ਪਿੱਪਲ ਨੂੰ ਸੁਰਜੀਤ ਕਰਨਾ
Pipal Nu Surjeet Karna
ਗੁਰੂ ਹਰਿਗੋਬਿੰਦ ਜੀ 1612 ਈਸਵੀ ਦੀ ਦੀਵਾਲੀ ਵਾਲੇ ਦਿਨ, ਆਗਰੇ ਤੋਂ ਅੰਮ੍ਰਿਤਸਰ ਪੁੱਜੇ। ਸਿੱਖ ਸੰਗਤ ਲਈ ਗੁਰੂ ਜੀ ਦਾ ਇਕ ਸਾਲ ਤੋਂ ਵੱਧ ਅੰਮ੍ਰਿਤਸਰ ਤੋਂ ਬਾਹਰ ਰਹਿਣਾ ਬਹੁਤ ਲੰਮਾ ਸਮਾਂ ਸੀ, ਜਦੋਂ ਕਿ ਸੰਗਤ ਆਪਣੀ ਮਰਜ਼ੀ ਅਨੁਸਾਰ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕੀ ਸੀ। ਗੁਰੂ ਜੀ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਸਿੱਖਾਂ ਨੇ ਬੜੀ ਧੂਮ-ਧਾਮ ਨਾਲ ਦੀਪਮਾਲਾ ਕੀਤੀ। ਸੰਗਤ ਦੂਰ-ਦੂਰ ਤੋਂ ਗੁਰੂ ਜੀ ਦੇ ਦਰਸ਼ਨ ਲਈ ਅੰਮ੍ਰਿਤਸਰ ਪੁੱਜੀ। ਲਾਹੌਰ ਤੋਂ ਆਈ ਸੰਗਤ ਨੇ, ਗੁਰੂ ਜੀ ਨੂੰ ਲਾਹੌਰ ਪੁੱਜ ਕੇ, ਬਾਕੀ ਰਹਿੰਦੀ ਲਾਹੌਰ ਦੀ ਸਿੱਖ ਸੰਗਤ ਨੂੰ ਵੀ ਦਰਸ਼ਨ ਦੇਣ ਦੀ ਬੇਨਤੀ ਕੀਤੀ।
ਗੁਰੂ ਜੀ ਨਾਲ ਲਾਹੌਰ ਨੂੰ ਜਾਣ ਲੱਗਿਆਂ, ਭਾਈ ਬਿਧੀ ਚੰਦ ਨੇ ਚੰਦ ਨੂੰ ਨਾਲ ਲੈ ਲਿਆ। ਲਾਹੌਰ ਦੀ ਸੰਗਤ ਨੇ ਜਦੋਂ ਚੰਦੂ ਨੂੰ ਦੇਖਿਆ ਤਾਂ ਉਹ ਭੜਕ ਉੱਠੀ। ਉਨਾਂ ਭਾਈ ਬਿਧੀ ਚੰਦ ਪਾਸੋਂ ਚੰਦੂ ਨੂੰ ਲੈ ਲਿਆ ਤੇ ਉਸਦੇ ਗਲ ਵਿਚ ਸੰਗਲ ਪਾ ਕੇ ਲਾਹੌਰ ਸ਼ਹਿਰ ਦੇ ਬਜ਼ਾਰਾਂ ਵਿਚ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ। ਕਈ ਸਿੱਖ ਗੱਸੇ ਵਿਚ , ਚੰਦ ਦੇ ਇਕ ਦੋ ਜੁੱਤੀਆਂ ਵੀ ਕੋਲੋਂ ਦੀ ਲੰਘਣ ਲੱਗੇ ਮਾਰ ਜਾਂਦੇ। ਇਕ ਦਿਨ ਉਹ ਜਲੂਸ ਉਸ ਬਜ਼ਾਰ ਵਿਚ ਪੁੱਜਿਆ ਜਿੱਥੇ ਉਸ ਭੜਭੁੱਜੇ ਦਾ ਦਾਣੇ ਭੁੰਨਣ ਦਾ ਭੱਠ ਸੀ, ਜਿਸ ਪਾਸੋਂ ਚੰਦੂ ਨੇ ਗੁਰੂ ਅਰਜਨ ਦੇਵ ਜੀ ਉੱਪਰ ਗਰਮ ਰੇਤ ਦੇ ਕੜਛੇ ਪਵਾਏ ਸਨ। ਚੰਦ ਦੀ ਸ਼ਕਲ ਦੇਖ ਕੇ ਭੜਭੰਜਾ ਆਪੇ ਤੋਂ ਬਾਹਰ ਹੋ ਗਿਆ। ਉਸਨੇ ਆਪਣੇ ਹੱਥ ਵਾਲਾ ਕੜਛਾ ਚੰਦ ਦੇ ਸਿਰ ਵਿਚ ਬੜੇ ਜ਼ੋਰ ਦੀ ਮਾਰਿਆ, ਜਿਸ ਨਾਲ 1613 ਈਸਵੀ ਵਿਚ ਚੰਦੁ ਦੀ ਮੌਤ ਹੋ ਗਈ।
