Punjabi Essay on “Sadi Prikhya Pranali”, “ਸਾਡੀ ਪ੍ਰੀਖਿਆ-ਪ੍ਰਣਾਲੀ”, for Class 10, Class 12 ,B.A Students and Competitive Examinations.

ਸਾਡੀ ਪ੍ਰੀਖਿਆ-ਪ੍ਰਣਾਲੀ

Sadi Prikhya Pranali

ਦੀ

ਸਾਡਾ ਇਮਤਿਹਾਨੀ ਢਾਂਚਾ

Sada Imtihan Dhancha

ਪ੍ਰੀਖਿਆ ਇਕ ਭੈ-ਦਾਇਕ ਚੀਜ਼-ਪ੍ਰੀਖਿਆ ਦਾ ਨਾਂ ਸੁਣਦਿਆਂ ਹੀ ਵਿਦਿਆਰਥੀ ਨੂੰ ਭੈ ਜਿਹਾ ਆਉਂਦਾ ਹੈ । ਇਹ ਇਕ ਅਜਿਹੀ ਪ੍ਰਣਾਲੀ ਹੈ, ਜਿਸ ਦੁਆਰਾ ਕਿਸੇ ਵਿਸ਼ੇ ਬਾਰੇ ਵਿਦਿਆਰਥੀ ਦੇ ਗਿਆਨ ਤੇ ਯੋਗਤਾ ਨੂੰ ਨਿਸਚਿਤ ਸਮੇਂ ਵਿਚ ਟੈਸਟ ਕੀਤਾ  ਜਾਂਦਾ ਹੈ । ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਦੀ ਜਾਂਚ ਕਰਨ ਲਈ ਜਾਂ ਉਸਨੂੰ ਇਕ ਜਮਾਤ ਵਿਚੋਂ ਦੂਜੀ ਜਮਾਤ ਵਿਚ ਚੜਾਉਣ ਦਾ ਇਹੋ ਇਕ ਤਰੀਕਾ ਹੈ। ਅੱਜ-ਕਲ੍ਹ ਇਮਤਿਹਾਨਾਂ ਨੂੰ ਚੰਗਾ ਨਾ ਸਮਝਣ ਦਾ ਰਿਵਾਜ ਜਿਹਾ ਸ਼ੁਰੂ ਹੋ  ਗਿਆ ਹੈ ਅਤੇ ਇਸ ਨੂੰ ਇਕ ਬੁਰਾਈ ਸਮਝਿਆ ਜਾਂਦਾ ਹੈ । ਉਂਝ ਸਾਡੀ ਪ੍ਰੀਖਿਆ ਪ੍ਰਣਾਲੀ ਵਿਚ ਬਹੁਤ ਸਾਰੇ ਦੋਸ਼ ਹਨ, ਜਿਸ ਕਰਕੇ ਇਸ ਦੀ ਬਹੁਤੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ ।

ਯੋਗਤਾ ਦੀ ਪਰਖ ਦਾ ਨਾਕਸ ਤਰੀਕਾ-ਖਿਆ ਪ੍ਰਣਾਲੀ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਕਿ  ਵਿਦਿਆਰਥੀ ਦੀ ਯੋਗਤਾ ਤੇ ਗਿਆਨ ਦੀ ਪਰਖ ਕਰਨ ਲਈ ਇਹ ਤਰੀਕਾ ਨਾਕਸ ਅਤੇ ਤਰਕਹੀਣ ਹੈ । ਇਸ ਵਿਚ ਵਿਦਿਆਰਥੀ ਦੀ ਰਚਨਾਤਮਕ ਯੋਗਤਾ ਜਾਂ ਉਸ ਦੀਆਂ ਵਿਅਕਤੀਗਤ ਯੋਗਤਾਵਾਂ ਵਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਘੋਟੇ ਉੱਤੇ ਆਧਾਰਿਤ  ਗਿਆਨ ਦੁਆਰਾ ਇਹ ਫ਼ੈਸਲਾ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਆਪਣੇ ਸਮੇਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਹੈ ਜਾਂ ਅਯੋਗ । ਇਕ ਪ੍ਰਕਾਰ ਸਾਡੇ ਬੋਰਡ ਅਤੇ ਯੂਨੀਵਰਸਿਟੀਆਂ ਅਜਿਹੇ ਪੜਾਕੂ ਪੈਦਾ ਕਰ ਰਹੀਆਂ ਹਨ, ਜਿਵੇਂ ਮਸ਼ੀਨ ਵਿਚੋਂ ਇਕ ਪਿੰਨ ਤੋਂ ਮਗਰੋਂ ਦੂਸਰਾ ਪਿੰਨ  ਬਣ ਕੇ ਨਿਕਲਦਾ ਹੈ।

