ਵੀਡੀਓ ਦੀ ਲੋਕਪ੍ਰਿਯਤਾ
Video ki Lopriyata
ਦਿਲ-ਪਰਚਾਵੇ ਦੀ ਨਵੀਂ ਕਾਢ : ਨਵੀਨ ਵਿਗਿਆਨ ਨੇ ਸਾਨੂੰ ਮਨੋਰੰਜਨ ਦੇ ਕਈ ਸਾਧਨ ਦਿੱਤੇ ਹਨ, ਜਿਵੇਂ ਰੇਡੀਓ ਅਤੇ ਟੈਲੀਵਿਜ਼ਨ। ਪਰ ਅੱਜਕਲ੍ਹ ਰੇਡੀਓ ਅਤੇ ਟੈਲੀਵਿਜ਼ਨ ਨਾਲੋਂ ਵੀਡੀਓ ਦੀ ਜ਼ਿਆਦਾ ਵਰਤੋਂ ਹੋਣ ਲੱਗ ਪਈ ਹੈ। ਨਵੀਨ ਵਿਗਿਆਨ ਵਲੋਂ ਇਹ ਮਨੁੱਖਾਂ ਦੇ ਦਿਲ-ਪਰਚਾਵੇ ਦੀ ਨਵੀਨਤਮ ਕਾਢ ਹੈ।
ਨੌਜਵਾਨਾਂ ਵਿਚ ਹਰਮਨ ਪਿਆਰਾ : ਨੌਜਵਾਨਾਂ ਵਿਚ ਵੀਡੀਓ ਬੜਾ ਹਰਮਨਪਿਆਰਾ ਦਿਲ-ਪਰਚਾਵੇ ਦਾ ਸਾਧਨ ਬਣ ਚੁੱਕਾ ਹੈ। ਅਸਲ ਵਿਚ ਹਰ ਉਮਰ ਦੇ ਲੋਕ ਇਸ ਦੇ ਬੜੇ ਸ਼ੌਕੀਨ ਬਣਦੇ ਜਾਂਦੇ ਹਨ। ਸਾਡੇ ਦੇਸ਼ ਦੇ ਅਮੀਰ ਅਤੇ ਵਿਚਕਾਰਲੇ ਤਬਕੇ ਦੇ ਲੋਕ ਵੀਡੀਓ ਦੀ ਬੜੀ ਵਰਤੋਂ ਕਰਨ ਲੱਗ ਪਏ ਹਨ।
ਵਿਆਹ-ਸ਼ਾਦੀ ਨੂੰ ਰਿਕਾਰਡ ਕਰਨਾ : ਵਿਆਹ ਸ਼ਾਦੀ ਦੇ ਦਿਸ਼ ਨੂੰ ਵੀਡੀਓ ਰਾਹੀਂ ਰਿਕਾਰਡ ਕਰਨ ਅਤੇ ਆਪਣੇ ਮਿੱਤਰਾਂ ਜਾਂ ਸੰਬੰਧੀਆਂ ਨੂੰ ਵਿਸ਼ੇ ਆਪਣੇ ਮਿੱਤਰਾਂ ਜਾਂ ਸੰਬੰਧੀਆਂ ਨੂੰ ਵਿਖਾਉਣ ਦਾ ਰਿਵਾਜ਼ ਆਮ ਹੋ ਹੈ। ਇਸ ਰਾਹੀਂ ਤੁਸੀਂ ਆਪਣੀ ਬੈਠਕ ਵਿਚ ਬਹਿ ਕੇ ਆਪਣੇ ਜਾਂ ਆਪਣੇ ਕਿਸੇ ਸੰਬੰਧੀ ਦੇ ਵਿਆਹ ਦਾ ਸਾਰਾ ਚਿੱਤਰ ਇਸ ਵਿਚ ਉਸੇ ਤਰ੍ਹਾਂ ਫਿਰ ਵੇਖ ਅਤੇ ਵਿਖਾ ਸਕਦੇ ਹੋ, ਜਿਵੇਂ ਇਹ ਹੋਇਆ ਸੀ। ਇਸ ਤੋਂ ਉਪਰੰਤ ਇਸ ਦੀ ਸਹਾਇਤਾ ਨਾਲ ਤੁਸੀਂ ਆਪਣੀ ਮਨਪਸੰਦ ਫਿਲਮ ਸਿਨੇਮਾ ਘਰ ਵਿਚ ਜਾਣ ਅਤੇ ਉੱਥੇ ਭੀੜ ਭੜਕੇ ਅਤੇ ਬਲੈਕ ਵਿਚ ਟਿਕਟ ਖਰੀਦਣ ਦੀ ਪ੍ਰੇਸ਼ਾਨੀ ਤੋਂ ਬਿਨਾਂ ਹੀ ਘਰ ਬੈਠੇ ਬਿਠਾਏ ਵੇਖ ਸਕਦੇ ਹੋ।
ਬੀਤੀ ਅਤੇ ਵਰਤਮਾਨ ਘਟਨਾ ਨੂੰ ਵੇਖਣਾ : ਵੀਡੀਓ ਰਾਹੀ ਅਸੀਂ ਬੀਤੇ ਹੋਏ ਅਤੇ ਵਰਤਮਾਨ ਸਮੇਂ ਦੀ ਹਰ ਘਟਨਾ ਨੂੰ ਜਦੋਂ ਮਰਜ਼ੀ ਚਾਹੋ, ਵੇਖ ਸਕਦੇ ਹਾਂ। ਇਸ ਰਾਹੀਂ ਅਸੀਂ ਆਪਣੇ ਬੱਚੇ ਦੇ ਵਿਕਾਸ ਦਾ ਹਰ ਕਦਮ ਫਿਰ ਚੰਗੀ ਤਰਾਂ ਵੇਖ ਕੇ ਉਸ ਦੇ ਵਿਕਾਸ ਵਿਚ ਆਈਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ। ਇਸ ਰਾਹੀਂ ਅਸੀਂ ਆਪਣੇ ਜੀਵਨ ਦਾ ਹਰ ਖੁਸ਼ੀਆਂ ਦਾ ਪਲ ਫਿਰ ਆਪਣੀਆਂ ਅੱਖਾਂ ਸਾਹਮਣੇ ਲਿਆ ਸਕਦੇ ਹਾਂ ਅਤੇ ਉਸਦੀ ਯਾਦ ਤਾਜ਼ਾ ਕਰ ਸਕਦੇ ਹਾਂ।
ਸਿੱਖਿਆ ਦੇ ਖੇਤਰ ਵਿਚ ਲਾਭ : ਸਿੱਖਿਆ ਦੇ ਖੇਤਰ ਵਿਚ ਵੀਡੀਓ ਤੋਂ ਬੜੇ ਲਾਭ ਉਠਾਏ ਜਾ ਸਕਦੇ ਹਨ। ਇਹ ਸਿੱਖਿਆ ਦੇਣ ਦੇ ਨਵੀਨ ਢੰਗਾਂ ਵਿਚ ਬੜਾ ਮਹੱਤਵਪੂਰਣ ਸਥਾਨ ਰੱਖਦਾ ਹੈ। ਇਸ ਰਾਹੀਂ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੇ ਲੀਡਰਾਂ ਦੇ ਮਹੱਤਵਪੂਰਣ ਭਾਸ਼ਣ ਅਤੇ ਕਾਰਨਾਮੇ ਫਿਰ ਸੁਣਾਏ ਅਤੇ ਵਿਖਾਏ ਜਾ ਸਕਦੇ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਓਲਿੰਪਕ ਖੇਡਾਂ ਅਤੇ ਏਸ਼ੀਆਈ ਮੈਚਾਂ ਆਦਿ ਟੂਰਨਾਮੈਂਟ ਦੇ ਦਿਸ਼ ਦੁਬਾਰਾ ਵਿਖਾ ਕੇ ਉਨ੍ਹਾਂ ਅੰਦਰ ਖੇਡਾਂ ਦੀ ਦਿਲਚਸਪੀ ਵਧਾਈ ਜਾ ਸਕਦੀ ਹੈ। ਕਿਸੇ ਚੰਗੇ ਅਧਿਆਪਕ ਦੇ ਪਾਠ ਜਾਂ ਭਾਸ਼ਨ ਨੂੰ ਰਿਕਾਰਡ ਕਰਕੇ ਵੀਡੀਓ ਕੈਸਟ ਦੀ ਸਹਾਇਤਾ ਨਾਲ ਵਿਦਿਆਰਥੀਆਂ ਸਾਹਮਣੇ ਦੁਹਰਾਇਆ ਜਾ ਸਕਦਾ ਹੈ।
