Punjabi Essay on “Shri Harimandar Sahib di Yatra”, “ਸ੍ਰੀ ਹਰਿਮੰਦਰ ਸਾਹਿਬ ਯਾਤਰਾ ”, for Class 10, Class 12 ,B.A Students and Competitive Examinations.

ਤੀਰਥ ਅਸਥਾਨ ਦੀ ਯਾਤਰਾ 

Tirth asthan di Yatra

ਜਾਂ 

ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ ਦੀ ਯਾਤਰਾ)

Shri Harimandar Sahib di Yatra 

ਰੂਪ-ਰੇਖਾ- ਜਾਣ-ਪਛਾਣ, ਅੰਮ੍ਰਿਤਸਰ ਦਾ ਸਫ਼ਰ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਸਰਬ ਸਾਂਝਾ ਸਥਾਨ, ਅਕਾਲ ਤਖ਼ਤ ਤੇ ਸਿੱਖ ਅਜਾਇਬ ਘਰ, ਜਲ੍ਹਿਆਂ ਵਾਲੇ ਬਾਗ ਤੇ ਹੋਰ ਗੁਰਦੁਆਰਿਆਂ ਦੀ ਯਾਤਰਾ, ਕੁੱਝ ਹੋਰ ਜਾਣਕਾਰੀ, ਸਾਰ ਅੰਸ਼ ।

ਜਾਣ-ਪਛਾਣ- ਭਾਰਤ ਵਿੱਚ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ। ਇਹਨਾਂ ਦੇ ਧਾਰਮਿਕ ਅਸਥਾਨ ਇਹਨਾਂ ਲਈ ਬਹੁਤ ਮਹੱਤਤਾ ਰੱਖਦੇ ਹਨ। ਹਰ ਧਰਮ ਦੇ ਆਪਣੇ-ਆਪਣੇ ਧਾਰਮਿਕ ਅਸਥਾਨ ਹਨ। ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਤੇ  ਪਵਿੱਤਰ ਅਸਥਾਨ ਹੈ।

ਅੰਮ੍ਰਿਤਸਰ ਦਾ ਸਫ਼ਰ- ਅੰਮ੍ਰਿਤਸਰ ਹਜ਼ਾਰਾਂ ਸ਼ਰਧਾਲੂ ਰੋਜ਼ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ। ਮੈਂ ਵੀ ਪਿਛਲੇ ਮਹੀਨੇ ਆਪਣੇ ਮੰਮੀ ਨਾਲ ਅੰਮ੍ਰਿਤਸਰ ਗਿਆ। ਮੇਰੇ ਮੰਮੀ ਨੇ ਪਹਿਲਾਂ ਮੈਨੂੰ ਕਈ ਵਾਰ ਦੱਸਿਆ ਸੀ ਕਿ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਪਾਣੀ ਹੈ। ਮੈਂ ਕਈ ਵਾਰ ਟੈਲੀਵੀਜ਼ਨ ਤੇ ਵੀ ਦੇਖਿਆ ਸੀ ਪਰ ਉਸ ਦਿਨ ਮੈਂ ਬਹੁਤ ਖੁਸ਼ ਸੀ ਕਿ ਮੈਂ ਅੰਮ੍ਰਿਤਸਰ ਜਾ ਰਿਹਾ ਹਾਂ। ਅਸੀਂ ਸਵੇਰੇ 6 ਵਜੇ ਹੀ ਬੱਸ ਲੈ ਲਈ। ਅਸੀਂ ਚੰਡੀਗੜ੍ਹ ਤੋਂ ਜਾਣਾ ਸੀ ਇਸ ਕਰਕੇ ਅਸੀਂ ਸਵੇਰੇ ਹੀ ਚਲ ਪਏ ਤਾਂ ਕਿ ਵਾਪਸ ਵੀ ਸਮੇਂ ਸਿਰ ਆ ਸਕੀਏ। ਜਦੋਂ ਅਸੀਂ ਬੱਸ ਵਿੱਚ ਬੈਠੇ ਤਾਂ ਮੰਮੀ ਨੇ ਦੱਸਿਆ ਕਿ ਇਹ ਸਿੱਖਾਂ ਦਾ ਧਾਰਮਿਕ ਅਸਥਾਨ ਹੈ। ਇਸ ਨੂੰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਨੇ ਵਸਾਇਆ ਸੀ ਤੇ ਪਹਿਲਾਂ ਇਸ ਦਾ ਨਾਂ ਰਾਮਦਾਸਪੁਰ ਸੀ। ਮੈਂ ਮੰਮੀ ਨੂੰ ਪੁੱਛਿਆ ਕਿ ਬੀਬੀ ਰਜਨੀ ਦੀ ਜਿਹੜੀ ਕਹਾਣੀ ਅਸੀਂ ਪੜ੍ਹਦੇ ਹਾਂ ਉਹ ਵੀ ਇਸ ਪਵਿੱਤਰ ਸਥਾਨ ਨਾਲ ਹੀ ਸੰਬੰਧਿਤ ਹੈ ਨਾ ?ਮੰਮੀ ਨੇ ਦੱਸਿਆ ਕਿ ਇੱਥੇ ਹੀ ਇਸ਼ਨਾਨ ਕਰਨ ਨਾਲ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਇਆ ਸੀ।

