Punjabi Essay on “Punjab diya Kheda”, “ਪੰਜਾਬ ਦੀਆਂ ਖੇਡਾਂ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਪੰਜਾਬ ਦੀਆਂ ਖੇਡਾਂ

Punjab diya Kheda

 

ਖੇਡਾਂ ਅਤੇ ਜੀਵਨ : ਖੇਡਾਂ ਮਨੁੱਖੀ ਸਰੀਰ ਨੂੰ ਤਾਕਤ ਅਤੇ ਰੂਹ ਨੂੰ ਖੇੜਾ ਦਿੰਦੀਆਂ ਹਨ। ਖੇਡਣਾ ਮਨੁੱਖ ਦੀ ਆਰੰਭਕ ਰੁੱਚੀ ਹੈ। ਖੇਡਾਂ ਪੰਜਾਬੀ ਜੀਵਨ ਦਾ ਇਕ ਅਨਿੱਖੜਵਾਂ ਅੰਗ ਹਨ। ਪੰਜਾਬ ਦੀਆਂ ਖੇਡਾਂ ਬੱਚਿਆਂ ਅਤੇ ਬੁੱਢਿਆਂ ਦੋਹਾਂ ਲਈ ਹੁੰਦੀਆਂ ਹਨ। ਬੱਚਿਆਂ ਦੀ ਲੁਕਣ-ਮੀਚੀ ਤੋਂ ਸ਼ੁਰੂ ਹੋ ਕੇ ਗੱਭਰੂਆਂ ਦੀ ਸੌਂਚੀ ਪੱਕੀ ਅਤੇ ਕਬੱਡੀ ਤੱਕ ਅਨੇਕਾਂ ਖੇਡਾਂ ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਂਦੀਆਂ ਹਨ। ਬੁੱਢੇ-ਠੇਰੇ ਬਾਰਾਂ-ਠੀਕਰੀ, ਬਾਰਾਂ ਟਾਹਣੀ, ਸ਼ਤਰੰਜ਼, ਤਾਸ਼, ਚੌਪਟ, ਥੋੜਾ ਖੂਹ ਅਤੇ ਅੱਡਾ ਖੱਡਾ ਤੋਂ ਆਨੰਦ ਪ੍ਰਾਪਤ ਕਰਦੇ ਹਨ।

ਕਬੱਡੀ : ਕਬੱਡੀ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਲੋਕ-ਖੇਡ ਹੈ। ਪੰਜਾਬ ਦਾ ਕੋਈ ਅਜਿਹਾ ਵਿਅਕਤੀ ਨਹੀਂ, ਜਿਸ ਨੇ ਆਪਣੇ ਜੀਵਨ ਵਿਚ ਕਦੇ ਕਬੱਡੀ ਨਾ ਖੇਡੀ ਹੋਵੇ। ਇਹ ਖੇਡ ਪੰਜਾਬੀ ਸੱਭਿਆਚਾਰ ਦਾ ਅੰਗ ਹੈ। ਇਸ ਵਿਚ ਦੋ ਟੀਮਾਂ ਇਕ ਦਾਇਰਾ ਬਣਾ ਕੇ ਖੇਡਦੀਆਂ ਹਨ। ਇਕ ਟੀਮ ਦਾ ਇਕ ਖਿਡਾਰੀ ‘ਕਬੱਡੀ-ਕਬੱਡੀ’ ਕਰਦਾ ਦੂਜੀ ਧਿਰ ਉੱਪਰ ਧਾਵਾ ਬੋਲ ਕੇ ਕਿਸੇ ਇਕ ਖਿਡਾਰੀ ਨੂੰ ਹੱਥ ਲਾ ਕੇ ਇਕੋ ਦਮ ਵਿਚ ਵਾਪਸ ਮੁੜ ਕੇ ਨੰਬਰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਇਸ ਯਤਨ ਵਿਚ ਜੇਕਰ ਉਸਨੂੰ ਦੂਜੀ ਧਿਰ ਦਾ ਕੋਈ ਖਿਡਾਰੀ ਫੜ ਕੇ ਆਪਣੀ ਧਿਰ ਵੱਲ ਵਾਪਸ ਨਾ ਪਰਤਣ ਦੇਵੇ ਅਤੇ ਉਹਦਾ ਦਮ ਟੁੱਟ ਜਾਵੇ ਤਾਂ ਉਹ ਨੰਬਰ ਦੂਜੀ ਧਿਰ ਨੂੰ ਮਿਲ ਜਾਂਦਾ ਹੈ। ਇਸ ਖੇਡ ਵਿਚ ਦਮ ਦੀਪਕਿਆਈ, ਕੁਸ਼ਤੀ, ਦੌੜ, ਪਕੜਾਂ ਆਦਿ ਸਭ ਕੁਝ ਸ਼ਾਮਿਲ ਹਨ। ਇਸ ਨੂੰ ਤੱਕੜੇ ਜੁੱਸਿਆਂ ਵਾਲੇ ਪੰਜਾਬੀ ਹੀ ਖੇਡ ਸਕਦੇ ਹਨ।

