ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਕ ਪੱਤਰ ਲਿਖੋ, ਜਿਸ ਵਿਚ ਆਪਣੇ ਇਲਾਕੇ ਦੇ ਹੜ੍ਹ ਪੀੜਤਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਲਿਖੋ।
ਸੇਵਾ ਵਿਖੇ
ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਲੁਧਿਆਣਾ।
ਵਿਸ਼ਾ-ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ।
ਸ੍ਰੀਮਾਨ ਜੀ,
ਮੈਂ ਆਪ ਜੀ ਦਾ ਧਿਆਨ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ (ਡਰੋਲੀ ਕਲਾਂ, ਕਾਲਰਾ ਆਦਿ) ਵੱਲ ਦੁਆਉਣਾ ਚਾਹੁੰਦਾ ਹਾਂ।
ਇਸ ਵਾਰ ਪਰਲੋਕਾਰੀ ਬਾਰਸ਼ਾਂ ਦੇ ਕਾਰਨ ਭਾਖੜਾ ਡੈਮ ਵਿਚ ਵਧੇਰੇ ਪਾਣੀ ਆ ਜਾਣ ਕਾਰਨ ਕਈ ਨਾਲਿਆਂ ਅਤੇ ਨਹਿਰਾਂ ਵਿਚ ਅਥਾਹ ਪਾਣੀ ਆ ਗਿਆ। ਜਿਸ ਕਾਰਨ ਨਹਿਰ ਪਾਣੀ ਦਾ ਜ਼ੋਰ ਨਾ ਸਹਿਣ ਕਰਦੀ ਹੋਈ ਥਾਂ-ਥਾਂ ਤੋਂ ਟੁੱਟ ਗਈ। ਪਾਸ਼ਟਾਂ ਦੇ ਕੋਲ ਜਿਹੜੇ ਚੋਅ ਉੱਪਰ ਸਾਈਵਿਨ ਸੀ, ਉਹ ਪਾਣੀ ਅੱਗੇ ਨਾ ਠਹਿਰ ਸਕਿਆ ਅਤੇ ਮਲੀਆਮੇਟ ਹੀ ਹੋ ਗਿਆ। ਇੰਝ ਹੀ ਡਰੋਲੀ ਕਲਾਂ ਵਾਲੇ ਚੋਅ ਦਾ ਪੁਲ ਵੀ ਪਾਣੀ ਦੀ ਮਾਰ ਅੱਗੇ ਰੁੜ ਗਿਆ। ਦੋਰਾਹੇ ਵਾਲੀ ਨਹਿਰ ਦਾ ਪਾਣੀ ਟੁੱਟ ਕੇ ਪਿੰਡਾਂ ਵਿਚ ਜਾ ਵੜਿਆ। ਪਾਣੀ ਨੇ ਸਾਰੇ ਪਿੰਡਾਂ ਵਿਚ ਬਹੁਤ ਤਬਾਹੀ ਕੀਤੀ। ਕੱਚੇ ਮਕਾਨ ਤਾਂ ਉੱਕਾ ਹੀ ਢਹਿ-ਢੇਰੀ ਹੋ ਗਏ। ਲਹਿ-ਲਹਿ ਕਰਦੀਆਂ ਫਸਲਾਂ ਦਾ ਨਾਮੋ-ਨਿਸ਼ਾਨ ਹੀ ਮਿੱਟ ਗਿਆ। ਪਸ਼ੂ ਵੀ ਪਾਣੀ ਵਿਚ ਰੁੜ ਗਏ। ਪਿੰਡਾਂ ਦੀਆਂ ਪੰਚਾਇਤਾਂ ਨੇ ਲੋਕਾਂ ਦੀ ਕੁਝ ਸਹਾਇਤਾ ਕੀਤੀ ਹੈ ਪਰ ਉਹ ਕੇਵਲ ਊਠ ਉੱਤੋਂ ਛਾਨਣੀ ਲਾਹੁਣ ਦੇ ਬਰਾਬਰ ਹੈ।
ਆਪ ਜੀ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਹੜ-ਪੀੜਤਾਂ ਦੀ ਤੁਰੰਤ ਮਾਲੀ ਸਹਾਇਤਾ ਕੀਤੀ ਜਾਵੇ। ਇਸ ਦੇ ਨਾਲ-ਨਾਲ ਹੀ ਹਰ ਘਰ ਨੂੰ ਅੱਗੋਂ ਬੀਜ ਬੀਜਣ ਲਈ ਕਣਕ ਦਾ ਵਧੀਆ ਬੀਜ ਵੀ ਮੁਫਤ ਦਿੱਤਾ ਜਾਵੇ ਤਾਂ ਕਿ ਹੜ੍ਹ ਮਾਰੇ ਲੋਕਾਂ ਨੂੰ ਰਾਹਤ ਪ੍ਰਾਪਤ ਹੋ ਸਕੇ।
ਮੈਨੂੰ ਆਸ ਹੈ ਕਿ ਮੇਰੀ ਬੇਨਤੀ ਪ੍ਰਵਾਨ ਹੋਵੇਗੀ।
ਆਪ ਦਾ ਸ਼ੁਭਚਿੰਤਕ,
ਉ, ਅ, ਏ