Punjabi Essay on “Punjabi Nojavana wich videsh jan de lalak”, “ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ”, for Class 10, Class 12 ,B.A Students and Competitive Examinations.

ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ

Punjabi Nojavana wich videsh jan de lalak

ਜਾਂ

ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ਵਲ ਦੌੜ

Punjabi Nojavana de videsha val daud 

ਵਿਦੇਸ਼ ਜਾਣ ਦੀ ਲਲਕ-ਪੰਜਾਬ ਦੇ ਲੋਕਾਂ, ਖ਼ਾਸ ਕਰ ਨੌਜਵਾਨਾਂ ਦੇ ਦਿਲਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਤੇ ਵਸਣ ਦੀ ਲਲਕ ਹਮੇਸ਼ਾ ਉੱਸਲਵੱਟੇ ਲੈਂਦੀ ਰਹਿੰਦੀ ਹੈ ਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਹਰ ਢੰਗ-ਤਰੀਕਾ ਅਪਣਾਉਣ ਲਈ ਤਿਆਰ ਰਹਿੰਦੇ ਹਨ, ਭਾਵੇਂ ਉਹ ਜਾਇਜ਼ ਹੋਵੇ ਜਾਂ ਨਾਜਾਇਜ਼, ਕਾਨੂੰਨੀ ਹੋਵੇ ਜਾਂ ਗ਼ੈਰ-ਕਾਨੂੰਨੀ, ਨੈਤਿਕ ਹੋਵੇ ਜਾਂ ਅਨੈਤਿਕ, ਸੁਰੱਖਿਅਤ ਹੋਵੇ ਜਾਂ ਜੋਖ਼ਮ ਭਰਿਆ ।

