ਸਿੱਖਾਂ ਦੀ ਪਹਿਲੀ ਜੰਗ
Sikha Di Pehili Jung
8 ਨਵੰਬਰ, 1627 ਈਸਵੀ ਨੂੰ ਜਹਾਂਗੀਰ ਬਾਦਸ਼ਾਹ ਦੀ ਮੌਤ ਹੋ ਗਈ। ਉਸਦਾ ਪੁੱਤਰ ਸ਼ਾਹ ਜਹਾਨ 6 ਫਰਵਰੀ, 1628 ਈਸਵੀ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਉਸਨੇ ਘਰ ਸੰਭਾਲਣ ਪਿੱਛੋਂ ਐਲਾਨ ਕਰ ਦਿੱਤਾ, “ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦਾ ਪ੍ਰਚਾਰ ਨਾ ਕੀਤਾ ਜਾਵੇ। ਪਿਛਲੇ ਕੁਝ ਸਾਲਾਂ ਅੰਦਰ ਬਣੇ ਮੰਦਰ ਢਾਹ ਦਿੱਤੇ ਜਾਣ ਅਤੇ ਅੱਗੋਂ ਨਵੇਂ ਨਾ ਬਣਾਉਣ ਦਿੱਤੇ ਜਾਣ। ਉਸ ਐਲਾਨ ਦੇ ਅਧੀਨ ਲਾਹੌਰ ਦੀ ਬਾਉਲੀ ਸਾਹਿਬ ਨੂੰ ਪੁਰ ਕੇ ਉਸ ਉੱਪਰ ਮਸੀਤ ਉਸਾਰ ਦਿੱਤੀ ਗਈ। ਇਸ ਘਟਨਾ ਨੇ ਸਿੱਖਾਂ ਨੂੰ ਅੰਮ੍ਰਿਤਸਰ ਦੀ ਰੱਖਿਆ ਕਰਨ ਲਈ ਤਿਆਰ ਕਰ ਦਿੱਤਾ।
ਇਕ ਦਿਨ ਸਿੱਖਾਂ ਦਾ ਇਕ ਜਥਾ, ਸ਼ਿਕਾਰ ਖੇਡਦਾ ਖੇਡਦਾ, ਲਾਹੌਰ ਦੇ ਨੇੜੇ ਉਥੇ ਪੁੱਜ ਗਿਆ, ਜਿਥੇ ਸ਼ਾਹੀ ਪਰਵਾਰ ਵੀ ਸ਼ਿਕਾਰ ਖੇਡ ਰਿਹਾ ਸੀ। ਸਿੱਖਾਂ ਨੇ ਇਕ ਸ਼ਿਕਾਰ ਮਗਰ ਆਪਣਾ ਬਾਜ਼ ਛੱਡਿਆ। ਦੂਜੇ ਪਾਸ ਤੋਂ ਸ਼ਾਹੀ ਸ਼ਿਕਾਰੀਆਂ ਵੀ ਆਪਣਾ ਬਾਜ਼ ਉਡਾ ਦਿੱਤਾ। ਸਿੱਖਾਂ ਦਾ ਬਾਜ਼ ਸ਼ਿਕਾਰ ਨੂੰ ਫੜ ਕੇ ਸਿੱਖਾਂ ਪਾਸ ਲੈ ਆਇਆ। ਸ਼ਾਹੀ ਬਾਜ਼ ਵੀ ਸ਼ਿਕਾਰ ਪਿੱਛੇ ਲੱਗਾ ਸਿੱਖਾਂ ਪਾਸ ਪੁੱਜ ਗਿਆ। ਸਿੱਖਾਂ ਨੇ ਸ਼ਾਹੀ ਬਾਜ਼ ਫੜ ਲਿਆ। ਸ਼ਾਹੀ ਸ਼ਿਕਾਰੀਆਂ ਨੇ ਆ ਕੇ ਆਪਣਾ ਬਾਜ਼ ਵਾਪਸ ਮੰਗਿਆ ਤਾਂ ਸਿੱਖਾਂ ਨੇ ਅੱਗੋਂ ਨਾਂਹ ਕਰ ਦਿੱਤੀ । ਸ਼ਾਹੀ ਸ਼ਿਕਾਰੀਆਂ ਨੇ ਲਾਹੌਰ ਦੇ ਗਵਰਨਰ ਕੁਲੀਜ ਖ਼ਾਨ ਨੂੰ ਜਾ ਕੇ ਦੱਸਿਆ। ਉਸਨੇ ਸਿੱਖਾਂ ਨੂੰ ਸੋਧਣ ਲਈ ਫੌਜਦਾਰ ਮੁਖ਼ਲਿਸ ਖ਼ਾਨ ਨੂੰ ਸੱਤ ਹਜ਼ਾਰ ਫੌਜ ਦੇ ਕੇ ਅੰਮ੍ਰਿਤਸਰ ਉਪਰ ਹਮਲਾ ਕਰਨ ਲਈ ਭੇਜ ਦਿੱਤਾ।
ਗੁਰੂ ਹਰਿਗੋਬਿੰਦ ਜੀ ਨੇ 15 ਮਈ, 1628 ਈਸਵੀ ਵਾਲੇ ਦਿਨ ਸ਼ਾਹੀ ਫੌਜ ਨੂੰ ਅੰਮ੍ਰਿਤਸਰ ਨੇੜੇ ਪੁੱਜਿਆ ਸੁਣ ਕੇ, ਆਪਣੇ ਜਰਨੈਲਾਂ ਨੂੰ ਮੋਰਚੇ ਸੰਭਾਲਣ ਦਾ ਹੁਕਮ ਕਰ ਦਿੱਤਾ। ਤੀਜੇ ਦਿਨ ਗੁਰੂ ਜੀ ਦੀ ਪੁੱਤਰੀ ਬੀਬੀ ਵੀਰ ਦੀ ਸ਼ਾਦੀ ਸੀ, ਜਿਸਦੀ ਬਰਾਤ ਅੰਮ੍ਰਿਤਸਰ ਆ ਰਹੀ ਸੀ। ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਅਤੇ ਪਰਵਾਰ ਨੂੰ ਝਬਾਲ ਪਿੰਡ ਪਹੁੰਚਾ ਦਿੱਤਾ ਅਤੇ ਆ ਰਹੀ ਬਰਾਤ ਨੂੰ ਵੀ ਝਬਾਲ ਪੁੱਜਣ ਦਾ ਸੁਨੇਹਾ ਭੇਜ ਦਿੱਤਾ।
ਪਿੱਪਲੀ ਸਾਹਿਬ ਦੇ ਨੇੜੇ ਸ਼ਾਹੀ ਫ਼ੌਜ ਦਾ ਸਿੱਖਾਂ ਨਾਲ ਟਾਕਰਾ ਹੋ ਗਿਆ। ਦੋਹਾਂ ਪਾਸਿਆਂ ਦੇ ਸਮੇਂ ਆਪਣੇ ਆਪਣੇ ਜੌਹਰ ਦਿਖਾਉਣ ਲੱਗੇ। ਇਹ ਪੰਜਾਬ ਦੀ ਧਰਤੀ ਉੱਪਰ ਪਹਿਲੀ ਲੋਕ-ਜੰਗ ਸੀ, ਜਿਸ ਵਿਚ ਕਿਸੇ ਧਨ, ਧਰਤੀ ਜਾਂ ਹੋਰ ਦੁਨਿਆਵੀ ਪਦਾਰਥ ਦਾ ਰੌਲਾ ਨਹੀਂ ਸੀ। ਸਿਰਫ ਸਿੱਖ ਆਪਣੀ ਆਜ਼ਾਦੀ ਅਤੇ ਅਣਖ ਲਈ ਸੀਸ ਤਲੀ ਉਪਰ ਧਰ ਕੇ, ਸਰਕਾਰ ਦੀਆਂ ਵਧੀਕੀਆਂ ਦੇ ਖ਼ਿਲਾਫ਼ ਮੈਦਾਨ ਵਿਚ ਨਿੱਤਰ ਆਏ ਸਨ। ਗੁਰੂ ਜੀ ਪਰਵਾਰ ਨੂੰ ਝਬਾਲ ਭੇਜਣ ਪਿੱਛੋਂ ਲੋਹਗੜ੍ਹ ਕਿਲ੍ਹੇ ਵਿਚ ਪੁੱਜ ਗਏ। ਉਨ੍ਹਾਂ ਨੇ ਸਿੱਖਾਂ ਨੂੰ ਪੱਥਰ-ਤੋਪ ਚਲਾਉਣ ਦਾ ਹੁਕਮ ਕਰ ਦਿੱਤਾ। ਉਹ ਤੋਪ ਖੇਮਕਰਨ ਦੇ ਤਰਖਾਣ ਮੋਹਰੀ ਨੇ ਇਕ ਸੁੱਕੇ ਹੋਏ ਦਰੱਖ਼ਤ ਨੂੰ ਕੱਟ ਕੇ ਬਣਾਈ ਸੀ। ਕਿਲੇ ਅੰਦਰੋਂ ਪੱਥਰਾਂ ਦੀ ਬਾਰਸ਼ ਨਾਲ ਜਦੋਂ ਸ਼ਾਹੀ ਫ਼ੌਜ ਦੇ ਪੈਰ ਉਖੜਨ ਲੱਗੇ ਤਾਂ ਮੁਖਲਿਸ ਖ਼ਾਨ ਨੇ ਵੰਗਾਰਿਆ, “ਤੁਸੀਂ ਸੂਰਮਿਆਂ ਦੀ ਔਲਾਦ ਹੋ ਤੇ ਉਧਰ ਫ਼ਕੀਰਾਂ ਦਾ ਟੋਲਾ ਹੈ। ਸ਼ਰਮ ਦੀ ਮਾਰੀ ਸ਼ਾਹੀ ਫ਼ੌਜ ਹਨੇਰਾ ਹੋਣ ਤਕ ਲੜਦੀ ਰਹੀ।
ਦੂਜੇ ਦਿਨ ਦੇ ਪਹਿਲੇ ਹੱਲੇ ਵਿਚ ਹੀ, ਪੈਂਦੇ ਖਾਨ ਨੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਮੁਖ਼ਲਿਸ ਖ਼ਾਨ ਦੇ ਸਾਥੀ ਦੀਦਾਰ ਅਲੀ ਨੂੰ ਮਾਰ ਮੁਕਾਇਆ। ਗੁਰੂ ਜੀ ਨੇ ਮੁਖ਼ਲਿਸ ਖ਼ਾਨ ਦੇ ਤਿੰਨ ਵਾਰ ਰੋਕ ਕੇ, ਖੰਡੇ ਦਾ ਅਜਿਹਾ ਵਾਰ ਕੀਤਾ, ਜਿਹੜਾ ਮੁਖ਼ਲਿਸ ਖ਼ਾਨ ਦੀ ਢਾਲ ਨੂੰ ਚੀਰਦਾ ਹੋਇਆ ਉਸਨੂੰ ਦੋ ਫਾੜ ਕਰ ਗਿਆ । ਆਗੂਆਂ ਨੂੰ ਮਰਿਆਂ ਦੇਖ ਕੇ ਸ਼ਾਹੀ ਫ਼ੌਜ ਮੈਦਾਨ ਛੱਡ ਕੇ ਭੱਜ ਗਈ। ਗੁਰੂ ਜੀ ਨੇ ਜੰਗ ਵਿਚ ਸ਼ਹੀਦ ਹੋਏ ਸਿੱਖਾਂ ਦੇ ਦਾਹ-ਸੰਸਕਾਰ ਕਰਨ ਪਿੱਛੋਂ , ਸਿੱਖਾਂ ਨੂੰ ਆਪਣੇ ਨਾਲ ਲਿਆ ਅਤੇ ਰਾਤ ਹੋਣ ਤਕ ਬਬਾਲ ਪਿੰਡ ਪੁੱਜ ਗਏ ॥