Punjabi Essay on “Shri Guru Tegh Bahadur Ji”, “ਸ੍ਰੀ ਗੁਰੂ ਤੇਗ ਬਹਾਦਰ ਜੀ”, Punjabi Essay for Class 10, Class 12 ,B.A Students and Competitive Examinations.

ਸ੍ਰੀ ਗੁਰੂ ਤੇਗ ਬਹਾਦਰ ਜੀ

Shri Guru Tegh Bahadur Ji

ਲੇਖ ਨੰਬਰ:- 02

“ਸੂਰਾ ਸੋ ਪਹਿਚਾਨੀਐ
ਜੋ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ,
ਕਬਹੂ ਨਾ ਛਾਡੈ ਖੇਤੁ।

ਰੂਪ-ਰੇਖਾ- ਭੂਮਿਕਾ, ਹਿੰਦ ਦੀ ਚਾਦਰ, ਜਨਮ ਤੇ ਮਾਤਾ-ਪਿਤਾ, ਸੰਤ ਸਰੂਪ, ਸ਼ਸ਼ਤਰ, ਵਿੱਦਿਆ ਤੇ ਅੱਖਰੀ ਪੜਾਈ, ਇਕਾਂਤ ਪਸੰਦੀ, ਵਿਆਹ, ਗੁਰਗੱਦੀ, ਗੁਰੂ ਲਾਧੋ ਰੇ, ਆਨੰਦਪੁਰ ਵਸਾਉਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ, ਗਿਫ਼ਤਾਰੀ ਤੇ ਸ਼ਹੀਦੀ ਬਾਣੀ, ਸਾਰ ਅੰਸ਼ ਭੂਮਿਕਾ ਬਹਾਦਰ, ਸੁਰਮਾ ਅਤੇ ਵਰਿਆਮ ਉਹੀ ਹੈ ਜੋ ਆਪਣੇ ਧਰਮ ਦੀ ਖਾਤਰ ਆਪਣਾ ਆਪ ਵਾਰ ਦੇਵੇ। ਸ਼ਹੀਦ ਕੌਮ ਦੀ ਉਸਾਰੀ ਦੇ ਨੀਂਹ ਪੱਥਰ ਹੁੰਦੇ ਹਨ। ਆਪਣੇ ਲਈ ਤਾਂ ਸਾਰੇ ਹੀ ਜਿਉਂਦੇ ਹਨ, ਪਰ ਸੱਚਾ ਮਨੁੱਖ ਉਹ ਹੈ ਜੋ ਦੂਜਿਆਂ ਲਈ ਆਪਣਾ ਜੀਵਨ ਵਾਰ ਦਿੰਦਾ ਹੈ ਤੇ ਸ਼ਰਨ ਵਿੱਚ ਆਏ ਹਰ ਇੱਕ ਵਿਅਕਤੀ ਦੀ ਜੀਵਨ ਰੱਖਿਆ ਲਈ ਸਦਾ ਤਿਆਰ ਰਹਿੰਦਾ ਹੈ।

ਹਿੰਦ ਦੀ ਚਾਦਰ- ਹਿੰਦ ਦੀ ਚਾਦਰ` ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਬਾਅਦ ਆਪ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ-ਕੁਚਲੀ ਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾ ਰਹੀ ਕੌਮ ਆਪਣੇ ਹੱਕਾਂ ਲਈ ਜ਼ੁਲਮ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ-ਬਰ-ਤਿਆਰ ਹੋ ਗਈ |

ਜਨਮ ਤੇ ਮਾਤਾ-ਪਿਤਾ- ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਂ ਬਹਾਦਰ ਚੰਦ ਸੀ ਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ।

ਸੰਤ ਸਰੂਪ- ਗੁਰੂ ਜੀ ਬਚਪਨ ਤੋਂ ਹੀ ਸੰਤ-ਸਰੂਪ, ਅਡੋਲ ਚਿੱਤ, ਗੰਭੀਰ ਤੇ ਨਿਰਭੈ ਸੁਭਾ ਦੇ ਮਾਲਕ ਸਨ। ਆਪ ਕਈ-ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ।

ਸ਼ਸਤਰ ਵਿੱਦਿਆ ਤੇ ਅੱਖਰੀ ਪੜ੍ਹਾਈ- ਆਪ ਜੀ ਦੀ ਅੱਖਰੀ ਪੜ੍ਹਾਈ ਅਤੇ ਸ਼ਸ਼ਤਰ ਵਿੱਦਿਆ ਦਾ ਪ੍ਰਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਦੇਖਰੇਖ ਵਿੱਚ ਕਰਵਾਇਆ | ਆਪ ਸੁੰਦਰ, ਜਵਾਨ, ਵਿਦਵਾਨ, ਸੂਰਬੀਰ, ਸ਼ਸ਼ਤਰਧਾਰੀ, ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ।

ਇਕਾਂਤ ਪਸੰਦੀ- ਆਪ ਦਾ ਨਿੱਜੀ ਜੀਵਨ ਸਾਦਾ ਤੇ ਸੁਥਰਾ ਸੀ। ਆਪ ਇਕਾਂਤ ਵਿੱਚ ਅਡੋਲ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਗੁਰੂ ਹਰਗੋਬਿੰਦ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਪਿੰਡ ਬਕਾਲਾ ਵਿੱਚ ਆ ਗਏ ਤੇ ਉੱਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ।

ਵਿਆਹ 1632 ਵਿੱਚ ਆਪ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਦੇ ਸਪੁੱਤਰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।

ਗੁਰਗੱਦੀ- ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ’ ਕਹਿ ਕੇ ਆਪ ਜੀ ਨੂੰ ਗੁਰੂ-ਗੱਦੀ ਸੌਂਪੀ। ਆਪ ਦੇ ਗੁਰੂ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਜੀ ਨੇ ‘ਬਾਬਾ ਬਕਾਲੇ’ ਵੱਲ ਇਸ਼ਾਰਾ ਕੀਤਾ, ਤਾਂ ਉੱਥੇ ਕਈ ਦੰਭੀ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸਣ ਲੱਗੇ। ਇਸ ਤਰ੍ਹਾਂ ਉੱਥੇ ਬਾਈ ਗੁਰੂ ਬਣ ਬੈਠੇ।

ਗੁਰੂ ਲਾਧੋ ਰੇ- ਅਖੀਰ ਇੱਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ, (ਜੋ ਗੁਰੂ ਘਰ ਦਾ ਸ਼ਰਧਾਲੂ ਸੀ) ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ-ਘੇਰੀ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਆਪਣੀ ਸੁੱਖਣਾ ਦੀਆਂ 500 ਮੋਹਰਾਂ ਲੈ ਕੇ ਬਾਬੇ ਬਕਾਲੇ ਪੁੱਜਾ। ਉਸ ਨੇ ਉੱਥੇ ਪਹੁੰਚ ਕੇ ਦੇਖਿਆ ਕਿ 22 ਗੁਰੂਆਂ ਦੀਆਂ ਮੰਜੀਆਂ ਲੱਗੀਆਂ ਹੋਈਆਂ ਸਨ। ਉਹ ਸੋਚਣ ਲੱਗਾ ਕਿ ਕਿਸਨੂੰ 500 ਮੋਹਰਾਂ ਭੇਟ ਕੀਤੀਆਂ ਜਾਣ। ਉਸ ਨੇ ਸੱਚੇ ਗੁਰੂ ਦੀ ਪਰਖ ਲਈ ਸਭ ਅੱਗੇ 55 ਮੋਹਰਾਂ ਰੱਖ ਦਿੱਤੀਆਂ, ਪਰ ਕੋਈ ਵੀ ਕੁਝ ਨਾ ਬੋਲਿਆ| ਕਾਫ਼ੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਇੱਕ ਗੁਰ ਸਾਹਿਬ ਭੋਰੇ ਵਿੱਚ ਵੀ ਰਹਿੰਦਾ ਹਨ। ਮੱਖਣ ਸ਼ਾਹ ਭੋਰੇ ਵਿੱਚ ਗਿਆ। ਉਸ ਨੇ ਗੁਰੂ ਜੀ ਅੱਗੇ 5 ਮੋਹਰਾਂ ਭੇਟ ਕਰਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਕਿ ਸੁੱਖਣਾ 500 ਦੀ ਕਰਦਾ ਹੈ ਤੇ ਕੇਵਲ 5 ਮੋਹਰਾਂ ਕਰ ਰਿਹਾ ਹੈ। ਉਹ ਗੱਦ-ਗੱਦ ਹੋ ਗਿਆ ਤੇ ਉੱਚੀ-ਉੱਚੀ ਰਲ ਪਾਉਣ ਲੱਗਾ ‘ਗੁਰੂ ਲਾਧੋ ਰੇ , ਗੁਰੂ ਲਾਧੋ ਰੇ’ ।

