ਕਾਂ ਅਤੇ ਲੂੰਬੜੀ
Ka ate Lombdi
ਕਹਾਣੀ ਹੈ ਕਿ ਇੱਕ ਕਾਂ ਦੇ ਹੱਥ ਇਕ ਪਨੀਰ ਦਾ ਟੁੱਕੜਾ ਲੱਗਾ ਤਾਂ ਉਹ ਚਾਈਂ ਚਾਈਂ ਲੈ ਕੇ ਰੁੱਖ ਉਪਰ ਜਾ ਬੈਠਾ। ਇਸ ਸਭ ਕੁਝ ਨੂੰ ਇਕ ਲੂੰਬੜੀ ਤਾੜ ਰਹੀ ਸੀ। ਉਸ ਪਨੀਰ ਦਾ ਟੁੱਕੜਾ ਖੋਹਣ ਦੀ ਤਰਕੀਬ ਸੋਚਦਿਆਂ ਰੁੱਖ ਹੇਠਾਂ ਜਾ, ਕਾਂ ਦੀ ਸਿਫਤ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਤੇਰੇ ਪੈਰ ਬੜੇ ਸੋਹਣੇ ਨੇ, ਤੇਰਾ ਪਿੰਡਾ ਲਿਸ਼ਕਾਂ ਪਿਆ ਮਾਰਦਾ ਹੈ, ਤੇਰੀ ਚੁੰਝ ਕਿੰਨੀ ਪਿਆਰੀ ਹੈ, ਤੇਰਾ ਉੱਡਣ ਦਾ ਅੰਦਾਜ ਕਿੰਨਾ ਖੂਬਸੂਰਤ ਹੈ, ਜਦ ਤੂੰ ਗਾਉਂਦਾ ਹੈਂ, ਹਵਾਵਾਂ ਵੀ ਸਾਹ ਰੋਕ ਲੈਂਦੀਆਂ ਹਨ।
ਕਾਂ ਪਾਟਣ ਵਾਲਾ ਹੋ ਗਿਆ। ਉਸ ਤੋਂ ਸਿਫਤ ਝੱਲੀ ਨਾਂ ਸੀ ਜਾਂਦੀ। ਉਹ ਹੋਰ ਚੌੜਾ ਹੋਈ ਜਾ ਰਿਹਾ ਸੀ ਤੇ ਲੂੰਬੜੀ ਨੇ ਜਦ ਵੇਖਿਆ ਕਿ ਲੋਹਾ ਗਰਮ ਹੈ, ਤਾਂ ਉਹ ਕਹਿਣ ਲਗੀ, ਕਿ ਕਾਂ ਭਰਾ ਤੇਰੀ ਹੀਰ ਸੁਣਿਆਂ ਸੱਦੀਆਂ ਬੀਤ ਗਈਆਂ, ਦਿਲ ਤਰਸ ਗਿਆ ਹੈ। ਵੇਖ ਮੌਸਮ ਕਿੰਨਾ ਪਿਆਰਾ ਹੈ, ਕਿਉਂ ਨਾ ਹੀਰ ਹੋ ਜਾਏ! ਹੋਣਾ ਕੀ ਸੀ! ਕਾਂ ਨੇ ਹੀਰ ਸੁਣਾਉਂਣ ਲਈ ਜਦ ਮੂੰਹ ਖੋਲਿਆ, ਤਾਂ ਪਨੀਰ ਦਾ ਟੁੱਕੜਾ ਹੇਠਾਂ ਆ ਗਿਆ ਲੂੰਬੜੀ | ਪਹਿਲਾਂ ਹੀ ਦਾਅ ‘ਤੇ ਸੀ। ਕਾਂ ਨੂੰ ਹੁਣ ਸਮਝ ਆਈ ਕਿ ਲੂੰਬੜੀ ਦਾ ਮੱਤਲਬ ਤਾਂ ਖੋਹ-ਮਾਈ ਸੀ।