ਚੋਣ ਪ੍ਰਚਾਰ ਦਾ ਮਾਧਿਅਮ : ਅੱਜਕਲ੍ਹ ਵੀਡੀਓ ਨੂੰ ਚੋਣ-ਪ੍ਰਚਾਰ ਦੇ ਮਾਧਿਅਮ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਚੋਣ ਲਈ ਖੜੇ ਹੋਏ ਉਮੀਦਵਾਰਾਂ ਦੇ ਭਾਸ਼ਨਾਂ ਦੇ ਰਿਕਾਰਡ ਬਣਾ ਕੇ ਉਨ੍ਹਾਂ ਨੂੰ ਵੋਟਰਾਂ ਤਾਈਂ ਵੀਡੀਓ ਕੈਸਟਾਂ ਦੇ ਰੂਪ ਵਿਚ ਪਹੁੰਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਚੋਣ-ਉਮੀਦਵਾਰ ਆਪਣੇ ਉਹਨਾਂ ਵੋਟਰਾਂ ਨਾਲ ਵੀ ਸੰਪਰਕ ਪੈਦਾ ਕਰ ਸਕਦਾ ਹੈ, ਜਿਨ੍ਹਾਂ ਤੱਕ ਉਹ ਆਪ ਨਹੀਂ ਪਹੁੰਚ ਸਕਦਾ। ਭਾਰਤ ਦੀਆਂ ਪਿਛਲੀਆਂ ਸੰਸਦੀ ਚੋਣਾਂ ਵਿਚ ਕਈ ਚੋਣ-ਉਮੀਦਵਾਰਾਂ ਨੇ ਵੀਡੀਓ ਕੈਸਟਾਂ ਰਾਹੀਂ ਆਪਣੇ ਪੱਖ ਵਿਚ ਤਕੜਾ ਚੋਣ ਪ੍ਰਚਾਰ ਕਰ ਕੇ ਵਿਖਾਇਆ ਸੀ।
ਵੀਡੀਓ ਦੇ ਨੁਕਸਾਨ : ਇਹ ਗੱਲ ਮੰਨਣ ਤੋਂ ਕਿਸੇ ਨੂੰ ਇਨਕਾਰ ਨਹੀਂ ਹੋ ਸਕਦਾ ਕਿ ਵੀਡੀਓ ਦੀ ਕਾਢ ਮਨੁੱਖਤਾ ਲਈ ਇਕ ਨਿਆਮਤ ਸਿੱਧ ਹੋ ਕੇ ਵਿਖਾ ਸਕਦੀ ਹੈ। ਪਰ ਇਸ ਦੇ ਕਈ ਨੁਕਸਾਨ ਵੀ ਹਨ, ਜਿਹੜੇ ਅੱਜਕਲ ਹਰੇਕ ਦੇ ਸਾਹਮਣੇ ਆ ਰਹੇ ਹਨ।
ਕੀਮਤੀ ਸਮਾਂ ਬਰਬਾਦ ਕਰਨਾ : ਵੀਡੀਓ ਦਾ ਪਹਿਲਾ ਨਕਸਾਨ ਇਹ ਹੈ ਕਿ ਇਹ ਕਾਢ ਸਾਡਾ ਕੀਮਤੀ ਸਮਾਂ ਬਰਬਾਦ ਕਰਨ ਦਾ ਕਾਰਨ ਬਣ ਚੁੱਕੀ ਹੈ। ਸਭ ਲਕ ਅਤੇ ਖਾਸ ਕਰਕੇ ਸਾਡੇ ਦੇਸ਼ ਦੇ ਲੋਕ ਅਤੇ ਵਿਦਿਆਰਥੀ ਵੀਡੀਓ ਰਿਕਾਰਡ ਨੂੰ ਵੇਖਣ ਉੱਤੇ ਇੰਨਾ ਸਮਾਂ ਨਸ਼ਟ ਕਰਦੇ ਹਨ ਕਿ ਇਸ ਦੇ ਜੋ ਲਾਭ ਹਨ, ਹਾਨੀਆਂ ਵਿਚ ਬਦਲ ਜਾਂਦੇ ਹਨ। ਸਾਡੇ ਵਿਦਿਆਰਥੀ ਵੀਡੀਓ ਵੇਖਣ ਦੇ ਸ਼ੌਕੀਨ ਬਣ ਕੇ ਆਪਣੀ ਪੜ੍ਹਾਈ ਕਰਨਾ ਭੁੱਲ ਬੈਠੇ ਹਨ। ਉਹ ਹਰ ਵੇਲੇ ਵੀਡੀਓ ਪੋਗਰਾਮ ਵੇਖਣ ਵਿਚ ਮਗਨ ਬੈਠੇ ਰਹਿੰਦੇ ਹਨ ਅਤੇ ਉਹਨਾਂ ਕੋਲ ਪੜਾਈ ਕਰਨ ਲਈ ਕੋਈ ਸਮਾਂ ਨਹੀਂ ਬੱਚਦਾ। ਕਈ ਵਾਰ ਉਹ ਅੱਧੀ-ਅੱਧੀ ਰਾਤ ਤੱਕ ਵੀਡੀਓ ਪ੍ਰੋਗਰਾਮ ਵੇਖਦੇ ਰਹਿੰਦੇ ਹਨ ਅਤੇ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਲੈ ਸਕਦੇ।
ਝਗੜਿਆਂ ਦਾ ਕਾਰਣ : ਘਰਾਂ ਵਿਚ ਆਮ ਵੇਖਿਆ ਗਿਆ ਹੈ ਕਿ ਘਰ ਦੀ ਔਰਤ ਵੀਡੀਓ ਪ੍ਰੋਗਰਾਮ ਵੇਖਣ ਵਿਚ ਮਸਤ ਰਹਿੰਦੀ ਹੈ ਅਤੇ ਘਰ ਦੇ ਕਈ ਜ਼ਰੂਰੀ ਕੰਮ ਅਤੇ ਖਾਣ ਪਕਾਉਣ ਦੇ ਕੰਮ ਕਰਨੇ ਭੁੱਲ ਜਾਂਦੀ ਹੈ। ਘਰ ਦੇ ਹੋਰ ਬੰਦੇ ਵੀ ਵੀਡੀਓ ਵੇਖਦੇ ਰਹਿ ਜਾਂਦੇ ਹਨ ਅਤੇ ਕੋਈ ਵੀ ਆਪਣਾ ਘਰੋਗੀ ਕਰੱਤਵ ਪੂਰੀ ਤਰ੍ਹਾਂ ਅਦਾ ਨਹੀਂ ਕਰਦਾ। ਇਸ ਨਾਲ ਘਰ ਵਿਚ ਕਈ ਵਾਰ ਝਗੜੇ ਉੱਠ ਖਲੋਂਦੇ ਹਨ ਕਿਉਂ ਜੋ ਘਰ ਦੇ ਜ਼ਰੂਰੀ ਕੰਮ ਨਾ ਹੋ ਸਕਣ। ਕਾਰਨ ਹਰ ਕੋਈ ਇਕ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ।
ਫ਼ਿਲਮ ਸਨਅਤ ਨੂੰ ਸੱਟ ਮਾਰਨੀ: ਵੀਡੀਓ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਇਸ ਨੇ ਫ਼ਿਲਮ ਸਨਅਤ ਉੱਤੇ ਬੜੀ ਭਾਰੀ ਸੱਟ ਮਾਰੀ ਹੈ। ਫ਼ਿਲਮਾਂ ਬਣਾਉਣ ਵਾਲੇ ਅਤੇ ਸਿਨੇਮਾ ਦੇ ਮਾਲਕ ਇਸ ਨੂੰ ਬੜੀ ਲਾਅਨਤ ਸਮਝਦੇ ਹਨ, ਕਿਉਂ ਜੋ ਆਮ ਲੋਕ ਘਰਾਂ ਵਿਚ ਹੀ ਫ਼ਿਲਮ ਵੇਖ ਲੈਂਦੇ ਹਨ। ਇਸ ਤੋਂ ਉਪਰੰਤ ਸਭ ਤੋਂ ਬੁਰੀ ਗੱਲ ਇਹ ਹੈ ਕਿ ਵੀਡੀਓ ਦੇ ਵਪਾਰੀ ਉਹਨਾਂ ਫ਼ਿਲਮਾਂ ਦੇ ਵੀ ਵੀਡੀਓ ਕੈਸਿਟ ਬਣਾ ਕੇ ਮਾਰਕੀਟ ਵਿਚ ਵੇਚਣ ਲੱਗ ਜਾਂਦੇ ਹਨ, ਜਿਨ੍ਹਾਂ ਦਾ ਅਜੇ ਕਿਸੇ ਸਿਨੇਮਾ ਹਾਲ ਵਿਚ ਉਦਘਾਟਨ ਹੀ ਨਹੀਂ ਹੋਇਆ ਹੁੰਦਾ। ਇਹ ਵੀਡੀਓ ਵਪਾਰੀ ਫ਼ਿਲਮਾਂ ਦੇ ਕਾਪੀ ਅਧਿਕਾਰਾਂ ਦੀ ਵੀ ਜ਼ਰਾ ਪਰਵਾਹ ਨਹੀਂ ਕਰਦੇ।
ਵੀਡੀਓ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸ ਨੇ ਸਾਡੇ ਦੇਸ਼ ਦੇ ਨੌਜਵਾਨਾਂ ਵਿਚ ਬਲਿਊ ਫ਼ਿਲਮਾਂ ਨੂੰ ਵੇਖਣ ਦਾ ਬੁਰਾ ਰਿਵਾਜ਼ ਪ੍ਰਚੱਲਿਤ ਕਰ ਦਿੱਤਾ ਹੈ। ਇਹ ਅੱਧਨੰਗੀਆਂ ਫ਼ਿਲਮਾਂ ਹੁੰਦੀਆਂ ਹਨ ਅਤੇ ਭੜਕਾਉ ਦਿਸ਼ਾਂ ਨਾਲ ਭਰਪੂਰ ਹੁੰਦੀਆਂ ਹਨ। ਸਾਡੇ ਦੇਸ਼ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਿਚ ਵੀਡੀਓ ਕੈਸਟਾਂ ਰਾਹੀਂ ਇਹੋ ਜਿਹੀਆਂ ਗੰਦੀਆਂ ਫ਼ਿਲਮਾਂ ਵੇਖਣ ਦਾ ਰਿਵਾਜ਼ ਆਮ ਹੋ ਗਿਆ ਹੈ। ਇਸ ਤਰ੍ਹਾਂ ਵੀਡੀਓ ਉਹਨਾਂ ਦੇ ਚਰਿੱਤਰ ਉੱਤੇ ਬੜੀ ਭਾਰੀ ਸੱਟ ਮਾਰ ਰਿਹਾ ਹੈ। ਕਈ ਦੇਸ਼ਾਂ ਵਿਚ ਇਹੋ ਜਿਹੀਆਂ ਗੰਦੀਆਂ ਫਿਲਮਾਂ ਬਣਾਉਣ ਅਤੇ ਵੇਚਣ ਉੱਤੇ ਕਰੜੀ ਪਾਬੰਦੀ ਲੱਗੀ ਹੋਈ ਹੈ। ਪਰ ਸਾਡੇ ਦੇਸ਼ ਵਿਚ ਉਹਨਾਂ ਉੱਤੇ ਇਹੋ ਜਿਹੀ ਕੋਈ ਕਰੜੀ ਪਾਬੰਦੀ ਨਹੀਂ ਹੈ। ਪੈਸਾ ਕਮਾਉਣ ਦੇ ਲਾਲਚ ਵਿਚ ਕਈ ਵੀਡੀਓ ਵਪਾਰੀ ਇਹੋ ਜਿਹੀਆਂ ਗੰਦੀਆਂ ਫ਼ਿਲਮਾਂ ਬਣਾ ਕੇ ਚੋਰੀ ਛਿਪੇ ਮਾਰਕਿਟ ਵਿਚ ਵੇਚਦੇ ਹਨ। ਜੇ ਉਹਨਾਂ ਉੱਤੇ ਪੁਲਿਸ ਵਲੋਂ ਛਾਪੇ ਵੀ ਮਾਰੇ ਜਾਣ ਤਾਂ ਉਹ ਛਾਪੇ ਮਾਰਨ ਵਾਲਿਆਂ ਨੂੰ ਰਿਸ਼ਵਤ ਦੇ ਕੇ ਬੱਚ ਜਾਂਦੇ ਹਨ। ਸਾਡੇ ਦੇਸ਼ ਵਿਚ ਗੰਦੀਆਂ ਵੀਡੀਓ ਕੈਸਿਟ ਬਣਾਉਣ ਵਾਲਿਆਂ ਨੂੰ ਅਜੇ ਤੱਕ ਕੋਈ ਭਾਰੀ ਸਜ਼ਾ ਨਹੀਂ ਦਿੱਤੀ ਗਈ। ਉਹ ਅਜਿਹੀਆਂ ਫ਼ਿਲਮਾਂ ਦੇ ਕੈਸਿਟ ਬੜੀ ਉੱਚੀ ਕੀਮਤ ਉੱਤੇ ਵੇਚਦੇ ਹਨ, ਪਰ ਆਪਣੇ ਮਾਪਿਆਂ ਦਾ ਖੁਨ ਪਸੀਨਾ ਇਕ ਕਰ ਕੇ ਕਮਾਇਆ ਹੋਇਆ ਧਨ ਰੋੜਨ ਵਾਲੇ ਵਿਦਿਆਰਥੀ ਇਨ੍ਹਾਂ ਕੈਸਟਾਂ ਦੇ ਮੁੱਲ ਦੀ ਰਤਾ ਪਰਵਾਹ ਨਾ ਕਰਦਿਆਂ ਇਨ੍ਹਾਂ ਨੂੰ ਖਰੀਦ ਕੇ ਵੇਖਦੇ ਹਨ। ਸਾਡੇ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀ ਇਹੋ ਜਿਹੀਆਂ ਗੰਦੀਆਂ ਫ਼ਿਲਮਾਂ ਦੇ ਕੈਸਟ ਰੋਜ਼ ਵੇਖਦੇ ਹਨ, ਉਹ ਉਹਨਾਂ ਨੂੰ ਜ਼ਿਆਦਾ ਕਰ ਕੇ ਅੱਧੀ ਰਾਤ ਵੇਲੇ ਜਾਂ ਉਸ ਤੋਂ ਪਿੱਛੋਂ ਵੇਖਦੇ ਹਨ, ਜਦੋਂ ਹੋਸਟਲਾਂ ਦੇ ਸੁਪਰਡੈਂਟਸ ਸੁੱਤੇ ਹੋਏ ਹੁੰਦੇ ਹਨ।
ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਵੀਡੀਓ ਸਾਡੇ ਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਕਈ ਲੋਕਾਂ ਲਈ ਬੜਾ ਹਾਨੀਕਾਰਕ ਦਿਲ-ਪਰਚਾਵਾ ਬਣ ਚੁੱਕਾ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਵੀਡੀਓ ਦਾ ਬਿਲਕੁਲ ਇਸਤੇਮਾਲ ਨਾ ਕੀਤਾ ਜਾਏ। ਪਰ ਜਿੱਥੇ ਤੱਕ ਹੋ ਸਕੇ ਇਸ ਦਿਲ-ਪਰਚਾਵੇ ਤੋਂ ਠੀਕ ਲਾਭ ਉਠਾਇਆ ਜਾਏ ਅਤੇ ਇਸ ਦੀ ਗਲਤ ਵਰਤੋਂ ਤੋਂ ਬੱਚ ਕੇ ਰਿਹਾ ਜਾਏ।