ਸੌਂਚੀ ਪੱਕੀ : ਇਹ ਮਾਲਵੇ ਦੀ ਖੇਡ ਹੈ। ਇਸ ਵਿਚ ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਵਿਚ ਜਾ ਕੇ ਖਿਡਾਰੀ ਦੀ ਛਾਤੀ ਵਿਚ ਧੱਫੇ ਮਾਰਦਾ ਹੋਇਆ ਉਸ ਨੂੰ ਪਿਛਾਂਹ ਧੱਕਦਾ ਹੈ ਅਤੇ ਦੂਜਾ ਉਸਦੀ ਬਾਂਹ ਫੜਦਾ ਹੈ। ਜਾਣ ਵਾਲਾ ਆਪਣੀ ਬਾਂਹ ਛੁਡਾਉਂਦਾ ਹੈ। ਇਸ ਤਰਾਂ ਇਸ ਵਿਚ ਖਿਡਾਰੀ ਦੀ ਤਾਕਤ ਦੀ ਪ੍ਰੀਖਿਆ ਹੁੰਦੀ ਹੈ।

ਲੂਣ ਅਤੇ ਲੱਲੇ : ਇਸ ਖੇਡ ਵਿਚ ਖਿਡਾਰੀ ਜ਼ਮੀਨ ਵਿਚ ਖੱਤੀਆਂ ਕੱਢ ਕੇ ਆਪਣੇ ਮੁੰਡਿਆਂ ਸਮੇਤ ਉਹਨਾਂ ਕੋਲ ਖੜੇ ਹੋ ਜਾਂਦੇ ਹਨ। ਇਕ ਖਿਡਾਰੀ ਖਿੱਦੋ ਨੂੰ ਖੁੱਡਾ ਮਾਰਦਾ ਹੈ। ਵਾਰੀ ਜਾਂ ਮੀਟੀ ਵਾਲਾ ਉਸ ਨੂੰ ਨੱਸ ਕੇ ਫੜਦਾ ਹੈ ਅਤੇ ਨੇੜੇ ਦੇ ਖਿਡਾਰੀ ਦੇ ਮਾਰਦਾ ਹੈ। ਜੇਕਰ ਖਿੱਦੋ ਖਿਡਾਰੀ ਦੇ ਲੱਗ ਜਾਵੇ, ਤਾਂ ਦਾਈ ਉਸ ਦੇ ਸਿਰ ਆ ਜਾਂਦੀ ਹੈ ਅਤੇ ਪਹਿਲਾ ਦਾਈ ਵਾਲਾ ਮੁੰਡਾ ਲੈ ਕੇ ਖੁੱਤੀ ਦੀ ਰੱਖਿਆ ਕਰਦਾ ਹੈ। ਜੇਕਰ ਦਾਈ ਵਾਲਾ ਕਿਸੇ ਖਿਡਾਰੀ ਦਾ ਲੱਲਾ ਮੱਲ ਲਵੇ, ਤਾਂ ਵੀ ਦਾਈ ਅਗਲੇ ਦੇ ਸਿਰ ਆ ਜਾਂਦੀ ਹੈ। ਇਸੇ ਪ੍ਰਕਾਰ ਹੀ ‘ਖਿੱਦੋਖੰਡੀ ਹਾਕੀ ਵਰਗੀ ਇਕ ਰੌਚਕ ਖੇਡ ਹੈ।