ਲਲਕ ਦਾ ਵਪਾਰੀਕਰਨ-ਪੰਜਾਬੀਆਂ ਵਿਚ ਇਹ ਇੱਛਾ ਇੰਨੀ ਪ੍ਰਬਲ ਹੈ ਕਿ ਅੱਜ ਇਸਦਾ ਵਪਾਰੀਕਰਨ ਹੋ ਚੁੱਕਾ ਹੈ । ਥਾਂ-ਥਾਂ ਆਮ ਲੋਕਾਂ ਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜਣ ਵਿਚ ਸਹਾਇਤਾ ਕਰਨ ਦਾ ਦਾਅਵਾ ਕਰਨ ਵਾਲੇ ਏਜੰਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ । ਇਨ੍ਹਾਂ ਵਿਚੋਂ ਕੁੱਝ ਏਜੰਟ ਜਾਂ ਏਜੰਸੀਆਂ ਤਾਂ ਕਿਸੇ ਹੱਦ ਤਕ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ ਤੇ ਸਰਕਾਰ ਤੋਂ ਲਾਈਸੈਂਸ-ਪ੍ਰਾਪਤ ਹਨ ਪਰ ਬਹੁਤੇ ਠੱਗੀ ਦੇ ਅੱਡੇ ਹਨ । ਇਨ੍ਹਾਂ ਬਾਰੇ ਹਰ ਰੋਜ਼ ਅਖ਼ਬਾਰਾਂ ਵਿਚ ਛਪਦਾ ਹੈ ਕਿ ਕਿਵੇਂ ਇਨ੍ਹਾਂ ਅਨਸਰਾਂ ਨੂੰ ਉਚ ਸਰਕਾਰੀ ਅਫ਼ਸਰਾਂ ਤੇ ਲੋਕਾਂ ਦੇ ਅਸੈਂਬਲੀਆਂ ਤੇ ਪਾਰਲੀਮੈਂਟ ਲਈ ਚੁਣੇ ਹੋਏ ਪ੍ਰਤੀਨਿਧਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਲੋਕਾਂ ਨੂੰ ਝੂਠੇ ਸਬਜ਼ਬਾਗ਼ ਦਿਖਾ ਕੇ ਤੇ ਕਈ ਵਾਰੀ ਝੂਠੇ ਪਾਸਪੋਰਟ, ਝੂਠੇ ਨਿਯੁਕਤੀ ਪੱਤਰ ‘ਤੇ ਕਾਗਜ਼ੀ ਰਿਸ਼ਤੇ ਤੇ ਲਾੜੇ-ਲਾੜੀਆਂ ਤਿਆਰ ਕਰ ਕੇ ਲੋਕਾਂ ਤੋਂ ਲੱਖਾਂ ਰੁਪਏ ਬਟੋਰ ਰਹੇ ਹਨ। ਇਹ ਲੋਕ ਕਦੇ ਤਾਂ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਕਿਸੇ ਗਾਇਕ ਤੇ ਭੰਗੜਾ ਮੰਡਲੀ ਜਾਂ ਖਿਡਰੀ-ਮੰਡਲੀ ਵਿਚ ਸ਼ਾਮਿਲ ਕਰ ਦਿੰਦੇ ਹਨ ਜਾਂ ਕਿਸੇ ਵਿਦੇਸ਼ ਜਾ ਰਹੇ ਵੱਡੇ ਮੰਤਰੀ ਦੀ ਪ੍ਰੇਸ-ਪਾਰਟੀ ਵਿਚ । ਕਈ ਵਾਰੀ ਇਨ੍ਹਾਂ ਦੇ ਸੰਬੰਧ ਬਾਬੂ ਲਾਲ ਕਟਾਰਾ ਵਰਗੇ ਪਾਰਲੀਮੈਂਟ ਦੇ ਮੈਂਬਰਾਂ ਨਾਲ ਵੀ ਹੁੰਦੇ ਹਨ, ਜਿਹੜੇ ਆਪਣੀ ਪਤਨੀ ਦੇ ਪਾਸਪੋਰਟ ਉੱਤੇ ਕਬੂਤਰਬਾਜ਼ੀ ਲਈ ਨਾਲ ਲਿਜਾਈ ਜਾ ਰਹੀ ਮੁਟਿਆਰ ਦੀ . ਚਿਪਕਾ ਲੈਂਦੇ ਹਨ । ਕਈ ਵਾਰੀ ਇਨਾਂ ਵਲੋਂ ਚਾਹਵਾਨ ਨੌਜਵਾਨਾਂ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਪੁਚਾਉਣ ਲਈ ਚੋਰੀ ਛਿਪੇ ਸਰਹੱਦਾਂ ਪਾਰ ਕਰਾਈਆਂ ਜਾਂਦੀਆਂ ਹਨ, ਟੈਂਕਰਾਂ ਵਿਚ ਬੰਦ ਕਰਕੇ ਜਾਂ ਕਿਸ਼ਤੀਆਂ ਵਿਚ ਚੜ੍ਹਾ ਕੇ ਸਮੁੰਦਰ ਪਾਰ ਕਰਾਏ ਜਾਂਦੇ ਹਨ | ਇਸ ਸਾਰੀ ਖੇਡ ਵਿਚ ਬਹੁਤ ਸਾਰੇ ਚਾਹਵਾਨ ਮਾਲਟਾ ਕਾਂਡ ਵਰਗੇ ਦੁਖਾਂਤਾਂ ਦੀ ਭੇਂਟ ਚੜਦੇ ਡੋਬ ਦਿਤੇ ਜਾਂਦੇ ਹਨ  ਜਾਂ ਭੁੱਖ-ਪਿਆਸ ਤੇ ਮੌਸਮ ਦੀ ਸਖ਼ਤੀ ਦੇ ਕਸ਼ਟ ਭੋਗਦੇ ਹਨ ਤੇ ਮੁਟਿਆਰਾਂ ਸਰੀਰਕ ਸ਼ੋਸ਼ਣ ਦੀ ਭੇਟ ਚੜ੍ਹਦੀਆਂ ਹਨ । ਵਿਮ ਸਰਹੱਦਾਂ ਪਾਰ ਕਰਨ ਸਮੇਂ ਕਈ ਨੌਜਵਾਨ ਉੱਥੋਂ ਦੀ ਸਰਹੱਦੀ ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਕਈ  ਲੰਬੇ ਸਮੇਂ ਲਈ ਜੇਲਾਂ ਵਿਚ ਪਏ ਸੜਦੇ ਰਹਿੰਦੇ ਹਨ । ਉਨ੍ਹਾਂ ਤੋਂ ਪਾਸਪੋਰਟ ਤੇ ਨਕਦੀ ਖੋਹ ਕੇ ਉਨ੍ਹਾਂ ਨੂੰ ਕਿਸੇ ਪਾਸੇ ਜੋਗੇ ਨਹੀਂ ਰਹਿਣ ਦਿੱਤਾ ਜਾਂਦਾ।

ਵਿਦੇਸ਼ ਜਾਣ ਲਈ ਤਰਲੋਮੱਛੀ-ਪਰ ਸਿਤਮ ਦੀ ਗੱਲ ਇਹ ਹੈ ਕਿ ਹਰ ਰੋਜ਼ ਅਖ਼ਬਾਰਾਂ ਵਿਚ ਅਜਿਹੇ ਨੌਜਵਾਨਾਂ ਦੀ ਖੱਜਲ ਖੁਆਰੀ, ਦੁਰਦਸ਼ਾ ਤੇ ਹਸ਼ਰ ਨੂੰ ਦੇਖ ਕੇ ਅਤੇ ਪਿੱਛੇ ਰਹੇ ਉਨਾਂ ਦੇ ਕਰਜ਼ਾਈ ਹੋ ਚੁੱਕੇ ਮਾਪਿਆਂ ਦੇ ਮਾਨਸਿਕ ਕਸ਼ਟਾਂ ਤੇ ਸੰਤਾ ਬਾਰੇ ਪੜ੍ਹ ਕੇ ਵੀ ਲੋਕਾਂ ਤੇ ਨੌਜਵਾਨਾਂ ਵਿਚੋਂ ਵਿਦੇਸ਼ ਜਾਣ ਦੀ ਲਲਕ ਮੱਠੀ ਨਹੀਂ ਹੁੰਦੀ, ਸਗੋਂ ਪਹਿਲਾਂ ਵਾਂਗ ਹੀ ਪਾਸਪੋਰਟ ਬਣਾਉਣ ਲਈ ਪਾਸਪੋਰਟ ਦਫ਼ਤਰਾਂ ਵਿਚ ਤੇ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ ਜਾਣ ਦਾ ਰਾਹ ਦਿਖਾਉਣ ਵਾਲੇ ਏਜੰਟਾਂ ਦੇ ਦਫ਼ਤਰਾਂ ਅੱਗੇ ਉਨ੍ਹਾਂ ਦੀਆਂ ਭੀੜਾਂ ਜੁੜੀਆਂ ਰਹਿੰਦੀਆਂ ਹਨ । ਇਨ੍ਹਾਂ ਵਿਚੋਂ ਕਈ ਉਹ ਵੀ ਹੁੰਦੇ ਹਨ, ਜਿਹੜੇ ਪਹਿਲਾਂ ਏਜੰਟਾਂ ਹੱਥੋਂ ਧੋਖਾ ਖਾ ਕੇ ਲੱਖਾਂ ਰੁਪਏ ਲੁਟਾ ਚੁੱਕੇ ਹੁੰਦੇ ਹਨ ਤੇ ਉਨ੍ਹਾਂ ਦਾ ਪਾਸਪੋਰਟ ਵੀ ਖੋਹ ਲਿਆ ਗਿਆ ਹੁੰਦਾ ਹੈ । ਇਨ੍ਹਾਂ ਵਿਚ ਉਹ ਵੀ ਸ਼ਾਮਿਲ ਹੁੰਦੇ ਹਨ, ਜਿਹੜੇ ਪਹਿਲਾਂ ਅਜਿਹੇ ਦੇਸ਼ਾਂ, ਖ਼ਾਸ ਕਰ ਇਰਾਕ, ਕੁਵੈਤ ਤੇ ਲਿਬਨਾਨ ਆਦਿ ਵਿਚ ਕੰਮ ਕਰਦੇ ਹੁੰਦੇ ਹਨ, ਪਰ ਉੱਥੋਂ ਉਨ੍ਹਾਂ ਨੂੰ ਲੜਾਈ ਦੇ ਹਾਲਾਤਾਂ ਕਰਕੇ ਆਪਣੇ ਦੇਸ਼ ਪਰਤਣਾ ਪਿਆ ਹੁੰਦਾ ਹੈ । ਉਹ ਲੜਾਈ ਦੇ ਬਾਵਜੂਦ ਉੱਥੇ ਜਾ ਕੇ ਕੰਮ ਕਰਨ ਲਈ ਤਰਲੋਮੱਛੀ ਹੋ ਰਹੇ ਹੁੰਦੇ ਹਨ ।