ਆਨੰਦਪੁਰ ਸਾਹਿਬ ਵਸਾਉਣਾ- ਬਕਾਲੇ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਆਨੰਦਪੁਰ ਸਾਹਿਬ ਨਗਰ ਵਸਾਇਆ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।

ਕਸ਼ਮੀਰੀ ਪੰਡਤਾਂ ਦੀ ਪੁਕਾਰ- ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਤ ਗੁਰੂ ਜੀ ਕੋਲ ਫ਼ਰਿਆਦ ਲੈਕੇ ਆਏ। ਉਹਨਾਂ ਨੇ ਕਿਹਾ, “ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾਂ ਹੀ ਤੁਹਾਡੀ ਰੱਖਿਆ ਹੋ ਸਕਦੀ ਹੈ। ਆਪ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਕਿਹਾ, “ਪਿਤਾ ਜੀ! ਤੁਹਾਡੇ ਤੋਂ ਵੱਧ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ ?? ਬਾਲਕ ਗੋਬਿੰਦ ਦੇ ਕਹਿਣ ਤੇ ਆਪ ਤਿਲਕ-ਜੰਝੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ।

ਗਿਫ਼ਤਾਰੀ ਤੇ ਸ਼ਹੀਦੀ- ਆਪ ਨੂੰ ਤੇ ਆਪ ਦੇ ਸਾਥੀਆਂ ਨੂੰ ਆਗਰੇ ਵਿੱਚ ਗਿਫ਼ਤਾਰ ਕਰ ਲਿਆ ਗਿਆ। ਆਪ ਦੁਆਰਾ ਹਕੁਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ, ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ਪਰ ਆਪ ਅਡੋਲ ਰਹੇ। ਗੁਰੂ ਜੀ ਦੀ ਦ੍ਰਿੜ੍ਹਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖ ਸਾਥੀਆਂ ਨੂੰ ਸ਼ਹੀਦ ਕੀਤਾ| ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ। ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ। ਜਲਾਦ ਨੇ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ, ਇਸ ਤਰ੍ਹਾਂ ਆਪ ਨੇ ਸੀਸ ਦਿੱਤਾ ਪਰ ਸਿਰੜ ਨਾ ਦਿੱਤਾ। ਇਹ ਮਹਾਨ ਬਲੀਦਾਨ ਨਵੰਬਰ 1675 ਈਸਵੀਂ ਵਿੱਚ ਹੋਇਆ। ਇੱਥੇ ਅੱਜ-ਕਲ ਗੁਰਦੁਆਰਾ ਸ਼ੀਸ਼ ਗੰਜ ਸ਼ੁਸ਼ੋਭਿਤ ਹੈ। ਆਪ ਦਾ ਇੱਕ ਸਿੱਖ ਆਪ ਦਾ ਧੜ ਲੈ ਕੇ ਰਕਾਬ ਗੰਜ ਪਹੁੰਚ ਗਿਆ, ਜਿੱਥੇ ਆਪ ਦਾ ਸਸਕਾਰ ਕੀਤਾ ਗਿਆ। ਇੱਥੇ ਇੱਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਇਹਨਾਂ . ਗੁਰਦੁਆਰਿਆਂ ਵਿੱਚ ਲੱਖਾਂ ਸ਼ਰਧਾਲੂ ਧਰਮ ਰੱਖਿਅਕ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਦੇ ਹਨ। ਆਪ ਨੇ ਆਪਣਾ ਬਲੀਦਾਨ ਦੇ ਕੇ ਸਿੱਧ ਕਰ ਦਿੱਤਾ-

‘‘ਬਾਂਹਿ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨਾ ਛੋੜੀਏ ।

ਆਪ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਨਕਲਾਬ ਲੈ ਆਂਦਾ। ਆਪ ਦੀ ਕੁਰਬਾਨੀ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।

ਬਾਣੀ ਗੁਰੂ ਜੀ ਦੀ ਬਾਣੀ ਸ਼ਾਂਤੀ ਦੇਣ ਵਾਲੀ ਤੇ ਪਰਮਾਤਮਾ ਦੇ ਗੀਤ ਗਾਉਣ ਦੀ ਪ੍ਰੇਰਨਾ ਦੇਣ ਵਾਲੀ ਹੈ-

