ਸਾਡੀ ਸਿਹਤ ਦੇ ਸਭ ਤੋਂ ਵੱਡੇ ਦੁਸ਼ਮਣ
Sadi Sehat de Sab to Vadde Dushman
ਜਾਣ-ਪਛਾਣ : ਸਾਡੀ ਸਿਹਤ ਦੇ ਸਭ ਤੋਂ ਵੱਡੇ ਦੁਸ਼ਮਣ ਵਾਸਨਾ ਅਤੇ ਗੁੱਸਾ ਹਨ। ਪਰਮਾਤਮਾ ਨੇ ਮਨੁੱਖ ਨੂੰ ਸੋਨੇ ਵਰਗਾ ਸਰੀਰ ਦਿੱਤਾ ਹੈ, ਪਰ ਜਿਹੜਾ ਮਨੁੱਖ ਵਾਸਨਾ ਅਤੇ ਗੁੱਸੇ ਦਾ ਸ਼ਿਕਾਰ ਬਣਿਆ ਰਹੇ, ਉਹ ਆਪਣੇ ਸਰੀਰ ਨੂੰ ਗਾਲ ਕੇ ਰੱਖ ਦੇਂਦਾ ਹੈ। ਇਸ ਸੰਬੰਧੀ ਇਹ ਅਟੱਲ
ਸੱਚਿਆਈ ਪ੍ਰਸਿੱਧ ਹੈ ਕਿ ਵਾਸਨਾ ਅਤੇ ਗੁੱਸਾ ਸਰੀਰ ਨੂੰ ਇਉਂ ਗਾਲ ਸੱਟਦੇ ਹਨ, ਜਿਵੇਂ ਸੋਹਾਗਾ ਸੋਨੇ ਨੂੰ ਢਾਲ ਕੇ ਰੱਖ ਦਿੰਦਾ ਹੈ। ਇਸ ਕਥਨ ਨੂੰ ਸਦਾ ਆਪਣੇ ਸਾਹਮਣੇ ਰੱਖ ਕੇ ਮਨੁੱਖ ਆਪਣੇ ਸਰੀਰ ਨੂੰ ਗਾਲਣ ਤੋਂ ਬਚਾ ਸਕਦਾ ਹੈ ਅਤੇ ਆਪਣੀ ਸਿਹਤ ਨੂੰ ਸਦਾ ਕਾਇਮ ਰੱਖ ਸਕਦਾ ਹੈ।
ਵਾਸਨਾ ਸਰੀਰ ਦਾ ਦੁਸ਼ਮਣ : ਮਨੁੱਖੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ‘ਵਾਸਨਾ ਹੈ। ਉਹ ਮਨੁੱਖ ਵਾਸਨਾ’ ਦਾ ਸ਼ਿਕਾਰ ਬਣਿਆ ਕਿਹਾ ਜਾ ਸਕਦਾ ਹੈ, ਜਿਹੜਾ ਸਦਾ ਵਾਸਨਾ ਦੇ ਵੱਸ ਵਿਚ ਰਹਿੰਦਾ ਹੈ ਅਤੇ ਲਿੰਗ ਸੰਬੰਧੀ ਇੱਛਾਵਾਂ ਉੱਤੇ ਬਿਲਕੁਲ ਕਾਬੂ ਨਹੀਂ ਪਾ ਸਕਦਾ, ਪਰਮਾਤਮਾ ਨੇ “ਕਾਮ-ਵਾਸਨਾ’ ਸਭ ਜੀਵਾਂ ਲਈ ਇਸ ਲਈ ਕੁਦਰਤੀ ਬਣਾਈ ਹੈ ਕਿ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਵਿਚ ਵਾਧਾ ਹੁੰਦਾ ਰਹੇ। ਇਸ ਲਈ ਸੰਤਾਨ ਪੈਦਾ ਕਰਨ ਖਾਤਰ ਕਾਮ ਦੀ ਤ੍ਰਿਪਤੀ ਕਰਨਾ ਕੋਈ ਭੈੜੀ ਗੱਲ ਨਹੀਂ ਹੈ ਅਤੇ ਇਹ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਂਦੀ, ਪਰ ਜਿਹੜਾ ਮਨੁੱਖ ਹਰ ਵੇਲੇ ਕਾਮ-ਕਾਮ ਦੀ ਤ੍ਰਿਪਤੀ ਪਿੱਛੇ ਲੱਗਾ ਰਹੇ ਉਹ ਆਪਣੇ ਸੋਨੇ ਵਰਗੇ ਸਰੀਰ ਨੂੰ ਗਾਲ ਕੇ ਰੱਖ ਦੇਂਦਾ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਹੜੇ ਦੇਸ਼ ਦੇ ਲੋਕ ਬਹੁਤ ਐਸ਼-ਪਸਤ ਹੋ ਜਾਣ ਅਤੇ ਕਾਮ ਦੇ ਸ਼ਿਕਾਰ ਬਣ ਕੇ ਰਹਿ ਜਾਣ ਉਹ ਕਮਜ਼ੋਰ ਅਤੇ ਡਰਪੋਕ ਹੋ ਜਾਂਦੇ ਹਨ। ਜਦ ਹਿਟਲਰ ਨੇ ਯੂਰਪ ਨੂੰ ਹੜੱਪ ਕਰਨ ਖਾਤਰ ਇਸ ਦੇ ਕਈ ਦੇਸ਼ਾਂ ਉੱਤੇ ਹਮਲਾ ਕਰ ਦਿੱਤਾ ਤਾਂ ਯੂਰਪ ਦੇ ਹਰੇਕ ਛੋਟੇ ਤੋਂ ਛੋਟੇ ਦੇਸ਼ ਨੇ ਵੀ ਉਸ ਦਾ ਡੱਟ ਕੇ ਮੁਕਾਬਲਾ ਕੀਤਾ, ਪਰ ਫ਼ਰਾਂਸ ਨੇ ਬਿਨਾਂ ਮੁਕਾਬਲਾ ਕੀਤਿਆਂ ਹਿਟਲਰ ਅੱਗੇ ਹਾਰ ਮੰਨ ਲਈ। ਇਸ ਦਾ ਕਾਰਨ ਇਹ ਸੀ ਕਿ ਫ਼ਰਾਂਸੀਸੀ ਲੋਕ ਬੜੇ ਅੱਯਾਸ਼ੀ ਬਣ ਚੁੱਕੇ ਸਨ ਅਤੇ ਹਰ ਵੇਲੇ ਕਾਮ-ਕਾਮ ਦੀ ਤ੍ਰਿਪਤੀ ਵਿਚ ਗਲਤਾਨ ਰਹਿੰਦੇ ਸਨ। ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਤਾਂ ਕਾਮ-ਕਾਮ ਦੀ ਤ੍ਰਿਪਤੀ ਲਈ ਥਾਂ-ਥਾਂ ਅੱਡੇ ਬਣ ਚੁੱਕੇ ਸਨ ਅਤੇ ਫ਼ਰਾਂਸੀਸੀ ਲੋਕ ਸਾਰੀ-ਸਾਰੀ ਰਾਤ ਉਨ੍ਹਾਂ ਅੱਡਿਆਂ ਵਿਚ ਬਿਤਾਉਂਦੇ ਸਨ। ਇਸ ਕਰਕੇ ਫ਼ਰਾਂਸੀਸੀ ਲੋਕਾਂ ਵਿਚ ਵੈਰੀ ਦਾ ਟਾਕਰਾ ਕਰਨ ਦੀ ਸ਼ਕਤੀ ਹੀ ਨਹੀਂ ਸੀ ਰਹੀ।
ਮਨੁੱਖੀ ਸਿਹਤ ਦਾ ਦੁਸ਼ਮਣ ਗੁੱਸਾ : ‘ਵਾਸਨਾ ਤੋਂ ਉਪਰੰਤ ਮਨੁੱਖੀ ਸਿਹਤ ਦਾ ਦੂਜਾ ਦੁਸ਼ਮਣ ‘ਗੁੱਸਾ ਹੈ। ਜਿਹੜਾ ਮਨੁੱਖ ਗੁੱਸੇ ਉੱਤੇ ਕੋਈ ਕਾਬੂ ਨਹੀਂ ਪਾ ਸਕਦਾ ਉਹ ਆਪਣੀ · ਸਰੀਰਕ ਸ਼ਕਤੀ ਕਾਇਮ ਨਹੀਂ ਰੱਖ ਸਕਦਾ। ਉਸ ਦੇ ਸਰੀਰ ਵਿਚਲੇ ਸਾਰੇ ਪ੍ਰਬੰਧ ਵਿਗੜ ਜਾਂਦੇ ਹਨ। ਇਸ ਦਾ ਸਭ ਤੋਂ ਬੁਰਾ ਪ੍ਰਭਾਵ ਖੁਨ ਦੇ ਦੌਰੇ ਵਾਲੇ ਪ੍ਰਬੰਧ ਉੱਤੇ ਪੈਂਦਾ ਹੈ। ਗੁੱਸੇ ਨਾਲ ਭਰੇ ਹੋਏ ਮਨੁੱਖ ਦਾ ਦਿਲ ਬੜੀ ਤੇਜ਼ੀ ਨਾਲ ਧੜਕਣ ਲੱਗ ਜਾਂਦਾ ਹੈ ਅਤੇ ਸਰੀਰ ਵਿਚਲੇ ਖੂਨ ਨੂੰ ਸਾਫ਼ ਕਰਨ ਦਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਗੁੱਸੇ ਵਿਚ ਆਪੇ ਤੋਂ ਬਾਹਰ ਹੋਏ ਮਨੁੱਖ ਦਾ ਤੇਜ਼ੀ ਨਾਲ ਧੜਕਦਾ ਹੋਇਆ ਦਿਲ ਹਰਕਤ ਕਰਨੋਂ ਬੰਦ ਵੀ ਹੋ ਸਕਦਾ ਹੈ ਅਤੇ ਇਸ ਹਾਲਤ ਵਿਚ ਉਸ ਦੀ ਮੌਤ ਹੋ ਸਕਦੀ ਹੈ। ਜੇ ਮੌਤ ਨਾ ਵੀ ਹੋਵੇ ਤਾਂ ਉਸ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਇਕ ਵਾਰ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਕੇ ਕਿੰਨਾ ਚਿਰ ਉਸ ਦਾ ਦਿਲ ਆਪਣੇ ਟਿਕਾਣੇ ਉੱਤੇ ਨਹੀਂ ਆਉਂਦਾ ਅਤੇ ਉਸ ਦਾ ਮਨ ਸ਼ਾਂਤ ਨਹੀਂ ਹੁੰਦਾ।
ਗੁਸੈਲਾ ਮਨੁੱਖ ਦਾ ਪਾਚਨ-ਤੰੜ ਦਾ ਵਿਗੜਨਾ : ਗੁੱਸੇ ਵਿਚ ਆਪੇ ਤੋਂ ਬਾਹਰ ਹੋ ਜਾਣ ਵਾਲੇ ਮਨੁੱਖ ਦੀ ਪਾਚਣ-ਸ਼ਕਤੀ ਵੀ ਬਿਲਕੁਲ ਵਿਗੜ ਜਾਂਦੀ ਹੈ। ਇਹੋ ਜਿਹੇ ਮਨੁੱਖ ਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਅਤੇ ਉਸ ਦਾ ਮਿਹਦਾ ਕਮਜ਼ੋਰ ਹੋ ਜਾਂਦਾ ਹੈ। ਗੁੱਸੇ ਦੇ ਸਮੇਂ ਜੋ ਕੁਝ ਖਾਧਾ ਜਾਏ, ਉਹ ਹਜ਼ਮ ਨਹੀਂ ਹੁੰਦਾ। ਜੇ ਥੋੜੀ ਜਿੰਨੀ ਖੁਰਾਕ ਹਜ਼ਮ ਹੋ ਵੀ ਜਾਏ ਤਾਂ ਉਸ ਦਾ ਰਸ ਸਰੀਰ ਦੇ ਸਭ ਅੰਗਾਂ ਤੱਕ ਨਹੀਂ ਪੁੱਜਦਾ। ਇਹੋ ਕਾਰਨ ਹੈ ਕਿ ਗੁੱਸੇ ਵਿਚ ਆਪਣੇ ਆਪ ਉੱਤੇ ਕਾਬੂ ਨਾ ਪਾ ਸਕਣ ਵਾਲਾ ਮਨੁੱਖ ਸਰੀਰਕ ਤੌਰ ਉੱਤੇ ਬੜਾ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਦਾ ਰੰਗ ਪੀਲਾ ਪੈ ਜਾਂਦਾ ਹੈ।
