ਸਕੂਲ ਵਿੱਚ ਅੱਧੀ ਛੁੱਟੀ ਦਾ ਦ੍ਰਿਸ਼
School vich Adhi Chutti da Drish
ਸਕੂਲਾਂ ਵਿੱਚ ਅਧੀ ਛੁੱਟੀ ਚੌਥੇ ਜਾਂ ਪੰਜਵੇਂ ਪੀਰੀਅਡ ਤੋਂ ਬਾਅਦ ਹੁੰਦੀ ਹੈ। ਸਾਰੇ ਵਿਦਿਆਰਥੀ ਤੇ ਅਧਿਆਪਕ ਇਸ ਦੀ ਉਡੀਕ ਕਰ ਰਹੇ ਹੁੰਦੇ ਹਨ। ਕਈ ਵਿਦਿਆਰਥੀਆਂ ਨੂੰ ਤਾਂ ਭੁੱਖ ਲੱਗੀ ਹੁੰਦੀ ਹੈ ਪਰ ਕਈ ਇਹ ਸੋਚ ਕੇ ਉਡੀਕ ਕਰ ਰਹੇ ਹੁੰਦੇ ਹਨ ਕਿ ਅੱਧੀ ਛੁੱਟੀ ਹੋਵੇ ਤੇ ਮਸਤੀ ਕਰੀਏ। ਅਧਿਆਪਕ ਵੀ ਸੋਚਦੇ ਹਨ ਕਿ ਥੋੜਾ ਅਰਾਮ ਮਿਲੇਗਾ। ਅੱਧੀ ਛੁੱਟੀ ਦਾ ਦ੍ਰਿਸ਼ ਚਹਿਲ-ਪਹਿਲ ਵਾਲਾ ਹੁੰਦਾ ਹੈ। ਅੱਧੀ ਛੁੱਟੀ ਦੀ ਘੰਟੀ ਵਜਦਿਆਂ ਹੀ ਸਾਰੇ ਸਕੂਲ ਵਿੱਚ ਰੌਲਾ ਪੈ ਜਾਂਦਾ ਹੈ। ਕਈ ਵਿਦਿਆਰਥੀ ਹੱਥ ਧੋਣ ਲਈ ਨਲਕਿਆਂ ਤੇ ਟੂਟੀਆਂ ਵੱਲ ਦੌੜਦੇ ਹਨ ਤੇ ਕਈ ਸਿੱਧੇ ਕੰਟੀਨ ਵੱਲ ਭੱਜਦੇ ਹਨ। ਸਰਦੀਆਂ ਵਿੱਚ ਤਾਂ ਵਿਦਿਆਰਥੀ ਰੋਟੀਆਂ ਦੇ ਡੱਬੇ ਫੜ ਕੇ ਬਾਹਰ ਚਲੇ ਜਾਂਦੇ ਹਨ ਧੁੱਪ ਸੇਕਦੇ ਹੋਏ ਇਕੱਠੇ ਹੋ ਕੇ ਖਾਣਾ ਖਾਂਦੇ ਹਨ। ਉਹ ਨਾਲ-ਨਾਲ ਸਬਜ਼ੀਆਂ ਦੀ ਪਸੰਦ ਨਾ ਪਸੰਦ ਦੀ ਵੀ ਚਰਚਾ ਕਰਦੇ ਹਨ। ਕੰਟੀਨਾਂ ਤੇ ਵੀ ਭੀੜ ਹੁੰਦੀ ਹੈ। ਵਿਦਿਆਰਥੀ ਕੰਟੀਨ ਤੋਂ ਸਮੋਸੇ, ਟਾਫ਼ੀਆਂ, ਕੁਰਕਰੇ ਆਦਿ ਲੈਂਦੇ ਦਿਖਾਈ ਦਿੰਦੇ ਹਨ। ਪਾਣੀ ਵਾਲੀਆਂ ਟੂਟੀਆਂ ਦੇ ਨੇੜੇ ਸਭ ਤੋਂ ਜ਼ਿਆਦਾ ਭੀੜ ਹੁੰਦੀ ਹੈ। ਵਿਦਿਆਰਥੀ ਖਾਣਾ ਖ਼ਤਮ ਕਰਦੇ ਹੀ ਗਰਾਊਂਡ ਵਿੱਚ ਖੇਡਣਾ ਸ਼ੁਰੂ ਕਰ ਦਿੰਦੇ ਹਨ। ਕਈ ਵਿਦਿਆਰਥੀ ਤਾਂ ਬਹੁਤ ਸ਼ਰਾਰਤਾਂ ਕਰਦੇ ਹਨ। ਉਹ ਦੂਸਰਿਆਂ ਨੂੰ ਤੰਗ ਕਰਕੇ ਮਜ਼ਾ ਲੈਂਦੇ ਹਨ। ਕਈ ਵਿਦਿਆਰਥੀ ਆਪਸ ਵਿੱਚ ਲੜ ਵੀ ਰਹੇ ਹੁੰਦੇ ਹਨ। ਕਈ ਵਿਦਿਆਰਥੀ ਦੂਸਰਿਆਂ ਸ਼ਿਕਾਇਤਾਂ ਕਰਨ ਦਾ ਹੀ ਕੰਮ ਕਰਦੇ ਹਨ। ਕਈ ਹੁਸ਼ਿਆਰ ਵਿਦਿਆਰਥੀ ਅੱਧੀ ਛੁੱਟੀ ਵੇਲੇ ਵੀ ਅਗਲੇ ਪੀਰੀਅਡ ਦੇ ਵਿਸ਼ਿਆਂ ਬਾਰੇ ਪੜ੍ਹਦੇ ਰਹਿੰਦੇ ਹਨ। ਇਹ ਰੌਣਕ ਤੇ ਰੰਗੀਨੀ ਭਰਿਆ ਦ੍ਰਿਸ਼ ਲੱਗਪੱਗ ਅੱਧਾ ਘੰਟਾ ਹੀ ਰਹਿੰਦਾ ਹੈ। ਜਿਵੇਂ ਹੀ ਅੱਧੀ ਛੁੱਟੀ ਦੇ ਖ਼ਤਮ ਹੋਣ ਦੀ ਘੰਟੀ ਵਜਦੀ ਹੈ, ਵਿਦਿਆਰਥੀ ਆਪਣੀਆਂ ਜਮਾਤਾਂ ਵੱਲ ਨੂੰ ਭੱਜਦੇ ਹਨ। ਸਕੂਲ ਵਿੱਚ ਪਹਿਲੇ ਵਾਲਾ ਮਾਹੌਲ ਛਾ ਜਾਂਦਾ ਹੈ ਤੇ ਫਿਰ ਤੋਂ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ।