Punjabi Essay on “Subere de Sair”, “ਸਵੇਰ ਦੀ ਸੈਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸਵੇਰ ਦੀ ਸੈਰ

Subere de Sair

 

ਹਰ ਮਨੁਖ ਲਈ ਫਾਇਦੇਮੰਦ : ਤੜਕੇ ਦੀ ਸੈਰ ਹਰ ਉਮਰ ਦੇ ਮਨੁੱਖ ਲਈ ਫਾਇਦੇਮੰਦ ਹੈ। ਇਹ ਇਕ ਤਰ੍ਹਾਂ ਦੀ ਹਲਕੀ ਜਿਹੀ ਕਸਰਤ ਹੈ, ਜਿਸ ਦਾ ਸਰੀਰ ਨੂੰ ਵੱਡਾ ਫਾਇਦਾ ਮਿਲਦਾ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੇਡਾਂ ਖੇਡਣ ਜਾਂ ਭਾਰੀ ਕਸਰਤ ਕਰਨ ਦੀ ਤਾਕਤ ਨਹੀਂ ਹੁੰਦੀ, ਉਹਨਾਂ ਲਈ ਸਵੇਰ ਦੀ ਸੈਰ ਸੁੱਤੀ ਤਾਕਤ ਨੂੰ ਜਗਾ ਦੇਂਦੀ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਸਵੇਰ ਦੀ ਸੈਰ ਬੀਮਾਰਾਂ ਤੇ ਕਮਜ਼ੋਰਾਂ ਲਈ ਹੀ ਹੈ, ਸਗੋਂ ਇਹ ਚੰਗੀ ਸਿਹਤ ਬੰਦੇ ਦੇ ਜੀਵਨ ਵਿਚ ਵੀ ਭਾਰੀ ਮਹੱਤਵ ਰੱਖਦੀ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਵੇਰ ਵੇਲੇ ਜੋ ਸਕੂਨ ਵਾਲਾ ਅਤੇ ਸ਼ਾਂਤ ਚੁਗਿਰਦਾ ਹੁੰਦਾ ਹੈ ਤੇ ਜਿਹੜੀ ਤਾਜ਼ੀ ਹਵਾ ਮਿਲ ਸਕਦੀ ਹੈ, ਉਹ ਨਾ ਖੇਡ ਦੇ ਮੈਦਾਨਾਂ ਵਿਚੋਂ ਮਿਲਦੀ ਹੈ ਤੇ ਨਾ ਹੀ ਅਖਾੜਿਆਂ ਵਿਚੋਂ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਵੇਂ ਕੋਈ ਕਿੰਨਾ ਵੀ ਖੇਡੇ ਅਤੇ ਕਿੰਨੀ ਵੀ ਕਸਰਤ ਕਰੇ, ਜਿੰਨਾ ਚਿਰ ਉਹ ਘਰੋਂ ਬਾਹਰ ਖੇਤਾਂ ਵਿਚ ਜਾ ਕੇ ਤਾਜ਼ੀ ਹਵਾ ਨਹੀਂ ਲੈਂਦਾ, ਉਸ ਦੀ ਆਪਣੀ ਸਿਹਤ ਲਈ ਕੀਤੀ ਹਰ ਕੋਸ਼ਿਸ਼ ਅਸਫਲ ਰਹੇਗੀ।

ਸਰੀਰਕ ਅਤੇ ਮਾਨਸਿਕ ਸਿਹਤ : ਸਵੇਰ ਦੀ ਸੈਰ ਸੂਰਜ ਚੜਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਇਸ ਸਮੇਂ ਸਾਡੇ ਫੇਫੜਿਆਂ ਨੂੰ ਤਾਜ਼ੀ ਅਤੇ ਠੰਡੀ ਹਵਾ ਮਿਲਦੀ ਹੈ, ਜੋ ਸਾਡੇ ਸਰੀਰ ਅਤੇ ਮਾਨਸਿਕ ਸਿਹਤ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੀ ਹੈ। ਇਸ ਨਾਲ ਸਾਡੇ ਸਰੀਰ ਦੇ ਇਕ-ਇਕ ਅੰਗ ਨੂੰ ਫਾਇਦਾ ਪਹੁੰਚਦਾ ਹੈ। ਇਸ ਨਾਲ ਸਰੀਰ ਵਿਚ ਚੁਸਤੀ ਅਤੇ ਦਿਮਾਗ ਵਿਚ ਫੁਰਤੀ ਪੈਦਾ ਹੁੰਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।

ਸਰੀਰਕ ਮਸ਼ੀਨ ਦੀ ਦੇਖਭਾਲ : ਸਾਡਾ ਸਰੀਰ ਇਕ ਮਸ਼ੀਨ ਵਾਂਗ ਹੈ। ਜਿਸ ਤਰ੍ਹਾਂ ਮਸ਼ੀਨ ਦੀ ਲਗਾਤਾਰ ਦੇਖਭਾਲ ਕਰਨ ਅਤੇ ਉਸ ਨੂੰ ਤੇਲ ਆਦਿ ਦੇਣ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਹੀ ਸੈਰ ਸਾਡੇ ਸਰੀਰ ਲਈ ਤੇਲ ਵਾਂਗ ਕੰਮ ਕਰਦੀ ਹੈ। ਇਸ ਨਾਲ ਸਾਡਾ ਸਰੀਰ ਚੁਸਤ ਹੁੰਦਾ ਹੈ, ਮਨ ਪ੍ਰਸੰਨ ਹੁੰਦਾ ਹੈ ਅਤੇ ਅਸੀਂ ਵਧੇਰੇ ਹਿੰਮਤ ਨਾਲ ਕੰਮ ਕਰਨ ਦੇ ਯੋਗ ਬਣਦੇ ਹਾਂ।