ਕਾਰਨ-ਇੱਥੇ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਪੰਜਾਬੀ ਨੌਜਵਾਨ ਆਪਣਾ ਪਿਆਰਾ ਘਰ, ਪਰਿਵਾਰ ਤੇ ਵਤਨ ਛੱਡ ਕੇ ਵਿਦੇਸ਼ਾਂ ਵਲ ਮੂੰਹ ਕਰ ਰਹੇ ਹਨ । ਇਸਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ । ਪੜ੍ਹ-ਲਿਖ ਕੇ ਵੀ ਨੌਕਰੀ ਮਿਲਣ ਦੇ ਚਾਨਸ ਬਹੁਤ ਘੱਟ ਹੁੰਦੇ ਹਨ । ਜਿਨ੍ਹਾਂ ਨੂੰ ਰੁਜ਼ਗਾਰ ਮਿਲ ਵੀ ਜਾਂਦਾ ਹੈ, ਉਨ੍ਹਾਂ ਨੂੰ ਤਨਖ਼ਾਹ ਇੰਨੀ ਘੱਟ ਮਿਲਦੀ ਹੈ ਕਿ ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਰਨ ਉਨ੍ਹਾਂ ਦੇ ਖ਼ਰਚ ਪੂਰੇ ਨਹੀਂ ਹੁੰਦੇ, ਜਿਹੜੇ ਕਿ ਵਧਦੀਆਂ ਵਿਗਿਆਨਿਕ ਸੁਖ-ਸਹੂਲਤਾਂ ਤੇ ਇਨ੍ਹਾਂ ਨਾਲ ਸੰਬੰਧਿਤ ਖ਼ਰਚੇ ਤਰ੍ਹਾਂ-ਤਰ੍ਹਾਂ ਦੇ ਮਾਲ ਦੇ ਵੱਧ ਤੋਂ ਵੱਧ ਗਾਹਕ ਬਣਾਉਣ ਦੀ ਹੋੜ ਵਿਚ ਲੱਗੀਆਂ ਲਾਲਚੀ ਕੰਪਨੀਆਂ ਦੀਆਂ ਨੀਤੀਆਂ ਕਰਕੇ ਲਗਾਤਾਰ ਵਧਦੇ ਜਾ ਰਹੇ ਹਨ । ਉਧਰ ਖੇਤੀ ਕੋਈ ਲਾਭਦਾਇਕ ਕਿੱਤਾ ਨਹੀਂ ਰਿਹਾ ਤੇ ਕਰਜ਼ਿਆਂ ਹੇਠ ਦੱਬੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ । ਨੌਜਵਾਨ ਅਜਿਹੀ ਮਾਇਕ ਸੰਕਟ ਭਰੀ ਸਥਿਤੀ ਵਿਚੋਂ ਨਿਕਲਣ ਦਾ ਇੱਕੋ ਹੱਲ ਵਿਦੇਸ਼ ਜਾ ਕੇ ਕੰਮ ਕਰਨ ਵਿਚ ਹੀ ਸਮਝਦਾ ਹੈ ਕਿਉਂਕਿ ਜਦੋਂ ਵਿਦੇਸ਼ ਵਿਚ ਜਾ ਕੇ ਕਮਾਈ ਕਰ ਰਹੇ ਕਿਸੇ ਨੌਜਵਾਨ ਦੇ ਘਰ ਵਧ ਰਹੀ ਖੁਸ਼ਹਾਲੀ ਵਲ ਦੇਖਦੇ ਹਨ, ਤਾਂ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ-ਧੀ ਵੀ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਵਿਚ ਹੀ ਚਲਾ ਜਾਵੇ । ਇਸਦੇ ਨਾਲ ਹੀ ਉਹ ਆਲੇ-ਦੁਆਲੇ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕਾਰ ਹੁੰਦੇ ਦੇਖ ਕੇ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਕਿਸੇ ਤਰ੍ਹਾਂ ਇਸ ਵਾਤਾਵਰਨ ਵਿਚੋਂ ਬਾਹਰ ਹੀ ਨਿਕਲ ਜਾਵੇ ।