ਅਵਿਗਿਆਨਕ ਢੰਗ-ਇਸ ਪ੍ਰਣਾਲੀ ਦੇ ਵਿਰੁੱਧ ਸਭ ਤੋਂ ਵੱਡੀ ਸ਼ਿਕਾਇਤ ਇਹ ਕੀਤੀ ਜਾ ਰਹੀ ਹੈ ਕਿ ਇਹ ਵਿਦਿਆਰਥੀ ਦੇ ਗਿਆਨ ਜਾਂ ਯੋਗਤਾ ਨੂੰ ਪਰਖਣ ਦਾ ਵਿਗਿਆਨਕ ਤਰੀਕਾ ਨਹੀਂ । ਇਸ ਤਰੀਕੇ ਦੇ ਇਮਤਿਹਾਨ ਵਿਚ ਇਕ ਨਿਕੰਮਾ ਤੇ ਮੋਟੇ ਦਿਮਾਗ਼ ਵਾਲਾ ਵਿਦਿਆਰਥੀ  ਮੈਰਿਟ ਲਿਸਟ ਵਿਚ ਆ ਸਕਦਾ ਹੈ, ਪਰ ਲਾਇਕ ਤੇ ਤੇਜ਼ ਬੁੱਧੀ ਵਾਲਾ ਵਿਦਿਆਰਥੀ ਫੇਲ੍ਹ ਹੋ ਸਕਦਾ ਹੈ । ਇਕ ਵਿਦਿਆਰਥੀ ਇਕ ਦਿਨ ਲਾ ਕੇ ਅਜਿਹੇ ਪੰਜ ਪ੍ਰਸ਼ਨ ਯਾਦ ਕਰ ਲੈਂਦਾ ਹੈ, ਜੋ ਕਿ ਦੂਸਰੇ ਦਿਨ ਪੇਪਰ ਵਿਚ ਆ ਜਾਂਦੇ ਹਨ, ਤਾਂ ਉਹ ਚੰਗੇ ਨੰਬਰ ਪ੍ਰਾਪਤ ਕਰ ਸਕਦਾ ਹੈ । ਦੂਸਰਾ ਵਿਦਿਆਰਥੀ, ਜੋ ਸਾਰਾ ਸਾਲ ਮਿਹਨਤ ਕਰਦਾ ਹੈ, ਪਰ ਪੀਖਿਆ ਵਾਲੇ ਦਿਨ ਉਹ ਬਿਮਾਰ ਪੈ ਜਾਂਦਾ ਹੈ, ਤਾਂ ਉਹ ਫੇਲ੍ਹ ਹੋ ਜਾਂਦਾ ਹੈ । ਇਸ ਪ੍ਰਕਾਰ ਇਮਤਿਹਾਨ ਇਕ ਜੁਆ ਬਣ ਕੇ ਰਹਿ ਗਏ ਹਨ ।ਵਿਦਿਆਰਥੀ ਹੱਲ ਹੋਏ ਪ੍ਰਸ਼ਨਾਂ ਨੂੰ ਘੋਟਾ ਲਾ ਲੈਂਦੇ ਹਨ ਤੇ ਉਨ੍ਹਾਂ ਦੇ  ਇਮਤਿਹਾਨ ਵਿਚ ਆਉਣ ਨਾਲ ਉਹ ਚੰਗੇ ਨੰਬਰ ਪ੍ਰਾਪਤ ਕਰ ਲੈਂਦੇ ਹਨ, ਪਰ ਜਿਹੜੇ ਵਿਦਿਆਰਥੀ ਸਾਰਾ ਸਾਲ ਕੋਰਸ ਤਿਆਰ ਕਰਦੇ ਰਹਿੰਦੇ ਹਨ ਤੇ ਕਿਸੇ ਗੱਲ ਦੀ ਬਾਰੀਕੀ ਤਕ ਜਾਂਦੇ ਹਨ, ਉਹ ਅਜਿਹੇ ਪ੍ਰਸ਼ਨਾਂ ਨੂੰ ਘੋਟਾ ਨਾ ਲਾ ਸਕਣ ਕਰਕੇ ਬਹੁਤੇ ਨੰਬਰ ਪ੍ਰਾਪਤ ਨਹੀਂ ਕਰ  ਸਕਦੇ ।