ਬੀਮਾਰੀਆਂ ਤੋਂ ਬਚਾਅ ਤੇ ਸਰੀਰਕ ਤਾਕਤ ਚ ਵਾਧਾ : ਸਵੇਰ ਦੀ ਸੈਰ ਨਾਲ ਸਾਡੀ ਉਮਰ ਲੰਮੀ ਹੁੰਦੀ ਹੈ। ਇਸ ਨਾਲ ਸਾਡਾ ਸਰੀਰ ਕਈ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ ਅਤੇ ਉਸ ਦਾ ਵਿਕਾਸ ਚੰਗੀ ਤਰਾਂ ਨਾਲ ਹੁੰਦਾ ਹੈ।ਇਸ ਨਾਲ ਸਾਡੀ ਭੁੱਖ ਵੱਧਦੀ ਤੇ ਪਾਚਨ ਸ਼ਕਤੀ ਤੇਜ਼ ਹੁੰਦੀ ਹੈ। ਜਿਹੜੇ ਲੋਕ ਰੋਜ਼ ਸੈਰ ਨਹੀਂ ਕਰਦੇ, ਉਹ ਕਿਸੇ ਨਾ ਕਿਸੇ ਅਲਾਮਤ ਦਾ ਸੁਭਾਵਿਕ ਹੀ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੂੰ ਜ਼ਿੰਦਗੀ ਇਕ ਭਾਰੀ ਜਿਹੀ ਮਹਿਸੂਸ ਹੁੰਦੀ ਹੈ। ਬੀਮਾਰੀਆਂ ਵਿਚ ਫਸਣ ਨਾਲ ਸਮਾਂ ਨਸ਼ਟ ਹੁੰਦਾ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਵੀ ਵੱਧਦੀ ਹੈ। ਰੋਜ਼ ਸੈਰ ਨਾ ਕਰਨ ਵਾਲੇ ਜਾਂ ਮੋਟੇ ਹੋ ਜਾਂਦੇ ਹਨ ਜਾਂ ਪੀਲੇ ਜ਼ਰਦ। ਕਈ ਵਾਰ ਉਹਨਾਂ ਦੇ ਸਰੀਰ ਵਿਚ ਇਹੋ ਜਿਹੇ ਨੁਕਸ ਪੈ ਜਾਂਦੇ ਹਨ, ਜਿਹੜੇ ਮਹਿੰਗੀ ਤੋਂ ਮਹਿੰਗੀ ਦਵਾਈ ਨਾਲ ਵੀ ਠੀਕ ਨਹੀਂ ਹੁੰਦੇ, ਪਰ ਸੈਰ ਅਜਿਹੀ ਚੀਜ਼ ਹੈ ਕਿ ਕਈ ਵਾਰ ਜਿਹੜੀਆਂ ਬੀਮਾਰੀਆਂ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ, ਉਹ ਸਵੇਰੇ ਰੋਜ਼ ਸੈਰ ਕਰਨ ਨਾਲ ਠੀਕ ਹੋ ਜਾਂਦੀਆਂ ਹਨ। ਸੈਰ ਕਰਨ ’ਤੇ ਸਾਡਾ ਕੋਈ ਮੁੱਲ ਨਹੀਂ ਲੱਗਦਾ, ਪਰ ਇਹ ਸਰੀਰ ਨੂੰ ਬੜੇ ਫਾਇਦੇ ਦਿੰਦੀ ਹੈ, ਜੋ ਕੀਮਤੀ ਤੋਂ ਕੀਮਤੀ ਖੁਰਾਕ ਜਾਂ ਦਵਾਈ ਤਾਕਤ ਨਹੀਂ ਦੇ ਸਕਦੀ। ਵਿਦਿਆਰਥੀ, ਜੋ ਕਿ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਹੈ, ਉਸ ਲਈ ਤਾਂ ਇਹ ਬੜੀ ਜ਼ਰੂਰੀ ਹੈ। ਇਹ ਉਸ ਦੇ ਦਿਮਾਗ ਦਾ ਥਕੇਵਾਂ ਲਾਹ ਕੇ ਉਸ ਨੂੰ ਤਾਜ਼ਗੀ ਬਖਸ਼ਦੀ ਹੈ। ਇਸ ਨਾਲ ਉਸ ਦਾ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦ ਕਰਨ ਦੀ ਤਾਕਤ ਵੱਧਦੀ ਹੈ।

ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਸਿਹਤਮੰਦ ਰਹਿਣ ਲਈ ਅਤੇ ਆਪਣੀਆਂ ਸਰੀਰਕ ਅਤੇ ਮਾਨਸਿਕ ਤਾਕਤਾਂ ਤੋਂ ਜ਼ਿਆਦਾ ਕੰਮ ਲੈਣ ਲਈ ਹਰ ਰੋਜ਼ ਨੇਮ ਨਾਲ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ।

4 Comments

  1. Vanshika August 28, 2020
  2. Mehak September 24, 2020
  3. Mohit jain January 25, 2021
  4. Angel April 11, 2022

Leave a Reply