ਵਚਨ ਨਿਭਾਏ
Vachan Nibhave
ਸ਼ਹਿਜ਼ਾਦਾ ਮੁਅੱਜ਼ਮ ਸ਼ਾਹ ਨੇ ਗੁਰੂ ਜੀ ਪਾਸੋਂ ਜਾ ਕੇ ਔਰੰਗਜ਼ੇਬ ਨੂੰ ਦੱਸਿਆ, “ਗੁਰੂ ਦੇ ਦਰਬਾਰ ਦੀ ਮਹਿਮਾ ਇੱਕ ਬਾਦਸ਼ਾਹ ਨਾਲੋਂ ਵੀ ਵੱਧ ਹੈ। ਸ਼ਸਤਰਧਾਰੀ ਘੋੜ-ਸਵਾਰ ਫ਼ੌਜ ਸਦਾ ਤਿਆਰ ਰਹਿੰਦੀ ਹੈ। ਗੁਰੂ ਦੇ ਦਰਸ਼ਨ ਕਰਨ ਤੇ ਹੋਰ ਮਿਲਣ ਆਉਣ ਵਾਲਿਆਂ ਲਈ ਲੰਗਰ ਸਦਾ ਵਰਤਦਾ ਰਹਿੰਦਾ ਹੈ। ਗੁਰੂ ਦੇ ਦਰਸ਼ਨ ਕਰਨ ਨਾਲ ਹੀ ਰੋਗੀ ਠੀਕ ਹੋ ਜਾਂਦੇ ਹਨ। ਖ਼ੁਦਾ ਦੀ ਬਾਣੀ ਦਾ ਸਦਾ ਕੀਰਤਨ ਹੁੰਦਾ ਰਹਿੰਦਾ ਹੈ ਤੇ ਗੁਰੂ ਜੀ ਕਰਾਮਾਤੀ ਹਨ, ਜਿਨ੍ਹਾਂ ਮੈਨੂੰ ਬਾਗ ਵਿੱਚ ਬੇਰੁੱਤੇ, ਮੇਰੀ ਮਰਜ਼ੀ ਦੇ ਫਲ ਖਵਾਏ । ਜਦੋਂ ਮੈਂ ਉਨ੍ਹਾਂ ਨੂੰ ਆਪ ਦੇ ਮਿਲਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਉਹ ਇੱਕ ਜ਼ੁਲਮ ਕਰ ਕੇ ਰਾਜ ਕਰਨ ਵਾਲੇ ਬਾਦਸ਼ਾਹ ਨੂੰ ਨਹੀਂ ਮਿਲਣਾ ਚਾਹੁੰਦੇ। ਮੇਰੇ ਕਹਿਣ ਤੇ ਉਨ੍ਹਾਂ ਇਹ ਪੱਤਰ ਆਪ ਦੇ ਲਈ ਲਿਖ ਦਿੱਤਾ।
ਔਰੰਗਜ਼ੇਬ ਆਪਣੇ ਪੁੱਤਰ ਪਾਸੋਂ ਗੁਰੂ ਦੀ ਵਡਿਆਈ ਸੁਣ ਕੇ, ਉਨਾਂ ਦੇ ਦਰਸ਼ਨਾਂ ਲਈ ਇੱਕ ਸਵੇਰ ਇਕੱਲਾ ਹੀ ਬੰਗਲਾ ਸਾਹਿਬ ਪੁੱਜ ਗਿਆ। ਦੀਵਾਨ ਦੁਰਗਾ ਮੱਲ ਨੇ ਔਰੰਗਜ਼ੇਬ ਨੂੰ ਦੇਖ ਕੇ ਗੁਰੂ ਜੀ ਨੂੰ ਜਾ ਦੱਸਿਆ । ਗੁਰੂ ਜੀ ਨੇ ਉਸਨੂੰ ਕਿਹਾ, “ਇਹ ਦਰਵਾਜ਼ਾ ਬੰਦ ਕਰ ਦੇਵੇ ਤੇ ਔਰੰਗਜ਼ੇਬ ਨੂੰ ਕਹਿ ਦੇਵੋ ਕਿ ਗੁਰੂ ਜੀ ਉਸਨੂੰ ਕਦੇ ਵੀ ਦਰਸ਼ਨ ਨਹੀਂ ਦੇਣਗੇ।” ਔਰੰਗਜ਼ੇਬ ਇੰਤਜ਼ਾਰ ਕਰ ਕੇ ਦਰਸ਼ਨਾਂ ਤੋਂ ਬਿਨਾ ਹੀ ਵਾਪਸ ਮੁੜ ਗਿਆ। ਉਸਦੇ ਜਾਣ ਪਿੱਛੋਂ (ਗੁਰੂ) ਤੇਗ਼ ਬਹਾਦਰ ਜੀ ਗੁਰੂ ਜੀ ਦੇ ਦਰਸ਼ਨਾਂ ਲਈ ਆ ਗਏ। (ਗੁਰੂ) ਤੇਗ਼ ਬਹਾਦਰ ਜੀ ਬਕਾਲੇ ਤੋਂ ਪੂਰਬ ਦੇਸ਼ ਦੇ ਦੌਰੇ ‘ਤੇ ਚੱਲ ਹੋਏ ਸਨ। ਜਦੋਂ ਉਨਾਂ ਨੂੰ ਗੁਰੂ ਜੀ ਦੇ ਦਿੱਲੀ ਹੋਣ ਦਾ ਪਤਾ ਲੱਗਾ ਤਾਂ ਉਹ ਬੰਗਲਾ ਸਾਹਿਬ ਦਰਸ਼ਨਾਂ ਲਈ ਪੁੱਜ ਗਏ। ਤਿੰਨ ਦਿਨ ਗੁਰੂ ਜੀ ਪਾਸ ਟਿਕਣ ਪਿੱਛ, ਗੁਰੂ ਜੀ ਦੇ ਹੁਕਮ ਅਨੁਸਾਰ ਉਹ 21 ਮਾਰਚ, 1664 ਈਸਵੀ ਨੂੰ ਦਿੱਲੀ ਤੋਂ ਬਕਾਲੇ ਨੂੰ ਚੱਲ ਪਏ।
ਗੁਰੂ ਜੀ ਨੇ ਦੇਖ ਲਿਆ ਕਿ ਬੰਗਲਾ ਸਾਹਿਬ ਟਿਕਣਾ ਠੀਕ ਨਹੀਂ ਸੀ, ਕਿਉਂਕਿ ਔਰੰਗਜ਼ੇਬ ਕਦੇ ਵੀ ਉੱਥੇ ਆ ਸਕਦਾ ਸੀ। ਉਨ੍ਹਾਂ ਨੇ ਸਿੱਖਾਂ ਨਾਲ ਸਲਾਹ ਕਰ ਕੇ ਭਾਈ ਕਲਿਆਣਾ ਜੀ ਦੀ ਧਰਮਸਾਲਾ ਜਾ ਕੇ ਡੇਰੇ ਲਗਾ ਲਏ । ਇਹ ਧਰਮਸਾਲਾ ਸ਼ਹਿਰ ਦੇ ਵਿਚਕਾਰ ਸੀ। ਇਸ ਥਾਂ ਦੁਖੀਆਂ, ਰੋਗੀਆਂ ਤੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਬਹੁਤ ਵਧ ਗਈ। ਉਨ੍ਹਾਂ ਦਿਨਾਂ ਵਿਚ ਦਿੱਲੀ ਵਿਚ ਚੇਚਕ ਦਾ ਰੋਗ ਫੈਲਿਆ ਹੋਇਆ ਸੀ। ਚੇਚਕ ਦੇ ਰੋਗੀਆਂ ਦਾ ਰੋਗ, ਗੁਰੂ ਜੀ ਦੇ ਦਰਸ਼ਨ ਕਰਨ ਨਾਲ ਹੀ ਦੂਰ ਹੋ ਜਾਂਦਾ ਸੀ। ਸਾਰੇ ਸ਼ਹਿਰ ਦੇ ਰੋਗੀ ਧਰਮਸ਼ਾਲਾ ਪੁੱਜਣ ਲੱਗੇ। ਸਦਾ ਭੀੜ ਬਣੀ ਰਹਿੰਦੀ ਸੀ।
