ਤੁਹਾਡਾ ਛੋਟਾ ਭਰਾ ਕਿਤਾਬੀ ਕੀੜਾ ਹੈ। ਉਸ ਨੂੰ ਚਿੱਠੀ ਰਾਹੀਂ ਚੰਗੀ ਸਿਹਤ ਦੇ ਗੁਣ ਦੱਸ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਵੀ ਲਿਖੋ।
ਮਹਾਂਵੀਰ ਮਾਰਗ, ਲੁਧਿਆਣਾ ਸ਼ਹਿਰ ।
2 ਜੁਲਾਈ, 20…..
ਪਿਆਰੇ ਸੁਨੀਲ,
ਕੌੜੀ ਵੇਲ ਵਾਂਗ ਵਧੋ !
ਪਿਤਾ ਜੀ ਦਾ ਅੱਜ ਹੀ ਪੱਤਰ ਆਇਆ ਹੈ ਜਿਸ ਵਿਚ ਉਹਨਾਂ ਨੇ ਤੇਰੇ ਪ੍ਰਤੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਤੇਰੀ ਸਿਹਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਅਤੇ ਤੂੰ ਹਰ ਸਮੇਂ ਆਪਣੀਆਂ ਕਿਤਾਬਾਂ ਵਿਚ ਹੀ ਰੁੱਝਿਆ ਰਹਿੰਦਾ ਹੈ।
ਇਹ ਠੀਕ ਹੈ ਕਿ ਅੱਜ ਦੇ ਯੁੱਗ ਵਿਚ ਵਿੱਦਿਆ ਪ੍ਰਾਪਤ ਕੀਤੇ ਬਿਨਾਂ ਗੁਜ਼ਾਰਾ ਨਹੀਂ। ਅਨਪੜ ਵਿਅਕਤੀ ਪਸ਼ ਦੇ ਸਮਾਨ ਹੁੰਦਾ ਹੈ। ਵਿਦਵਾਨ ਦੀ ਹਰ ਥਾਂ ਕਦਰ ਹੁੰਦੀ ਹੈ। ਇਹ ਠੀਕ ਹੈ ਕਿ ਵਿੱਦਿਆ ਪ੍ਰਾਪਤੀ ਵੀ ਇਕ ਤਪੱਸਿਆ ਦੇ ਬਰਾਬਰ ਹੈ। ਪਰ ਇਹ ਸਭ ਕੁਝ ਪ੍ਰਾਪਤ ਕਰਨ ਲਈ ਜੇਕਰ ਅਸੀਂ ਆਪਣੀ ਸਿਹਤ ਦੀ ਬਲੀ ਦੇ ਦੇਈਏ ਤਾਂ ਇਹ ਕੋਈ ਸਿਆਣੀ ਗੱਲ ਨਹੀਂ। ਸਾਡਾ ਦਿਮਾਗ ਇਕ ਮਸ਼ੀਨ ਦੇ ਬਰਾਬਰ ਹੈ।ਜਿਵੇਂ ਹਰੇਕ ਮਸ਼ੀਨ ਕੁਝ ਚਿਰ ਚੱਲਣ ਤੋਂ ਬਾਅਦ ਕੁਝ ਆਰਾਮ ਲੱਭਦੀ ਹੈ, ਤਿਵੇਂ ਹੀ ਸਾਡਾ ਦਿਮਾਗ ਵੀ ਆਰਾਮ ਚਾਹੁੰਦਾ ਹੈ।
ਪਿਆਰੇ ਛੋਟੇ ਭਰਾ ! ਤੈਨੂੰ ਆਪਣੀ ਪੜਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਜਾਨ ਹੈ ਤਾਂ ਜਹਾਨ ਹੈ। ਸਿਆਣਿਆਂ ਨੇ ਠੀਕ ਹੀ ਆਖਿਆ ਹੈ ਕਿ ‘‘ਚੰਗਾ ਅਤੇ ਸਵਸਥ ਦਿਮਾਗ, ਇਕ ਨਿਰੋਏ ਅਤੇ ਅਰੋਗ ਸਰੀਰ ਵਿਚ ਹੀ ਵਾਸ ਕਰਦਾ ਹੈ। ਇਸ ਲਈ ਅਜਿਹਾ ਪ੍ਰੋਗਰਾਮ ਬਣਾਉ ਕਿ ਪੜ੍ਹਾਈ ਵੇਲੇ ਖੂਬ ਡੱਟ ਕੇ ਪੜੋ ਅਤੇ ਖੇਡਣ ਵੇਲੇ ਪੂਰਾ ਦਿਲ ਲਗਾ ਕੇ ਖੇਡੋ।
ਖੇਡਣ ਦੇ ਨਾਲ-ਨਾਲ ਸਵੇਰ ਨੂੰ ਖੁੱਲ੍ਹੀ ਹਵਾ ਵਿਚ ਸੈਰ ਕਰਨ ਦੀ ਆਦਤ ਵੀ ਬਣਾਓ। ਅਜਿਹਾ ਕਰਨ ਨਾਲ ਨਾ ਕੇਵਲ ਦਿਮਾਗ ਨੂੰ ਹੀ ਆਰਾਮ ਮਿਲਦਾ ਹੈ, ਸਗੋਂ ਉਸ ਦੀ ਕਸਰਤ ਹੋਣ ਨਾਲ ਸਰੀਰ ਵਿਚ ਫੁਰਤੀ ਵੀ ਆਉਂਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਸੁਨੀਲ, ਜਿਸ ਉੱਤੇ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ, ਮੇਰੀਆਂ ਉੱਪਰ ਲਿਖੀਆਂ ਗੱਲਾਂ ਤੇ ਜ਼ਰੂਰ ਫੁੱਲ ਚੜ੍ਹਾਵੇਗਾ।
ਤੇਰਾ ਵੱਡਾ ਵੀਰ,
ਅਜੀਤ।