ਸੀ ਹਰਿਮੰਦਰ ਸਾਹਿਬ ਦੇ ਦਰਸ਼ਨ- ਅਸੀਂ ਗੱਲਾਂ ਕਰਦੇ-ਕਰਦੇ ਅੰਮ੍ਰਿਤਸਰ ਪਹੁੰਚ ਗਏ। ਸਾਡੀ ਬੱਸ ਅੰਮ੍ਰਿਤਸਰ ਬੱਸ ਅੱਡੇ ਤੇ ਰੁਕੀ। ਉੱਥੋਂ ਆਟੋ ਰਿਕਸ਼ਾ ਲੈ ਕੇ ਅਸੀਂ ਸਿੱਧੇ ਹਰਿਮੰਦਰ ਸਾਹਿਬ ਪਹੁੰਚ ਗਏ। ਅਸੀਂ ਬਾਹਰ ਜੋੜੇ-ਖਾਨੇ ਵਿੱਚ ਜੁੱਤੀਆਂ ਜਮਾਂ ਕਰਵਾਈਆਂ | ਅਸੀਂ ਹੱਥ ਮੂੰਹ ਤੇ ਪੈਰ ਧੋ ਕੇ ਵੱਡੇ ਦਰਵਾਜ਼ੇ ਵਿੱਚੋਂ ਲੰਘ ਕੇ ਸਰੋਵਰ ਦੀ ਪਰਿਕਰਮਾ ਵਿੱਚ ਪਹੁੰਚੇ। ਮੈਨੂੰ ਮੰਮੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਨੂੰ ਇਤਿਹਾਸ ਦੇ ਅਨੇਕਾਂ ਉਤਰਾਅ-ਚੜ੍ਹਾਅ ਵੇਖਣੇ ਪਏ ਹਨ। 1762 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ ਬਾਰੂਦ ਨਾਲ ਉਡਵਾ ਦਿੱਤਾ ਸੀ। 1764 ਈਸਵੀ ਵਿੱਚ ਇਸ ਦੀ ਫੇਰ ਉਸਾਰੀ ਹੋਈ। 1802 । ਈਸਵੀ ਵਿੱਚ ਇਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਇਸ ਦੀਆਂ ਕੰਧਾਂ ਤੇ ਸੋਨੇ ਦੇ ਪੱਤਰੇ ਲੱਗੇ ਹੋਏ ਹਨ। ਇਸ ਕਰਕੇ ਹੀ ਇਸ ਨੂੰ ਸਵਰਨ ਮੰਦਰ ਜਾਂ ‘Golden Temple’ ਵੀ ਕਿਹਾ ਜਾਂਦਾ ਹੈ। ਮੰਮੀ ਨੇ ਕਿਹਾ, “ਚੱਲੋ, ਪਹਿਲਾਂ ਇਸ਼ਨਾਨ ਕਰਦੇ ਹਾਂ । ਮੈਂ ਸਰੋਵਰ ਵਿੱਚ ਇਸ਼ਨਾਨ ਕੀਤਾ। ਇੱਥੇ ਨਾਲ ਹੀ ਇਸਤਰੀਆਂ ਦੇ ਇਸ਼ਨਾਨ ਕਰਨ ਲਈ ਪੋਣਾ ਬਣਿਆ ਹੋਇਆ ਹੈ। ਮੰਮੀ ਉਸ ਦੇ ਅੰਦਰ ਇਸ਼ਨਾਨ ਕਰਨ ਗਏ। ਮੈਂ ਬਾਹਰ ਖੜਾ ਹੋ ਕੇ ਇੱਧਰ-ਉੱਧਰ ਦੇਖ ਰਿਹਾ ਸੀ। ਸੇਵਾਦਾਰ ਪਰਿਕਰਮਾ ਵਿੱਚ ਇੱਧਰ-ਉੱਧਰ ਖੜੇ ਸਨ। ਕਈ ਇਸਤਰੀਆਂ ਝਾੜੂ ਫੇਰ ਰਹੀਆਂ ਸਨ। ਪਰਿਕਰਮਾ ਵਿੱਚ ਲੱਗੇ ਪੱਥਰਾਂ ਉੱਤੇ ਦਾਨੀਆਂ ਦੇ ਨਾਂ ਉੱਕਰੇ ਹੋਏ ਸਨ। ਅਸੀਂ ਹੌਲੀ-ਹੌਲੀ ਉੱਥੇ ਪਹੁੰਚ ਗਏ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇੱਥੇ ਇੱਕ ਗੁਰਦੁਆਰਾ ਸਥਾਪਿਤ ਹੈ। ਅਸੀਂ ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਦੀ ਥਾਲੀ ਫੜ ਕੇ ਮੱਥਾ ਟੇਕਣ ਲਈ ਚਲ ਪਏ। ਹਰਿਮੰਦਰ ਸਾਹਿਬ ਤੋਂ ਦਰਸ਼ਨੀ ਡਿਉੜੀ ਤੱਕ ਜਾਣ ਲਈ ਇੱਕ ਸੁੰਦਰ ਪੁੱਲ ਬਣਿਆ ਹੋਇਆ ਹੈ। ਮੱਥਾ ਟੇਕਣ ਲਈ ਲੋਕਾਂ ਦੀ ਬਹੁਤ ਭੀੜ ਸੀ। ਸਾਰੀਆਂ ਸੰਗਤਾਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਅੱਗੇ ਵੱਧ ਰਹੀਆਂ ਸਨ। ਅਸੀਂ ਪ੍ਰਸ਼ਾਦ ਚੜਾ ਕੇ ਮੱਥਾ ਟੇਕਿਆ। ਅੰਦਰ ਮਨੋਹਰ ਕੀਰਤਨ ਹੋ ਰਿਹਾ ਸੀ। ਸੱਚਮੁੱਚ ਹੀ ਇਹ ਅਦਭੁੱਤ ਨਜ਼ਾਰਾ ਸੀ। ਦੀਵਾਰਾਂ ਤੇ ਮੀਨਾਕਾਰੀ ਦਾ ਕੰਮ ਬਹੁਤ ਹੀ ਕਲਾਕਾਰੀ ਨਾਲ ਕੀਤਾ ਗਿਆ ਸੀ। ਸਾਨੂੰ ਮੱਥਾ ਟੇਕਦਿਆਂ ਤਕਰੀਬਨ ਅੱਧਾ ਘੰਟਾ ਲੱਗ ਗਿਆ। ਮੱਥਾ ਟੇਕ ਕੇ ਅਸੀਂ ਬਾਹਰ ਪੁਲ ‘ਤੇ ਆ ਗਏ। ਮੈਂ ਸਰੋਵਰ ਵਿੱਚ ਤਰਦੀਆਂ ਮੱਛੀਆਂ ਵੇਖੀਆਂ। ਦਿਲ ਕਰਦਾ ਸੀ ਕਿ ਉਹਨਾਂ ਨੂੰ ਦੇਖਦਾ ਹੀ ਰਹਾਂ। ਫਿਰ ਅਸੀਂ ਬਾਹਰ ਨਿਕਲਦਿਆਂ ਪ੍ਰਸ਼ਾਦ ਲਿਆ।