ਡੰਡ ਪਲਾਂਡੜਾ : ਇਹ ਗਰਮੀਆਂ ਦੇ ਮੌਸਮ ਵਿਚ ਦੁਪਹਿਰ ਦੇ ਸਮੇਂ ਛੱਪੜਾਂ ਦੇ ਕੰਢੇ ਬੋਹੜ ਦੇ ਰੁੱਖਾਂ ਉੱਤੇ ਖੇਡੀ ਜਾਂਦੀ ਹੈ। ਖਿਡਾਰੀ ਇਕ ਵੱਡੇ ਦਰੱਖਤ ਉੱਤੇ ਚੜ੍ਹ ਜਾਂਦੇ ਹਨ। ਇਸ ਦਰੱਖਤ ਹੇਠਾਂ ਇਕ ਗੋਲ ਦਾਇਰਾ ਵਾਹ ਕੇ ਉਸ ਵਿਚ ਇਕ ਡੰਡਾ ਰੱਖ ਦਿੱਤਾ ਜਾਂਦਾ ਹੈ। ਇਕ ਖਿਡਾਰੀ ਡੰਡਾ ਲੱਤ ਹੇਠਾਂ ਘੁਮਾ ਕੇ ਦੂਰ ਸੁੱਟਦਾ ਹੈ ਤੇ ਫਿਰ ਉਹ ਦਰੱਖਤ ਉੱਪਰ ਚੜ੍ਹ ਜਾਂਦਾ ਹੈ। ਵਾਰੀ ਵਾਲਾ ਖਿਡਾਰੀ ਡੰਡਾ ਚੁੱਕ ਕੇ ਦਾਇਰੇ ਵਿਚ ਲਿਆ ਕੇ ਰੱਖਦਾ ਹੈ ਤੇ ਫਿਰ ਰੁੱਖ ਉੱਤੇ ਕਿਸੀ ਖਿਡਾਰੀ ਨੂੰ ਛੁਹਣ ਲਈ ਚੜਦਾ ਹੈ। ਖਿਡਾਰੀ ਰੁੱਖ ਦੀਆਂ ਟਾਹਣਾਂ ਤੋਂ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ ਤੇ ਨੱਸ ਕੇ ਡੰਡਾ ਚੁੱਕ ਕੇ ਚੁੰਮਦੇ ਹਨ। ਜਿਸ ਖਿਡਾਰੀ ਨੂੰ ਵਾਰੀ ਵਾਲਾ ਹੱਥ ਲਾ ਦੇਵੇ, ਵਾਰੀ ਮੁੜ ਕੇ ਉਸ ਦੇ ਸਿਰ ਆ ਜਾਂਦੀ ਹੈ।