‘ਚਿੰਤਾ ਕੀ ਕੀਜੀਐ ਜੋ ਅਨਹੋਣੀ ਹੋਇ ॥
ਇਹ ਮਾਰਗੁ ਸੰਸਾਰ ਮੇਂ ਨਾਨਕ ਥਿਰੁ ਨਹੀਂ ਕੋਇ।

ਸਾਰ ਅੰਸ਼- ਗੁਰੂ ਤੇਗ਼ ਬਹਾਦਰ ਜੀ ਨੇ ਮਾਨਵ ਜਾਤੀ ਨੂੰ ਸੰਦੇਸ਼ ਦਿੱਤਾ ਕਿ ਡਰਨ ਵਾਲਾ ਕਾਇਰ ਹੈ ਅਤੇ ਡਰਾਉਣ ਵਾਲਾ ਜ਼ਾਲਮ ਹੈ। ਇਸ ਲਈ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ।

ਆਪ ਸੱਚ-ਮੁੱਚ ਹੀ ਹਿੰਦ ਦੀ ਚਾਦਰ ਅਰਥਾਤ ਭਾਰਤ ਦੀ ਇੱਜ਼ਤ ਅਤੇ ਅਣਖ ਦੇ ਰਖਵਾਲੇ ਸਨ|

 

ਲੇਖ ਨੰਬਰ:- 02 

ਸ੍ਰੀ ਗੁਰੂ ਤੇਗ ਬਹਾਦਰ ਜੀ

ਸੂਰਾ ਸੋ ਪਹਿਚਾਨੀਐ ਜੇ ਲਰੈ ਦੀਨ ਕੇ ਹੇਤ

ਪੁਰਜਾ ਪੁਰਜਾ ਕਟ ਮਰੇ ਕਬਹੂੰ ਨਾ ਛਾਡੈ ਖੇਤ।”

ਭੂਮਿਕਾ— ਬਹਾਦਰ, ਸੂਰਮਾ ਅਤੇ ਵਰਿਆਂ ਉਹੀ ਹੈ ਜੋ ਆਪਣੇ ਧਰਮ ਦੀ ਖਾਤਰ ਆਪਣਾ ਆਪ ਵਾਰ ਦੇਵੇ। ਸ਼ਹੀਦ ਕਿਸੇ ਕੌਮ ਦੀ ਉਸਾਰੀ ਦੇ ਉਹ ਨੀਂਹ-ਪੱਥਰ ਹੁੰਦੇ ਹਨ ਜਿਹਨਾਂ ਉੱਪਰ ਕਿਸੇ ਕੌਮ ਦੀ ਉਸਾਰੀ ਹੁੰਦੀ ਹੈ।

ਮਨੁੱਖੀ ਜੀਵਨ ਮਹਤੱਤਾ, ਤਿਆਗ, ਸੰਜਮ, ਦਇਆ, ਕਰੁਣਾ ਅਤੇ ਬਲੀਦਾਨ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ। ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਸੁਆਰਥ ਸਿੱਧੀ ਲਈ ਤਾਂ ਜਾਨਵਰ ਵੀ ਸੰਘਰਸ਼ੀਲ ਰਹਿੰਦੇ ਹਨ, ਪਰ ਸੱਚਾ ਮਨੁੱਖ ਉਹ ਹੈ ਜੋ ਦੂਜਿਆਂ ਲਈ ਆਪਣਾ ਸਾਰਾ ਜੀਵਨ ਵਾਰ ਦਿੰਦਾ ਹੈ, ਜੋ ਮਨੁੱਖ ਸਮਾਜ ਦੇ ਕਲਿਆਣ ਲਈ ਆਪਣੇ ਆਪ ਨੂੰ ਵੀ ਦਾਅ ਤੇ ਲਾਉਣ ਤੋਂ ਝਿਜਕਦਾ ਨਹੀਂ, ਜੋ ਸ਼ਰਨ ਵਿਚ ਆਏ ਹਰੇਕ ਵਿਅਕਤੀ ਦੀ ਜੀਵਨ-ਰੱਖਿਆ ਲਈ ਸਦਾ ਤਿਆਰ ਰਹਿੰਦਾ ਹੈ। ਅਸਲ ਵਿਚ ਅਜਿਹਾ ਵਿਅਕਤੀ ਹੀ ਬਹਾਦਰ, ਵੀਰ, ਮਾਨਵਤਾ ਅਤੇ ਪਰਮਾਤਮਾ ਦਾ ਭਗਤ ਹੁੰਦਾ ਹੈ।

