ਕੀਰਤਪੁਰ ਨਿਵਾਸ-ਅਸਥਾਨ
Kiratpur Niwas-Asthan
ਗੁਰੂ ਹਰਿਗੋਬਿੰਦ ਜੀ ਨੇ 1634 ਈਸਵੀ ਦੀ ਜੰਗ ਪਿੱਛੋਂ ਅਨੁਭਵ ਕੀਤਾ ਕਿ ਪੰਜਾਬ ਦੀ ਜਨਤਾ ਜ਼ੁਲਮ ਦਾ ਟਾਕਰਾ ਕਰਨ ਲਈ ਸਦਾ ਤਿਆਰ ਸੀ। ਉਨ੍ਹਾਂ ਨੇ ਪਹਾੜੀ ਇਲਾਕੇ ਦੇ ਪਿੱਛੇ ਰਹਿ ਰਹੇ ਵਹਿਮੀ ਲੋਕਾਂ ਨੂੰ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਉਂ’ ਦਾ ਸਬਕ ਦੇਣ ਲਈ ਕੀਰਤਪੁਰ ਜਾ ਕੇ ਡੇਰੇ ਲਗਾ ਲਏ। ਇਹ ਨਗਰ ਬਾਬਾ ਗੁਰਦਿੱਤਾ ਜੀ ਨੇ 1630 ਈਸਵੀ ਵਿਚ ਕਹਿਰ ਦੇ ਰਾਜੇ ਤਾਰਾ ਚੰਦ ਪਾਸੋਂ ਜ਼ਮੀਨ ਖ਼ਰੀਦ ਕੇ ਵਸਾਇਆ ਸੀ। ਹੁਣ ਇਹ ਸ਼ਹਿਰ ਜ਼ਿਲਾ ਰੋਪੜ ਵਿਚ ਪੈਂਦਾ ਹੈ।
ਸ਼ਾਹ ਜਹਾਨ ਨੂੰ ਜਦੋਂ ਚੌਥੀ ਵਾਰੀ ਸ਼ਾਹੀ ਫ਼ੌਜ ਦੀ ਹਾਰ ਦੀ ਖ਼ਬਰ ਪੁੱਜੀ ਤਾਂ ਉਸਨੇ 1635 ਈਸਵੀ ਵਿਚ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਨਿਯਤ ਕਰ ਦਿੱਤਾ। ਦਾਰਾ ਸ਼ਿਕੋਹ ਆਪ ਵਿਦਵਾਨ ਸੀ ਤੇ ਵਿਦਵਾਨਾਂ ਦਾ ਕਦਰਦਾਨ ਸੀ। ਉਹ ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਬੜੇ ਸ਼ੌਕ ਨਾਲ ਮਿਲਦਾ ਸੀ। ਉਸਦੇ ਸੂਬੇਦਾਰ ਬਣਨ ਨਾਲ ਪੰਜਾਬ ਵਿਚ ਸ਼ਾਂਤੀ ਹੋ ਗਈ। ਸਿੱਖੀ ਦਾ ਪ੍ਰਚਾਰ ਬਿਨਾਂ ਕਿਸੇ ਰੋਕ ਤੋਂ ਹੋਣ ਲੱਗਾ। ਗੁਰੂ ਜੀ ਨੇ ਸਿੱਖੀ ਪ੍ਰਚਾਰ ਲਈ ਉਦਾਸੀ ਵਿਦਵਾਨਾਂ ਨੂੰ ਬਿਹਾਰ, ਬੰਗਾਲ, ਅਸਾਮ ਆਦਿ ਦੇ ਇਲਾਕਿਆਂ ਤਕ ਭੇਜਿਆ।
ਬਾਬਾ ਗੁਰਦਿੱਤਾ ਜੀ ਉਦਾਸੀ ਸੰਪਰਦਾ ਦੀ ਸੰਭਾਲ ਕੀਰਤਪੁਰ ਤੋਂ ਹੀ ਕਰਦੇ ਸਨ। 1638 ਈਸਵੀ ਵਿਚ ਇੱਕ ਦਿਨ ਉਹ ਜੰਗਲ ਵਿਚ ਸ਼ਿਕਾਰ ਖੇਡ ਰਹੇ ਸਨ ਕਿ ਉਨ੍ਹਾਂ ਦੇ ਇੱਕ ਸਾਥੀ ਪਾਸੋਂ, ਇੱਕ ਗਰੀਬ ਦੀ ਗਉ , ਹਿਰਨ ਦੇ ਭੁਲੇਖੇ ਵਿਚ ਮਰ ਗਈ। ਉਸ ਗਰੀਬ ਨੇ ਬਾਬਾ ਜੀ ਪਾਸ ਆ ਕੇ ਬੇਨਤੀ ਕੀਤੀ, “ਮੇਰੀ ਗਊ ਨੂੰ ਜ਼ਿੰਦਾ ਕਰ ਦੇਵੇ, ਨਹੀਂ ਤਾਂ ਮੈਨੂੰ ਇਸਦੇ ਮਰਨ ਦਾ ਪਾਪ ਲੱਗੇਗਾ।” ਬਾਬਾ ਜੀ ਨੇ ਉਸਨੂੰ ਕਿਹਾ, “ਇਹ ਗਊ ਮਰ ਗਈ ਹੈ, ਹੁਣ ਇਹ ਕਿਵੇਂ ਜ਼ਿੰਦਾ ਹੋ ਸਕਦੀ ਹੈ ?? ਉਸਨੇ ਕਿਹਾ, “ਤੁਸੀਂ ਗੁਰੂ ਦੇ ਪੁੱਤਰ ਹੈ। ਤੁਸੀਂ ਇਸਨੂੰ ਜ਼ਿੰਦਾ ਕਰ ਕੇ ਮੈਨੂੰ ਗਊ-ਹੱਤਿਆ ਤੋਂ ਬਚਾ ਸਕਦੇ ਹੋ।