ਰਾਤ ਦੀ ਰਾਣੀ
Raat di Rani
ਮੈਂ ਗੁਆਂਢੀ ਜਗਤਾਰ ਉਰਫ਼ ਜੱਗੂ ਦੇ ਘਰ ਸਾਂਝਰੇ ਹੀ ਪਹੁੰਚ ਗਿਆ ਸੀ, ਰੋਜ਼ਾਨਾ ਦੀ ਤਰ੍ਹਾਂ। ਅੱਜ ਵੀ ਮੈਨੂੰ ਉਨ੍ਹਾਂ ਦੇ ਘਰ ਲੱਗੇ ਰਾਤ ਦੀ ਰਾਣੀ ਦੇ ਬੂਟੇ ਦੇ ਫੁੱਲਾਂ ਨੂੰ ਵੇਖਣ ਦਾ ਮਨ ‘ਚ ਚਾਅ ਸੀ।
ਦਰਅਸਲ ਇਹੋ ਜਿਹੇ ਦੋ ਬੂਟੇ ਅਸਾਂ ਸ਼ਹਿਰ ਤੋਂ ਖਰੀਦ ਕੇ ਲਿਆਂਦੇ ਸਨ, ਪਰ ਮੇਰੀ ਬਦਨਸੀਬੀ ਇਹ ਰਹੀ ਕਿ ਮੇਰੇ ਘਰ ਰਾਤ ਦੀ ਰਾਣੀ ਦਾ ਬੂਟਾ ਨਾ ਹੋਇਆ ਪਰ ਜੱਗੂ ਦੇ ਘਰ ਇਸ ਬੂਟੇ ਨੇ ਜੜ੍ਹ ਜਮਾ ਲਈ। ਮੈਨੂੰ ਇਸ ਬੂਟੇ ਦੀ ਘਰ ਵਿਚ ਹਮੇਸ਼ਾ ਹੀ ਘਾਟ ਰੜਕਦੀ ਰਹਿੰਦੀ ਤੇ ਸਵੇਰੇ ਸਾਂਝਰੇ ਉਠਦਿਆਂ ਸਾਰ ਹੀ ਉਸ ਬੂਟੇ ਦੇ ਖਿੜੇ ਫੁੱਲਾਂ ਨੂੰ ਵੇਖਣ ਜ਼ਰੂਰ ਜਾਂਦਾ।
“ਤੂੰ ਅੱਜ ਫਿਰ ਸਵੇਰੇ-ਸਵੇਰੇ ਪਹੁੰਚ ਗਿਆ, ਕਦੇ ਤਾਂ ਨਾਗਾ ਪਾ ਲਿਆ ਕਰ।” ਜੱਗੂ ਦੀ ਮਾਂ ਨੇ ਰੋਜ਼ਾਨਾ ਇਹੀ ਸ਼ਬਦ ਬੋਲਣੇ ਤੇ ਬਾਅਦ ‘ਚ ਚਾਹ । ਦੀ ਗਲਾਸੀ ਫੜੀ ਮੇਰੇ ਕੋਲ ਆ ਜਾਣਾ ਤੇ ਫਿਰ ਕਹਿਣਾ ਸ਼ੁਰੂ ਕਰਨਾ।
“ਸਾਡੇ ਜੱਗੇ ਨੂੰ ਸਮਝਾ ਛੇਤੀ ਉੱਠਿਆ ਕਰੇ, ਅਜੇ ਸੁੱਤਾ ਏ। ਸਕੂਲ ਜਾਣ ਲਈ ਤਿਆਰ ਤਾਂ ਹੋ ਜੇ।” “ਚਾਚੀ ਅਜੇ ਕਿਹੜਾ ਸਮਾਂ ਹੋਇਐ ਸਕੂਲ ਦਾ, ਸੁੱਤਾ ਰਹਿਣ ਦੇ।” “ਵੇ ਤੂੰ ਫਿਰ ਕਿਉਂ ਉਠ ਕੇ ਆ ਗਿਆ।” ਚਾਚੀ ਨੇ ਕਹਿਣਾ। “ਮੈਂ ਤਾਂ ਫੁੱਲਾਂ ਨੂੰ ਦੇਖਣ ਆਇਆਂ, ਅੱਜ ਕਿੰਨੇ ਖਿੜੇ ਆ।” ਕੁਝ ਦੇਰ ਉਥੇ ਫੁੱਲਾਂ ਦੇ ਖਿੜੇ ਹੋਇਆਂ ਨੂੰ ਦੇਖ ਕੇ ਮੈਂ ਫਿਰ ਘਰ ਨੂੰ ਵਾਪਸ ਆ ਜਾਂਦਾ।
ਫਿਰ ਆ ਕੇ ਨਹਾਉਂਦਾ, ਬਸਤਾ ਚੁੱਕਦਾ ਤੇ ਜੱਗੇ ਦੇ ਘਰ ਨੂੰ ਜਾਂਦੀ ਸੜਕ ਤੋਂ ਹੁੰਦਾ ਹੋਇਆ ਜੱਗੇ ਨੂੰ ਲੈ ਕੇ ਪ੍ਰਾਇਮਰੀ ਸਕੂਲ ਪਹੁੰਚ ਜਾਂਦਾ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਜਦੋਂ ਮੈਂ ਬੀ.ਏ. ਪਹਿਲੇ ਸਾਲ ਪੜ੍ਹਦਾ ਸਾਂ ਤੇ ਜੱਗਾ ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਸ਼ਹਿਰ ਦੇ ਇਕ ਸ਼ੈਲਰ ‘ਤੇ ਮੁਨੀਮ ਲੱਗ ਗਿਆ। ਤਨਖ਼ਾਹ ਤਾਂ ਭਾਵੇਂ ਥੋੜੀ ਸੀ ਪਰ ਗੁਜ਼ਾਰਾ ਘਰ ਦਾ ਚੰਗਾ ਚੱਲ ਰਿਹਾ ਸੀ। ਜੱਗੇ ਦੇ ਪਰਿਵਾਰ ‘ਚ ਉਸ ਦੀਆਂ ਦੋ ਭੈਣਾਂ ਤੇ ਮਾਤਾ-ਪਿਤਾ ਸਨ।ਉਹਦੀ ਵੱਡੀ ਭੈਣ ਤਾਂ ਪਹਿਲਾਂ ਹੀ ਵਿਆਹੀ ਜਾ ਚੁੱਕੀ ਸੀ। ਨਿੱਕੀ ਭੈਣ ਉਸ ਤੋਂ । ਛੋਟੀ ਸੀ। ਜੱਗੇ ਦਾ ਪਿਉ ਲੱਕੜ ਦਾ ਕੰਮ ਕਰਦਾ ਸੀ ਪਰ ਉਹ ਵੀ ਥੋੜ੍ਹਾ ਬਹੁਤ।
ਮੈਂ ਜਦੋਂ ਬੀ.ਏ. ਫਾਈਨਲ ‘ਚ ਹੋ ਗਿਆ ਸਾਂ। ਤਾਂ ਵੀ ਹਰ ਰੋਜ਼ ਕਰੀਬ ਰਾਤ ਨੂੰ ਆਪਣੇ ਪਿੰਡ ਲਾਗਲੀ ਰੇਲਵੇ ਲਾਈਨ ਦੇ ਬਣੇ ਫਾਟਕ ‘ਤੇ ਅਸੀਂ ਰਾਤ ਕਰੀਬ ਨੌਂ ਵਜੇ ਬੈਠੇ ਹੋਣਾ। ਆਪਣੇ ਦਿਨ ਭਰ ਦੇ ਰੁਝੇਵਿਆਂ ਬਾਰੇ ਗੱਲਬਾਤ ਕਰਨੀ। ਸਾਡੀ ਦੋਹਾਂ ਦੀ ਯਾਰੀ ਪਿੰਡ ‘ਚ ਮਸ਼ਹੂਰ ਸੀ, ਕਿ | ਇਹ ਦੋਵੇਂ ਇਕ ਦੂਜੇ ਬਿਨਾਂ ਨਹੀਂ ਰਹਿ ਸਕਦੇ।
ਬੀ.ਏ. ਕਰਨ ਉਪਰੰਤ ਮੈਂ ਲੁਧਿਆਣਾ ਦੇ ਇਕ ਅਖ਼ਬਾਰ ‘ਚ ਕੰਮ ਕਰਨ ਲੱਗਿਆ। ਹੁਣ ਪਹਿਲਾਂ ਦੀ ਤਰ੍ਹਾਂ ਹਰ ਰੋਜ਼ ਤਾਂ ਨਹੀਂ ਸਾਂ ਅਸੀਂ ਰੇਲਵੇ ਲਾਈਨ ਦੇ ਫਾਟਕ ‘ਤੇ ਬੈਠਦੇ ਹਰ ਹਫ਼ਤੇ ਜਾਂ ਦੋ ਹਫ਼ਤਿਆਂ ਬਾਅਦ ਜ਼ਰੂਰ ਉਸੇ ਜਗਾ ਬੈਠਦੇ ਸਾਂ।
ਇਕ ਦਿਨ ਜਦੋਂ ਮੈਂ ਆਪਣੇ ਪਿੰਡ ਲਾਗਲੇ ਸਟੇਸ਼ਨ ‘ਤੇ ਉਤਰਿਆ ਤਾਂ ਪਤਾ ਲੱਗਿਆ ਕਿ ਜੱਗੇ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਮੇਰਾ ਮਨ ਬੜਾ ਉਦਾਸ ਹੋਇਆ। ਮੈਂ ਹੌਲੀ -ਹੌਲੀ ਪੈਰ ਘੜੀਸਦਾ ਆਪਣੇ ਘਰ ਪਹੁੰਚਿਆ। ਅੱਗੋਂ ਪਤਾ ਲੱਗਿਆ ਕਿ ਜੱਗੇ ਦੇ ਘਰ ਵਾਲੇ ਉਹਨੂੰ ਗੰਗਾਨਗਰ ਕਿਸੇ ਹਸਪਤਾਲ ਲੈ ਗਏ ਨੇ। ਮੈਂ ਚਾਹੁੰਦਾ ਹੋਇਆ ਵੀ ਉਸ ਵੱਲ ਨਾ ਸਕਿਆ।
ਰਾਤ ਕਰੀਬ 2 ਵਜੇ ਅਚਾਨਕ ਹੀ ਢਾਹਾਂ ਮਾਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਮਾਤਾ ਜੀ ਨੇ ਮੈਨੂੰ ਉਠਾਇਆ ਤੇ ਕਿਹਾ”ਪੁਤ ਉਠ ਲਗਦੈ ਜੱਗਾ ਸੁਰਗਵਾਸ ਹੋ ਗਿਐ।
“ਮੈਂ ਉਬੜਵਾਹੇ ਉਠਿਆ ਤੇ ਉਸੇ ਵਕਤ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਪਹੁੰਚ ਗਿਆ। ਉਨ੍ਹਾਂ ਦਾ ਸਾਰਾ ਪਰਿਵਾਰ ਰੋਣ ਲੱਗਿਆ ਹੋਇਆ ਸੀ ਤੇ ਥੋੜੇ ਹੀ ਸਮੇਂ ਵਿਚ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਸਾਰੇ ਇਸ ਅਣਹੋਣੀ ‘ਤੇ ਦੁਖੀ ਸਨ।
ਅਗਲੇ ਹੀ ਦਿਨ ਜੱਗੇ ਦਾ ਦਾਹ-ਸਸਕਾਰ ਕਰ ਦਿੱਤਾ ਗਿਆ। ਪਰ ਉਸ ਦੀ ਜ਼ਹਿਰੀਲੀ ਦਵਾਈ ਪੀਣ ਦੀ ਵਜਾ ਸਾਰੇ ਪਿੰਡ ਵਾਲਿਆਂ ਨੂੰਨਾਮਾਲਮ ਸੀ ਜਿਸ ਨਾਲ ਸਾਰੇ ਇਕ ਦੂਜੇ ਨੂੰ ਇਕੋ ਸਵਾਲ ‘ਜੱਗੇ ਨੇ ਕਾਹਨੂੰ ਦਵਾਈ ਪੀ ਲਈ, ਉਹਨੂੰ ਕੀ ਦੁਖ ਸੀ?’ ਪੁੱਛ ਰਹੇ ਸਨ।