ਜਨਮ– ਗੁਰੂ ਤੇਗ ਬਹਾਦਰ ਜੀ ਦਾ ਜਨਮ ਪਹਿਲੀ ਅਪ੍ਰੈਲ, 1621 ਈ: ਨੂੰ ਅੰਮ੍ਰਿਤਸਰ ਵਿਚ ਗੁਰੂ ਕੇ ਮਹੱਲ ਵਿਚ ਹੋਇਆ।ਆਪ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ ਸਨ। ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਜੀ ਸੀ। ਆਪ ਜੀ ਦੇ ਛੋਟੇ ਚਾਰ ਭਰਾ ਸਨ। ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਏ ਅਤੇ ਬਾਬਾ ਅਟੱਲ।

ਅੱਖਰੀ ਪੜ੍ਹਾਈ ਤੇ ਸ਼ਸਤਰ ਵਿਦਿਆ- ਆਪ ਜੀ ਦੀ ਅੱਖਰੀ ਪੜ੍ਹਾਈ ਅਤੇ ਸ਼ਸਤਰ ਵਿਦਿਆ ਦਾ ਪ੍ਰਬੰਧ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਦੇਖ-ਰੇਖ ਵਿਚ ਕਰਵਾਇਆ।

ਕਰਤਾਰਪੁਰ ਦੀ ਲੜਾਈ14 ਸਾਲਾਂ ਦੀ ਉਮਰ ਵਿਚ (1634 ਈ:) ਆਪ ਕਰਤਾਰਪੁਰ ਦੀ ਲੜਾਈ ਵਿਚ ਸ਼ਾਮਿਲ ਹੋਏ।ਉੱਥੇ ਆਪ ਜੀ ਨੇ ਅਜਿਹੀ ਤੇਗ ਵਾਹੀ ਕਿ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਨੂੰ ਤੇਗ ਮਲ ਤੋਂ ਤੇਗ ਬਹਾਦਰ ਆਖ ਕੇ ਸਨਮਾਨਿਆ।

ਵਿਆਹ- 1632 ਈ: ਵਿਚ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਨਾਲ ਕਰਤਾਰਪੁਰ ਵਿਚ ਹੋਇਆ।

ਬਾਬਾ ਬਕਾਲੇ ਆਉਣਾ— ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰਗੱਦੀ ਉਹਨਾਂ ਦੇ ਪੋਤੇ ਗੁਰੂ ਹਰਿਰਾਏ ਜੀ ਨੂੰ ਮਿਲੀ। ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲੇ ਆ ਗਏ ਅਤੇ ਇਕ ਭੋਰੇ ਵਿਚ ਤੱਪਸਿਆ ਕਰਦੇ ਰਹੇ। ਗੁਰੂ ਹਰਿਰਾਏ ਜੀ ਨੇ ਗੁਰਗੱਦੀ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਬਖਸ਼ੀ। ਗੁਰੂ ਹਰਿ ਕ੍ਰਿਸ਼ਨ ਜੀ ਨੇ ਅੰਤਿਮ ਸਮੇਂ ਇਕ ਨਾਰੀਅਲ ਅਤੇ ਪੰਜ ਪੈਸੇ ਲੈ ਕੇ ‘ਬਾਬਾ ਬਕਾਲੇ` ਆਖ ਕੇ ਆਪਣਾ ਸਿਰ ਢਕਾਅ ਦਿੱਤੀ ਅਤੇ ਆਪ ਜੋਤੀ ਜੋਤ ਸਮਾ ਗਏ।