ਕੇਵਲ ਯਾਦਾਸ਼ਤ ਦੀ ਪਰਖ-ਸਾਡੀ ਪ੍ਰੀਖਿਆ ਪ੍ਰਣਾਲੀ ਵਿਦਿਆਰਥੀ ਦੀ ਬੁੱਧੀ ਨੂੰ ਤੇਜ਼ ਨਹੀਂ ਕਰਦੀ ਸਗੋਂ ਮਾਰਦੀ ਹੈ । ਇਹ ਸਿਵਾਏ ਯਾਦਾਸ਼ਤ ਦੇ ਜਾਦੂ ਤੋਂ ਬਿਨਾਂ ਹੋਰ ਕੁੱਝ ਨਹੀਂ । ਪੀਕਾਕ ਨੇ ਇਸ ਪ੍ਰੀਖਿਆ ਪ੍ਰਣਾਲੀ ਸੰਬੰਧੀ ਕਿਹਾ ਹੈ “ਵਰਤਮਾਨ ਇਮਤਿਹਾਨਾਂ ਨੂੰ ਆਦਮੀਆਂ ਨਾਲੋਂ ਤੋਤੇ ਵਧੇਰੇ ਸਫਲਤਾ ਨਾਲ ਪਾਸ ਕਰ ਸਕਦੇ ਹਨ ।” ਤੇਜ ਯਾਦਾਸ਼ਤ ਦੇ ਘੋਟੇ ਵਾਲਾ ਵਿਦਿਆਰਥੀ ਚੰਗੇ ਨੰਬਰ ਪਾਪਤ ਕਰ ਸਕਦਾ ਹੈ । ਭਾਵੇਂ ਉਹ ਅਗਲੇ ਦਿਨ ਸਭ ਕੁੱਝ ਫਜੂਲ ਤੇ ਬੇ-ਅਰਥ ਸਮਝ ਕੇ ਭੁੱਲ ਜਾਵੇ ।