ਔਰੰਗਜ਼ੇਬ ਦਿਨ ਰਾਤ ਸੋਚਦਾ ਰਹਿੰਦਾ ਸੀ ਕਿ ਕਿਵੇਂ ਨਾ ਕਿਵੇਂ ਉਹ ਗੁਰੂ ਜੀ ਦੇ ਦੀਦਾਰ ਕਰ ਲਵੇ ਤਾਂ ਜੁ ਉਨ੍ਹਾਂ ਦਾ ਇਕਰਾਰ ਟੁੱਟ ਜਾਵੇ। ਕਿਉਂਕਿ ਉਹ ਕਦੇ ਵੀ ਦਰਸ਼ਨ ਕਰਨ ਲਈ, ਰੋਗੀ ਦਾ ਭੇਸ ਧਾਰ ਕੇ ਰੋਗੀਆਂ ਦੀ ਭੀੜ ਵਿਚ ਆ ਸਕਦਾ ਸੀ, ਇਸ ਲਈ ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਦਾ ਨਿਸਚਾ ਕਰ ਲਿਆ ਤਾਂ ਜੁ ਉਨਾਂ ਦਾ ਪਣ ਨਾ ਟੁੱਟੇ ਤੇ ਔਰੰਗਜ਼ੇਬ ਦੀ ਗੁਰੂ ਦੇ ਦਰਸ਼ਨਾਂ ਦੀ ਭਾਵਨਾ ਉਸਦੇ ਮਨ ਵਿਚ ਹੀ ਰਹਿ ਜਾਵੇ । 25 ਮਾਰਚ , 1664 ਈਸਵੀ ਵਾਲੇ ਦਿਨ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਬੁਖ਼ਾਰ ਹੋਣ ਲੱਗਾ। ਉਸ ਪਿੱਛੋਂ ਉਨ੍ਹਾਂ ਦੀ ਕੀ ਬੱਝ ਗਈ । 30 ਮਾਰਚ, 1664 ਈਸਵੀ ਨੂੰ ਉਨ੍ਹਾਂ ਨੇ ਦੀਵਾਨ ਦੁਰਗਾ ਮੱਲ ਨੂੰ ਇੱਕ ਨਾਰੀਅਲ ਤੇ ਪੰਜ ਪੈਸੇ ਇੱਕ ਥਾਲ ਵਿਚ ਰੱਖ ਕੇ ਲੈ ਆਉਣ ਦੀ ਆਗਿਆ ਕੀਤੀ। ਵਸਤੂਆਂ ਆ ਜਾਣ ਤੇ ਉਨ੍ਹਾਂ ਨੇ ਆਪਣੇ ਸੱਜੇ ਹੱਥ ਨਾਲ ਪਰਕਰਮਾ ਕਰ ਕੇ, ਸਿਰ ਝੁਕਾਇਆ ਤੇ ਕਿਹਾ, “ਗੁਰੂ ਬਾਬਾ ਬਕਾਲੇ।’ ਇਹ ਬਚਨ ਕਰਨ ਪਿੱਛੋਂ ਉਹ ਜੋਤੀ ਜੋਤਿ ਸਮਾ ਗਏ ਤੇ ਆਪਣਾ ਪ੍ਰਣ ਨਿਭਾ ਗਏ। ਹਿੰਦੁਸਤਾਨ ਦਾ ਬਾਦਸ਼ਾਹ ਉਨ੍ਹਾਂ ਦੇ ਦੀਦਾਰ ਨਾ ਕਰ ਸਕਿਆ।