ਬੰਦੀਛੋੜ
Bandichod
ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ, ‘ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਉਂ ਦੀ ਨੀਤੀ ਅਪਣਾ ਲਈ। ਗੁਰੂ ਦੇ ਹੁਕਮ ਅਨੁਸਾਰ , ਜਿੱਥੇ ਸੰਗਤ ਸੋਹਣੇ ਘੋੜੇ ਤੇ ਸ਼ਸਤਰ ਭੇਟਾ ਲੈ ਕੇ ਹਾਜ਼ਰ ਹੁੰਦੀ ਸੀ, ਉਥੇ ਸੂਰਬੀਰ ਆਪਣੀਆਂ ਜਵਾਨੀਆਂ ਵੀ ਗੁਰੂ ਅੱਗੇ ਭੇਟ ਕਰਦੇ ਸਨ। ਗੁਰੂ ਦੀ ਫੌਜ ਵਿਚ , ਸ਼ਾਹੀ ਫੌਜ ਵਿੱਚੋਂ ਧਾਰਮਕ ਨੀਤੀ ਅਧੀਨ ਕੱਢੇ ਫੌਜੀ ਪਠਾਣ, ਜਿਵੇਂ ਸੁਬੇਦਾਰ ਯਾਰ ਖ਼ਾਨ ਤੇ ਫੌਜਦਾਰ ਖੁਆਜਾ ਸਰਾਇ ਵਰਗ ਹੋਰ ਬੇਅੰਤ ਭਰਤੀ ਹੋਣ ਲੱਗੇ। ਬਹੁਤ ਸਾਰੇ ਡਾਕ ਚੋਰ , ਜਿਨ੍ਹਾਂ ਨੇ ਸਰਕਾਰ ਦੇ ਜ਼ੁਲਮ ਤੋਂ ਤੰਗ ਆ ਕੇ ਇਹ ਘਟੀਆ ਕਿੱਤੇ ਅਖ਼ਤਿਆਰ ਕੀਤੇ ਸਨ, ਉਹ ਆਪਣੇ ਕਿੱਤਿਆਂ ਤੋਂ ਤੌਬਾ ਕਰ ਕੇ ਗੁਰੂ ਪਾਸ ਹਾਜ਼ਰ ਹੋਣ ਲੱਗੇ। ਗੁਰੂ ਨਾਨਕ ਦਾ ਘਰ ਸਹੀ ਅਰਥਾਂ ਵਿਚ ਨਿਘਰਿਆਂ ਦਾ ਘਰ ਬਣਨ ਲੱਗਾ।
ਗੁਰੂ ਜੀ ਨੇ 52 ਫ਼ੌਜੀ ਭਰਤੀ ਕੀਤੇ, ਜਿਹੜੇ ਨਵੇਂ ਭਰਤੀ ਹੋਣ ਵਾਲੇ ਸਿੱਖਾਂ ਨੂੰ ਸ਼ਸਤਰ-ਵਿੱਦਿਆ ਦਿੰਦੇ। ਗੁਰੂ ਜੀ ਨੇ ਬਾਜ਼ ਤੇ ਸ਼ਿਕਾਰੀ ਕੁੱਤੇ ਰੱਖ ਲਏ। ਤੀਜੇ ਪਹਿਰ, ਸਿੱਖਾਂ ਨੂੰ ਨਾਲ ਲੈ ਕੇ, ਮੁਗਲ ਹਾਕਮਾਂ ਦੀ ਤਰ੍ਹਾਂ ਸ਼ਿਕਾਰ ਖੇਡਣ ਲਈ ਜੰਗਲ ਵਿਚ ਜਾਂਦੇ। ਉਹ ਜੰਗਲੀ ਜਾਨਵਰ ਸ਼ੇਰ, ਚੀਤੇ ਆਦਿ ਦਾ ਸ਼ਿਕਾਰ ਕਰਦੇ। 1609 ਈਸਵੀ ਵਿਚ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਉਸਾਰੀ ਕਰਵਾਈ । ਸ਼ਾਮ ਦੇ ਦੀਵਾਨ ਸਮੇਂ, ਉਹ ਉਸ ਤਖ਼ਤ ਉੱਪਰ ਬਿਰਾਜਮਾਨ ਹੋ ਕੇ ਇੱਕ ਬਾਦਸ਼ਾਹ ਦੀ ਤਰਾਂ ਦਰਬਾਰ ਲਾਉਂਦੇ । ਆਪਣੇ ਸਿੱਖਾਂ ਦੇ ਲੈਣ-ਦੇਣ ਦੇ ਝਗੜੇ ਨਿਪਟਾਉਂਦੇ ਤੇ ਉਨਾਂ ਦੇ ਘਰੇਲ ਫ਼ੈਸਲੇ ਕਰਦੇ।ਜਿਸ ਨਾਲ ਸਿੱਖ , ਸਰਕਾਰੀ ਕਰਮਚਾਰੀਆਂ ਦੇ ਦਬਾਅ ਤੋਂ ਸੁਤੰਤਰ ਹੋ ਗਏ । ਗੁਰੂ ਜੀ ਹਰ ਨਵਾਂ ਹੁਕਮਨਾਮਾ ਤੇ ਨਵਾਂ ਫੈਸਲਾ, ਉਸੇ ਤਖ਼ਤ ਉਪਰ ਸੰਗਤ ਨੂੰ ਸੁਣਾਉਂਦੇ।
