹਨਾਂ ਨੂੰ ਕਿਸਦਾ ਡਰ ਸੀ ? ਕਬੀਰ ਜੀ ਬਾਦਸ਼ਾਹ ਦੇ ਜਾ ਹਾਜ਼ਰ ਹੋਏ ਅਤੇ ਪੁੱਛਿਆ ਕਿ ਕੀ ਗੱਲ ਹੈ ?

ਬੱਚਿਓ ! ਅੱਗੋਂ ਬਾਦਸ਼ਾਹ ਬੋਲਿਆ ਕਿ ਉਏ ਕਬੀਰਾ ! ਤੂੰ ਸਾਨੂੰ ਸਲਾਮ ਵੀ ਨਹੀਂ ਕੀਤੀ। ਤੈਨੂੰ ਪਤਾ ਨਹੀਂ ਤੂੰ ਕਿਸਦੇ ਸਾਹਮਣੇ ਖਲੋਤਾ ਏਂ ?

ਕਬੀਰ ਜੀ ਅਡੋਲ ਰਹੇ ਅਤੇ ਬੋਲੇ ਕਿ ਮੈਨੂੰ ਪਤਾ ਹੈ ਕਿ ਮੈਂ ਕਿਸਦੇ ਸਾਹਮਣੇ ਖਲੋਤਾ ਹਾਂ। ਬਾਦਸ਼ਾਹ, ਗੁੱਸਾ ਨਾ ਕਰੀਂ ਅਸੀਂ ਤਾਂ ਮਨੁੱਖ ਉਸਨੂੰ ਸਮਝਦੇ ਹਾਂ ਜੋ ਖੁਦਾ ਦੀਆਂ ਬਖਸ਼ਸ਼ਾਂ ਪ੍ਰਾਪਤ ਕਰਕੇ ਉਸਦਾ ਧੰਨਵਾਦ ਕਰੇ ਅਤੇ ਬਾਕੀਆਂ ਨੂੰ ਵੀ ਉਸ ਖੁਦਾ ਦੀ ਕਿਰਤ ਸਮਝੇ। ਪਰ ਖੁਦਾ ਦੀਆਂ ਬਖਸ਼ਸ਼ਾਂ ਪ੍ਰਾਪਤ ਕਰਕੇ, ਉਸ ਕੋਲੋਂ ਤਾਕਤ, ਧਨ ਅਤੇ ਰਾਜ ਪ੍ਰਾਪਤ ਕਰਕੇ ਕੇਵਲ ਇਨ੍ਹਾਂ ਗੱਲਾਂ ਨਾਲ ਹੀ ਖੁਦਾ ਦੀ ਖਲਕਤ ਦਾ ਭਲਾ ਕਰਨਾ ਸੀ। ਪਰ ਤੂੰ ਲੋਕਾਂ ਨੂੰ ਇਹ ਦੱਸਣ ਲੱਗ ਪਿਆ ਏ ਕਿ ਸਭ ਕੁਝ ਮੇਰਾ ਹੀ ਹੈ। ਮੇਰਾ ਹੁਕਮ ਮੰਨੋ। ਪਰ ਤੂੰ ਨਹੀਂ ਜਾਣਦਾ ਕਿ ਖੁਦਾ ਦੇ ਅਸਲੀ ਬੰਦੇ, ਬਾਦਸ਼ਾਹ ਅੱਗੇ ਨਹੀਂ ਸਿਰ ਝੁਕਾਉਂਦੇ ਸਗੋਂ ਖੁਦਾ ਅੱਗੇ ਹੀ ਨਿਵਦੇ ਹਨ।

