ਕੌਮੀ ਏਕਤਾ
Qaumi Ekta
ਜਾਣ-ਪਛਾਣ : ਰਾਸ਼ਟਰੀ ਏਕਤਾ ਦਾ ਭਾਵ ਹੈ ਇਕ ਦੇਸ਼ ਵਿਚ ਰਹਿੰਦੇ ਹੋਏ ਸਭ ਲੋਕਾਂ ਦੀ ਏਕਤਾ, ਭਾਵੇਂ ਉਨ੍ਹਾਂ ਵਿਚ ਕਈ ਤਰ੍ਹਾਂ ਦੇ ਛੋਟੇ-ਛੋਟੇ ਫਰਕ ਹੋਣ। ਭਾਰਤ ਵਿਚ ਰਾਸ਼ਟਰੀ ਏਕਤਾ ਦੀ ਬੜੀ ਲੋੜ ਹੈ। ਉਂਜ ਇਸ ਦੇਸ਼ ਵਿਚ ਕਈ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਉਨ੍ਹਾਂ ਦੀਆਂ ਮਾਤ-ਭਾਸ਼ਾਵਾਂ ਵੀ ਵੱਖਰੀਆਂ-ਵੱਖਰੀਆਂ ਹਨ। ਇਸੇ ਲਈ ਮਹਾਤਮਾ ਗਾਂਧੀ ਨੇ ਕਿਹਾ ਸੀ, “ਸਾਨੂੰ ਇਕ ਅਜਿਹਾ ਸਮਾਜ ਸਿਰਜਣ ਦੀ ਲੋੜ ਹੈ ਜਿਸ ਵਿਚ ਵੱਖ-ਵੱਖ ਮਜ਼ਹਬ ਰੱਖਣ ਵਾਲੇ ਲੋਕ ਭਰਾਵਾਂ ਵਾਂਗ ਇਕ ਬਣ ਕੇ ਰਹਿਣ।
ਧਰਮ ਨੂੰ ਰਾਸ਼ਟਰੀ ਏਕਤਾ ਵਿਚ ਰੁਕਾਵਟ ਨਹੀਂ ਬਣਨਾ ਚਾਹੀਦਾ : ਭਾਰਤ ਵਿਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਜੈਨੀ ਅਤੇ ਬੋਧੀ ਲੋਕ ਵੱਸਦੇ ਹਨ, ਪਰ ਧਰਮਾਂ ਦੇ ਫਰਕ ਨੂੰ ਰਾਸ਼ਟਰੀ ਏਕਤਾ ਕਾਇਮ ਰੱਖਣ ਵਿਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਇਸੇ ਤਰ੍ਹਾਂ ਭਾਰਤ ਵਿਚ ਹਿੰਦੀ, ਪੰਜਾਬੀ, ਬੰਗਾਲੀ, ਗੁਜਰਾਤੀ, ਤਾਮਿਲ, ਤੇਲਗੂ ਆਦਿ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਵੱਖ-ਵੱਖ ਭਾਸ਼ਾਵਾਂ ਨੂੰ ਰਾਸ਼ਟਰੀ ਏਕਤਾ ਕਾਇਮ ਰੱਖਣ ਵਿਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ।
ਜਦੋਂ ਅੰਗਰੇਜ਼ ਭਾਰਤ ਵਿਚ ਰਾਜ ਕਰਦੇ ਸਨ ਤਾਂ ਉਨ੍ਹਾਂ ਦੀ ਨੀਤੀ ਸੀ “ਪਾੜੋ ਅਤੇ ਰਾਜ ਕਰੋ। ਇਸ ਲਈ ਉਹ ਭਾਰਤ ਦੇ ਵੱਖ-ਵੱਖ ਮਜ਼ਹਬਾਂ, ਧਰਮ ਦੇ ਲੋਕਾਂ ਨੂੰ ਆਪਸ ਵਿਚ (ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ) ਲੜਾਉਂਦੇ ਰਹਿੰਦੇ ਸਨ। ਇਸ ਲਈ ਅੰਗਰੇਜ਼ੀ ਰਾਜ ਵਿਚ ਮਜ਼ਹਬ ਦੇ ਨਾਂ ਉੱਤੇ ਕਈ ਵਾਰ ਦੰਗੇ ਹੁੰਦੇ ਸਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਜਦ ਭਾਰਤ ਆਜ਼ਾਦ ਹੋ ਚੁੱਕਾ ਹੈ ਅਤੇ ਸਭ ਮਜ਼ਹਬਾਂ ਦੀ ਸਾਂਝੀ ਨੀਤੀ ਅਪਣਾ ਰਿਹਾ ਹੈ ਤਾਂ ਵੀ ਧਰਮ ਦੇ ਨਾਂ ਉੱਤੇ ਫ਼ਸਾਦ ਉਸੇ ਤਰ੍ਹਾਂ ਹੋ ਰਹੇ ਹਨ, ਅੱਜਕਲ੍ਹ ਫ਼ਿਰਕੂ ਫਸਾਦ ਸਗੋਂ ਅੰਗਰੇਜ਼ੀ ਰਾਜ ਦੇ ਸਮੇਂ ਤੋਂ ਵੱਧ ਹੋ ਰਹੇ ਹਨ। ਇਸ ਲਈ ਅਜਿਹੇ ਕਦਮ ਉਠਾਉਣ ਦੀ ਬੜੀ ਜ਼ਰੂਰਤ ਹੈ ਜਿਨ੍ਹਾਂ ਨਾਲ ਸਾਡੇ ਦੇਸ਼ ਵਿਚ ਫਿਰਕੂ ਫਸਾਦ ਨਾ ਹੋਣ ਅਤੇ ਰਾਸ਼ਟਰੀ ਏਕਤਾ ਸਦਾ ਕਾਇਮ ਰਹੇ। ਇਸ ਸੰਬੰਧੀ ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਭਾਰਤ ਦੇ ਸਭ ਲੋਕਾਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਭਰਪੂਰ ਕੀਤੀ ਜਾਏ । ਜਦੋਂ ਲੋਕਾਂ ਵਿਚ ਦੇਸ਼ ਪਿਆਰ ਦੀ ਭਾਵਨਾ ਭਰਪੂਰ ਹੋ ਜਾਏਗੀ ਤਾਂ ਉਹ ਦੇਸ਼ ਨੂੰ ਪਹਿਲੇ ਅਤੇ ਆਪਣੇ ਆਪ ਨੂੰ ਪਿੱਛੇ ਸਮਝਣਗੇ। ਇਸ ਸੰਬੰਧੀ ਦੂਜਾ ਕਦਮ ਇਹ ਉਠਾਇਆ ਜਾ ਸਕਦਾ ਹੈ ਕਿ ਭਾਰਤ ਦੇ ਸਭ ਲੋਕਾਂ ਵਲੋਂ ਸਭ ਧਰਮਾਂ ਦੇ ਤਿਉਹਾਰ ਇੱਕਠੇ ਜਾਂ ਚਲ ਕੇ ਮਨਾਏ ਜਾਣ। ਦੇਸ਼ ਦੇ ਹਿੰਦੂ, ਸਿੱਖ ਅਤੇ ਮੁਸਲਮਾਨ ਰਲ ਕੇ ਈਦ ਮਨਾਉਣ। ਇਸੇ ਤਰ੍ਹਾਂ ਦੀਵਾਲੀ ਆਦਿ ਦੇ ਤਿਉਹਾਰ ਅਤੇ ਗੁਰਪੁਰਬਾਂ ਦੇ ਤਿਉਹਾਰ ਵੀ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਲੋਂ ਰਲ ਕੇ ਮਨਾਏ ਜਾਣ।
ਰਾਸ਼ਟਰੀ ਏਕਤਾ ਲਈ ਕਦਮ : ਭਾਰਤ ਵਿਚ ਰਾਸ਼ਟਰੀ ਏਕਤਾ ਕਾਇਮ ਰੱਖਣ ਸੰਬੰਧੀ ਤੀਜਾ ਕਦਮ ਇਹ ਉਠਾਇਆ ਜਾਏ ਕਿ ਘੱਟ ਗਿਣਤੀ ਵਾਲੇ ਧਰਮਾਂ ਦੇ ਲੋਕਾਂ ਵਿਚੋਂ ਇਹ ਗਲਤ-ਫਹਿਮੀ ਦੂਰ ਕੀਤੀ ਜਾਏ ਕਿ ਉਨ੍ਹਾਂ ਨਾਲ ਬੇ-ਇਨਸਾਫੀ ਹੋ ਰਹੀ ਹੈ ਜਾਂ ਉਨ੍ਹਾਂ ਉੱਤੇ ਕਿਸੇ ਕਿਸਮ ਦਾ ਅੱਤਿਆਚਾਰ ਹੋ ਰਿਹਾ ਹੈ। ਉਦਾਹਰਨ ਵਜੋਂ ਜੇ ਅੱਜ ਕਲ੍ਹ ਕਈ ਸਿੱਖ ਨੌਜਵਾਨਾਂ ਦੇ ਦਿਲਾਂ ਵਿਚ ਇਹ ਗਲਤ-ਫਹਿਮੀ ਭਰੀ ਹੋਈ ਹੈ ਕਿ ਉਨ੍ਹਾਂ ਨੂੰ ਧਰਮ ਦੇ ਵਿਤਕਰੇ ਕਾਰਨ ਦਬਾਇਆ ਜਾ ਰਿਹਾ ਹਾਂ ਤਾਂ ਉਨ੍ਹਾਂ ਦੀ ਇਹ ਗਲਤ-ਫਹਿਮੀ ਦੂਰ ਕੀਤੀ ਜਾਏ ਤਾਂ ਜੋ ਉਹ ਭਾਰਤ ਦੇਸ਼ ਦੇ ਸਭ ਲੋਕਾਂ ਨੂੰ ਪਿਆਰ ਕਰਨ ਲੱਗ ਪੈਣ ਅਤੇ ਦੇਸ਼ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਕਦਮ ਨਾ ਚੁੱਕਣ।
ਭਾਰਤ ਦੇਸ਼ ਦੀ ਰਾਸ਼ਟਰੀ ਏਕਤਾ ਵਿਚ ਰੁਕਾਵਟ ਪਾਉਣ ਵਾਲੀ ਦੂਜੀ ਚੀਜ਼ ਭਾਸ਼ਾਵਾਂ ਦੀ ਅਨੇਕਤਾ ਹੈ, ਪਰ ਇਸ ਅਨੇਕਤਾ ਨੂੰ ਵੀ ਦੇਸ਼ ਦੀ ਏਕਤਾ ਵਿਚ ਭੰਗ ਪਾਉਣ ਦੀ ਆਗਿਆ ਨਾ ਦਿੱਤੀ ਜਾਏ। ਬੜੇ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੱਕ ਭਾਰਤ ਦੇ ਸਭ ਲੋਕ ਇਕ ਰਾਸ਼ਟਰੀ ਭਾਸ਼ਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੋਏ। ਹਿੰਦੀ ਨੂੰ ਰਾਸ਼ਟਰੀ ਭਾਸ਼ਾ ਸਵੀਕਾਰ ਨਹੀਂ ਕਰਦੇ।ਉਹ ਤਾਮਲ ਜਾਂ ਤੇਲਗੂ ਆਦਿ ਨੂੰ ਹੀ ਆਪਣੀ ਭਾਸ਼ਾ ਮੰਨਦੇ ਹਨ। ਜੇ ਉਨ੍ਹਾਂ ਨੂੰ ਹਿੰਦੀ ਪੜਾਉਣ ਦਾ ਯਤਨ ਕੀਤਾ ਜਾਏ ਤਾਂ ਉਹ ਹਿੰਸਾ ਅਤੇ ਹੜਤਾਲਾਂ ਉੱਤੇ ਉਤਰ ਆਉਂਦੇ ਹਨ। ਉਹ ਹਿੰਦੀ ਨਾਲੋਂ ਅੰਗਰੇਜ਼ੀ ਪੜ੍ਹਨ ਨੂੰ ਵਧੇਰੇ ਜ਼ਰੂਰੀ ਸਮਝਦੇ ਹਨ। ਇਸ ਨਾਲ ਦੇਸ਼ ਦੀ ਏਕਤਾ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਖ਼ਤਰੇ ਨੂੰ ਦੂਰ ਕਰਨ ਦਾ ਢੰਗ ਇਹ ਹੈ ਕਿ ਦੱਖਣੀ ਭਾਰਤ ਦੇ ਲੋਕਾਂ ਨੂੰ ਜ਼ਬਰਦਸਤੀ ਹਿੰਦੀ ਨਾ ਪੜਾਈ ਜਾਏ, ਪਰ ਉਨ੍ਹਾਂ ਵਿਚ ਪਿਆਰ ਭਰੇ ਤਰੀਕੇ ਨਾਲ ਹਿੰਦੀ ਪੜਨ ਦਾ ਪ੍ਰਚਾਰ ਕੀਤਾ ਜਾਵੇ, ਇਸ ਤਰ੍ਹਾਂ ਭਾਰਤ ਵਿਚ ਧਰਮਾਂ ਅਤੇ ਭਾਸ਼ਾਵਾਂ ਦੀ ਅਨੇਕਤਾ ਦੇ ਹੁੰਦਿਆਂ ਰਾਸ਼ਟਰੀ ਏਕਤਾ ਕਾਇਮ ਰਹੇਗੀ।