1609 ਈਸਵੀ ਵਿਚ ਗੁਰੂ ਜੀ ਨੇ ਸ਼ਹਿਰ ਦੀ ਰੱਖਿਆ ਲਈ ਅੰਮ੍ਰਿਤਸਰ ਤੋਂ ਬਾਹਰ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ। 1610 ਈਸਵੀ ਵਿਚ ਜਹਾਂਗੀਰ ਨੇ ਮੁਰਤਜ਼ਾ ਖ਼ਾਨ ਨੂੰ ਲਾਹੌਰ ਦਾ ਗਵਰਨਰ ਥਾਪਿਆ । ਉਹ ਗੁਰੂ ਜੀ ਦਾ ਦਿਨੋ-ਦਿਨ ਵਧਦਾ ਸ਼ਾਹੀ ਠਾਠ ਦੇਖ ਕੇ ਡਰ ਗਿਆ। ਗੁਰੂ-ਘਰ ਦੇ ਦੋਖੀਆਂ ਨੇ ਉਸਨੂੰ ਹੋਰ ਡਰਾ ਦਿੱਤਾ। ਉਸਦੇ ਕਹਿਣ ਉੱਪਰ ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰਨ ਦਾ ਹੁਕਮ ਕਰ ਦਿੱਤਾ। ਉਸ ਕਿਲ੍ਹੇ ਵਿਚ ਸ਼ਾਹੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ । ਗੁਰੂ ਜੀ ਦੇ ਉਸ ਕਿਲ੍ਹੇ ਵਿਚ ਜਾਣ ਤੋਂ ਪਹਿਲਾਂ, ਜਹਾਂਗੀਰ ਨੇ 52 ਰਾਜੇ ਕੈਦ ਕੀਤੇ ਹੋਏ ਸਨ।
ਗੁਰੂ ਜੀ ਦੇ ਉਸ ਕਿਲ੍ਹੇ ਵਿਚ ਪੁੱਜਣ ਨਾਲ ਸਵੇਰ ਤੇ ਸ਼ਾਮ ਦਾ ਦੀਵਾਨ ਲੱਗਣਾ ਆਰੰਭ ਹੋ ਗਿਆ। ਜਿਸ ਨਾਲ ਕਿਲੇ ਦੇ ਅੰਦਰ ਦਰ ਤੇ ਰਾਜਿਆਂ ਨੂੰ ਆਤਮਿਕ ਅਨੰਦ ਮਿਲਣ ਲੱਗਾ ਤੇ ਕਿਲੇ ਤੋਂ ਬਾਹਰ ਸਿੱਖ ਸੰਗਤਾਂ ਗੁਰੂ ਦੇ ਦਰਸ਼ਨ ਬਿਨਾਂ ਤੜਫਣ ਲੱਗੀਆਂ। ਇਹ ਅਨਿਆਏ ਦੇਖ ਕੇ ਸਾਈਂ ਮੀਆਂ ਮੀਰ ਵਰਗੇ ਫ਼ਕੀਰ ਪੁਕਾਰ ਉੱਠੇ। ਬੇਗਮ ਨੂਰ ਜਹਾਂ ਦੇ ਕਹਿਣ ਉਪਰ ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਕਰ ਦਿੱਤਾ। ਗੁਰੂ ਜੀ ਨੇ ਕਿਲ੍ਹੇ ਤੋਂ ਬਾਹਰ ਆਉਣ ਤੋਂ ਪਹਿਲਾਂ ਇਹ ਸ਼ਰਤ ਰੱਖ ਦਿੱਤੀ ਕਿ ਕੈਦੀ ਰਾਜਿਆਂ ਨੂੰ ਵੀ ਉਨ੍ਹਾਂ ਨਾਲ ਰਿਹਾਅ ਕੀਤਾ ਜਾਵੇ। ਜਹਾਂਗੀਰ ਨੇ ਕਿਹਾ , “ਜਿਹੜਾ ਰਾਜਾ ਗੁਰੂ ਦੇ ਵਸਤਰ ਦਾ ਪੱਲਾ ਫੜ ਲਵੇ, ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਬੰਦੀਛੋੜ ਗੁਰੂ ਨੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਸਾਰੇ ਰਾਜੇ ਛੁਡਾ ਲਏ ॥