ਵਿਦੇਸ਼ਾਂ ਵਿਚ ਖੁਸ਼ਹਾਲੀ ਤੇ ਤਰੱਕੀ ਦੇ ਮੌਕੇ-ਇਸ ਤੋਂ ਇਲਾਵਾ ਲੋਕ ਜਦੋਂ ਵਿਦੇਸ਼ਾਂ ਤੋਂ ਪ੍ਰਤਣ ਵਾਲੇ ਲੋਕਾਂ ਤੇ ਨੌਜਵਾਨਾਂ ਦੇ ਮੰਹੋਂ ਉੱਥੇ ਮਾਮੂਲੀ ਨੌਕਰੀ ਕਰ ਕੇ ਚੋਖਾ ਧਨ ਕਮਾਉਣ ਤੇ ਉੱਥੋਂ ਦੀ ਕਮਾਈ ਨਾਲ ਇੱਥੋਂ ਦੇ ਅਮੀਰਾਂ ਵਾਲੀਆਂ ਸੁਖਸਹੁਲਤਾਂ ਮਾਂਣਨ ਬਾਰੇ, ਉੱਥੋਂ ਦੀ ਅਮਨ-ਕਾਨੂੰਨ ਵਿਵਸਥਾ ਤੇ ਲੋਕ-ਸਹਾਈ ਪੁਲਿਸ ਬਾਰੇ ਅਤੇ ਭ੍ਰਿਸ਼ਟਾਚਾਰ ਤੇ ਵੱਢੀਖੋਰੀ ਦੀ ਅਣਹੋਂਦ ਬਾਰੇ ਸੁਣਦੇ ਹਨ, ਤਾਂ ਉਨ੍ਹਾਂ ਦੇ ਮਨ ਵਿਚ ਵੀ ਉੱਥੇ ਜਾ ਕੇ ਕਮਾਈ ਕਰਨ ਦੀ ਇੱਛਾ ਤੀਬਰ ਹੋ ਜਾਂਦੀ ਹੈ । ਕਿਉਂਕਿ ਪੰਜਾਬੀ ਮੂਲ ਰੂਪ ਵਿਚ ਤਕੜੇ ਜੁੱਸੇ ਵਾਲੇ ਤੇ ਹੱਡ ਭੰਨ ਕੇ ਕੰਮ ਕਰਨ ਵਾਲੇ ਹਨ, ਇਸ ਕਰਕੇ ਉਨਾਂ ਦੇ ਮਨ ਵਿਚ ਵਿਦੇਸ਼ ਜਾਣ ਦੀ ਇੱਛਾ ਕਿਉਂ ਨਾ ਪੈਦਾ ਹੋਵੇ, ਜਿੱਥੇ ਛੋਟੇ ਤੋਂ ਛੋਟਾ ਕੰਮ ਵੀ ਸਾਰੀਆਂ ਸੁਖ-ਸਹੂਲਤਾਂ ਦਿੰਦਾ ਹੈ, ਬੰਦਾ ਆਮ ਕਰਕੇ ਪੈਸੇ-ਪਲੇ ਤੋਂ ਤੰਗ ਨਹੀਂ ਰਹਿੰਦਾ ਤੇ ਨਾਲ ਹੀ ਘਰਦਿਆਂ ਨੂੰ ਖ਼ੁਸ਼ੀ ਦੇ ਦਿਨ ਦੇਖਣ ਨੂੰ ਮਿਲਦੇ ਹਨ । ਇਹ ਗੱਲ ਚਿੱਟੇ ਦਿਨ ਵਾਂਗ ੫੩੧ ਹੈ ਕਿ ਸਾਡੇ ਦੇਸ਼ ਦੀ ਬੇਰੁਜ਼ਗਾਰੀ ਤੇ ਨੌਕਰੀ ਦੇਣ ਦੇ ਮਾਮਲੇ ਵਿਚ ਕੀਤੇ ਜਾਂਦੇ ਵਿਤਕਰੇ ਤੇ ਵੱਢੀਖੋਰੀ ਤੋਂ ਤੰਗ ਆ ਕੇ ਵੇ ਹਰਗੋਬਿੰਦ ਖੁਰਾਣਾ ਵਰਗੇ ਲੋਕ ਵਿਦੇਸ਼ਾਂ ਵਿਚ ਗਏ, ਉੱਥੇ ਉਨ੍ਹਾਂ ਆਪਣੀ ਲਗਨ ਤੇ ਮਿਹਨਤ ਨਾਲ ਕੀਤੀ ਖੋਜ ਸਦਕ ਨ ਇਨਾਮ ਪ੍ਰਾਪਤ ਕਰ ਲਿਆ । ਬਹੁਤ ਸਾਰੇ ਹੋਰ ਅਜਿਹੇ ਲੋਕ ਹਨ, ਜੋ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗ ਨਾਲ ਖਾਲੀ ਹੱਥ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਪੱਛਮੀ ਦੇਸ਼ਾਂ ਵਿਚ ਗਏ, ਪਰ ਉੱਥੇ ਆਪਣੀ ਮਿਹਨਤ ਨਾਲ ਉਹ ਉੱਥੋਂ ਦੀਆਂ ਕਾਰਪੋਰੇਸ਼ਨਾਂ, ਅਸੈਂਬਲੀਆਂ, ਪਾਰਲੀਮੈਂਟਾਂ ਤੇ ਮੰਤਰੀ-ਮੰਡਲਾਂ ਦੇ ਮੈਂਬਰ ਬਣ ਗਏ ਤੇ ਨਿਆਂਪਾਲਿਕਾ ਵਿਚ ਉੱਚੇ ਅਹੁਦੇ ਪਾਪਤ ਕੀਤੇ  ਕਈ ਤਾਂ ਉੱਥੋਂ ਦੇ ਵੱਡੇ-ਵੱਡੇ ਧਨਾਢਾਂ ਵਿਚ ਗਿਣੇ ਜਾਂਦੇ ਹਨ । ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿਚ ਨੌਕਰੀ ਕਰਨ ਜਾਂ ਕੰਮ ਕਰਨ ਦੇ ਮੌਕੇ ਤੇ ਵਾਤਾਵਰਨ ਨਹੀਂ ਮਿਲਿਆ, ਜਿਸਨੂੰ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ |

ਸਰਕਾਰ ਦੀ ਜ਼ਿੰਮੇਵਾਰੀ-ਇਸ ਚਰਚਾ ਤੋਂ ਇਹ ਸਿੱਟਾ ਹੀ ਨਿਕਲਦਾ ਹੈ ਕਿ ਨੌਜਵਾਨਾਂ ਦੀ ਵਿਦੇਸ਼ਾਂ ਵਲ ਦੌੜ ਨੂੰ ਰੋਕਣ ਲਈ ਸਾਡੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਵਧੇਰੇ ਹੈ । ਦੇਸ਼ ਵਿਚ ਖੇਤੀ, ਸਨਅਤ, ਵਪਾਰ ਤੇ ਸਰਵਿਸਿਜ਼ ਦੇ ਖੇਤਰ ਦਾ ਵਿਕਾਸ ਉਸਨੇ ਹੀ ਕਰਨਾ ਹੈ ਅਤੇ ਪੜ੍ਹਾਈ-ਲਿਖਾਈ ਤੇ ਸਿਖਲਾਈ ਦੇ ਮੌਕੇ ਪੈਦਾ ਕਰ ਕੇ ਆਪਣੇ ਦੇਸ਼ ਵਿਚ ਹਰ ਇਕ ਲਈ ਰੁਜ਼ਗਾਰ ਪੈਦਾ ਕਰਨਾ ਤੇ ਮਹਿੰਗਾਈ ਨੂੰ ਨੱਥ ਪਾਉਣਾ ਉਸਦਾ ਕੰਮ ਹੈ । ਇਸਦੇ ਨਾਲ ਹੀ ਸਮਾਜਿਕ ਵਿਆਹ-ਸ਼ਾਦੀਆਂ, ਮਰਨੇ-ਪਰਨੇ ਤੇ ਰਸਮਾਂ-ਰੀਤਾਂ ਉੱਪਰ ਖ਼ਰਚਾਂ ਨੂੰ ਘਟਾਉਣ ਦੀ ਪ੍ਰੇਰਨਾ ਪੈਦਾ ਕਰਕੇ ਪੈਸੇ ਨੂੰ ਉਸਾਰੂ ਕੰਮਾਂ ਵਿਚ ਲਾਉਣ ਦੀ ਸੇਧ, ਸਹੂਲਤਾਂ ਤੇ ਮੌਕੇ ਪ੍ਰਦਾਨ ਕਰਨਾ ਵੀ ਸਰਕਾਰ ਦਾ ਕੰਮ ਹੈ, ਪਰ ਸਾਡੀਆਂ ਸਰਕਾਰਾਂ ਤਾਂ ਵਿਆਹਾਂ ਉੱਤੇ ਸ਼ਗਨ ਸਕੀਮਾਂ ਚਾਲੂ ਕਰ ਕੇ ਅਜਿਹੀਆਂ ਫ਼ਜੂਲ ਖ਼ਰਚੀਆਂ ਨੂੰ ਉਤਸ਼ਾਹ ਦਿੰਦੀਆਂ ਹਨ । ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਹੀ ਹਨ, ਜਿਨ੍ਹਾਂ ਨੇ ਆਪਣੇ ਲੋਕਾਂ ਲਈ ਰੁਜ਼ਗਾਰ ਦੇ ਇੰਨੇ ਮੌਕੇ ਪੈਦਾ ਕੀਤੇ ਹੋਏ ਹਨ ਕਿ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਹੀਂ ਰਹਿੰਦੀ । ਨਾਲ ਹੀ ਉਨ੍ਹਾਂ ਦੇਸ਼ਾਂ ਦੇ ਲੋਕ ਪੈਸੇ ਨੂੰ ਫ਼ਜ਼ੂਲ ਰਸਮਾਂ ਉੱਤੇ ਨਹੀਂ ਗੁਆਉਂਦੇ । .