ਗੁਰੂ ਹਰਿਗੋਬਿੰਦ ਜੀ ਦੇ ਰਾਜਿਆਂ ਨੂੰ ਬੰਦੀ ਵਿਚੋਂ ਛੁਡਾਉਣ ਅਤੇ ਜਹਾਂਗੀਰ ਨਾਲ ਚੰਗੇ ਸੰਬੰਧ ਪੈਦਾ ਹੋਣ ਦਾ ਵੱਡਾ ਅਸਰ ਇਹ ਹੋਇਆ ਕਿ ਸਿੱਖੀ ਦਾ ਪ੍ਰਚਾਰ ਦੇਸ਼ ਦੇ ਹਰ ਕੋਣੇ ਵਿਚ ਬਿਨਾਂ ਕਿਸੇ ਰੋਕ ਜਾਂ ਭੈ ਤੋਂ ਹੋਣ ਲੱਗਾ। ਨਾਨਕ ਮਤੇ ਦੀ ਦੇਖ-ਭਾਲ ਬਾਬਾ ਅਲਮਸਤ ਜੀ ਕਰਦੇ ਸਨ। ਉਨ੍ਹਾਂ ਦੇ ਡੇਰੇ ਦੀ ਸੰਭਾਲ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਗੋਰਖ ਜੋਗੀ ਦੇ ਚੇਲੇ, ਨਾਨਕ ਮਤੇ ਤੋਂ ਸਿੱਖੀ ਦਾ ਪ੍ਰਚਾਰ ਹੁੰਦਾ ਸਹਾਰ ਨਾ ਸਕੇ। ਉਨ੍ਹਾਂ ਨੇ ਬਾਬਾ ਅਲਮਸਤ ਤੋਂ ਡੇਰੇ ਦੀ ਸੰਭਾਲ ਖੋਹ ਲਈ ਤੇ ਉਸ ਪਿੱਪਲ ਨੂੰ ਅੱਗ ਲਗਾ ਦਿੱਤੀ, ਜਿਸਦੀ ਛਾਂ ਹੇਠ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਗਿਆਨ ਦਿੱਤਾ ਸੀ। ਗੁਰੂ ਜੀ ਲਾਹੌਰ ਤੋਂ ਅੰਮ੍ਰਿਤਸਰ ਪੁੱਜੇ ਹੀ ਸਨ ਕਿ ਉਨ੍ਹਾਂ ਪਾਸ ਨਾਨਕ ਮਤੇ ਦੀ ਬੇਅਦਬੀ ਦੀ ਖ਼ਬਰ ਪੁੱਜ ਗਈ।
ਗੁਰੂ ਜੀ ਆਪਣੇ ਨਾਲ ਇਕ ਘੋੜ-ਸਵਾਰਾਂ ਦਾ ਜਥਾ ਲੈ ਕੇ ਨਾਨਕ ਮਤੇ ਪਹੁੰਚ ਗਏ। ਗੁਰੂ ਜੀ ਨਾਲ ਸ਼ਸਤਰਧਾਰੀ ਸਿੱਖਾਂ ਨੂੰ ਦੇਖ ਕੇ ਜੋਗੀ ਡੇਰਾ ਛੱਡ ਕੇ ਭੱਜ ਗਏ। ਗੁਰੂ ਜੀ ਦੇ ਪੁੱਜਣ ਸਮੇਂ ਵੀ ਪਿੱਪਲ ਸੜ ਰਿਹਾ ਸੀ। ਉਨ੍ਹਾਂ ਨੇ ਪਿੱਪਲ ਦੇ ਪਾਸ ਬੈਠ ਕੇ ਦੀਵਾਨ ਸਜਾਇਆ । ਉਸ ਪਿੱਛੋਂ ਨਿਰਮਲ ਜਲ ਲੈ ਕੇ ਉਸ ਵਿਚ ਕੇਸਰ ਤੇ ਚੰਦਨ ਮਿਲਾ ਕੇ, ਉਸ ਸੜਦੇ ਪਿੱਪਲ ਉਪਰ ਛਿੱਟੇ ਮਾਰੇ। ਦੇਖਦੇ ਦੇਖਦੇ ਪਿੱਪਲ ਹਰਾ ਹੋ ਗਿਆ ਤੇ ਉਸਦੇ ਪੱਤੇ ਨਿਕਲ ਆਏ, ਜਿਨਾਂ ਉਪਰ ਕੇਸਰ ਦੇ ਪੀਲੇ ਤੇ ਚੰਦਨ ਦੇ ਚਿੱਟੇ ਨਿਸ਼ਾਨ ਸਨ। ਹੁਣ ਵੀ ਪਿੱਪਲ ਦੇ ਹਰ ਪੱਤੇ ਉੱਪਰ ਕੇਸਰ ਤੇ ਚੰਦਨ ਦੇ ਨਿਸ਼ਾਨ ਨਜ਼ਰ ਆਉਂਦੇ ਹਨ। ਪਿੱਪਲ ਨੂੰ ਸੁਰਜੀਤ ਹੋਇਆ ਸੁਣ ਕੇ ਜੋਗੀ ਵਿਰ ਆ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਕਿਹਾ, “ਅਸੀਂ ਦੁਨੀਆ ਤਿਆਗ ਕੇ ਇੱਥੇ ਰਹਿ ਰਹੇ ਹਾਂ। ਤੁਸੀਂ ਗ੍ਰਿਹਸਤੀ ਇੱਥੇ ਵੀ ਆ ਕੇ ਸਾਨੂੰ ਤੰਗ ਕਰਦੇ ਹੋ, ਜੋ ਤੁਸਾਂ ਨੂੰ ਸੋਭਾ ਨਹੀਂ ਦਿੰਦਾ। ਗੁਰੂ ਜੀ ਨੇ ਕਿਹਾ, “ਜੋ ਤੁਸਾਂ ਦੁਨੀਆ ਤਿਆਗੀ ਹੋਵੇ ਤਾਂ ਤੁਸੀਂ ਇਸ ਡੇਰੇ ਦੀ ਮੇਰ ਕਿਉਂ ਕਰੋ ?” ਜੋਗੀਆਂ ਨੂੰ ਕੋਈ ਉੱਤਰ ਨਾ ਸੁੱਝਿਆ ਤਾਂ ਉਹ ਡੇਰਾ ਛੱਡ ਕੇ ਚਲੇ ਗਏ।