ਇਕ ਲਾਜ਼ਮੀ ਬੁਰਾਈ-ਇਮਤਿਹਾਨਾਂ ਦੇ ਇੰਨੇ ਦੋਸ਼ ਹੁੰਦਿਆਂ ਵੀ ਸਾਡੇ ਕੋਲ ਇਨ੍ਹਾਂ ਤੋਂ ਬਿਨਾਂ ਕੋਈ ਚਾਰਾ ਨਹੀਂ । ਇਹ ਕਿ ਲਾਜ਼ਮੀ ਬੁਰਾਈ ਹਨ । ਅਸੀਂ ਇਨ੍ਹਾਂ ਤੋਂ ਛੁਟਕਾਰਾ ਨਹੀਂ ਪਾਪਤ ਕਰ ਸਕਦੇ । ਮਹਾਤਮਾ ਬੁੱਧ ਤੇ ਈਸਾ ਮਸੀਹ ਵਰਗੇ ਮਹਾਂਪੁਰਸ਼ਾਂ ਨੂੰ ਵੀ ਇਮਤਿਹਾਨਾਂ ਵਿਚੋਂ  ਲੰਘਣਾ ਪਿਆ ਸੀ । ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਅਤੇ ਆਪਣੇ ਪੁੱਤਰਾਂ ਵਿਚੋਂ ਆਪਣੀ ਗੱਦੀ ਦਾ ਵਾਰਸ ਚੁਣਨ ਲਈ ਉਨ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੀਖਿਆਵਾਂ ਲਈਆਂ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪੁੱਤਰ ਫੇਲ ਹੋਏ ਸਨ ਅਤੇ ਭਾਈ ਲਹਿਣਾ ਪਾਸ | ਅਸਲ ਵਿਚ ਕਿਸੇ ਦੀ ਯੋਗਤਾ ਦੀ ਪਰਖ ਲਈ ਇਮਿਤਹਾਨ ਦੀ ਜ਼ਰੂਰਤ ਹੈ | ਪਰ ਇਮਤਿਹਾਨ ਦੇ ਢੰਗ ਵਿਚ ਸੁਧਾਰ ਦੀ ਬਹੁਤੀ ਜ਼ਰੂਰਤ ਹੈ । ਸਾਡੇ ਦੇਸ਼ ਵਿਚ ਪ੍ਰੀਖਿਆ ਦੀ ਜੋ ਪ੍ਰਣਾਲੀ ਹੈ, ਇਸ ਵਿਚ ਬਹੁਤ ਜ਼ਿਆਦਾ ਸੁਧਾਰ ਦੀ ਜ਼ਰੂਰਤ ਹੈ।

ਮਿਹਨਤ ਦੀ ਜਾਂਚ ਦਾ ਗਲਤ ਢੰਗ-ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਵਿਚ ਲਏ ਜਾਂਦੇ ਇਮਤਿਹਾਨ ਵਿਦਿਆ ਦੇ ਗਿਆਨ ਤੇ ਯੋਗਤਾ ਦਾ ਠੀਕ-ਠੀਕ ਟੈਸਟ ਨਹੀਂ । ਵਿਦਿਆਰਥੀ ਰੈਂਸ ਪੇਪਰਾਂ ਅਤੇ ਗਾਈਡਾਂ ‘ਤੇ ਹੀ ਨਿਰਭਰ ਕਰਦੇ ਹਨ । ਇਸ ਗੱਲ ਨੂੰ ਬਿਲਕੁਲ ਠੀਕ  ਨਹੀਂ ਮੰਨਿਆ ਜਾ ਸਕਦਾ ਕਿ ਵਿਦਿਆਰਥੀ ਦੀ ਸਾਲ ਭਰ ਦੀ ਮਿਹਨਤ ਦੀ ਤਿੰਨ ਘੰਟਿਆਂ ਵਿਚ ਜਾਂਚ ਕੀਤੀ ਜਾਵੇ ਕਿਉਂਕਿ ਕਈ ਵਾਰ ਲਾਇਕ ਤੋਂ ਇਕ ਵਿਦਿਆਰਥੀ ਉਨ੍ਹਾਂ ਤਿੰਨ ਘੰਟਿਆਂ ਵਿਚ ਆਪਣੇ ਗਿਆਨ ਨੂੰ ਪੂਰੀ ਤਰਾਂ ਪ੍ਰਗਟ ਕਰਨ ਦੇ ਯੋਗ ਨਹੀਂ ਹੁੰਦਾ ।