ਬੱਚਿਓ! ਬਾਦਸ਼ਾਹ ਨੂੰ ਗੱਲਾਂ ਦਾ ਗੁੱਸਾ ਤਾਂ ਲੱਗਾ ਪਰ ਉਹ ਅਜੇ ਬੋਲਿਆ ਹੀ ਨਹੀਂ ਸੀ ਕਿ ਕਾਜ਼ੀ ਬੋਲ ਪਿਆ ਕਿ ਬਾਦਸ਼ਾਹ ਸਲਾਮਤ ਇਹ ਗੱਲਾਂ ਨਾਲ ਨਹੀਂ ਸਮਝੇਗਾ। ਗੱਲਾਂ ਨਾਲ ਤਾਂ ਇਸਨੇ ਦੁਨੀਆਂ ਮਗਰ ਲਾਈ ਹੋਈ ਹੈ। ਇਸਨੂੰ ਸਖਤੀ ਨਾਲ ਸਮਝਾਓ। ਜਾਂ ਮੈਨੂੰ ਹੁਕਮ ਦਿਉ।

ਬਾਦਸ਼ਾਹ ਮੰਨ ਗਿਆ। ਉਸਨੇ ਕਿਹਾ ਕਿ ਉਸਨੂੰ ਸਮਝਾਓ। ਜੇ ਨਹੀਂ ਸਮਝਦਾ ਤਾਂ ਖਤਮ ਕਰ ਦਿਉ।

ਕਾਜ਼ੀ ਨੇ ਉਸੇ ਵੇਲੇ ਕਬੀਰ ਜੀ ਨੂੰ ਬੰਨਵਾ ਦਿੱਤਾ। ਮਹਾਵਤ ਨੂੰ ਹੁਕਮ ਦਿੱਤਾ ਕਿ ਇਸਨੂੰ ਹਾਥੀ ਦੇ ਪੈਰਾਂ ਥੱਲੇ ਲਿਤਾੜ ਦੇਵੋ। ਪਰ ਹਾਥੀ ਵੀ ਰੋਬ ਦਾ ਜੀਵ ਸੀ। ਮਹਾਵਤ ਨੇ ਹਾਥੀ ਨੂੰ ਕਬੀਰ ਵੱਲ ਤੋਰਨ ਦਾ ਯਤਨ ਕੀਤਾ ਪਰ ਹਾਥੀ ਤੁਰੇ ਹੀ ਨਾ। ਹਾਥੀ ਕਬੀਰ ਜੀ ਤੇ ਚੋਟ ਨਹੀਂ ਸੀ ਕਰਦਾ। ਇਹ ਦੇਖਕੇ ਕਾਜ਼ੀ ਨੇ ਕਿਹਾ ਕਿ ਇਸਨੂੰ ਸੰਗਲ ਬੰਨ ਕੇ ਗੰਗਾ ਦੇ ਡੂੰਘੇ ਪਾਣੀ ਵਿੱਚ ਡੋਬ ਦਿਉ।

ਬੱਚਿਓ ! ਬੇੜੀ ਤੇ ਚੜਾ ਕੇ ਕਬੀਰ ਜੀ ਨੂੰ ਡੂੰਘੇ ਪਾਣੀ ਵਿੱਚ ਲਿਜਾ ਕੇ ਸੁੱਟ ਦਿੱਤਾ ਗਿਆ। ਪਰ ਜਿਸਨੂੰ ਰੱਖੇ ਰਾਮ ਮਾਰੇ ਕੌਣ ? ਗੰਗਾ ਦੀਆਂ ਛੱਲਾਂ ਨੇ ਕਬੀਰ ਜੀ ਨੂੰ ਪਾਣੀ ਉਪਰ ਲੈ ਆਂਦਾ। ਸੰਗਲ ਟੁੱਟ ਗਏ। ਕਬੀਰ ਜੀ ਸਭ ਮ੍ਰਿਗਸ਼ਾਲਾ ਤੇ ਬੈਠੇ ਨਜ਼ਰ ਆਏ। ਹੁਣ ਕਾਜ਼ੀ ਅਤੇ ਬਾਦਸ਼ਾਹ ਦੇ ਬੰਦੇ ਵੀ ਹਾਰ ਮੰਨ ਕੇ ਵਾਪਸ ਮੁੜ ਆਏ। ਕਬੀਰ ਜੀ ਦੀ ਜੈ-ਜੈ ਕਾਰ ਹੋ ਗਈ। ਸਭ ਦੇ ਸਿਰ ਨਿਵ ਗਏ।

ਕਬੀਰ ਜੀ ਕੋਈ ਇਕ ਸੌ ਤੀਹ ਸਾਲ ਦੀ ਉਮਰ ਤੱਕ ਨਾਮ ਦਾ ਪ੍ਰਵਾਹ ਚਲਾਉਂਦੇ ਰਹੇ। ਭੁੱਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਰਹੇ। ਅਖੀਰ ਮਗਹਰ ਦੀ ਧਰਤੀ ਵਿੱਚ ਅਕਾਲ ਪੁਰਖ ਕੋਲ ਚਲੇ ਗਏ। ਮਗਹਰ ਗੰਗਾ ਦੇ ਦੂਸਰੇ ਪਾਸੇ ਇਕ ਨਗਰ ਹੈ। ਇਸ ਨਗਰ ਨੂੰ ਸਰਾਪ ਮਿਲਿਆ ਹੋਇਆ ਸੀ ਕਿ ਇੱਥੇ ਜੋ ਮਰੇਗਾ, ਉਹ ਖੋਤਾ ਬਣੇਗਾ। ਏਸੇ ਤਰ੍ਹਾਂ ਕਾਂਸ਼ੀ ਵਿੱਚ ਮਰਨ ਵਾਲੇ ਨੂੰ ਵਰ ਸੀ ਕਿ ਉਹ ਮੁਕਤੀ ਪਾਵੇਗਾ| ਪਰ ਕਬੀਰ ਜੀ ਨੇ ਕਿਹਾ ਕੀ ਜੇ ਸਰੀਰ ਨੂੰ ਕਾਂਸ਼ੀ ਵਿੱਚ ਛੱਡਦੇ ਹਾਂ ਤਾਂ ਲੋਕ ਸਮਝਣਗੇ ਕਿ ਇਹ ਕਾਂਸ਼ੀ ਵਿੱਚ ਵਸਣ ਦਾ ਫਲ ਹੈ ਪਰ ਅਸੀਂ ਦੱਸਦੇ ਹਾਂ ਕਿ ਪ੍ਰਭੂ ਦਾ ਸਿਮਰਨ ਕਰਨ ਵਾਲਾ ਜਿੱਥੇ ਵੀ ਸਰੀਰ ਛੱਡੇਗਾ, ਉਸਨੂੰ ਪ੍ਰਭੂ ਦੇ ਮੰਡਲ ਵਿੱਚ ਨਿਵਾਸ ਮਿਲੇਗਾ।

ਬੱਚਿਓ! ਲੋਕਾਂ ਦੇ ਇਸ ਭਰਮ ਨੂੰ ਖਤਮ ਕਰਨ ਲਈ ਆਪ ਨੇ ਆਖਰੀ ਸਮੇਂ ਮਗਹਰ ਵਿੱਚ ਵਾਸਾ ਕੀਤਾ ਅਤੇ ਸਰੀਰ ਛੱਡ ਦਿੱਤਾ।

ਸੋ ਬੱਚਿਓ ! ਭਗਤੀ ਤੋਂ ਬਿਨ੍ਹਾਂ ਕੁਝ ਨਹੀਂ ਸੰਵਰਦਾ । ਭਗਤੀ ਤੋਂ ਬਿਨਾਂ ਕਾਂਸ਼ੀ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੋਵੇਗੀ। ਭਗਤੀ ਵਾਲਾ ਚਾਹੇ ਕਿਤੇ ਵੀ ਮਰੇ, ਉਹ ਜ਼ਰੂਰ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰੇਗਾ।

Leave a Reply