ਗੁਰੂ ਲਾਧੋ ਰੇ— ਮੱਖਣ ਸ਼ਾਹ ਲੁਬਾਣਾ (ਜੋ ਗੁਰੂ ਘਰ ਦਾ ਸ਼ਰਧਾਲੂ ਸੀ) ਦਾ ਜਹਾਜ਼ ਇਕ ਵਾਰੀ ਸਮੁੰਦਰੀ ਤੂਫਾਨ ਵਿਚ ਫਸ ਗਿਆ।ਉਸ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ‘ ਜੇਕਰ ਜਹਾਜ਼ ਸਹੀ ਸਲਾਮਤ ਕੰਢੇ ਲੱਗ ਜਾਵੇ ਤਾਂ ਉਹ 500 ਮੋਹਰਾਂ ਗੁਰੂ ਘਰ ਭੇਂਟ ਚੜ੍ਹਾਵੇਗਾ। ਸੋ ਗੁਰੂ ਜੀ ਦੀ ਕਿਰਪਾ ਨਾਲ ਜਹਾਜ਼ ਸਹੀ ਸਲਾਮਤ ਕੰਢੇ ਲੱਗ ਗਿਆ। ਜਦੋਂ ਮੱਖਣ ਸ਼ਾਹ 500 ਮੋਹਰਾਂ ਲੈ ਕੇ ਬਕਾਲੇ ਪੁੱਜਾ ਤਾਂ ਉੱਥੇ 22 ਗੁਰੂਆਂ ਦੀਆਂ ਮੰਜੀਆਂ ਲੱਗੀਆਂ ਹੋਈਆਂ ਦੇਖੀਆਂ। ਊਹ ਭੰਬਲਭੂਸੇ ਵਿਚ ਪੈ ਗਿਆ ਕਿ ਕਿਹੜੇ ਗੁਰੂ ਅੱਗੇ 500 ਮੋਹਰਾਂ ਭੇਟ ਕਰੇ। ਉਸ ਨੇ ਸੱਚੇ ਗੁਰੂ ਦੀ ਪਰਖ ਲਈ ਦੋ- ਦੋ ਮੋਹਰਾਂ ਹਰੇਕ ਦੇ ਅੱਗੇ ਰੱਖ ਦਿੱਤੀਆਂ ਪਰ ਕੋਈ ਵੀ ਨਾ ਬੋਲਿਆ। ਫਿਰ ਮੱਖਣ ਸ਼ਾਹ ਨੇ ਕਿਸੇ ਤੋਂ ਪੁੱਛਿਆ ਕਿ ਕੋਈ ਹੋਰ ਗੁਰੂ ਸਾਹਿਬ ਵੀ ਹੈ।ਪਤਾ ਲੱਗਾ ਕਿ ਇਕ ਗੁਰੂ ਸਾਹਿਬ ਭੋਰੇ ਵਿਚ ਵੀ ਰਹਿੰਦੇ ਹਨ। ਮੱਖਣ ਸ਼ਾਹ ਭੋਰੇ ਵਿਚ ਗਿਆ।ਉਸ ਨੇ ਉੱਥੇ ਵੀ ਦੋ ਮੋਹਰਾਂ ਭੇਂਟ ਕੀਤੀਆਂ ਤਾਂ ਗੁਰੂ ਸਾਹਿਬ ਨੇ 498 ਮੋਹਰਾਂ ਦੀ ਹੋਰ ਮੰਗ ਕੀਤੀ। ਮੱਖਣ ਸ਼ਾਹ ਗਦ-ਗਦ ਹੋ ਉੱਠਿਆ। ਉਸ ਨੇ ਭੋਰੇ ਤੋਂ ਬਾਹਰ ਆ ਕੇ ਰੌਲਾ ਪਾ ਦਿੱਤਾ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ ।” ਇੰਝ ਤੇਗ ਬਹਾਦਰ ਸੱਚੇ ਗੁਰੂ ਦੇ ਰੂਪ ਵਿਚ ਪ੍ਰਗਟ ਹੋ ਗਏ।

ਗੁਰਗੱਦੀ- ਆਪ 20 ਮਾਰਚ, 1665 ਈ: ਵਿਚ ਗੁਰਗੱਦੀ ਤੇ ਬਿਰਾਜੇ ਅਤੇ 1666 ਈ: ਵਿਚ ਆਪ ਦੇ ਘਰ ਬਾਲਕ ਗੋਬਿੰਦ ਰਾਏ ਦਾ ਜਨਮ ਹੋਇਆ।

ਅਨੰਦਪੁਰ ਦੀ ਨੀਂਹ–ਆਪ ਜੀ ਨੇ ਮਾਖੋਵਾਲ ਪਿੰਡ ਦੀ ਸਾਰੀ ਜ਼ਮੀਨ ਕਹਿਲੂਰ ਦੇ ਰਾਜਾ ਦੀਪ ਚੰਦ, ਜਿਸ ਦੇ ਪਿਤਾ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਛੁਡਾਇਆ ਸੀ, ਕੋਲੋਂ 1200 ਰੁਪਏ ਵਿਚ ਖਰੀਦ ਕੇ ਅਨੰਦਪੁਰ ਨਾਂ ਦਾ ਸ਼ਹਿਰ ਵਸਾਇਆ।

