ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ ਲਿਖੋ, ਜਿਸ ਵਿਚ ਆਪਣੇ ਆਲੇ-ਦੁਆਲੇ ਵਿਚ ਨਿਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਅਤੇ ਮਿਲਾਵਟ ਕਰਨ ਬਾਰੇ ਦੱਸਿਆ ਹੋਵੇ।
ਸੇਵਾ ਵਿਖੇ
ਸੰਪਾਦਕ, ਰੋਜ਼ਾਨਾ ਜੱਗ ਬਾਣੀ,
ਜਲੰਧਰ |
ਸ੍ਰੀਮਾਨ ਜੀ,
ਮੈਂ ਆਪਣੇ ਇਸ ਪੱਤਰ ਰਾਹੀਂ ਆਮ ਇਸਤੇਮਾਲ ਦੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਉਹਨਾਂ ਵਿਚ ਮਿਲਾਵਟ ਕਰਨ ਵਿਰੁੱਧ ਸਰਕਾਰ ਅਤੇ ਲੋਕਾਂ ਦਾ ਧਿਆਨ ਦੁਆਉਣਾ ਚਾਹੁੰਦਾ ਹਾਂ। ਅੱਜ ਕੱਲ ਹਰ ਚੀਜ਼ ਦੀ ਕੀਮਤ ਹਰ ਰੋਜ਼ ਵਾਧੇ ਤੇ ਹੈ। ਜਿਹੜੀ ਚੀਜ਼ ਦਾ ਮੁੱਲ ਅੱਜ ਦੋ ਰੁਪਏ ਕਿਲੋ ਹੈ, ਕੱਲ ਨੂੰ ਉਹ ਤਿੰਨ ਰੁਪਏ ਹੋ ਜਾਂਦੀ ਹੈ। ਇਸ ਮਹਿੰਗਾਈ ਦੇ ਦੌਰ ਵਿਚ ਗਰੀਬ ਤਾਂ ਇਕ ਪਾਸੇ ਦਰਮਿਆਨੇ ਤਬਕੇ ਦੇ ਲੋਕਾਂ ਲਈ ਵੀ ਆਪਣੀਆਂ ਨਿਤ ਵਰਤੋਂ ਦੀਆਂ ਚੀਜ਼ਾਂ ਖਰੀਦਣੀਆਂ ਔਖੀਆਂ ਹੀ ਨਹੀਂ, ਸਗੋਂ ਅਸੰਭਵ ਹੋ ਚੁੱਕੀਆਂ ਹਨ। ਚੋਰ ਬਾਜ਼ਾਰੀ ਅਤੇ ਚੀਜ਼ਾਂ ਦੀ ਜਮਾਂਖੋਰੀ, ਇਸ ਵੱਧ ਰਹੀ ਮਹਿੰਗਾਈ ਦੇ ਮੁੱਖ ਕਾਰਨ ਹਨ। ਇਸ ਮਹਿੰਗਾਈ ਨੇ ਲੋਕਾਂ ਦਾ ਬੁਰੀ ਤਰ੍ਹਾਂ ਕਚੂੰਮਰ ਕੱਢਿਆ ਹੋਇਆ ਹੈ। ਦੇਸ਼ ਦੀ ਆਰਥਿਕਤਾ ਨੂੰ ਠੇਸ ਪਹੁੰਚ ਰਹੀ ਹੈ। ਸਰਕਾਰ ਨੂੰ ਇਸ ਵੱਧ ਰਹੀ ਮਹਿੰਗਾਈ ਨੂੰ ਠਲ੍ਹ ਪਾਉਣ ਲਈ ਲੋੜੀਂਦੇ ਕਦਮ ਪੁੱਟਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਖਾਣ-ਪੀਣ ਵਾਲੀਆਂ ਵਸਤਾਂ ਬਾਜ਼ਾਰ ਵਿਚ ਵੱਧ ਤੋਂ ਵੱਧ ਕੀਮਤ `ਤੇ ਹੀ ਨਹੀਂ ਵਿਕਦੀਆਂ, ਸਗੋਂ ਇਹਨਾਂ ਦੇ ਅਸਲੀ ਹੋਣ ‘ਤੇ ਵੀ ਸਦਾ ਸ਼ੱਕ ਰਹਿੰਦਾ ਹੈ। ਹਰ ਖਾਦ ਪਦਾਰਥ, ਦਵਾਈਆਂ ਆਦਿ ਵਿਚ ਜ਼ਿਆਦਾ ਤੋਂ ਜ਼ਿਆਦਾ ਮਿਲਾਵਟ ਕੀਤੀ ਜਾਂਦੀ ਹੈ।
ਕਲ਼ ਦੀ ਹੀ ਗੱਲ ਹੈ, ਅਸੀਂ ਕੁਝ ਖਾਣ-ਪਕਾਉਣ ਵਾਲੀਆਂ ਚੀਜ਼ਾਂ ਬਾਜ਼ਾਰੋਂ ਖਰੀਦ ਕੇ ਲਿਆਏ। ਘਰ ਆ ਕੇ ਦੇਖਿਆ ਕਿ ਮੂੰਗੀ ਦੀ ਦਾਲ ਵਿਚ ਮੋਠ ਮਿਲਾਏ ਹੋਏ ਹਨ। ਹਲਦੀ ਵਿਚ ਪਤਾ ਨਹੀਂ ਕੀ ਪੀਸਿਆ ਹੋਇਆ ਸੀ ਕਿ ਦਾਲ-ਭਾਜੀ ਵਿਚ ਆਮ ਵਾਂਗ ਰੰਗਤ ਹੀ ਨਹੀਂ ਦਿੱਸਦੀ ਸੀ। ਘਿਓ ਵਿਚ ਚਰਬੀ ਅਤੇ ਗਰੀਸ ਮਿਲਾਈ ਹੋਈ ਸੀ।
ਮੇਰਾ ਸੁਝਾਅ ਹੈ ਕਿ ਸੰਬੰਧਿਤ ਅਧਿਕਾਰੀ ਕਦੇ-ਕਦਾਈਂ ਇਹਨਾਂ ਦੁਕਾਨਾਂ ‘ਤੇ ਛਾਪੇ ਮਾਰ ਕੇ ਵਸਤੂਆਂ ਦੇ ਨਮੂਨੇ ਭਰ ਕੇ ਲੈ ਜਾਣ ਅਤੇ ਦੋਸ਼ੀਆਂ ਨੂੰ ਕਿਸੇ ਕੀਮਤ ਉੱਤੇ ਵੀ ਛੱਡਿਆ ਨਾ ਜਾਵੇ ਸਗੋਂ ਕਰੜੀ ਸਜ਼ਾ ਦਿੱਤੀ ਜਾਵੇ। ਮੈਨੂੰ ਆਸ ਹੈ ਕਿ ਆਪ ਉਪਰੋਕਤ ਵਿਚਾਰਾਂ ਨੂੰ ਆਪਣੇ ਰੋਜ਼ਾਨਾ ਪਰਚੇ ਵਿਚ ਛਾਪ ਕੇ ਲੋਕਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਨ ਵਿਚ ਹਿੱਸਾ ਪਾਉਗੇ।
ਆਪ ਦਾ ਸ਼ੁਭਚਿੰਤਕ,
ਗੁਰਪ੍ਰੀਤ ਸਿੰਘ,
ਡੀ.ਐਸ.ਡੀ.ਡੀ. ਸੀਨੀ. ਸੈਕੰ. ਸਕੂਲ,
ਪਟਿਆਲਾ।