ਨੰਬਰ ਲਾਉਣ ਦਾ ਨੁਕਸਦਾਰ ਢੰਗ-ਫਿਰ ਇਮਤਿਹਾਨ ਵਿਚ ਲਏ ਗਏ ਪੇਪਰ ਤੇ ਨੰਬਰ ਲਾਉਣ ਦਾ ਢੰਗ ਵੀ ਨੁਕਸਦਾਰ ਹੈ । ਚੰਗੇ ਜਾਂ ਮਾੜੇ ਨੰਬਰ ਦੇਣਾ ਪੇਪਰ ਦੇਖਣ ਵਾਲੇ ਦੇ ਮੂਡ ‘ਤੇ ਹੀ ਨਿਰਭਰ ਕਰਦਾ ਹੈ । ਜੇਕਰ ਉੱਤਰਾਂ ਵਾਲੀ ਇਕ ਕਾਪੀ ਭਿੰਨ-ਭਿੰਨ ਪੇਪਰ ਵੇਖਣ ਵਾਲਿਆਂ ਨੂੰ ਦਿੱਤੀ ਜਾਵੇ, ਤਾਂ ਉਹ ਭਿੰਨ-ਭਿੰਨ ਨੰਬਰ ਲਾਉਣਗੇ । ਇਹ ਵੀ ਹੋ ਸਕਦਾ ਹੈ ਕਿ ਇਕ ਪੇਪਰ ਵੇਖਣ ਵਾਲਾ ਵਿਦਿਆਰਥੀ ਨੂੰ ਫੇਲ੍ਹ ਕਰਦਾ ਹੋਵੇ ਤੇ ਦੂਜਾ ਪਾਸ । ਅਜਿਹੀ ਸਥਿਤੀ ਵਿਚ ਇਹ ਨਿਰਨਾ ਕਰਨਾ ਔਖਾ ਹੋ ਜਾਂਦਾ ਹੈ ਕਿ ਵਿਦਿਆਰਥੀ ਦੀ ਠੀਕ-ਠੀਕ ਯੋਗਤਾ ਕੀ ਹੈ ?

ਨਕਲ ਦੀ ਬੁਰਾਈ-ਇਸ ਦੇ ਨਾਲ ਹੀ ਇਮਤਿਹਾਨਾਂ ਵਿਚ ਨਕਲ ਦਿਨੋ-ਦਿਨ ਵਧਦੀ ਜਾ ਰਹੀ ਹੈ । ਵਿਦਿਆਰਥੀ ਸੁਪਰਵਾਈਜ਼ਰਾਂ ਤੇ ਸੁਪਰਿੰਟੈਂਡੈਂਟਾਂ ਨੂੰ ਡਰਾ ਕੇ ਤੇ ਉਨ੍ਹਾਂ ਉੱਪਰ ਹਮਲੇ ਕਰ ਕੇ ਜ਼ੋਰ ਨਾਲ ਨਕਲ ਕਰਦੇ ਹਨ । ਇਸ ਪ੍ਰਕਾਰ ਨਾਲਾਇਕ ਵਿਦਿਆਰਥੀ ਨਕਲ ਕਰ ਕੇ  ਚੰਗੇ ਨੰਬਰ ਪ੍ਰਾਪਤ ਕਰ ਲੈਂਦੇ ਹਨ । ਕਈ ਵਾਰ ਵਿਦਿਆਰਥੀ ਪੇਪਰ ਵੇਖਣ ਵਾਲਿਆਂ ਤਕ ਪਹੁੰਚ ਕਰ ਕੇ ਚੰਗੇ ਨੰਬਰ ਪ੍ਰਾਪਤ ਕਰ ਲੈਂਦੇ ਹਨ | ਕਈ ਵਾਰੀ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਨਾਲ ਕੁੱਲ ਵਿਦਿਆਰਥੀਆਂ ਨੂੰ ਲਾਭ ਪਹੁੰਚ ਜਾਂਦਾ ਹੈ ।