ਲੂਣ ਮਿਆਣੀ : ਇਹ ਗੱਭਰੂਆਂ ਦੀ ਇਕ ਹੋਰ ਮਜ਼ੇਦਾਰ ਖੇਡ ਹੈ। ਇਸ ਲਈ ਬੱਚੇ ਛੋਟਾ, ਪਰ ਗੱਭਰੂ ਵੱਡਾ ਮੈਦਾਨ ਤਿਆਰ ਕਰਦੇ ਹਨ। ਜ਼ਮੀਨ ਉੱਤੇ ਇਕ ਸੋਟੀ ਨਾਲ ਲੀਕ ਵਾਹ ਕੇ ਦੱਸ ਬਾਰਾਂ ਕਦਮਾਂ ਦੀ ਇਕ ਵਰਗਾਕਾਰ ਸ਼ਕਲ ਬਣਾ ਲਈ ਜਾਂਦੀ ਹੈ। ਇਸ ਦੇ ਅੰਦਰ ਚਾਰੇ ਪਾਸੇ ਦੋ ਕਦਮ ਚੌੜੀ ਸੜਕ ਬਣਾ ਲਈ ਜਾਂਦੀ ਹੈ ਅਤੇ ਫਿਰ ਮੈਦਾਨ ਨੂੰ ਦੋ ਕੁ ਕਦਮ ਚੌੜੀਆਂ ਸੜਕਾਂ ਨਾਲ ਵੰਡ ਦਿੱਤਾ ਜਾਂਦਾ ਹੈ। ਇਸ ਸੜਕ ਦੇ ਚੁਰੱਸਤੇ ਵਿਚ ਮਿੱਟੀ ਦੀ ਢੇਰੀ ਲਾ ਦਿੰਦੇ ਹਨ, ਜਿਸ ਨੂੰ ਲੂਣ ਦੀ ਢੇਰੀ ਕਿਹਾ ਜਾਂਦਾ ਹੈ। ਪੁੱਗਣ ਮਗਰੋਂ, ਜਿਸ ਖਿਡਾਰੀ ਸਿਰ ਵਾਰੀ ਆ ਜਾਵੇ, ਉਹ ਲੂਣ ਦੀ ਰੱਖਿਆ ਕਰਦਾ ਹੈ। ਇਕ ਖਿਡਾਰੀ ਉਸ ਦੇ ਹੱਥ ਉੱਤੇ ਹੱਥ ਮਾਰ ਕੇ ਭੱਜਦਾ ਹੈ ਤੇ ਉਹ ਸੜਕਾਂ ਵਿਚ ਖਿੰਡੇ ਖਿਡਾਰੀਆਂ ਨੂੰ ਛੂਹਣ ਲਈ ਨੱਸਦਾ ਹੈ ਅਤੇ ਖਿਡਾਰੀ ਲੂਣ ਚੁੱਕ ਕੇ ਸੜਕ ਪਾਰ ਬਣੇ ਸੰਦੂਕ ਨੂੰ ਛੜੱਪਾ ਮਾਰ ਕੇ ਟੱਪਦੇ ਹਨ। ਜਿਹੜਾ ਖਿਡਾਰੀ ਸੜਕ ਦੇ ਅੰਦਰ ਬਣੇ ਵਰਗਾਕਾਰ ਹਿੱਸੇ ਵਿਚ ਆਪਣਾ ਪੈਰ ਰੱਖ ਦੇਵੇ, ਉਸ ਨੂੰ ਮਰਿਆ’ ਕਿਹਾ ਜਾਂਦਾ ਹੈ। ਇਸ ਮਰੇ ਖਿਡਾਰੀ ਨੂੰ ‘ਮਦੀਨ’ ਕਹਿੰਦੇ ਹਨ। ਜਿਹੜੇ ਸੰਦੁਕ ਪਾਰ ਕਰ ਜਾਂਦੇ ਹਨ, ਉਹਨਾਂ ਨੂੰ ਨਰ’ ਕਿਹਾ ਜਾਂਦਾ ਹੈ। ਜਦੋਂ ਸਾਰੇ ਖਿਡਾਰੀ ਮੁੱਕ ਜਾਂਦੇ ਹਨ, ਤਾਂ ‘ਨਰ ਬਣੇ ਖਿਡਾਰੀ ਕੁਝ ਦੂਰ ਖੜੋ ‘ਮਦੀਨ’ ਖਿਡਾਰੀਆਂ ਨੂੰ ਪੁੱਛਦੇ ਹਨ, “ਬਿੱਲੀ ਬੱਚਿਆਂ ਦੀ ਮਾਂ, ਰੋਟੀ ਪੱਕੀ ਕਿ ਨਾ ?’ ਦੋ ਤਿੰਨ ਵਾਰੀ ਮਦੀਨ ਖਿਡਾਰੀ ‘ਨਾਂਹ’ ਕਰਦੇ ਹਨ, ਪਰ ਜਦੋਂ ਜਵਾਬ ‘ਹਾਂ’ ਵਿਚ ਆਉਂਦਾ ਹੈ, ਤਾਂ ਨਰ ਖਿਡਾਰੀ ਮਦੀਨਖਿਡਾਰੀਆਂ ਵੱਲ ਤੇ ਮਦੀਨ ਖਿਡਾਰੀ ਮੈਦਾਨ ਵੱਲ ਦੌੜਦੇ ਹਨ। ਜਿਹੜੇ ਮਦੀr 6 ਰਸਤੇ ਵਿਚ ਛੂਹੇ ਜਾਂਦੇ ਹਨ, ਉਹ ਛੂਹਣ ਵਾਲੇ ਖਿਡਾਰੀ ਦੀ ਘੋੜੀ ਬਣ ਕੇ ਉਹਨਾਂ ਨੇ ਖੇਤ ਦੇ ਮੈਦਾਨ ਤੱਕ ਝੂਟਾ ਦਿੰਦੇ ਹਨ। ਇਸ ਤੋਂ ਮਗਰੋਂ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ ਅਤੇ ਵਾਰੀ ਉਹੋ ਖਿਡਾਰੀ ਦਿੰਦਾ ਹੈ, ਜਿਹੜਾ ਸਭ ਤੋਂ ਪਹਿਲਾਂ ਮਦੀਨ ਬਣਿਆ ਹੋਵੇ।