“ ਬਾਬਾ ਗੁਰਦਿੱਤਾ ਜੀ ਨੂੰ ਇਹ ਜਾਣਦੇ ਹੋਏ ਕਿ ਗੁਰੂ-ਘਰ ਵਿਚ ਕਰਾਮਾਤ ਦਿਖਾਉਣਾ ਮਨਾ ਹੈ, ਉਸ ਗਊ ਨੂੰ ਜ਼ਿੰਦਾ ਕਰ ਦਿੱਤਾ ਤਾਂ ਜੁ ਲੋਕਾਂ ਦੀ ਗੁਰੂ-ਘਰ ਵਿੱਚ ਸ਼ਰਧਾ ਖ਼ਤਮ ਨਾ ਹੋ ਜਾਵੇ। ਬਾਬਾ ਗੁਰਦਿੱਤਾ ਜੀ ਦਾ ਗਉ ਨੂੰ ਜ਼ਿੰਦਾ ਕਰਨ ਦਾ ਨਾਟਕ ਗੁਰੂ ਹਰਿਗੋਬਿੰਦ ਜੀ ਨੂੰ ਪਸੰਦ ਨਾ ਆਇਆ। ਉਨ੍ਹਾਂ ਦੇ ਕਹਿਣ ਉੱਪਰ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗ ਦਿੱਤਾ।
ਗੁਰੂ ਹਰਿਗੋਬਿੰਦ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਧੀਰਮੱਲ ਨੂੰ, ਕਰਤਾਰਪੁਰ ਤੋਂ ਪਿਤਾ ਦੇ ਦਾਹ-ਸੰਸਕਾਰ ਉੱਪਰ ਆਉਣ ਲਈ ਸੱਦਾ ਭੇਜਿਆ ਪਰ ਉਹ ਨਾ ਆਇਆ। ਉਸਦੇ ਪਾਸ ਗੁਰੁ ਗ੍ਰੰਥ ਸਾਹਿਬ ਦੀ ਬੀੜ ਸੀ, ਜਿਸਦਾ ਸਹਾਰਾ ਲੈ ਕੇ ਉਹ ਆਪ ਗੁਰੂ ਬਣਨਾ ਚਾਹੁੰਦਾ ਸੀ। ਉਸਨੂੰ ਡਰ ਸੀ ਕਿ ਕੀਰਤਪੁਰ ਪੁੱਜਣ ਉੱਪਰ ਉਸ ਪਾਸੋਂ ਗੁਰੂ ਹਰਿਗੋਬਿੰਦ ਜੀ ਬੀੜ ਲੈ ਲੈਣਗੇ। ਗੁਰੂ ਹਰਿਗੋਬਿੰਦ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿ ਰਾਇ ਜੀ ਨੂੰ ਗੁਰ-ਗੱਦੀ ਦੇ ਯੋਗ ਦੇਖ ਕੇ ਅਗਸਤ 1643 ਈਸਵੀ ਨੂੰ ਗੁਰ-ਗੱਦੀ ਉਸਨੂੰ ਸੌਂਪ ਦਿੱਤੀ ਤੇ ਬਚਨ ਕੀਤੇ, “ਸਦਾ ਆਪਣੇ ਨਾਲ 2200 ਘੋੜ-ਸਵਾਰ ਰੱਖਣੇ। ਗੁਰੂ-ਘਰ ਦਾ ਕਿਸੇ ਨਾਲ ਕੋਈ ਵੈਰ ਨਹੀਂ। ਆਪ ਨੂੰ ਜੰਗ ਕਰਨ ਦੀ ਲੋੜ ਨਹੀਂ ਪਵੇਗੀ। ਜਿਹੜਾ ਵੀ ਗੁਰੂ-ਘਰ ਉੱਪਰ ਚੜ੍ਹਾਈ ਕਰਨ ਆਵੇਗਾ, ਉਸਦਾ ਰਸਤੇ ਵਿਚ ਹੀ ਨਾਸ਼ ਹੋ ਜਾਵੇਗਾ।
ਗੁਰੂ ਹਰਿਗੋਬਿੰਦ ਜੀ ਨੇ 3 ਮਾਰਚ, 1644 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਇੱਕ ਹਫ਼ਤਾ ਪਹਿਲਾਂ ਹੁਕਮ ਕਰ ਦਿੱਤਾ ਕਿ ਉਨਾਂ ਨੂੰ ਕੋਈ ਨਾ ਬੁਲਾਵੇ। ਉਸ ਪਿੱਛੋਂ ਉਹ ਇਕਾਂਤ ਵਿਚ ਬੈਠ ਕੇ ਇੱਕ ਹਫ਼ਤਾ ਕੀਰਤਨ ਸੁਣਦੇ ਸੁਣਦੇ ਜੋਤੀ ਜੋਤ ਸਮਾ ਗਏ।