ਕੁੱਝ ਸੁਝਾਅ-ਅਜਿਹੀਆਂ ਬੁਰਾਈਆਂ ਸਾਡੇ ਇਮਤਿਹਾਨਾਂ ਵਿਚ ਦਿਨੋ-ਦਿਨ ਜ਼ੋਰ ਫੜ ਰਹੀਆਂ ਹਨ ਤੇ ਇਨ੍ਹਾਂ ਦਾ ਸੁਧਾਰ ਹੋਣਾ ਚਾਹੀਦਾ ਹੈ ।ਵਿਦਿਆਰਥੀਆਂ ਦੇ ਨਤੀਜੇ ਦਾ ਆਧਾਰ ਸਕੂਲਾਂ ਕਾਲਜਾਂ ਵਿਚ ਸਮੇਂ-ਸਮੇਂ ਲਈਆਂ ਪ੍ਰੀਖਿਆਵਾਂ ਵਿਚ ਪ੍ਰਾਪਤ ਕੀਤੇ ਨੰਬਰ ਵੀ ਹੋਣਾ ਚਾਹੀਦਾ ਹੈ । ਜੇਕਰ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿਚ ਪਾਠ-ਪੁਸਤਕਾਂ ਵੇਖਣ ਦੀ ਖੁੱਲ ਦਿੱਤੀ ਜਾਵੇ, ਤਾਂ ਇਮਤਿਹਾਨੀ-ਢੰਗ ਕਾਫ਼ੀ ਠੀਕ ਹੋ ਸਕਦਾ ਹੈ ਕਿਉਂਕਿ ਕੇਵਲ ਉਹ ਵਿਦਿਆਰਥੀ ਹੀ ਪ੍ਰਸ਼ਨਾਂ ਦੇ ਉੱਤਰ ਦੇ ਸਕਣਗੇ, ਜਿਨ੍ਹਾਂ ਨੇ ਪੁਸਤਕਾਂ ਧਿਆਨ ਨਾਲ ਪੜ੍ਹੀਆਂ ਹੋਣਗੀਆਂ । ਇਸ ਨਾਲ ਵਿਦਿਆਰਥੀਆਂ ਵਿਚ ਪਾਠ-ਪੁਸਤਕਾਂ ਪੜਨ ਦੀ ਰੁਚੀ ਪੈਦਾ ਹੋਵੇਗੀ ਤੇ ਵਿੱਦਿਆ ਦਾ ਪੱਧਰ ਵੀ ਉੱਚਾ ਉੱਠੇਗਾ | ਨਵੀਂ ਸਰਕਾਰ ਸਮੁੱਚੀ ਵਿੱਦਿਅਕ ਤੇ ਖਿਆ-ਪ੍ਰਣਾਲੀ ਵਿਚ ਸੁਧਾਰ ਲਈ ਨਵੀਆਂ ਨੀਤੀਆਂ ਤੇ ਪ੍ਰੋਗਰਾਮ ਲਿਆ ਰਹੀ ਹੈ । ਦੇਖਣ ਵਾਲੀ ਗੱਲ ਇਹ ਹੈ ਕਿ ਇਸਦੇ ਨਤੀਜੇ ਕਿਹੋ ਜਿਹੇ ਨਿਕਲਦੇ ਹਨ ।ਉਂਝ ਨਵੀਆਂ ਨੀਤੀਆਂ ਬਹੁਤਾ ਕਰਕੇ ਵਿਦਿਅਕ ਦੇ ਵਪਾਰੀਕਰਨ ਵਲ ਤੇ ਵਿਸ਼ਵ-ਯੁਨੀਵਰਸਿਟੀਆਂ ਨੂੰ ਸੱਦਾ ਦੇਣ ਵੱਲ ਸੇਧਿਤ ਹਨ ।

ਸਾਰ-ਅੰਸ਼-ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਮਤਿਹਾਨ ਭਾਵੇਂ ਬੁਰਾਈਆਂ ਭਰਪੂਰ ਹੈ, ਪਰ ਇਹ ਲਾਜ਼ਮੀ ਵੀ ਹਨ । ਇਨ੍ਹਾਂ ਦਾ ਤਿਆਗ ਨਹੀਂ ਕੀਤਾ ਜਾ ਸਕਦਾ । ਲੋੜ ਕੇਵਲ ਇਨ੍ਹਾਂ ਦੀ ਪ੍ਰਣਾਲੀ ਦੇ ਸੁਧਾਰ ਦੀ ਹੈ ।

One Response

  1. Ripinpal Kaur April 29, 2020

Leave a Reply