ਬਾਬਾ ਸਿਰੀ ਚੰਦ ਨਾਲ ਮਿਲਾਪ
Baba Siri Chand Nal Milap
ਸ਼ਾਹ ਜਹਾਨ ਨੂੰ ਜਲੰਧਰ ਦੇ ਫ਼ੌਜਦਾਰ ਦੀ ਮੌਤ ਤੇ ਉਸਦੀ ਫ਼ੌਜ ਦੀ ਸਿੱਖਾਂ ਪਾਸ ਹਾਰ ਦੀ ਖ਼ਬਰ ਆਰੇ ਪੁੱਜ ਗਈ। ਉਸਨੇ ਵਜ਼ੀਰ ਖ਼ਾਨ ਨੂੰ ਕਿਹਾ, “ਸਿੱਖਾਂ ਦੇ ਗੁਰੂ ਨੂੰ ਵੱਡੀ ਫੌਜ ਲਿਜਾ ਕੇ ਖ਼ਤਮ ਕਰ ਦਿੱਤਾ ਜਾਵੇ। ਵਜ਼ੀਰ ਖ਼ਾਨ ਨੇ ਉੱਤਰ ਦਿੱਤਾ, “ਆਪ ਦੇ ਹੁਕਮ ਦੀ ਪਾਲਣਾ ਕਰਨ ਲਈ ਮੈਂ ਸਦਾ ਤਿਆਰ ਹਾਂ, ਪਰ ਇਹ ਜੰਗ ਇਕ ਮਸੀਤ ਬਣਾਉਣ ਪਿੱਛੇ ਹੋਈ ਸੀ, ਜਿਹੜੀ ਸਿੱਖਾਂ ਦੇ ਗੁਰੂ , ਹਰਿਗੋਬਿੰਦਪੁਰ ਵਿਚ ਆਪਣੇ ਮੁਸਲਮਾਨ ਤੇ ਪਠਾਣ ਫ਼ੌਜੀਆਂ ਤੇ ਹੋਰ ਸ਼ਰਧਾਲੂਆਂ ਲਈ ਬਣਵਾ ਰਹੇ ਸਨ। ਉਸ ਮਸੀਤ ਦੀ ਉਸਾਰੀ ਵਿਚ ਭਗਵਾਨ ਦਾਸ ਘੋਰੜ ਰੋਕ ਪਾ ਰਿਹਾ ਸੀ। ਗੁਰੂ ਜੀ ਦੇ ਸਮਝਾਉਣ ਉੱਪਰ ਉਹ ਝਗੜਾ ਕਰਨ ਲੱਗਾ। ਸਿੱਖਾਂ ਪਾਸੋਂ ਇਹ ਸਹਾਰਿਆ ਨਾ ਗਿਆ। ਉਨ੍ਹਾਂ ਨੇ ਭਗਵਾਨ ਦਾਸ ਨੂੰ ਦਰਿਆ ਵਿਚ ਸੁੱਟ ਦਿੱਤਾ। ਸ਼ਾਹ ਜਹਾਨ ਨੇ ਜਦੋਂ ਸੁਣਿਆ ਕਿ ਉਹ ਜੰਗ ਇਕ ਮਸੀਤ ਬਣਾਉਣ ਪਿੱਛੇ ਹੋਈ ਸੀ ਤਾਂ ਉਸਨੇ ਜਲੰਧਰ ਦੇ ਫ਼ੌਜਦਾਰ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਕਰ ਦਿੱਤਾ।
ਗੁਰੂ ਜੀ ਨੇ ਜੰਗ ਖ਼ਤਮ ਹੋਣ ਪਿੱਛੋਂ ਭਗਵਾਨ ਦਾਸ ਦੇ ਘਰ ਨੂੰ ਵੀ ਮਸੀਤ ਵਿਚ ਬਦਲ ਦਿੱਤਾ। ਸ਼ਾਹ ਜਹਾਨ ਦੇ ਵਿਚਾਰਾਂ ਦਾ ਪਤਾ ਲੱਗਣ ਤੇ ਉਨਾਂ ਨੇ ਦੇਸ਼ ਦਾ ਦੌਰਾ ਸ਼ੁਰੂ ਕਰ ਦਿੱਤਾ। ਗੁਰੂ ਜੀ ਹਰਿਗੋਬਿੰਦਪੁਰ ਤੋਂ ਚਲ ਕੇ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਦਾ ਸੁਨੇਹਾ ਮਿਲਿਆ, “ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ, ਇਸ ਲਈ ਆ ਕੇ ਦਰਸ਼ਨ ਦੇ ਜਾਵੇ । ਗੁਰੂ ਜੀ ਅੰਮ੍ਰਿਤਸਰ ਤੋਂ ਰਮਦਾਸ ਪੁੱਜੇ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਦੀਦਾਰ ਕਰਨ ਪਿੱਛੋਂ ਸਰੀਰ ਤਿਆਗ ਦਿੱਤਾ। ਗੁਰੂ ਜੀ ਰਮਦਾਸ ਤੋਂ ਕਰਤਾਰਪੁਰ, ਰਾਵੀ ਕੰਢੇ ਪੁੱਜੇ, ਜਿਥੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸਿਰੀ ਚੰਦ ਜੀ ਉਦਾਸੀ ਬਾਣੇ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਹ ਉਦਾਸੀਆਂ ਵਾਲਾ ਬਾਣਾ ਬਾਬਾ ਸਿਰੀ ਚੰਦ ਨੇ 1521 ਈਸਵੀ ਵਿਚ ਅਪਣਾ ਲਿਆ ਸੀ, ਜਿਸਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਧਾਰਨ ਕੀਤਾ ਸੀ ਤੇ 1521 ਈਸਵੀ ਵਿਚ ਕਰਤਾਰਪੁਰ ਵਸਾਉਣ ਸਮੇਂ ਉਤਾਰ ਦਿੱਤਾ ਸੀ।
ਗੁਰੂ ਹਰਿਗੋਬਿੰਦ ਜੀ ਦੇ ਕਰਤਾਰਪੁਰ ਪੁੱਜਣ ਸਮੇਂ ਉਨ੍ਹਾਂ ਦੇ ਨਾਲ ਉਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਨ, ਜਿਨ੍ਹਾਂ ਦਾ ਮੁਹਾਂਦਰਾ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਸੀ। ਉਨ੍ਹਾਂ ਨੂੰ ਦੇਖ ਕੇ ਬਾਬਾ ਸਿਰੀ ਚੰਦ ਜੀ ਬਹੁਤ ਹੈਰਾਨ ਹੋਏ । ਬਾਬਾ ਸਿਰੀ ਚੰਦ ਨੇ ਗੁਰੂ ਜੀ ਨੂੰ ਪੁੱਛਿਆ, “ਆਪਦੇ ਕਿੰਨੇ ਪੁੱਤਰ ਹਨ ? ਗੁਰੂ ਜੀ ਨੇ ਉੱਤਰ ਦਿੱਤਾ, “ਪੰਜ ਸਨ। ਇਕ ਪੁੱਤਰ ਬਾਬਾ ਅਟੱਲ ਨੌਂ ਸਾਲਾਂ ਦੀ ਉਮਰ ਵਿਚ ਚੜਾਈ ਕਰ ਗਿਆ ਸੀ। ਉਸਨੇ ਆਪਣੇ ਇਕ ਸਾਥੀ ਨੂੰ ਜ਼ਿੰਦਾ ਕਰ ਦਿੱਤਾ ਸੀ, ਜਿਹੜਾ ਸੱਪ ਲੜ ਜਾਣ ਨਾਲ ਮਰ ਗਿਆ ਸੀ। ਗੁਰੂਘਰ ਵਿਚ ਕਰਾਮਾਤ ਦਿਖਾਉਣਾ ਪਰਮਾਤਮਾ ਦਾ ਸ਼ਰੀਕ ਬਣਨਾ ਹੈ। ਮੇਰੇ ਕਹਿਣ ਉੱਪਰ ਉਨ੍ਹਾਂ ਸਰੀਰ ਤਿਆਗ ਦਿੱਤਾ ਸੀ।
ਬਾਬਾ ਸਿਰੀ ਚੰਦ ਨੇ ਕਿਹਾ, “ਕੋਈ ਪੁੱਤਰ ਬਾਬੇ ਦਾ ਵੀ ਹੈ ?” ਗੁਰੂ ਜੀ ਨੇ ਕਿਹਾ, “ਸਾਰੇ ਆਪਦੇ ਹਨ।” ਗੁਰੂ ਜੀ ਦਾ ਉੱਤਰ ਸੁਣ ਕੇ ਬਾਬਾ ਸਿਰੀ ਚੰਦ ਨੇ ਕਿਹਾ, “ਇਹ ਪੁੱਤਰ ਸਾਨੂੰ ਦੇ ਦੇਵੋ।” ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਨਾਂ ਅੱਗੇ ਹਾਜ਼ਰ ਕਰ ਦਿੱਤਾ। ਬਾਬਾ ਸਿਰੀ ਚੰਦ ਨੇ ਆਪਣੀ ਉਦਾਸੀਆਂ ਦੀ ਸੰਪਰਦਾ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤੀ। ਇਸ ਤਰ੍ਹਾਂ ਉਦਾਸੀ ਸੰਪਰਦਾ ਵੀ ਗੁਰ-ਘਰ ਨਾਲ ਮਿਲ ਗਈ । ਇਹ ਉਦਾਸੀ ਸੰਪਰਦਾ ਹੀ ਸੀ, ਜਿਸਨੇ ਗੁਰਧਾਮਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਔਖੇ ਸਮਿਆਂ ਵਿਚ ਨਿਭਾਈ ਤੇ ਸਿੱਖੀ ਪ੍ਰਚਾਰ ਜਾਰੀ ਰੱਖਿਆ।