ਰਾਮ ਰਾਇ ਨੂੰ ਤਿਆਗਣਾ
Ram Rai Nu Tiyagana
ਬਾਬਾ ਰਾਮ ਰਾਇ ਦੀ ਉਮਰ ਦਿੱਲੀ ਜਾਣ ਸਮੇਂ ਭਾਵੇਂ ਗਿਆਰਾਂ ਸਾਲਾਂ ਦੀ ਸੀ, ਪਰ ਬੜੇ ਗੁਣੀ ਗਿਆਨ ਤੇ ਹਾਜ਼ਰ-ਜਵਾਬ ਸਨ। ਗੁਰੂ ਹਰਿ ਰਾਇ ਜੀ ਨੇ ਉਨਾਂ ਨੂੰ ਦਿੱਲੀ ਨੂੰ ਤੋਰਨ ਤੋਂ ਪਹਿਲਾਂ ਗੁਰੂ-ਘਰ ਦੀਆਂ ਸ਼ਕਤੀਆਂ, ਸਲਾਹ ਕਰਨ ਲਈ ਭਾਈ ਗੁਰਦਾਸ, ਤਾਰਾ, ਪੰਜਾਬਾ ਤੇ ਜੋਕੀ ਖਸ਼ਾਲੀ ਵਰਗੇ ਸਿਆਣੇ ਸਿੱਖ ਤੇ ਬਾਈ ਘੋੜ ਅਸਵਾਰ ਨਾਲ ਦਿੱਤੇ। ਦਿੱਲੀ ਪੁੱਜਣ ਉੱਪਰ ਉਨ੍ਹਾਂ ਦਾ ਡੇਰਾ ਮਜਨੂੰ ਟਿੱਲੇ ਕਰਵਾਇਆ ਗਿਆ।
ਔਰੰਗਜ਼ੇਬ ਦੇ ਹੁਕਮ ਅਨੁਸਾਰ, ਇੱਕ ਦਿਨ ਦੀਵਾਨ ਸ਼ਿਵ ਦਿਆਲ , ਬਾਬਾ ਰਾਮ ਰਾਇ ਨੂੰ ਨਾਲ ਲੈ ਕੇ ਦਰਬਾਰ ਵਿਚ ਹਾਜ਼ਰ ਹੋਇਆ। ਔਰੰਗਜ਼ੇਬ ਬਾਬਾ ਰਾਮ ਰਾਇ ਦਾ ਕੁਦਰਤੀ ਨਰ ਦੇਖ ਕੇ ਦੰਗ ਰਹਿ ਗਿਆ। ਔਰੰਗਜ਼ੇਬ ਨੇ ਉਨ੍ਹਾਂ ਨੂੰ ਆਪਣੇ ਪਾਸ ਬਿਠਾ ਕੇ ਕੁਝ ਸਵਾਲ ਪੁੱਛੇ , ਜਿਨ੍ਹਾਂ ਦਾ ਉੱਤਰ ਉਨ੍ਹਾਂ ਬੜੇ ਸੁਚੱਜੇ ਢੰਗ ਨਾਲ ਦਿੱਤਾ। ਉਸ ਤਰ੍ਹਾਂ ਦੀ ਹਾਜ਼ਰ-ਜਵਾਬੀ ਨੇ ਔਰੰਗਜ਼ੇਬ ਦੀ ਹੈਰਾਨੀ ਵਾਲੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਔਰੰਗਜ਼ੇਬ ਨੇ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਡੇਰੇ ਲਈ ਵਿਦਾ ਕੀਤਾ। ਕੁਝ ਮਿਲਣੀਆਂ ਪਿੱਛੋਂ ਬਾਬਾ ਰਾਮ ਰਾਇ ਜੀ ਭੁੱਲ ਗਏ ਕਿ ਦਰਬਾਰ ਵਿਚ ਉਨ੍ਹਾਂ ਦਾ ਸਤਿਕਾਰ ਗੁਰੂ ਨਾਨਕ ਦੀ ਕ੍ਰਿਪਾ ਨਾਲ ਹੋ ਰਿਹਾ ਸੀ। ਉਨਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਆਦਰ ਉਨ੍ਹਾਂ ਦੇ ਗੁਣਾਂ ਕਾਰਨ ਸੀ ।
ਇੱਕ ਦਿਨ ਔਰੰਗਜ਼ੇਬ ਨੇ ਉਨ੍ਹਾਂ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਉਨ੍ਹਾਂ ਨੇ ਬਿਨਾ ਕਿਸੇ ਝਿਜਕ ਤੋਂ ਕਰਾਮਾਤ ਦਿਖਾ ਦਿੱਤੀ। ਉਨ੍ਹਾਂ ਨੂੰ ਇਹ ਵੀ ਯਾਦ ਨਾ ਰਿਹਾ ਕਿ ਗੁਰੂ-ਘਰ ਵਿਚ ਕਰਾਮਾਤ ਦਿਖਾਉਣਾ , ਪਰਮਾਤਮਾ ਦਾ ਸ਼ਰੀਕ ਬਣਨਾ ਹੈ । ਕਰਾਮਾਤ ਸੱਚ ਤੋਂ ਦੂਰ ਲੈ ਜਾਂਦੀ ਹੈ। ਗੁਰੂ-ਘਰ ਹਰ ਇੱਕ ਨੂੰ ਸੱਚ ਨਾਲ ਅਭੇਦ ਹੋਣ ਦੀ ਪ੍ਰੇਰਨਾ ਕਰਦਾ ਹੈ। ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਉਨ੍ਹਾਂ 72 ਕਰਾਮਾਤਾਂ ਦਿਖਾਈਆਂ। ਇਹ ਮਦਾਰੀਆਂ ਵਾਲੇ ਖੇਲ ਦੇਖ ਕੇ ਔਰੰਗਜ਼ੇਬ ਬਹੁਤ ਖ਼ੁਸ਼ ਹੁੰਦਾ ਤੇ ਉਹ ਬਾਬਾ ਰਾਮ ਰਾਇ ਨੂੰ ਬਹੁਤ ਕੀਮਤੀ ਸੁਗਾਤਾਂ ਭੇਟ ਕਰਦਾ। ਬਾਬਾ ਰਾਮ ਰਾਇ ਨੂੰ ਉਹ ਸੱਚਾ ਫ਼ਕੀਰ ਮੰਨਣ ਲੱਗਾ। ਸ਼ਾਹੀ ਮੌਲਵੀ ਜ਼ਾਹਰਾ ਕਰਾਮਾਤਾਂ ਦੇਖ . ਕੇ ਬਾਬਾ ਰਾਮ ਰਾਇ ਪਾਸੋਂ ਡਰਨ ਲੱਗੇ।
ਮੁਸਲਮਾਨਾਂ ਨੂੰ ਇਹ ਯਕੀਨ ਹੈ ਕਿ ਇਨਸਾਫ਼ ਵਾਲੇ ਦਿਨ ਬਿਗਲ ਵੱਜੇਗਾ ਤੇ ਉਨ੍ਹਾਂ ਦੀਆਂ ਰੂਹਾਂ ਕਬਰਾਂ : ਵਿੱਚੋਂ ਉੱਠਣਗੀਆਂ ਅਤੇ ਉਨ੍ਹਾਂ ਦੇ ਪਿਛਲੇ ਕੀਤੇ ਕਰਮਾਂ ਦੇ ਫੈਸਲੇ ਹੋਣਗੇ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਕਹਿੰਦੇ ਹਨ, “ਘੁਮਿਆਰ ਕਬਰਾਂ ਦੀ ਮਿੱਟੀ ਲੈ ਕੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ। ਉਨ੍ਹਾਂ ਨੂੰ ਪਕਾਉਣ ਲਈ ਅੱਗ ਵਿਚ ਪਾਉਂਦਾ ਹੈ, ਜੋ ਰੂਹਾਂ ਉਸ ਕਬਰ ਦੀ ਮਿੱਟੀ ਵਿਚ ਹੋਣ ਤਾਂ ਅੱਗ ਵਿਚ ਪਾਈਆਂ ਹੋਈਆਂ ਉਹ ਰੋਣ ਤੇ ਕੁਰਲਾਉਣ, ਪਰ ਉਨ੍ਹਾਂ ਵਿੱਚੋਂ ਰੂਹਾਂ ਦੇ ਰੋਣ ਦੀ ਅਵਾਜ਼ ਨਹੀਂ ਆਉਂਦੀ।
ਇੱਕ ਦਿਨ ਕਾਜ਼ੀਆਂ ਦੇ ਯਾਦ ਕਰਵਾਉਣ ਤੇ ਔਰੰਗਜ਼ੇਬ ਨੇ ਬਾਬਾ ਰਾਮ ਰਾਇ ਨੂੰ ਪੁੱਛਿਆ, “ਬਾਬੇ ਨਾਨਕ ਨੇ “ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਉਚਾਰਨ ਕਰ ਕੇ ਮੁਸਲਮਾਨਾਂ ਦੀ ਨਿਖੇਧੀ ਕੀਤੀ ਹੈ। ਬਾਬਾ ਰਾਮ ਰਾਇ ਨੂੰ ਔਰੰਗਜ਼ੇਬ ਦੇ ਕੀਮਤੀ ਤੋਹਫ਼ਿਆਂ ਤੇ ਸ਼ਾਹੀ ਸਤਿਕਾਰ ਨੇ ਸੱਚ ਭੁਲਾ ਦਿੱਤਾ ਸੀ। ਉਸਨੇ ਕਿਹਾ, “ਗੁਰੂ ਨਾਨਕ ਜੀ ਨੇ “ਮਿੱਟੀ ਬੇਈਮਾਨ ਕੀ” ਉਚਾਰਿਆ ਸੀ, ਪਰ ਲਿਖਾਰੀ ਦੀ ਭੁੱਲ ਨਾਲ ਮਿੱਟੀ ਮੁਸਲਮਾਨ ਕੀ ਲਿਖਿਆ ਗਿਆ। ਗੁਰੂ ਹਰਿ ਰਾਇ ਜੀ ਨੂੰ ਜਦੋਂ ਕੀਰਤਪੁਰ ਗੁਰੂ ਨਾਨਕ ਦੀ ਸੱਚੀ ਬਾਣੀ ਬਦਲਣ ਦੀ ਖ਼ਬਰ ਪੁੱਜੀ ਤਾਂ ਉਨ੍ਹਾਂ ਬਾਬਾ ਰਾਮ ਰਾਇ ਨੂੰ ਪੱਤਰ ਲਿਖ ਦਿੱਤਾ, “ਤੁਸੀਂ ਮੇਰੇ ਮੱਥੇ ਨਹੀਂ ਲੱਗਣਾ। ਤੁਸੀਂ ਝੂਠੇ ਸ਼ਾਹੀ ਸਤਿਕਾਰ ਤੇ ਮਾਣ ਬਦਲੇ ਸੱਚ ਨੂੰ ਵਿਸਾਰ ਦਿੱਤਾ ਹੈ ਤੇ ਗੁਰੂ ਨਾਨਕ ਦੀ ਸੱਚੀ ਬਾਣੀ ਨੂੰ ਝੂਠਾ ਕਹਿ ਦਿੱਤਾ ਹੈ।