ਪੰਜਾਬ ਦੀ ਸਥਿਤੀ-ਪੰਜਾਬ ਦੀ ਵਰਤਮਾਨ ਸਥਿਤੀ ਅਜਿਹੀ ਹੈ ਕਿ ਕੁੱਝ ਸਿਆਸੀ ਕਾਰਨਾਂ ਕਰਕੇ ਹੁਕਮਰਾਨ ਆਪ ਹੀ ਚਾਹੁੰਦੇ ਹਨ ਕਿ ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿਚ ਆ ਕੇ ਵਸਣ ਤੇ ਅਣਖੀਲੇ ਪੰਜਾਬੀ ਵਿਦੇਸ਼ਾਂ ਨੂੰ ਨੱਠਣ । ਇਸੇ ਕਰਕੇ ਹੀ ਲੋਕਾਂ ਨੂੰ ਫੁਸਲਾਉਣ ਵਾਲੇ ਏਜੰਟ, ਉੱਚ ਅਫ਼ਸਰ ਤੇ ਵੱਡੇ-ਵੱਡੇ ਸਿਆਸੀ ਲੋਕ ਘਿਓ-ਖਿਚੜੀ ਹਨ ।

ਕਾਨੂੰਨੀ ਤੌਰ ਤੇ ਵਿਦੇਸ਼ ਜਾਣ ਦੇ ਰਸਤੇ-ਅੱਜ ਵਿਸ਼ਵੀਕਰਨ ਦਾ ਯੁਗ ਹੈ । ਕੋਈ ਬੰਦਾ ਆਪਣੀ ਯੋਗਤਾ ਦੇ ਆਧਾਰ ‘ਤੇ ਉਨ੍ਹਾਂ ਦੇਸ਼ਾਂ ਵਿਚ ਵਿੱਦਿਆ-ਪਾਪਤੀ, ਰੁਜ਼ਗਾਰ ਲਈ ਜਾਂ ਪੱਕੇ ਤੌਰ ਤੇ ਵਸਣ ਜਾ ਸਕਦਾ ਹੈ, ਜਿਹੜੇ ਕਾਨੂੰਨੀ ਤੌਰ ਤੇ ਅਜਿਹੀ ਆਗਿਆ ਦਿੰਦੇ ਹਨ । ਸਾਡੇ ਲੋਕਾਂ ਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਜਾਂ ਆਪਣੀ ਯੋਗਤਾ ਦੇ ਆਧਾਰ ‘ਤੇ ਕੰਮ ਜਾਂ ਨੌਕਰੀ ਪ੍ਰਾਪਤ ਕਰਨ ਲਈ ਕਾਨੂੰਨੀ ਤੌਰ ਤੇ ਵੀਜ਼ੇ ਲੈ ਕੇ ਹੀ ਵਿਦੇਸ਼ਾਂ ਵਿਚ ਜਾਣ । ਇਸ ਮਕਸਦ ਲਈ ਉਨ੍ਹਾਂ ਨੂੰ ਕਿਸੇ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ, ਸਗੋਂ ਸਾਰੀ ਜਾਣਕਾਰੀ ਇੰਟਰਨੈੱਟ ਉੱਤੇ ਮੌਜੂਦ ਹੈ । ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਇੰਡੋਨੇਸ਼ੀਆ ਆਦਿ ਅਜਿਹੇ ਦੇਸ਼ ਹਨ, ਜਿੱਥੇ 25 ਲੱਖ ਤੋਂ ਡੇਢ . ਕਰੋੜ ਰੁਪਏ ਤਕ ਖ਼ਰਚਣ ਵਾਲਾ ਕੋਈ ਵੀ ਮਨੁੱਖ ਕਾਨੂੰਨੀ ਤੌਰ ‘ਤੇ ਜਾ ਸਕਦਾ ਹੈ ਤੇ ਉੱਥੇ ਆਪਣਾ ਕਾਰੋਬਾਰ ਤੇ ਖੇਤੀਬਾੜੀ ਦਾ ਕੰਮ ਸਥਾਪਿਤ ਕਰ ਸਕਦਾ ਹੈ । ਕੈਨੇਡਾ ਦੇ ਮਾਮਲੇ ਵਿਚ ਤਾਂ ਕੁੱਝ ਰਕਮ ਆਪਣੇ ਕੋਲੋਂ ਲਾਈ ਜਾ ਸਕਦੀ ਹੈ ਤੇ ਰਕਮ ਦਾ ਵੱਡਾ ਹਿੱਸਾ ਉਥੋਂ ਦੇ ਬੈਂਕ ਆਪਣੇ ਕੋਲੋਂ ਕਰਜ਼ੇ ਦੇ ਰੂਪ ਵਿਚ ਦੇ ਦਿੰਦੇ ਹਨ ।

3 Comments

  1. Harpreet Singh June 17, 2019
  2. Sukhman September 2, 2019
  3. Harman October 2, 2020

Leave a Reply