ਆਪਣੇ ਮਿੱਤਰ/ਸਹੇਲੀ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਆਪਣੇ ਕੋਲ ਆਉਣ ਲਈ ਸੱਦਾ-ਪੱਤਰ ਲਿਖੋ।
ਨਕੋਦਰ , ਜ਼ਿਲ੍ਹਾ ਜਲੰਧਰ।
30 ਅਪ੍ਰੈਲ, 20……
ਪਿਆਰੇ ਸੰਜੀਵ,
ਨਿੱਘੀਆਂ ਯਾਦਾਂ !
ਪਿਛਲੇ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਜਦੋਂ ਮੈਂ ਤੇਰੇ ਕੋਲ ਕੁਝ ਦਿਨਾਂ ਲਈ ਆਇਆ ਸੀ, ਤਾਂ ਤੂੰ ਉਦੋਂ ਮੇਰਾ ਪਿੰਡ ਵੇਖਣ ਦੀ ਇੱਛਾ ਜ਼ਾਹਰ ਕੀਤੀ ਸੀ। ਹੁਣ ਜਦੋਂ ਕਿ ਸਾਡਾ ਸਕੂਲ ਮਈ ਨੂੰ ਇਕ ਮਹੀਨੇ ਲਈ ਬੰਦ ਹੋ ਰਿਹਾ ਹੈ ਤਾਂ ਤੂੰ ਮੇਰੇ ਕੋਲ ਆਉਣ ਦੀ ਖੇਚਲ ਕਰਨੀ।
ਪਿਆਰੇ ਸੰਜੀਵ ! ਮੇਰਾ ਪਿੰਡ ਤੁਹਾਡੇ ਪਿੰਡ ਨਾਲੋਂ ਛੋਟਾ ਹੈ ਪਰੰਤੂ ਕੁਦਰਤ ਨੇ ਇਸ ਨੂੰ ਆਪਣੇ ਅਦਭੁਤ ਦ੍ਰਿਸ਼ਾਂ ਨਾਲ ਪੂਰੀ ਤਰ੍ਹਾਂ ਸ਼ਿੰਗਾਰਿਆ ਹੋਇਆ ਹੈ। ਪਿੰਡ ਦਾ ਆਲਾਦੁਆਲਾ ਬਨਸਪਤੀ ਦੀ ਭਿੰਨਤਾ ਨਾਲ ਲੈਅ-ਲੈਅ ਕਰਦਾ ਹੈ। ਇੱਥੇ ਸ਼ਹਿਰਾਂ ਵਰਗਾ ਰੁੱਸਿਆ-ਰੁੱਸਿਆ ਵਿਅਕਤੀਗਤ ਜੀਵਨ ਨਹੀਂ ਹੈ, ਸਗੋਂ ਇੱਥੋਂ ਦੇ ਲੋਕਾਂ ਦੇ ਨਿਰਛੱਲ ਸੁਭਾਅ ਸੰਤੁਸ਼ਟਤਾ ਦੇ ਸੂਚਕ ਹਨ। ਇਹ ਲੋਕ ਗੁਰੂਆਂ ਦੇ ਕਥਨ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ। ਇਹ ਲੋਕ ਹਰ ਦੁੱਖ-ਸੁੱਖ ਸਮੇਂ ਇਕ ਦੂਜੇ ਦੀ ਬਾਂਹ ਫੜ ਕੇ ਡੰਗੋਰੀ ਬਣਦੇ ਹਨ।
ਤੂੰ ਸ਼ਾਇਦ ਇਹ ਸੋਚ ਰਿਹਾ ਹੋਵੇਂ ਕਿ ਮੈਂ ਆਪਣੇ ਮੂੰਹ ਆਪ ਮੀਆਂ ਮਿੱਲੂ ਹੀ ਬਣੀ , ਜਾ ਰਿਹਾ ਹਾਂ। ਪਰ ਦੋਸਤ ! ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ। ਤੂੰ ਆ ਕੇ ਆਪ ਹੀ ਵੇਖ * ਲਵੀਂ ਕਿ ਪੇਂਡੂ ਜ਼ਿੰਦਗੀ, ਆਪਣੀ ਨਿੱਘੀ ਗੋਦ ਵਿਚ ਕਿਹੜੇ-ਕਿਹੜੇ ਗੁਣ ਲੁਕੋਈ ਬੈਠੀ ਹੈ। ਆਉਣ ਤੋਂ ਪਹਿਲਾਂ ਚਿੱਠੀ ਜ਼ਰੂਰ ਲਿਖ ਦੇਵੀਂ ਤਾਂ ਜੋ ਤੇਰੇ ਸਵਾਗਤ ਲਈ ਮੈਂ ਬੱਸ ਅੱਡੇ ‘ਤੇ ਪੁੱਜ ਸਕਾਂ। ਘਰ ਵਾਲੇ ਬੇਸਬਰੀ ਨਾਲ ਤੇਰੀ ਉਡੀਕ ਕਰ ਰਹੇ ਹਨ।
ਸਤਿ ਸ੍ਰੀ ਅਕਾਲ ।
ਤੇਰਾ ਆਪਣਾ,
ਦੀਪਕ।