ਅਖ਼ਰੋਟ : ਅਖ਼ਰੋਟ ਵੀ ਬੱਚਿਆਂ ਅਤੇ ਗੱਭਰੂਆਂ ਦੀ ਇਕ ਲੋਕਪ੍ਰਿਯ ਖੇਡ ਹੈ। ਇਸ ਵਿਚ ਨਿਸ਼ਾਨਾ ਲਾਉਣ ਦਾ ਅਭਿਆਸ ਕੀਤਾ ਜਾਂਦਾ ਹੈ। ਇਸ ਵਿਚ ਇਕ ਖੱਤੀ ਕੱਦਾ ਹੈ ਕੁਝ ਫ਼ਰਕ ਤੇ ਵਾਹੀ ਲਕੀਰ ਤੋਂ ਖਲੋ ਕੇ ਅਖ਼ਰੋਟ ਸੁੱਟੇ ਜਾਂਦੇ ਹਨ। ਵਾਰੀ ਮਿੱਥਣ ਲਈ ਇੱਚਿਆ ਜਾਂਦਾ ਹੈ। ਸਾਰੇ ਖਿਡਾਰੀ ਵਾਰੀ-ਵਾਰੀ ਆਪਣਾ ਅਖ਼ਰੋਟ ਖੁੱਤੀ ਵੱਲ ਸੁੱਟਦੇ ਹਨ। ਜਿਸ ਦਾ ਅਖ਼ਰੋਟ ਖੁੱਤੀ ਵਿਚ ਚਲਾ ਜਾਵੇ, ਉਹ ਮੀਤੀ ਅਖਵਾਉਂਦਾ ਹੈ ਤੇ ਆਪਣੀ ਵਾਰੀ ਲੈਂਦਾ ਹੈ। ਖੁੱਤੀ ਦੇ ਸਭ ਤੋਂ ਨੇੜੇ ਅਖ਼ਰੋਟ ਸੁੱਟਣ ਵਾਲਾ ਦੋਗੀ, ਉਸ ਤੋਂ ਦੁਰ ਵਾਲਾ ਤੇਗੀ ਅਤੇ ਉਸ ਤੋਂ ਦੂਰ ਵਾਲਾ ਚੌਗੀ ਕਹਾਉਂਦਾ ਹੈ। ਮੀਡੀ ਵਾਲਾ ਖਿਡਾਰੀ ਸਭ ਤੋਂ ਇਕ-ਇਕ ਅਖ਼ਰੋਟ ਲੈ ਕੇ ਲਕੀਰ ਤੋਂ ਖੁੱਤੀ ਵੱਲ ਸੁੱਟਦਾ ਹੈ।ਜਿੰਨੇ ਅਖ਼ਰੋਟ ਖੁੱਤੀ ਵਿਚ ਪੈ ਜਾਣ, ਉਹ ਉਸ ਦੇ ਹੋ ਜਾਂਦੇ ਹਨ। ਫਿਰ ਉਸ ਨੂੰ ਬਾਹਰਲੇ ਕਿਸੇ ਅਖ਼ਰੋਟ ਉੱਤੇ ਨਿਸ਼ਾਨਾ ਲਾਉਣ ਲਈ ਕਿਹਾ ਜਾਂਦਾ ਹੈ। ਜੇਕਰ ਉਹ ਨਿਸ਼ਾਨਾ ਲਾ ਲਵੇ, ਤਾਂ ਸਾਰੇ ਅਖ਼ਰੋਟ ਉਸ ਦੇ ਹੋ ਜਾਂਦੇ ਹਨ, ਨਹੀਂ ਤਾਂ ਖੁੱਤੀ ਤੋਂ ਬਾਹਰ ਪਏ ਅਖ਼ਰੋਟ ਚੁੱਕ ਕੇ ਦੋਸ਼ੀ ਖਿਡਾਰੀ ਆਪਣੀ ਵਾਰੀ ਲੈਂਦਾ ਹੈ।