ਸਰਬ ਸਾਂਝਾ ਸਥਾਨ- ਮੇਰੇ ਮੰਮੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਦੇ ਚਾਰ ਦਿਸ਼ਾਵਾਂ ਵੱਲ ਖੁਲਦੇ ਦਰਵਾਜ਼ੇ ਇਸ ਗੱਲ ਦਾ ਸਬੂਤ ਹਨ ਕਿ ਇਹ ਕੇਵਲ ਸਿੱਖਾਂ ਦਾ ਹੀ ਨਹੀਂ ਸਗੋਂ ਸਭ ਦਾ ਸਾਂਝਾ ਧਰਮ-ਸਥਾਨ ਹੈ। ਮੰਮੀ ਨੇ ਮੈਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਸਿੱਧ ਮੁਸਲਮਾਨ ਫ਼ਕੀਰ ਸਾਈ ਮੀਆਂ। ਮੀਰ ਤੋਂ ਰੱਖਵਾ ਕੇ ਸਾਂਝੀਵਾਲਤਾ ਦਾ ਸਬੂਤ ਦਿੱਤਾ ਹੈ।

ਅਕਾਲ ਤਖਤ ਤੇ ਸਿੱਖ ਅਜਾਇਬ ਘਰ- ਦਰਸ਼ਨੀ ਡਿਊੜੀ ਦੇ ਬਿਲਕੁਲ ਸਾਹਮਣੇ ਅਸੀਂ ਅਕਾਲ ਤਖਤ ਦੇ ਦਰਸ਼ਨ ਕੀਤੇ ਜੋ 1607 ਈਸਵੀ ਵਿੱਚ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਣਵਾਇਆ ਗਿਆ ਸੀ। ਇਹ ਸਿੱਖ ਪੰਥ ਦਾ ਸ਼੍ਰੋਮਣੀ ਤਖਤ ਹੈ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਨੇ ‘ਮੀਰੀ’ ਅਤੇ ‘ਪੀਰੀ ਨਾਂ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ। ਅਸੀਂ ਸਿੱਖ ਅਜਾਇਬ ਘਰ ਦੇ ਦਰਸ਼ਨ ਵੀ ਕੀਤੇ। ਇੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਨੂੰ ਚਿੱਤਰਾਂ ਰਾਹੀਂ ਉਲੀਕਿਆ ਹੋਇਆ ਹੈ। ਇੱਥੇ ਹੀ ਸਿੱਖ ਗੁਰੂਆਂ ਦੀਆਂ ਹੱਥ ਲਿਖਤਾਂ ਅਤੇ ਹਥਿਆਰ ਆਦਿ ਵੀ ਸੁਰੱਖਿਅਤ ਪਏ ਹਨ। ਭਾਈ ਮਤੀਦਾਸ ਤੇ ਭਾਈ ਮਨੀ ਸਿੰਘ ਦੇ ਸ਼ਹੀਦੀ ਸਮੇਂ ਦੇ ਚਿੱਤਰ ਵੇਖ ਕੇ ਅੱਖਾਂ ਵਿੱਚ ਹੰਝੂ ਆ ਗਏ।

ਜਿਲ੍ਹਿਆਂ ਵਾਲੇ ਬਾਗ਼ ਤੇ ਹੋਰ ਗੁਰਦੁਆਰਿਆਂ ਦੀ ਯਾਤਰਾ- ਅਸੀਂ ਜਲ੍ਹਿਆਂ ਵਾਲੇ ਬਾਗ ਵਿੱਚ ਗਏ। ਇੱਥੇ ਹੀ 13 ਅਪ੍ਰੈਲ 1919 ਨੂੰ ਅੰਗਰੇਜ਼ਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਕੰਧਾਂ ਉੱਤੇ ਹੁਣ ਵੀ ਗੋਲੀਆਂ ਦੇ ਨਿਸ਼ਾਨ ਹਨ। ਇਸ ਤੋਂ ਪਿੱਛੋਂ ਅਸੀਂ ਬਾਬਾ ਅਟੱਲ, ਕੌਲਸਰ, ਰਾਮਸਰ, ਵਿਵੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ।

ਕੁੱਝ ਹੋਰ ਜਾਣਕਾਰੀ- ਇੱਥੇ ਇੱਕ ਦੁਰਗਿਆਣਾ ਮੰਦਰ ਵੀ ਹੈ, ਜਿਸ ਨੂੰ ਹਰਿਮੰਦਰ ਸਾਹਿਬ ਦੇ ਨਕਸ਼ੇ ਤੇ ਹੀ 1921 ਈਸਵੀ ਵਿੱਚ ਉਸਾਰਿਆ ਗਿਆ ਸੀ। ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਸਥਾਪਿਤ ਹੈ। ਇਹ ਇੱਕ ਵਪਾਰਕ ਕੇਂਦਰ ਵੀ ਹੈ। ਇੱਥੇ ਰੇਸ਼ਮੀ, ਊਨੀ ਅਤੇ ਸੂਤੀ ਕੱਪੜੇ ਦੇ ਕਾਰਖ਼ਾਨੇ ਵੀ ਹਨ। ਇੱਥੋਂ ਦੀਆਂ ਬਣੀਆਂ ਪਾਪੜ ਵੜੀਆਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ। ਮੰਮੀ ਮੈਨੂੰ ਇਹ ਸਾਰੀ ਜਾਣਕਾਰੀ ਬਾਹਰ ਆਉਂਦੇ ਹੋਏ ਦੇ ਰਹੇ ਸਨ। ਅਸੀਂ ਉੱਥੋਂ ਆਟੋ ਰਿਕਸ਼ਾ ਫੜਿਆ ਤੇ ਵਾਪਸੀ ਲਈ ਬੱਸ ਅੱਡੇ ਵੱਲ ਨੂੰ ਚੱਲ ਪਏ।

ਬਾਰ-ਅੰਸ਼- ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਧਾਰਮਿਕ ਅਤੇ ਤੀਰਥ ਸਥਾਨ ਦੀ ਯਾਤਰਾ ਸਾਡੇ ਮਨ ਵਿੱਚ ਧਾਰਮਿਕ ਭਾਵਨਾ ਪੈਦਾ ਕਰਦੀ ਹੈ। ਇਹਨਾਂ ਸਥਾਨਾਂ ਦੀ ਯਾਤਰਾ ਕਰਕੇ ਅਸੀਂ ਪੁਰਾਣੇ ਵਿਰਸੇ ਤੋਂ ਜਾਣੂ ਹੋ ਜਾਂਦੇ ਹਾਂ।

One Response

  1. Deep gill June 24, 2023

Leave a Reply