ਕਸ਼ਮੀਰੀ ਪੰਡਤਾਂ ਦਾ ਆਉਣਾ— ਇੱਥੇ ਹੀ ਆਪ ਜੀ ਦੇ ਕੋਲ ਕਸ਼ਮੀਰੀ ਪੰਡਤ ਕਿਰਪਾ ਰਾਮਦੀ ਅਗਵਾਈ ਹੇਠ ਆਪਣੀ ਫ਼ਰਿਆਦ ਲੈ ਕੇ ਆਏ ਅਤੇ ਆਪਣੀ ਵਿਥਿਆ ਸੁਣਾਈ! ਇਸਨੂੰ ਸੁਣ ਕੇ ਗੁਰੂ ਜੀ ਬਹੁਤ ਚਿੰਤਾਵਾਨ ਹੋਏ।ਉਨ੍ਹਾਂ ਨੇ ਕਿਹਾ ਕਿ ‘ਜੇਕਰ ਕੋਈ ਵਿਅਕਤੀ ਆਪਣੀ ਕੁਰਬਾਨੀ ਦੇ ਦੇਵੇ ਤਾਂ ਹੀ ਤੁਹਾਡੀ ਰੱਖਿਆ ਹੋ ਸਕਦੀ ਹੈ। ਗੁਰੂ ਜੀ ਦੇ ਕੋਲ ਖੜ੍ਹੇ ਉਨ੍ਹਾਂ ਦੇ ਪੁੱਤਰ ਸ੍ਰੀ ਗੋਬਿੰਦ ਰਾਏ ਜੀ ਨੇ ਕਿਹਾ, “ਪਿਤਾ ਜੀ ! ਤੁਹਾਥੋਂ ਵੱਧ ਕੇ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ।” ਪੁੱਤਰ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਉਹਨਾਂ ਨੇ ਕਸ਼ਮੀਰੀ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਮੁਸਲਮਾਨ ਹਾਕਮ ਨੂੰ ਜਾ ਕੇ ਆਖ ਦੇਣ ਕਿ ‘ਗੁਰੂ ਤੇਗ ਬਹਾਦਰ ਸਾਡੇ ਧਾਰਮਕ ਨੇਤਾ ਹਨ, ਜੇਕਰ ਉਹ ਇਸਲਾਮ ਧਰਮ ਪ੍ਰਵਾਨ ਕਰ ਲੈਣਗੇ ਤਾਂ ਅਸੀਂ ਵੀ ਸਾਰੇ ਮੁਸਲਮਾਨ ਬਣ ਜਾਵਾਂਗੇ।” ਕਸ਼ਮੀਰੀ ਬ੍ਰਾਹਮਣਾਂ ਦੁਆਰਾ ਭੇਜਿਆ ਸੁਨੇਹਾ ਮਿਲਣ ਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਨੂੰ ਕੈਦ ਕਰਨ ਲਈ ਆਪਣੇ ਸਿਪਾਹੀ ਭੇਜੇ। ਗੁਰੂ ਜੀ ਆਪਣੇ ਪੰਜ ਸਾਥੀਆਂ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ, ਭਾਈ ਉਧਾ ਅਤੇ ਭਾਈ ਜੈਤਾ ਨਾਲ ਆਪਣੀ ਸ਼ਹੀਦੀ ਦੇਣ ਲਈ ਦਿੱਲੀ ਨੂੰ ਤੁਰ ਪਏ। ਕਿਸੇ ਨੇ ਠੀਕ ਹੀ ਆਖਿਆ ਹੈ ਕਿ-

ਆਜ ਤੱਕ ਯਹ ਤੋ ਹੁਆ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ,

ਪਰ ਯਹ ਨਹੀਂ ਹੁਆ ਕਿ ਮਕਤੂਲ ਕਾਤਲ ਕੇ ਪਾਸ ਜਾਏ।”

ਸ਼ਹੀਦੀ— ਜਦੋਂ ਆਪ ਜੀ ਨੂੰ ਔਰੰਗਜ਼ੇਬ ਦੇ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਆਖਿਆ, “ਜਾਂ ਕਰਾਮਾਤ ਦਿਖਾਓ ਨਹੀਂ ਤਾਂ ਮੁਸਲਮਾਨ ਹੋ ਜਾਓ।” ਆਪ ਜੀ ਨੇ ਕਰਾਮਾਤ ਦਿਖਾਉਣ ਤੋਂ ਇਨਕਾਰ ਕਰਨ ਤੇ ਆਪ ਜੀ ਦੇ ਨਾਲ ਆਏ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਦਿੱਤੀ ਗਈ ਅਤੇ ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਰਿੰਨ੍ਹਿਆ ਗਿਆ ਅਤੇ ਗੁਰੂ ਤੇਗ ਬਹਾਦਰ ਜੀ ਨੂੰ 7 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਸ਼ਹਾਦਤ ਵਾਲੀ ਥਾਂ ਤੇ ਗੁਰਦੁਆਰਾ ਸੀਸਗੰਜ ਬਣਿਆ ਹੈ। ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲੀਦਾਨ ਸਦਕਾ ਸਾਰੇ ਭਾਰਤ ਵਿਚ ਦੁੱਖ ਅਤੇ ਗੁੱਸੇ ਦੀ ਲਹਿਰ ਦੌੜ ਗਈ। ਭਾਈ ਜੈਤਾ ਜੀ ਉਨ੍ਹਾਂ ਦਾ ਸਿਰ ਲੈ ਕੇ ਅਨੰਦਪੁਰ ਸਾਹਿਬ ਪੁੱਜ ਗਿਆ।ਭਾਈ ਊਧਾ ਕਿਸੇ ਤਰ੍ਹਾਂ ਉਨ੍ਹਾਂ ਦੇ ਧੜ ਨੂੰ ਲੈ ਕੇ ਪਿੰਡ ਰਕਾਬਗੰਜ ਪੁੱਜ ਗਿਆ।ਉੱਥੇ ਹੀ ਗੁਰੂ ਜੀ ਦਾ ਸੰਸਕਾਰ ਕਰ ਦਿੱਤਾ ਗਿਆ।ਇੱਥੇ ਇਕ ਸ਼ਾਨਦਾਰ ਗੁਰਦੁਆਰਾ ਰਕਾਬਗੰਜ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇ ਕੇ ਇਹ ਸਿੱਧ ਕਰ ਦਿੱਤਾ ਕਿ-

ਬਾਂਹਿ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨਾ ਛੋੜੀਏ ।”

ਗੁਰੂ ਤੇਗ ਬਹਾਦਰ ਜੀ ਸੱਚਮੁੱਚ ਹੀ ਹਿੰਦ ਦੀ ਚਾਦਰ ਅਰਥਾਤ ਭਾਰਤ ਦੀ ਇੱਜਤ ਅਤੇ ਅਣਖ ਦੇ ਰਖਵਾਲੇ ਸਨ।

ਸਾਰਾਂਸ਼— ਗੁਰੂ ਤੇਗ ਬਹਾਦਰ ਜੀ ਨੇ ਮਾਨਵ ਜਾਤੀ ਨੂੰ ਇਹ ਸੰਦੇਸ ਦਿੱਤਾ ਕਿ ਡਰਨ ਵਾਲਾ ਕਾਇਰ ਹੈ ਅਤੇ ਡਰਾਉਣ ਵਾਲਾ ਜਾਲਿਮ ਹੈ। ਇਸ ਲਈ ਨਾ ਕਿਸੇ ਤੋਂ ਡਰੇ, ਨਾ ਕਿਸੇ ਨੂੰ ਡਰਾਓ।

20 Comments

  1. SHAGANVIR December 12, 2018
  2. Sarbjit Singh July 4, 2020
  3. Jasnoor July 6, 2020
  4. raghav August 21, 2020
  5. Gagandeep Kaur September 10, 2020
  6. Vanshika December 19, 2020
  7. Namarta January 23, 2021
  8. Nav May 4, 2021
  9. Sneha Goyal May 15, 2021
  10. JasleenKaur May 19, 2021
  11. JasleenKaur May 19, 2021
  12. Gurpreet kaur May 22, 2021
  13. Upinderjeet Kaur May 30, 2021
  14. Khushpreet June 9, 2021
  15. Naman June 24, 2021
  16. Yash dhiman December 5, 2021
  17. Prabhjot kaur December 8, 2021
  18. RUCHIKA February 28, 2022
  19. Rohit July 1, 2022

Leave a Reply