ਗਿਲਟੀਆਂ ਤੋਂ ਪੂਰਾ ਲਾਭ ਨਾ ਲੈਣਾ: ਬਹੁਤਾ ਗੁੱਸਾ ਕਰਨ ਵਾਲੇ ਮਨੁੱਖ ਦੇ ਸਰੀਰ ਅੰਦਰਲੀਆਂ ਗਿਲਟੀਆਂ ਆਪਣਾ ਪੂਰਾ ਕੰਮ ਨਹੀਂ ਕਰਦੀਆਂ। ਸਾਡੇ ਸਰੀਰ ਵਿਚਲੀਆਂ ਗਿਲਟੀਆਂ ਲਾਭਦਾਇਕ ਰਸ ਕੱਢਦੀਆਂ ਰਹਿੰਦੀਆਂ ਹਨ। ਇਹ ਰਸ ਸਰੀਰ ਦੇ ਸਭ ਅੰਗਾਂ ਤੱਕ ਪੁੱਜਦਾ ਰਹਿੰਦਾ ਹੈ ਅਤੇ ਸਰੀਰ ਨੂੰ ਚੁਸਤੀ, ਫੁਰਤੀ ਅਤੇ ਸ਼ਕਤੀ ਪ੍ਰਦਾਨ ਕਰਦਾ ਰਹਿੰਦਾ ਹੈ, ਪਰ ਗੁੱਸੇਵਾਨ ਮਨੁੱਖ ਆਪਣੇ ਸਰੀਰ ਵਿਚਲੀਆਂ ਗਿਲਟੀਆਂ ਦੇ ਲਾਭਦਾਇਕ ਰਸਾਂ ਤੋਂ ਕੋਈ ਲਾਭ ਨਹੀਂ ਉਠਾ ਸਕਦਾ।
ਗੁੱਸੇ ਦਾ ਨੁਕਸਾਨ : ਗੁੱਸੇ ਦਾ ਇਕ ਵੱਡਾ ਨੁਕਸਾਨ ਇਹ ਵੀ ਹੈ ਕਿ ਗੁੱਸੇ ਵਾਲਾ ਮਨੁੱਖ ਕਦੀ ਪੂਰੀ ਨੀਂਦ ਸੌਂ ਨਹੀਂ ਸਕਦਾ। ਉਸ ਦੇ ਮਨ ਦੀ ਬੇਚੈਨੀ ਉਸ ਨੂੰ ਚੰਗੀ ਤਰ੍ਹਾਂ ਸੌਣ ਨਹੀਂ ਦੇਂਦੀ। ਜਦ ਉਹ ਸਵੇਰੇ ਉੱਠਦਾ ਹੈ ਤਾਂ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ। ਇਸ ਲਈ ਆਮ ਕਿਹਾ ਜਾਂਦਾ ਹੈ ਕਿ ਸੌਣ ਤੋਂ ਪਹਿਲਾਂ ਕਦੇ ਗੁੱਸੇ ਵਿਚ ਨਹੀਂ ਆਉਣਾ ਚਾਹੀਦਾ।
ਇਸ ਤਰਾਂ ਗੁੱਸਾ ਹਰ ਗੱਲੋਂ ਮਨੁੱਖੀ ਸਿਹਤ ਦਾ ‘ਵਾਸਨਾ’ ਵਾਂਗ ਨਾਸ਼ ਕਰਕੇ ਰੱਖ ਦੇਂਦਾ ਹੈ। ਹਰ ਮਨੁੱਖ ਨੂੰ ਸਿਹਤ ਦੇ ਇਨ੍ਹਾਂ ਦੋ ਵੱਡੇ ਦੁਸ਼ਮਣਾਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।