ਜੇ ਮੈਂ ਇਕ ਪੰਛੀ ਹੁੰਦਾ
Yadi me ek Pakshi Hota
ਜਾਣ-ਪਛਾਣ : ਜੇ ਮੈਂ ਇਕ ਪੰਛੀ ਹੁੰਦਾ ਤਾਂ ਸਦਾ ਅਕਾਸ਼ ਵਿਚ ਉਡਾਰੀਆਂ ਮਾਰਦਾ ਅਤੇ ਉੱਚੀ ਆਵਾਜ਼ ਵਿਚ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਮੈਂ ਬੱਦਲਾਂ ਤੋਂ ਉੱਚਾ ਉਡ ਕੇ ਪ੍ਰਮਾਤਮਾ ਦੇ ਬਿਲਕੁਲ ਨੇੜੇ ਪੁੱਜ ਜਾਂਦਾ। ਮੈਂ ਉੱਚੇ ਮੰਡਲਾਂ ਵਿਚ ਪਰਮਾਤਮਾ ਨੂੰ ਵੱਸਿਆ ਹੋਇਆ ਵੇਖ ਕੇ ਉਸ ਨੂੰ ਬਾਰ-ਬਾਰ ਨਮਸਕਾਰ ਕਰਦਾ ਰਹਿੰਦਾ।
ਕੁਦਰਤੀ ਨਜ਼ਾਰਿਆਂ ਨੂੰ ਮਾਨਣਾ: ਜੇ ਮੈਂ ਪੰਛੀ ਹੁੰਦਾ ਤਾਂ ਕਿੰਨੀ ਚੰਗੀ ਗੱਲ ਸੀ। ਉਸ ਹਾਲਤ ਵਿਚ ਮੈਂ ਸਦਾ ਕੁਦਰਤ ਦੀ ਗੋਦੀ ਵਿਚ ਰਹਿੰਦਾ ਅਤੇ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਰੱਜ-ਰੱਜ ਕੇ ਮਾਣਦਾ। ਇਸ ਦੇ ਨਾਲ ਹੀ ਮੈਂ ਹਰ ਪਲ ਕਦਰਦ ਰਚਣਹਾਰ ਤੋਂ ਬਲਿਹਾਰ ਜਾਂਦਾ।
ਪਰਮਾਤਮਾ ਤੋਂ ਬਲਿਹਾਰ : ਇਉਂ ਮੈਂ ਆਪਣਾ ਵਧੇਰੇ ਸਮਾਂ ਆਕਾਸ਼ ਦੇ ਉੱਚੇ ਮੰਡਲਾਂ ਵਿਚ ਪਰਮਾਤਮਾ ਤੋਂ ਬਲਿਹਾਰੇ ਜਾਂਦਿਆਂ ਬਿਤਾਉਂਦਾ। ਜਦੋਂ ਮੈਨੂੰ ਭੁੱਖ ਲੱਗਦੀ ਤਾਂ ਮੈਂ ਹੋ ਆ ਕੇ ਕਿਸੇ ਫੁੱਲ ਜਾਂ ਦਰੱਖਤ ਉੱਤੇ ਬਹਿ ਕੇ ਉਸਦੇ ਫਲ ਖਾਂਦਾ ਅਤੇ ਆਪਣੀ ਭੁੱਖ ਮਿਟਾ ਲੈਂਦਾ। ਮੈਂ ਕਦੀ ਕਿਸੇ ਬਾਗ਼ ਵਿਚ ਲੱਗੇ ਹੋਏ ਦਰੱਖਤ ਦੇ ਫਲ ਖਾਣ ਦੀ ਕੋਸ਼ਿਸ਼ ਨਾ ਕਰਦਾ। ਮੈਂਨੂੰ ਪਤਾ ਹੈ ਕਿ ਬਾਗਾਂ ਦੇ ਦਰੱਖਤਾਂ ਤੋਂ ਫਲ ਖਾਣ ਵਾਲੇ ਪੰਛੀਆਂ ਨੂੰ ਮਨੁੱਖ ਗਲੇਲਾਂ ਦੀ ਖਾਰ ਨਾਲ ਵਿੰਨ੍ਹ ਸੁੱਟਦੇ ਹਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਫਾਹੀਆਂ ਵਿਚ ਫਸਾ ਲੈਂਦੇ ਹਨ। ਮੈਂ ਤਾਂ ਸਦਾ ਜੰਗਲੀ ਦਰੱਖਤਾਂ ਉੱਤੇ ਲੱਗੇ ਹੋਏ ਫਲਾਂ ਨਾਲ ਆਪਣਾ ਗੁਜ਼ਾਰਾ ਕਰਦਾ।
ਪੰਛੀ ਹੋਣ ਦੇ ਲਾਭ : ਜੇ ਮੈਂ ਇਕ ਪੰਛੀ ਹੁੰਦਾ ਤਾਂ ਇਸ ਦਾ ਮੈਨੂੰ ਸਭ ਤੋਂ ਵੱਡਾ ਲਾਭ ਇਹ ਹੁੰਦਾ ਕਿ ਮੈਂ ਮਨੁੱਖ ਵਾਂਗ ਸਦਾ ਪੈਸਾ ਇਕੱਠਾ ਕਰਨ ਦੀ ਧੁੰਨ ਵਿਚ ਮਗਨ ਨਾ ਰਹਿੰਦਾ। ਜਦ ਜੰਗਲਾਂ ਦੇ ਦਰੱਖਤ ਸਦਾ ਮੇਰੇ ਆਹਾਰ ਦਾ ਸੋਮਾ ਬਣੇ ਰਹਿਣਗੇ ਤਾਂ ਮੈਨੂੰ ਪੈਸਾ ਜੋੜਨ ਦੀ ਲੋੜ ਹੀ ਨਹੀਂ ਰਹੇਗੀ।
ਪੈਸਾ ਇੱਕਠਾ ਕਰਨ ਦਾ ਲਾਲਚ : ਮਨੁੱਖ ਦੇ ਜੀਵਨ ਵਿਚ ਇਸੇ ਲਈ ਸ਼ਾਂਤੀ ਅਤੇ ਸੰਤੁਸ਼ਟੀ ਨਹੀਂ ਹੈ ਕਿ ਉਹ ਸਦਾ ਪੈਸਾ ਇਕੱਠਾ ਕਰਨ ਦੀ ਧੁੰਨ ਵਿਚ ਲੱਗਾ ਰਹਿੰਦਾ ਹੈ। ਉਹ ਜਿੰਨਾ ਵੱਧ ਪੈਸਾ ਕਮਾਉਂਦਾ ਹੈ, ਉੱਨਾ ਹੋਰ ਵਧੇਰੇ ਕਮਾਉਣ ਦੀ ਭਟਕਣ ਵਿਚ ਖੁਆਰ ਹੁੰਦਾ ਰਹਿੰਦਾ ਹੈ, ਪਰ ਮੈਂ ਪੰਛੀ ਹੋਣ ਦੀ ਸੂਰਤ ਵਿਚ ਇਸ ਭਟਕਣ ਤੋਂ ਬਚਿਆ ਰਹਾਂਗਾ ਅਤੇ ਸਦਾ ਸੰਤੋਸ਼ ਵਿਚ ਰਹਿ ਕੇ ਜੀਵਨ ਦਾ ਆਨੰਦ ਮਾਣਾਂਗਾ।
ਮਨੁੱਖ ਨੂੰ ਵੱਡੇ ਮਕਾਨ ਦਾ ਲਾਲਚ : ਮਨੁੱਖ ਨੂੰ ਖੁਆਰ ਕਰਨ ਵਾਲੀ ਦੂਜੀ ਚੀਜ਼ ਉਸ ਦਾ ਵੱਡੇ ਮਕਾਨ ਬਨਾਉਣ ਵਾਲਾ ਲਾਲਚ ਹੈ। ਉਹ ਆਪਣੇ ਕਈ-ਕਈ ਮੰਜ਼ਲੇ ਉੱਚੇ ਮਕਾਨ ਬਣਾਉਣ ਵਿਚ ਲੱਗਾ ਰਹਿੰਦਾ ਹੈ ਅਤੇ ਆਪਣੀ ਸਾਰੀ ਉਮਰ ਇਸੇ ਕੰਮ ਵਿਚ ਵਿਅਰਥ ਗਵਾਉਣ ਦੀ ਮੂਰਖਤਾ ਕਰਦਾ ਹੈ, ਪਰ ਮੈਂ ਇਕ ਪੰਛੀ ਹੋਣ ਦੀ ਹਾਲਤ ਵਿਚ ਇਸ ਮੂਰਖਤਾ ਤੋਂ ਬਚਿਆ ਰਹਿੰਦਾ। ਮਨੁੱਖ ਤਾਂ ਸ਼ਾਇਦ ਇਸ ਗੱਲ ਨੂੰ ਭੁੱਲ ਬਹਿੰਦਾ ਹੈ ਕਿ ਉਸ ਨੇ ਮਰ ਜਾਣਾ ਹੈ ਅਤੇ ਆਪਣਾ ਆਲੀਸ਼ਾਨ ਮਕਾਨ ਇੱਥੇ ਹੀ ਛੱਡ ਜਾਣਾ ਹੈ, ਪਰ ਮੈਨੂੰ ਆਪਣੀ ਮੌਤ ਦਾ ਸਦਾ ਖਿਆਲ ਰਹਿੰਦਾ ਅਤੇ ਮੈਂ ਤੀਲਿਆਂ ਦਾ ਬਣਿਆ ਹੋਇਆ ਆਪਣਾ ਆਲ੍ਹਣਾ ਇੱਥੇ ਹੀ ਛੱਡ ਕੇ ਜਾਣ ਨੂੰ ਸਦਾ ਤਿਆਰ ਰਹਿੰਦਾ ਹਾਂ। ਇਸ ਲਈ ਮੈਂ ਆਪਣਾ ਨਿੱਕਾ ਜਿਹਾ ਆਲ੍ਹਣਾ ਕਿਸੇ ਦਰੱਖਤ ਦੇ ਖੋੜ ਵਿਚ ਜਾਂ ਉਸ ਦੀਆਂ ਉੱਚੀਆਂ ਟਹਿਣੀਆਂ ਵਿਚ ਬਣਾ ਕੇ ਸਦਾ ਸੰਤੁਸ਼ਟ ਰਹਿੰਦਾ ਹਾਂ।
ਕੀਮਤੀ ਕੱਪੜਿਆਂ ਦਾ ਲਾਲਚ : ਮਨੁੱਖ ਦਾ ਤੀਜਾ ਲੋਭ ਕੀਮਤੀ ਕੱਪੜੇ ਪਾਉਣ ਦਾ ਹੈ।ਉਹ ਕਿੰਨੇ-ਕਿੰਨੇ ਰੁਪਏ ਖ਼ਰਚ ਕੇ ਆਪਣੇ ਲਈ ਕਦੀ ਰੋਸ਼ਮੀ ਕੱਪੜੇ ਸਿਲਾਉਂਦਾ ਹੈ ਕਦੀ ਗਰਮ ਸੂਟ, ਪਰ ਇਕ ਪੰਛੀ ਹੋਣ ਦੀ ਹਾਲਤ ਵਿਚ ਮੈਨੂੰ ਕਦੀ ਕਿਸੇ ਕੱਪੜੇ ਸਿਲਾਉਣ ਦੀ ਲੋੜ ਨਹੀਂ ਹੋਵੇਗੀ। ਮੇਰੇ ਕੁਦਰਤੀ ਖੰਭ ਹੀ ਮੇਰੇ ਕੱਪੜੇ ਹੋਣਗੇ, ਜਿਹੜੇ ਮੈਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਰਹਿਣਗੇ।
ਕੁਦਰਤੀ ਖੰਭਾਂ ਰਾਹੀਂ ਸ਼ਾਨ ਵਿਚ ਵਾਧਾ : ਮਨੁੱਖ ਨੂੰ ਆਪਣੇ ਕੱਪੜੇ ਧੋਬੀ ਤੋਂ ਧੁਆਉਣ ਜਾਂ ਉਨ੍ਹਾਂ ਨੂੰ ਡਰਾਈਕਲੀਨ ਕਰਾਉਣ ਦਾ ਵੀ ਫਿਕਰ ਲੱਗਾ ਰਹਿੰਦਾ ਹੈ, ਪਰ ਮੈਂ ਇਕ ਪੰਛੀ ਹੁੰਦਾ ਹੋਇਆ ਇਸ ਫਿਕਰ ਤੋਂ ਸਦਾ ਆਜ਼ਾਦ ਰਹਾਂਗਾ। ਕਦੀ-ਕਦੀ ਮੀਹ ਵਿਚ ਨਹਾਉਣ ਜਾਂ ਕਿਸੇ ਤਲਾਅ ਵਿਚ ਚੁੱਭੀ ਮਾਰਨ ਨਾਲ ਮੇਰੇ ਖੰਭ ਤੇ ਜਾਣਗੇ ਅਤੇ ਬਿਲਕੁਲ ਸਾਫ ਹੋ ਜਾਣਗੇ। ਮਨੁੱਖ ਦੇ ਭੜਕੀਲੇ ਕੱਪੜੇ ਉਸ ਦੀ ਸ਼ਾਨ ਵਿਚ ਕੋਈ ਵਾਧਾ ਨਹੀਂ ਕਰਦੇ ਪਰ ਮੇਰੇ ਕੁਦਰਤੀ ਖੰਭ ਮੇਰੀ ਸ਼ਾਨ ਵਿਚ ਸਦਾ ਵਾਧਾ ਕਰਦੇ ਰਹਿਣਗੇ।
ਸੱਚ ਤਾਂ ਇਹ ਹੈ ਕਿ ਜੇ ਮੈਂ ਪੰਛੀ ਹੁੰਦਾ ਤਾਂ ਮੈਂ ਇਹੋ ਜਿਹੇ ਸਭ ਫ਼ਿਕਰਾਂ ਤੋਂ ਆਜ਼ਾਦ ਰਹਿੰਦਾ ਜਿਨ੍ਹਾਂ ਵਿਚ ਮਨੁੱਖ ਸਦਾ ਗਲਤਾਨ ਰਹਿੰਦਾ ਹੈ। ਇਸ ਲਈ ਮੈਂ ਆਪਣਾ ਸਾਰਾ ਸਮਾਂ ਪਰਮਾਤਮਾ ਦੇ ਗੁਣ ਗਾਉਣ ਵਿਚ ਬਿਤਾਉਂਦਾ। ਮੈਂ ਆਕਾਸ਼ ਵਿਚ ਉਡਾਰੀਆਂ ਮਾਰਦਿਆਂ ਜਾਂ ਕਿਸੇ ਦਰੱਖਤ ਦੇ ਪੱਤਿਆਂ ਓਹਲੇ, ਆਰਾਮ ਕਰਦਿਆਂ ਉਸ ਦਾਤੇ ਦੇ ਗੁਣ ਗਾਉਣ ਵਿਚ ਲੱਗਾ ਰਹਿੰਦਾ। ਮੇਰਾ ਜੀਵਨ, ਉਸ ਹਾਲਤ ਵਿਚ ਕਿੰਨੇ ਕਮਾਲ ਦਾ ਜੀਵਨ ਹੁੰਦਾ।