ਲਾਲਚੀ ਕੁੱਤਾ
Lalchi Kutta
ਇਕ ਵਾਰ ਇਕ ਕੁੱਤਾ ਮੰਹ ਵਿਚ 3-4 ਰੋਟੀਆਂ ਪਾਈ ਬੜੀ ਤੇਜ਼ ਪਿੰਡੋਂ ਬਾਹਰ ਵੱਲ ਨੂੰ ਦੌੜੀ ਜਾ ਰਿਹਾ ਸੀ | ਉਸ ਵੱਲ ਦੇਖ ਕੇ ਤਾਂ ਇਵੇਂ ਲਗਦਾ ਸੀ ਜਿਵੇਂ ਕੋਈ ਉਸ ਦੇ ਮਗਰ ਪਿਆ ਹੋਵੇ | ਜਾਂ ਤਾਂ ਉਸ ਦੇ ਪਿੱਛੇ ਉਸ ਦੇ ਆਪਣੇ ਹੀ ਸਾਥੀ ਦੌੜ ਰਹੇ ਸਨ, ਜੋ ਉਸ ਦੇ ਮੂੰਹ ਵਿਚਲੀਆਂ ਰੋਟੀਆਂ | ਖੋਹ ਲੈਣੀਆਂ ਚਾਹੁੰਦੇ ਸਨ ਜਾਂ ਫਿਰ ਉਸ ਘਰ ਦੀ ਕੋਈ ਸਵਾਣੀ ਜਿਸ ਦੀ ਚੰਗੇਰ ‘ਚੋਂ ਉਹ ਅੱਖ ਬਚਾਅ ਕੇ ਰੋਟੀਆਂ ਚੁੱਕ ਲਿਆਇਆ ਸੀ। ਹੁਣ ਉਹ ਪਿੰਡ ਤੋਂ ਕਾਫੀ ਦੂਰ ਆ ਚੁੱਕਾ ਸੀ ਤੇ ਬੜੀ ਹੌਲੀ-ਹੌਲੀ ਇਧਰ-ਉਧਰ ਘੁੰਮ ਰਿਹਾ ਸੀ, ਤਾਂ ਜੋ ਕੋਈ ਚੰਗੀ ਜਿਹੀ ਥਾਂ ਲੱਭ ਕੇ ਪਹਿਲਾਂ ਥੋੜਾ ਆਰਾਮ ਕਰੇਗਾ ਤੇ ਫਿਰ ਪੇਟ ਪੂਜਾ, ਕਿਉਂਕਿ ਏਨੀ ਤੇਜ਼ ਦੌੜ ਕੇ ਉਹ ਥੱਕ ਵੀ ਚੁੱਕਾ ਸੀ ਤੇ ਉਸ ਦੀ ਭੁੱਖ ਵੀ ਖੂਬ ਚਮਕ ਪਈ ਸੀ।
ਘੁੰਮਦਾ-ਘੁੰਮਦਾ ਉਹ ਪਿੰਡੋਂ ਬਾਹਰ ਵਗ ਰਹੀ ਨਹਿਰ ਕੋਲ ਪਹੁੰਚ ਗਿਆ | ਜਦ ਉਹ ਨਹਿਰ ਦੇ ਪੁਲ ਉੱਪਰ ਲੰਘਣ ਲੱਗਾ ਤਾਂ ਉਸ ਦੀ ਨਜ਼ਰ | ਪੁਲ ਤੋਂ ਹੇਠਾਂ ਨਹਿਰ ਦੇ ਪਾਣੀ ਵੱਲ ਗਈ ਤਾਂ ਉਸ ਨੂੰ ਨਹਿਰ ਦੇ ਪਾਣੀ ਵਿਚ ਇਕ ਹੋਰ ਕੁੱਤਾ ਮੰਹ ਵਿਚ ਰੋਟੀਆਂ ਪਾਈ ਖੜਾ ਦਿਖਾਈ ਦਿੱਤਾ ।
ਕੁੱਤੇ ਦੇ ਚਿਹਰੇ ‘ਤੇ ਮੁਸਕਰਾਹਟ ਆ ਗਈ, ਸ਼ਾਇਦ ਨਹਿਰ ਦੇ ਠੰਢੇ ਪਾਣੀ ਬਾਰੇ ਸੋਚ ਕੇ ਕਿ ਚਲੋ ਰੋਟੀ ਖਾਣ ਤੋਂ ਬਾਅਦ ਨਹਾ ਵੀ ਲਵੇਗਾ ਜਾਂ . | ਸ਼ਾਇਦ ਨਹਿਰ ਦੇ ਪਾਣੀ ਵਿਚ ਖੜੇ ਉਸ ਕੁੱਤੇ ਬਾਰੇ ਸੋਚ ਕੇ ਜਿਸ ਦੇ ਮੂੰਹ ਵਿਚ ਵੀ ਉਸ ਵਾਂਗ 3-4 ਰੋਟੀਆਂ ਸਨ ਕਿ ਚਲੋ ਉਸ ਕੁੱਤੇ ਦੀਆਂ ਰੋਟੀਆਂ ਵੀ ਉਹ ਖੋਹ ਕੇ ਖਾ ਲਵੇਗਾ | ਪਰ ਨਹੀਂ, ਉਸ ਦੇ ਮਨ ਵਿਚਲੀ ਕਿਸੇ ਹੋਰ ਗੱਲ ਨੇ ਉਸ ਦੇ ਚਿਹਰੇ ‘ਤੇ ਮੁਸਕਰਾਹਟ ਲੈ ਆਂਦੀ ਸੀ | ਪੁਲ ਤੋਂ ਲੰਘਦਾ ਉਹ ਸੋਚ ਰਿਹਾ ਸੀ ਕਿ ਕਿਵੇਂ ਸਦੀਆਂ ਤੋਂ ਮਨੁੱਖ ਪੀੜ੍ਹੀ-ਦਰ-ਪੀੜੀ ਉਸ ਦੇ ਵੱਡੇ-ਵਡੇਰਿਆਂ ਬਾਰੇ ਲਾਲਚੀ ਤੇ ਬੇਵਕੂਫ ਹੋਣ ਦੇ ਕਿੱਸੇ , ਬਣਾਈ ਬੈਠਾ ਸੀ, ਜਿਹੜਾ ਕਿ ਬਿਲਕੁਲ ਗ਼ਲਤ ਏ, ਕਿਉਂਕਿ ਉਹ ਜਾਣਦਾ ਸੀ ਕਿ ਖੁਦ ਮਨੁੱਖ ਵੀ ਇਸ ਸਚਾਈ ਤੋਂ ਜਾਣੂ ਹੈ ਕਿ ਦੁਨੀਆ ਦਾ ਕੋਈ ਵੀ ਜਾਨਵਰ ਚਾਹੇ ਉਹ ਕਿੰਨਾ ਵੀ ਭੁੱਖਾ ਤੇ ਲਾਲਚੀ ਹੀ ਕਿਉਂ ਨਾ ਹੋਵੇ, ਕਦੇ ਵੀ ਪਾਣੀ ਵਿਚਲੇ ਦਿਸਦੇ ਆਪਣੇ ਹੀ ਪ੍ਰਛਾਵੇਂ ‘ਤੇ ਗੁੱਸਾ ਨਹੀਂ । ਕਰਦਾ | ਨਹੀਂ ਤਾਂ ਪਾਣੀ ਪੀਂਦੇ ਸਮੇਂ ਹਰ ਜਾਨਵਰ ਆਪਣੇ ਹੀ ਪ੍ਰਛਾਵੇਂ ਤੋਂ ਡਰ ਜਾਂਦਾ ਤੇ ਕਦੇ ਪਾਣੀ ਤੱਕ ਨਹੀਂ ਸੀ ਪੀ ਸਕਦਾ | ਇਹ ਸਭ ਗੱਲਾਂ ਸੋਚਦਾ-ਸੋਚਦਾ ਕੁੱਤਾ ਪੁਲ ਪਾਰ ਕਰ ਗਿਆ | ਖਾਣ-ਪੀਣ ਤੋਂ ਵਿਹਲਾ ਹੋ ਕੇ ਕੁਝ ਦੇਰ ਕੁੱਤੇ ਨੇ ਆਰਾਮ ਕੀਤਾ ਤੇ ਫਿਰ ਪਿੰਡ ਵੱਲ ਨੂੰ ਚੱਲ ਪਿਆ |