ਮੈਂ ਉਸ ਤੋਂ ਅਗਲੇ ਦਿਨ ਆਪਣੇ ਕੰਮ ‘ਤੇ ਵਾਪਸ ਆ ਗਿਆ ਸੀ। ਮੈਨੂੰ ਦੋ ਕੁ ਦਿਨਾਂ ਬਾਅਦ ਮੇਰੇ ਚਾਚੇ ਦੇ ਲੜਕੇ ਸ਼ਿੰਦੇ ਦਾ ਫ਼ੋਨ ਆਇਆ। ਉਹਨੇ ਜੱਗੇ ਦਾ ਦਵਾਈ ਪੀ ਕੇ ਮਰਨ ਦਾ ਕਾਰਨ ਮੈਨੂੰ ਦੱਸਦਿਆਂ ਕਿਹਾ, “ਯਾਰ ਗੱਲ ਇੰਝ ਹੋਈ ਉਸ ਦਿਨ ਉਹਦੀ ਛੋਟੀ ਭੈਣ ਦਾ ਰਿਸ਼ਤਾ ਲੈ ਕੇ ਉਹਦੀ ਭੁਆ ਆਈ ਸੀ। ਮੁੰਡੇ ਵਾਲਿਆਂ ਨੇ ਵੀ ਕੁੜੀ ਪਸੰਦ ਕਰ ਲਈ ਤੇ ਸਾਰੀ ਗੱਲਬਾਤ ਉਨ੍ਹਾਂ ਦੀ ਹੋ ਗਈ ਪਰ ਉਸਦੀ ਭੈਣ ਨਿਰਲੱਜ ਨੇ ਆਪਣੇ ਭਰਾ . ਤੇ ਮਾਂ-ਪਿਓ ਦੀ ਇੱਜ਼ਤ ਮਿੱਟੀ ‘ਚ ਰੋਲਤੀ।”
“ਕੀ ਕਰਤਾ ਉਹਨੇ?” ਮੈਂ ਉਬੜਵਾਹੇ ਪੁੱਛਿਆ।
“ਕਰਨਾ ਕੀ ਸੀ ਉਹਦਾ ਆਪਣੇ ਪਿੰਡ ਦੇ ਨੰਬਰਦਾਰ ਦੇ ਮੁੰਡੇ ਨਾਲ ਇਸ਼ਕ ਸੀ ਉਸੇ ਰਾਤ ਹੀ ਉਹਦੇ ਨਾਲ ਭੱਜ ਗਈ। ਇਸ ਕਾਰਨ ਹੀ ਉਹਦਾ | ਪਰਿਵਾਰ ਪਿੰਡ ‘ਚ ਮੁੰਹ ਦਿਖਾਉਣ ਜੋਗਾ ਨਹੀਂ ਸੀ ਰਿਹਾ।”
ਇਹ ਗੱਲ ਸੁਣਦਿਆਂ ਹੀ ਮੈਨੂੰ ਇਵੇਂ ਲੱਗਿਆ ਜਿਵੇਂ ਮੇਰੇ ਸਰੀਰ ਵਿਚਲਾ ਖੂਨ ਦੁਗਣੀ ਰਫ਼ਤਾਰ ਨਾਲ ਦੌੜ ਰਿਹਾ ਹੋਵੇ। ਮੇਰੇ ਹੱਥਲਾ ਮੋਬਾਇਲ ਕੰਬ ਰਿਹਾ ਸੀ। ਸ਼ਾਇਦ ਉਸ ਕੁੜੀ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਭਰੋਸੇ ਵਿਚ ਲਿਆ ਹੁੰਦਾ ਜਾਂ ਫਿਰ ਇਸ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਘਰ ਵਾਲਿਆਂ ‘ਤੇ ਪੈਣ ਵਾਲੇ ਸਿਟਿਆਂ ਨੂੰ ਮੱਦੇਨਜ਼ਰ ਰੱਖਿਆ ਹੁੰਦਾ। ਤੇ ਇਸ ਇਕ ਹਾਦਸੇ ਨੇ ਹੀ ਮੈਥੋਂ ਮੇਰਾ ਪਿਆਰਾ ਦੋਸਤ ਖੋਹ ਲਿਆ ਸੀ।
