ਤੁਹਾਡੇ ਮਿੱਤਰ ਨੇ ਪ੍ਰੀਖਿਆ ਵਿਚ ਫੇਲ ਹੋ ਜਾਣ ਕਾਰਨ ਪੜ੍ਹਾਈ ਛੱਡ ਦੇਣ ਦਾ ਮਨ ਬਣਾ ਲਿਆ ਹੈ। ਉਸ ਨੂੰ ਚਿੱਠੀ ਰਾਹੀਂ ਹੌਸਲਾ ਦਿੰਦਿਆਂ ਹੋਇਆਂ ਪੜਾਈ ਜਾਰੀ ਰੱਖਣ ਲਈ ਪ੍ਰੇ।
ਪ੍ਰੀਖਿਆ ਭਵਨ,
ਸ਼ਹਿਰ ।
2 ਜਨਵਰੀ, 20…..
ਪਿਆਰੇ ਰਜਿੰਦਰ,
ਸਤਿ ਸ੍ਰੀ ਅਕਾਲ !
ਮੈਨੂੰ ਅੱਜ ਹੀ ਤੁਹਾਡੀ ਮਾਤਾ ਜੀ ਦਾ ਪੱਤਰ ਮਿਲਿਆ ਅਤੇ ਇਹ ਜਾਣ ਕੇ ਬਹੁਤ ਹੀ ਅਫ਼ਸੋਸ ਹੋਇਆ ਕਿ ਤੂੰ ਇਸ ਸਾਲ ਸਾਲਾਨਾ ਪ੍ਰੀਖਿਆ ਵਿਚ ਫੇਲ੍ਹ ਹੋ ਗਿਆ ਹੈ। ਮੈਨੂੰ ਤਾਂ ਇਸ ਦਾ ਚੇਤਾ ਵੀ ਨਹੀਂ ਸੀ ਕਿ ਤੂੰ ਇਸ ਵਾਰ ਫੇਲ੍ਹ ਹੋ ਜਾਵੇਗਾ ਪਰ ਜ਼ਿਆਦਾ ਦੁੱਖ ਉਦੋਂ ਹੋਇਆ ਜਦੋਂ ਮੈਂ ਇਹ ਪੜਿਆ ਕਿ ਤੂੰ ਪੜਾਈ ਛੱਡਣ ਦਾ ਮਨ ਬਣਾ ਲਿਆ ਹੈ।
ਪਿਆਰੇ ਰਜਿੰਦਰ ! ਜੀਵਨ ਵਿਚ ਵਾਪਰੀ ਇਸ ਨਿੱਕੀ ਜਿਹੀ ਅਸਫਲਤਾ ਉੱਤੇ ਘਬਰਾਉਣ ਦੀ ਕਿਹੜੀ ਗੱਲ ਹੈ, ਜੀਵਨ ਇਕ ਸੰਘਰਸ਼ ਹੈ। ਇਸ ਸੰਘਰਸ਼ ਵਿਚ ਸਫਲਤਾ ਅਤੇ ਅਸਫਲਤਾ ਨੂੰ ਦੋਹਾਂ ਦਾ ਪੈਰ-ਪੈਰ ਤੇ ਤੱਕਣਾ ਪੈਂਦਾ ਹੈ। ਕਈ ਵਾਰੀ ਅਸੀਂ ਆਪਣੇ ਜੀਵਨ ਦੀ ਖੇਡ ਨੂੰ ਠੀਕ ਤਰ੍ਹਾਂ ਨਾਲ ਪ੍ਰਦਰਸ਼ਿਤ ਨਹੀਂ ਕਰ ਸਕਦੇ। ਅਜਿਹੀ ਅਵਸਥਾ ਵਿਚ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਡੀ ਮਿਹਨਤ ਬੇਕਾਰ ਹੀ ਚਲੀ ਗਈ ਹੈ। ਸਗੋਂ ਸਾਨੂੰ ਨਿਰਾਸ਼ਾਵਾਦੀ ਬਣਨ ਦੀ ਥਾਂ ਉਹਨਾਂ ਕਮੀਆਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ, ਜਿਨ੍ਹਾਂ ਕਾਰਨ ਸਾਡੀ ਅਸਫਲਤਾ ਹੋਈ ਹੈ। ਇਸ ਲਈ ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।
ਫੇਲ ਹੋਣ ਕਰਕੇ ਦਿਲ ਨਹੀਂ ਛੱਡ ਦੇਣਾ ਚਾਹੀਦਾ ਕਿਉਂਕਿ ਸਾਡੀ ਸਿੱਖਿਆ ਪ੍ਰਣਾਲੀ ਬੜੀ ਨਾਕਸ ਹੈ। ਕਿਉਂਕਿ ਤਿੰਨ ਘੰਟਿਆਂ ਵਿਚ ਕਿਸੇ ਦੀ ਬੁੱਧੀ ਦਾ ਪਰੀਖਣ ਨਹੀਂ ਹੋ ਸਕਦਾ। ਕਈ ਹੁਸ਼ਿਆਰ ਵਿਦਿਆਰਥੀ ਇਸੇ ਕਾਰਨ ਪ੍ਰੀਖਿਆ ਵਿਚ ਘੱਟ ਨੰਬਰ ਲੈਂਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਨਾਲਾਇਕ ਹੋ ਗਏ ਹਨ। ਇਸ ਲਈ ਅਜਿਹੀਆਂ ਅਸਫਲਤਾਵਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ। ਇਹ ਤਾਂ ਸਗੋਂ ਆਉਣ ਵਾਲੇ ਸਮੇਂ ਲਈ ਸੁੱਖਾਵੀਂ ਚੇਤਾਵਨੀ ਦੀਆਂ ਸੂਚਕ ਹੁੰਦੀਆਂ ਹਨ। ਇਸ ਲਈ ਪੜਾਈ ਵੱਲੋਂ ਦੇਰੀ ਨਾ ਢਾਹੋ। ਹੁਣ ਤੋਂ ਹੀ ਪੜ੍ਹਾਈ ਵਿਚ ਜੁੱਟ ਜਾਓ ਅਤੇ ਪੂਰੇ ਸਾਲ ਤਕ ਮਿਹਨਤ ਕਰੋ।
ਮੈਨੂੰ ਆਸ ਹੈ ਕਿ ਅਗਲੇ ਸਾਲ ਪ੍ਰੀਖਿਆ ਵਿਚ ਨਾ ਕੇਵਲ ਸਫਲਤਾ ਹੀ ਤੇਰੇ ਦਰ ਤੇ ਦਸਤਕ ਦੇਵੇਗੀ, ਸਗੋਂ ਤੂੰ ਚੰਗੇ ਨੰਬਰ ਪ੍ਰਾਪਤ ਕਰਕੇ ਸਾਰਿਆਂ ਦੀਆਂ ਖ਼ੁਸ਼ੀਆਂ ਜਿੱਤੇਗਾ।
ਮੇਰੇ ਵੱਲੋਂ ਵੱਡਿਆਂ ਨੂੰ ਚਰਨ ਬੰਦਨਾ।
ਤੇਰਾ ਮਿੱਤਰ,
ਮਨਜੀਤ।