ਆਪਣੇ ਚਾਚਾ ਜੀ ਨੂੰ ਇਕ ਪੱਤਰ ਲਿਖੋ ਜਿਸ ਵਿਚ ਦਸਵੀਂ ਪਾਸ ਕਰਨ ਉਪਰੰਤ ਆਪਣੀ ਯੋਜਨਾ ਬਾਰੇ ਦੱਸਿਆ ਜਾਵੇ।
ਪ੍ਰੀਖਿਆ ਭਵਨ,
ਸ਼ਹਿਰ,
12 ਮਾਰਚ, 20…
ਮਾਨਯੋਗ ਚਾਚਾ ਜੀ,
ਸਤਿ ਸ੍ਰੀ ਅਕਾਲ।
ਆਪ ਜੀ ਵਲੋਂ ਲਿਖਿਆ ਹੋਇਆ ਪੱਤਰ ਅੱਜ ਪਹਿਲੀ ਡਾਕ ਵਿਚ ਹੀ ਮੈਨੂੰ ਮਿਲਿਆ। ਪੱਤਰ ਪੜ ਕੇ ਪਤਾ ਲੱਗਾ ਕਿ ਆਪ ਇਸ ਗੱਲ ਦਾ ਪਤਾ ਕਰਨ ਦੇ ਚਾਹਵਾਨ ਹੋ ਕਿ ਦਸਵੀਂ ਪਾਸ ਕਰਨ ਪਿੱਛੋਂ ਮੇਰੀ ਯੋਜਨਾ ਕੀ ਹੈ ?
ਚਾਚਾ ਜੀ ਤੁਸੀਂ ਜਾਣਦੇ ਹੋ ਕਿ ਸਾਡਾ ਸਾਰਾ ਖਾਨਦਾਨ ਦੇਸ਼ ਭਗਤਾਂ ਦਾ ਖਾਨਦਾਨ ਹੈ। ਮੇਰੇ ਪਿਆਰੇ ਦਾਦਾ ਜੀ ਮਿਲਟਰੀ ਵਿਚ ਸਨ ਅਤੇ ਆਪ ਵੀ ਹਾਲੇ ਪਿਛਲੇ ਸਾਲ ਹੀ ਫੌਜ ਵਿਚੋਂ ਰਿਟਾਇਰ ਹੋਏ ਹੋ। ਆਪ ਦੀ ਜੀਵਨ-ਜਾਚ ਦਾ ਮੇਰੇ ਮਨ ਉੱਤੇ ਬਹੁਤ ਪ੍ਰਭਾਵ ਹੈ। ਤੁਸੀਂ ਮੈਨੂੰ ਆਪਣੀ ਬਹਾਦਰੀ ਦੇ ਕਾਰਨਾਮੇ ਸੁਣਾਉਂਦੇ ਰਹਿੰਦੇ ਹੋ, ਜਿਹਨਾਂ ਨੂੰ ਸੁਣ ਕੇ ਦੇਸ਼ ਭਗਤੀ ਲਈ ਮੇਰੇ ਡੌਲੇ ਫੜਕ ਉੱਠਦੇ ਹਨ ਅਤੇ ਮੇਰਾ ਖੂਨ ਖੌਲਣ ਲੱਗ ਪੈਂਦਾ ਹੈ। ਮੈਂ ਤਾਂ ਉਸ ਸਮੇਂ ਤੋਂ ਹੀ ਇਹ ਮਨ ਬਣਾ ਲਿਆ ਸੀ ਕਿ ਮੈਂ ਵੀ ਆਪਣੇ ਵਡੇਰਿਆਂ ਵਾਂਗ ਫੌਜ ਵਿਚ ਭਰਤੀ ਹੋ ਕੇ ਆਪਣੇ ਪਿਆਰੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਾਂਗਾ। ਸਾਡੀ ਏਸ ਜਵਾਨੀ ਦਾ ਲਾਭ ਤਾਂ ਹੀ ਹੈ ਜੇ ਉਹ ਦੇਸ਼ ਦੇ ਕੰਮ ਆ ਸਕੇ।
ਇਸ ਲਈ ਮੈਂ ਕਿਸੇ ਦੁਸ਼ਮਣ ਨੂੰ ਆਪਣੇ ਦੇਸ਼ ਵੱਲ ਕੈਰੀ ਅੱਖ ਨਾਲ ਤੱਕਣ ਨਹੀਂ ਦੇਣਾ। ਮੈਂ ਆਪਣੀ ਜਵਾਨੀ ਦੇਸ਼ ਦੀ ਸੇਵਾ ਵਿਚ ਲਾਉਣਾ ਚਾਹੁੰਦਾ ਹਾਂ।
ਇਸ ਕਾਰਨ ਮੈਂ ਆਪਦੀ ਸੇਵਾ ਵਿਚ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਂ ਦਸਵੀਂ ਪਾਸ ਕਰਨ ਤੋਂ ਪਿੱਛੋਂ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਾਂਗਾ। ਆਸ ਹੈ ਕਿ ਤੁਸੀਂ ਵੀ ਮੇਰੀ ਇਸ ਚੋਣ ਨਾਲ ਸਹਿਮਤ ਹੋਵੋਗੇ। ਚਾਚੀ ਜੀ ਨੂੰ ਸਤਿ ਸ੍ਰੀ ਅਕਾਲ ਅਤੇ ਚਰਨਬੰਦਨਾ।
ਆਪ ਦਾ ਭਤੀਜਾ,
ਰੋਲ ਨੰਬਰ 1832.