ਤੁਹਾਡੇ ਇਲਾਕੇ ਵਿੱਚ ਗੁੰਡਾਗਰਦੀ ਕਾਫ਼ੀ ਵੱਧ ਗਈ ਹੈ। ਆਪਣੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੂੰ ਇਸ ’ਤੇ ਕਾਬੂ ਪਾਉਣ ਲਈ ਬੇਨਤੀ ਪੱਤਰ ਲਿਖੋ।
ਮਿਤੀ
ਸੇਵਾ ਵਿਖੇ,
ਸ੍ਰੀਮਾਨ ਪੁਲਿਸ ਕਪਤਾਨ ਸਾਹਿਬ,
ਨਵਾਂਸ਼ਹਿਰ ।
ਸ੍ਰੀਮਾਨ ਜੀ,
ਵਿਸ਼ਾ– ਇਲਾਕੇ ਵਿੱਚ ਫੈਲ ਰਹੀ ਗੁੰਡਾਗਰਦੀ ਦੀ ਰੋਕ–ਥਾਮ
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਮੁਹੱਲਾ ਸੁਭਾਸ਼ ਨਗਰ ਦਾ ਨਿਵਾਸੀ ਹਾਂ। ਮੈਂ ਇਸ ਪੱਤਰ ਰਾਹੀਂ ਆਪ ਦਾ ਧਿਆਨ ਇਸ ਮੁਹੱਲੇ ਵਿੱਚ ਅਤੇ ਆਲੇਦੁਆਲੇ ਦੀ ਵੱਧ ਰਹੀ ਗੁੰਡਾਗਰਦੀ ਵੱਲ ਦਿਵਾਉਣਾ ਚਾਹੁੰਦਾ ਹਾਂ।
ਇਸ ਇਲਾਕੇ ਵਿੱਚ ਗੁੰਡਾ ਰਾਜ ਇੰਨਾ ਫੈਲ ਚੁੱਕਾ ਹੈ ਕਿ ਸ਼ਰੀਫ ਆਦਮੀਆਂ ਦਾ ਰਹਿਣਾ ਮੁਸ਼ਕਲ ਹੋ ਗਿਆਹੈ। ਕੁਝ ਵਿਗੜੇ ਹੋਏ ਮੁੰਡੇ ਹਰ ਸਮੇਂ ਗਲੀਆਂ ਦੀ ਮੋੜ ਤੇ ਖੜੇ ਰਹਿੰਦੇ ਹਨ ਤੇ ਆਉਂਦੀਆਂ-ਜਾਂਦੀਆਂ ਧੀਆਂ-ਭੈਣਾਂ ਨੂੰ ਛੇੜਦੇ ਹਨ। ਮੁਹੱਲੇ ਦੀਆਂ ਲੜਕੀਆਂ ਦਾ ਸਕੂਲ-ਕਾਲਜ ਤੱਕ ਜਾਣਾ ਔਖਾ ਹੋ ਗਿਆ ਹੈ। ਮੁਹੱਲੇ ਦੀਆਂ ਔਰਤਾਂ ਤੇ ਲੜਕੀਆਂ ਘਰ ਇਕੱਲੀਆਂ ਰਹਿਣ ਤੋਂ ਵੀ ਡਰਦੀਆਂ ਹਨ। ਜੇ ਕੋਈ ਉਹਨਾਂ ਨੂੰ ਸਮਝਾਉਣਾ ਚਾਹੇ ਤਾਂ ਉਸ ਨੂੰ ਕੁੱਟਣਮਾਰਨ ਲੱਗ ਪੈਂਦੇ ਹਨ। ਕਈ ਤਾਂ ਸ਼ਰਾਬ ਪੀ ਕੇ ਗਲੀ ਦੀ ਮੋੜ ਤੇ ਖੜੇ ਹੋ ਜਾਂਦੇ ਹਨ ਤੇ ਗੰਦੀਆਂ-ਗੰਦੀਆਂ ਗਾਲਾਂ ਕੱਢਦੇ ਹਨ।
ਇਹਨਾਂ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਦੇ ਚੁਬਾਰਿਆਂ ਤੇ ਜੂਏ ਦੇ ਅੱਡੇ ਵੀ ਕਾਇਮ ਕੀਤੇ ਹੋਏ ਹਨ। ਮੁਹੱਲਾ ਨਿਵਾਸੀਆਂ ਦਾ ਇਹਨਾਂ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਲੋਕਾਂ ਨੂੰ ਧਮਕੀਆਂ ਦਿੰਦੇ ਹਨ ਕਿ ਜੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਤਾਂ ਸਾਰੇ ਮਾਰੇ ਜਾਓਗੇ। ਕੋਈ ਵੀ ਡਰਦਾ ਹੋਇਆ ਥਾਣੇ ਜਾਣ ਦੀ ਹਿੰਮਤ ਨਹੀਂ ਕਰਦਾ। ਲੱਗਦਾ ਹੈ ਕਿ ਕੁਝ ਪੁਲਿਸ ਕਰਮਚਾਰੀ ਵੀ ਉਹਨਾਂ ਦੇ ਨਾਲ ਮਿਲੇ ਹੋਏ ਹਨ।
ਅਸੀਂ ਸਾਰੇ ਇੰਨੇ ਤੰਗ ਆ ਗਏ ਹਾਂ ਕਿ ਇਹਨਾਂ ਤੋਂ ਕਿਵੇਂ ਛੁਟਕਾਰਾ ਪਾਈਏ। ਸਾਡੀ ਸਭ ਦੀ ਹਾਲਤ ਤਾਂ ਸੱਪ ਦੇ ਮੂੰਹ ਆਈ ਕੋਹੜ ਕਿਰਲੀ ਵਾਂਗ ਹੈ ਜੋ ਨਾ ਖਾ ਸਕਦਾ ਹੈ ਨਾਂ ਛੱਡ ਸਕਦਾ ਹੈ। ਇਹਨਾਂ ਸ਼ਰਾਰਤੀ ਅਨਸਰਾਂ ਨੂੰ। ਕਿਸੇ ਦਾ ਵੀ ਡਰ ਨਹੀਂ ਹੈ।
ਮੈਂ ਤੁਹਾਨੂੰ ਬੇਨਤੀ ਕਰਨ ਦੀ ਹਿੰਮਤ ਕਰ ਰਿਹਾ ਹਾਂ ਪਰ ਮੈਨੂੰ ਵੀ ਬਹੁਤ ਡਰ ਲੱਗ ਰਿਹਾ ਹੈ। ਇਸ ਲਈ ਮੈਂ ਆਪਣਾ ਨਾਂ ਨਹੀਂ ਲਿਖ ਰਿਹਾ ਹਾਂ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਲੋਕਾਂ ਦੀ ਇਸ ਬੇਚੈਨੀ ਦਾ ਖਿਆਲ ਕਰਦੇ ਹੋਏ ਯੋਗ ਕਾਰਵਾਈ ਕਰੋਗੇ। ਤੁਹਾਡੀ ਸਹਾਇਤਾ ਨਾਲ ਹੀ ਅਮਨ ਬਹਾਲੀ ਅਤੇ ਸੁੱਖ-ਸ਼ਾਂਤੀ ਦਾ ਵਾਤਾਵਰਣ ਪੈਦਾ ਹੋ ਸਕਦਾ ਹੈ। ਅਸੀਂ ਸਾਰੇ ਆਪ ਦੇ ਧੰਨਵਾਦੀ ਹੋਵਾਂਗੇ।
ਆਪ ਦਾ ਸ਼ੁਭ ਚਿੰਤਕ
ੳ ਅ ਏ
ਸੁਭਾਸ਼ ਨਗਰ
ਨਵਾਂ ਸ਼ਹਿਰ ।