“ਉਹ ਉਸ ਦਿਨ ਕੰਮ ਤੇ ਗਿਆ ਤੇ ਦੋ ਕੁ ਵਜੇ ਘਰ ਵਾਪਸ ਆ ਗਿਆ। ਰਸਤੇ ‘ਚ ਹੀ ਜ਼ਹਿਰੀਲੀ ਦਵਾਈ ਪੀ ਲਈ ਤੇ ਘਰ ਮਸਾਂ ਪਹੁੰਚਿਆ ਤੇ ਉਹਨੂੰ ਉਲਟੀਆਂ ਆਉਣ ਲੱਗੀਆਂ। ਉਹਦੇ ਘਰ ਵਾਲਿਆਂ ਨੂੰ ਦਵਾਈ ਦਾ ਪਤਾ ਲੱਗਣ ‘ਤੇ ਉਹ ਉਹਨੂੰ ਹਸਪਤਾਲ ਲੈ ਗਏ ਸੀ।” ਤੇ ਕੁਝ ਰੁਕ ਕੇ . ਉਹਨੇ ਕਿਹਾ”ਯਾਰ ਤੂੰ ਅਗਲੇ ਐਤਵਾਰ ਪਿੰਡ ਆ ਜਾ, ਉਹਦੇ ਮਾਂ-ਪਿਓ ਹੁਣ ਇਥੋਂ ਚੱਲੇ ਨੇ, ਤੈਨੂੰ ਯਾਦ ਕਰਦੇ ਸੀ।” ਸ਼ਿੰਦੇ ਨੇ ਅੱਗੇ ਦਸਦਿਆਂ ਕਿਹਾ। ਮੈਂ ਐਤਵਾਰ ਨੂੰ ਪਿੰਡ ਆ ਗਿਆ। ਜਾਂਦਿਆਂ ਹੀ ਮੈਂ ਘਰ ਸਮਾਨ ਰੱਖ ਕੇ ਜੱਗੇ ਕੇ ਘਰ ਪਹੁੰਚ ਗਿਆ। “ਆ ਵੇ ਰਾਜੂ, ਸਾਨੂੰ ਰਾਣੀ ਕਲਮੁੰਹੀਂ ਨੇ ਤਾਂ ਉਜਾੜ ਕੇ ਰੱਖਤਾ। ਦੱਸ ਅਸੀਂ ਕਿਸੇ ਨੂੰ ਕੀ ਮੂੰਹ ਦਿਖਾਵਾਂਗੇ। ਸਾਨੂੰ ਉਹਨੇ ਜ਼ਰਾ ਵੀ ਭਿਣਕ ਨਾ ਲੱਗਣ ਦਿੱਤੀ। ਸਾਨੂੰ ਪਹਿਲਾਂ ਦੱਸਦੀ ਤਾਂ ਸ਼ਾਇਦ ਅਸੀਂ ਇਸ ਰਿਸ਼ਤੇ ਨੂੰ ਕਬੂਲ ਵੀ ਕਰ ਲੈਂਦੇ।” ਚਾਚੀ ਨੇ ਰੋਂਦਿਆਂ ਕਿਹਾ। “ਚਾਚੀ ਤੁਸੀਂ ਹੁਣ ਕਿੱਥੇ ਜਾ ਰਹੇ ਹੋ, ਰਹੋ ਨਾ ਇਸੇ ਪਿੰਡ। ਅਸੀਂ ਤੁਹਾਡੇ ਨਾਲ ਹੀ ਹਾਂ। ਮੈਂ ਭਰੋਸਾ ਦਿਵਾਉਂਦਿਆਂ ਕਿਹਾ। “ਨਹੀਂ ਪੁੱਤਰਾ ਹੁਣ ਇਥੇ ਰਹਿ ਕੇ ਅਸੀਂ ਕੀ ਕਰਨਾ, ਇਸੇ ਥਾਂ ‘ਤੇ ਸਾਡਾ ਇਕ ਵੀ ਦਿਨ ਗੁਜ਼ਰਨਾ ਔਖਾ, ਕਿਧਰੇ ਹੋਰ ਜਾਵਾਂਗੇ ਤਾਂ ਸਾਨੂੰ ਜੱਗੇ ਦੀ . ਯਾਦ ਤੋਂ ਕੁਝ ਤਾਂ ਛੁਟਕਾਰਾ ਮਿਲੇਗਾ।” “ਨਹੀਂ ਚਾਚੀ, ਪਿਆਰਿਆਂ ਦੀ ਯਾਦ ਤਾਂ ਹਮੇਸ਼ਾ ਨਾਲ ਰਹਿੰਦੀ ਹੈ। ਮੈਂ ਕਿਹਾ ਪਰ ਇੰਨੇ ਨੂੰ ਚਾਚੇ ਨੇ ਚਾਚੀ ਨੂੰ ਆਵਾਜ਼ ਦਿੱਤੀ, “ਜਲਦੀ ਕਰ, ਹੁਣ ਚਲੀਏ।
ਘਰ ਦੇ ਲੋੜ ਦਾ ਸਮਾਨ ਤਾਂ ਪਹਿਲਾਂ ਹੀ ਟਰੱਕ ‘ਤੇ ਲੋਡ ਕੀਤਾ ਹੋਇਆ ਸੀ। ਉਸੇ ਵਕਤ ਪਤਾ ਨਹੀਂ ਚਾਚੀ ਨੂੰ ਕੀ ਸੁੱਝਿਆ, ਉਹਨੇ ਇਕ ਕਹੀ ਚੁੱਕ ਲਿਆਂਦੀ ਤੇ ਮੇਰੇ ਹੱਥਾਂ ਵਿਚ ਫੜਾਉਂਦਿਆਂ ਕਿਹਾ, “ਪੁੱਤ ਅਸੀਂ ਤਾਂ ਇਥੋਂ ਜਾ ਰਹੇ ਹਾਂ ਪਰ ਤੂੰ ਇੰਝ ਕਰ ਆਹ ਰਾਤ ਦੀ ਰਾਣੀ ਦਾ ਬੂਟਾ | ਆਪਣੇ ਘਰ ਪੁੱਟ ਕੇ ਆਪਣੇ ਘਰ ਲੈ ਜਾ, ਕਦੇ ਅਸੀਂ ਆਵਾਂਗੇ ਤਾਂ ਤੁਹਾਡੀ ਇਸ ਬੁਟੇ ਨਾਲ ਪਈ ਸਾਂਝ ਨੂੰ ਤਾਂ ਵੇਖ ਲਿਆ ਕਰਾਂਗੇ।”
ਮੈਂ ਕਹੀ ਦੇ ਦਸਤੇ ਨੂੰ ਪਕੜਦਿਆਂ ਕਦੇ ਚਾਚੀ ਤੇ ਕਦੇ ਉਸ ਰਾਤ ਦੀ ਰਾਣੀ ਦੀਆਂ ਵੱਡੀਆਂ ਹੋ ਕੇ ਫੈਲ ਚੁੱਕੀਆਂ ਟਾਹਣੀਆਂ ਤੇ ਹੇਠਾਂ ਉੱਗੇ ਅਨੇਕਾਂ |
ਪੌਦਿਆਂ ਨੂੰ ਵੇਖ ਰਿਹਾ ਸਾਂ ਤੇ ਸੋਚ ਰਿਹਾ ਸਾਂ ਕਿ ਚਾਚੀ ਹੁਣ ਸਾਡੇ ਪਿੰਡ ਨਾਲ ਸਾਂਝ ਤਾਂ ਤੋੜ ਰਹੀ ਹੈ ਪਰ ਇਸ ਬੂਟੇ ਰਾਹੀਂ ਮੇਰੇ ਨਾਲ ਹਮੇਸ਼ਾ ਸਾਂਝ ਬਣਾਈ ਰੱਖਣ ਦਾ ਯਤਨ ਕਰ ਰਹੀ ਏ। “ਚੰਗਾ ਪੁੱਤਰਾ ਤੂੰ ਵਸਦਾ ਰਹਿ, ਤੈਨੂੰ ਅਸੀਂ ਕਦੇ-ਕਦਾਈਂ ਜ਼ਰੂਰ ਮਿਲਣ ਆਵਾਂ ਕਰਾਂਗੇ। ਤੇਰੇ ਵਿਚ ਮੈਨੂੰ ਆਪਣਾ ਜੱਗਾ ਦਿਸਦਾ ਏ। ਚਾਚੀ ਨੇ ਮੇਰੇ ਸਿਰ ‘ਤੇ ਹੱਥ ਫੇਰਿਆ ਤੇ ਖੜੇ ਟਰੱਕ ਵੱਲ ਨੂੰ ਤੁਰ ਪਈ।