ਆਪਣੇ ਮਿੱਤਰ ਨੂੰ ਇਕ ਪੱਤਰ ਲਿਖੋ ਜਿਸ ਵਿਚ ਹੜ੍ਹ ਮਾਰੇ ਇਲਾਕੇ ਨੂੰ ਵੇਖ ਕੇ ਮਨ ’ਤੇ ਕੀ ਅਸਰ ਹੋਇਆ ?
ਪ੍ਰੀਖਿਆ ਭਵਨ,
……….ਸ਼ਹਿਰ ।
12 ਮਾਰਚ, 2000
ਪਿਆਰੇ ਹਰਬੀਰ,
ਪਿਛਲੇ ਸਾਲ ਪੰਜਾਬ ਵਿਚ ਪਰਲੋਕਾਰੀ ਹੜ ਆਏ। ਇਹਨਾਂ ਹੜਾਂ ਨਾਲ ਬੇ-ਹਿਸਾਬਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਹੜ ਦੇ ਪਾਣੀ ਨਾਲ ਕਈ ਲੋਕਾਂ ਦੇ ਮਕਾਨ ਢਹਿ ਢੇਰੀ ਹੋ ਗਏ ਅਤੇ ਉਹ ਘਰੋਂ ਬੇਘਰ ਹੋ ਗਏ।
ਹੜ੍ਹ ਮਾਰੇ ਇਲਾਕਿਆਂ ਵਿਚ ਪਸ਼ੂਆਂ, ਬੰਦਿਆਂ ਅਤੇ ਜਾਨਵਰਾਂ ਦੇ ਮਰ ਜਾਣ ਨਾਲ ਬਦਬੂ ਅਤੇ ਸੜਾਂਦ ਫੈਲ ਗਈ। ਫਸਲਾਂ ਨਾਲ ਲਹਿ-ਲਹਿ ਕਰਦੇ ਖੇਤ ਹੜ ਦੇ ਪਾਣੀ ਨਾਲ ਮਲੀਆ ਮੇਟ ਹੋ ਗਏ। ਲੋਕ ਭੁੱਖੇ-ਭਾਣੇ ਖੇਤਾਂ ਦੀਆਂ ਵੱਟਾਂ ਅਤੇ ਉੱਚੀਆਂ ਥਾਵਾਂ ਉੱਤੇ ਨੀਲੀ-ਛੱਤਰੀ ਹੇਠ ਬੈਠ ਗਏ।
ਭੁੱਖ ਅਤੇ ਦੁੱਖ ਦੇ ਮਾਰੇ ਬੰਦੇ, ਤੀਵੀਆਂ ਅਤੇ ਬੱਚੇ ਭੁੱਖ ਅਤੇ ਪਿਆਸ ਨਾਲ ਮੂੰਹ ਅੱਡੀ ਹਰਲ-ਹਰਲ ਕਰਦੇ ਦਿਖਾਈ ਦਿੰਦੇ ਸਨ। ਜੇਕਰ ਕੋਈ ਸੰਸਥਾ ਜਾਂ ਕੋਈ ਸਰਕਾਰੀ ਸਹਾਇਤਾ ਉਹਨਾਂ ਨੂੰ ਟੈਂਪੂਆਂ ਅਤੇ ਫੋਰ-ਵੀਲਰਾਂ ਉੱਤੇ ਆਉਂਦੀ ਦਿਖਾਈ ਦਿੰਦੀ ਤਾਂ ਉਹ ਇਹਨਾਂ ਟੈਂਪੂਆਂ ਅਤੇ ਵਾਹਨਾਂ ਉੱਤੇ ਹੱਲਾ ਬੋਲ ਦਿੰਦੇ ਸਨ। ਉਹ ਇਕ ਦੂਜੇ ਤੋਂ ਖੋਹ-ਖਿੱਚੀ ਕਰਦੇ ਅਤੇ ਅੱਗੇ ਤੋਂ ਅੱਗੇ ਹੋ ਕੇ ਸਹਾਇਤਾ ਵਜੋਂ ਮਿਲਣ ਵਾਲੀ ਸ਼ੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ।
ਇਹ ਦ੍ਰਿਸ਼ ਬੜਾ ਹੀ ਭਿਆਨਕ, ਦਰਦਨਾਕ ਅਤੇ ਦਿਲ-ਕੰਬਾਊ ਸੀ। ਜਿਸ ਨੂੰ ਦੇਖ ਕੇ ਹਰ ਅੱਖ ਹੰਝੂ ਕੇਰਦੀ ਸੀ ਅਤੇ ਪੱਥਰ ਵੀ ਰੋ ਪੈਂਦੇ ਸਨ। ਇਸ ਦ੍ਰਿਸ਼ ਨੂੰ ਦੇਖ ਕੇ ਮੇਰੇ ਮਨ ਉੱਤੇ ਇੰਨਾ ਅਸਰ ਹੋਇਆ ਕਿ ਮੈਂ ਕਈ ਦਿਨ ਤੀਕ ਡੌਰ-ਭੌਰਿਆਂ ਵਾਂਗ ਫਿਰਦਾ ਰਿਹਾ ਅਤੇ ਮੇਰਾ ਮਨ ਬਹੁਤ ਉਦਾਸ ਰਿਹਾ। ਹਾਲੇ ਵੀ ਜਦੋਂ ਇਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆ ਜਾਂਦਾ ਹੈ ਤਾਂ ਦਿਲ ਕੰਬ ਉੱਠਦਾ ਹੈ।
ਤੇਰਾ ਪਿਆਰਾ ਮਿੱਤਰ ,
ਹਰਪ੍ਰੀਤ।