ਕੂਕਾਂ-ਕਾਂਗੜੇ : ਇਹ ਪੰਜਾਬੀਆਂ ਦੀ ਲੋਕਪ੍ਰਿਯ ਖੇਡ ਹੈ। ਇਸ ਵਿਚ ਲਕਾਉਣ ਅਤੇ ਖੇਡਣ ਦੀ ਰੁਚੀ ਜਗਾਉਣ ਦੇ ਨਾਲ ਹੀ ਗਿਣਤੀ ਦਾ ਅਭਿਆਸ ਵੀ ਹੁੰਦਾ ਹੈ। ਇਹ ਖੇਡ ਘਰਾਂ ਅਤੇ ਗਲੀਆਂ ਵਿਚ ਖੇਡੀ ਜਾਂਦੀ ਹੈ। ਖਿਡਾਰੀ ਦੋ ਟੋਲੀਆਂ ਬਣਾ ਕੇ ਗਲੀ ਨੂੰ ਦੋ ਹਿੱਸਿਆਂ ਵਿਚ ਵੰਡ ਲੈਂਦੇ ਹਨ ਅਤੇ ਦੋਵੇਂ ਟੋਲੀਆਂ ਇਕ-ਇਕ ਹਿੱਸਾ ਮੱਲ ਲੈਂਦੀਆਂ ਹਨ। ਇਕ ਜਣਾ ‘ਕੂਕਾਂ-ਕਾਂਗੜੇ, ਪੱਟ ਪਟੀਲੋ ਆਖਦਾ ਹੈ ਤੇ ਦੋਵੇਂ ਟੋਲੀਆਂ ਆਪਣੇ-ਆਪਣੇ ਪਾਸੇ ਜਾ ਕੇ ਕੋਲਿਆਂ ਜਾਂ ਸਲੇਟੀਆਂ ਨਾਲ ਲੁਕਵੀਆਂ ਥਾਵਾਂ ਤੇ ਜ਼ਿਆਦਾ ਤੋਂ ਜ਼ਿਆਦਾ ਲੀਕਾਂ ਮਾਰਦੀਆਂ ਹਨ। ਜਿਹੜੀ ਟੋਲੀ ਲੀਕ ਵਾਹੁਣ ਦਾ ਕੰਮ ਮੁਕਾ ਲੈਂਦੀ ਹੈ, ਉਸ ਦਾ ਖਿਡਾਰੀ ਵੰਡ ਵਾਲੀ ਥਾਂ ਤੇ ਆ ਕੇ ‘ਕੂਕਾਂ-ਕਾਂਗੜੇ ਜਾਂ ‘ਪੱਟ ਪਟੀਲੋਂ ਦੀ ਆਵਾਜ਼ ਦਿੰਦਾ ਹੈ। ਇਹ ਆਵਾਜ਼ ਸੁਣ ਕੇ ਦੂਜੀ ਟੋਲੀ ਦੇ ਖਿਡਾਰੀ ਵੀ ਉੱਥੇ ਪਹੁੰਚ ਜਾਂਦੇ ਹਨ। ਫਿਰ ਹਰ ਟੋਲੀ ਇਕ ਦੂਜੇ ਦੇ ਪਾਸੇ ਵੱਲ ਜਾ ਕੇ ਦੂਜਿਆਂ ਦੀਆਂ ਵਾਹੀਆਂ ਲਕੀਰਾਂ ਲੱਭ ਕੇ ਕਾਂਟੇ ਮਾਰਦੀ ਹੈ। ਕਾਂਟੇ ਮਾਰਨ ਦਾ ਕੰਮ ਖਤਮ ਕਰਕੇ ਤੇ ਫਿਰ ਦੋਹਾਂ ਟੋਲੀਆਂ ਦੀਆਂ ਬਚੀਆਂ ਲਾਈਨਾਂ ਦੀ ਗਿਣਤੀ ਹੁੰਦੀ ਹੈ। ਜਿਸ ਟੋਲੀ ਦੀਆਂ ਬਹੁਤੀਆਂ ਲਾਈਨਾਂ ਬੱਚ ਗਈਆਂ ਹੋਣ, ਉਹ ਜਿੱਤੀ ਸਮਝੀ ਜਾਂਦੀ ਹੈ।

ਬੱਚਿਆਂ ਦੀਆਂ ਖੇਡਾਂ : ਇਹਨਾਂ ਤੋਂ ਬਿਨਾਂ ਪੰਜਾਬ ਵਿਚ ਬੱਚਿਆਂ ਦੁਆਰਾ ਲੁਕਣਮੀਟੀ, ਛੂਹਣ-ਛੁਹਾਈ, ਭੰਡਾ-ਭੰਡਾਰੀਆ, ਊਚ-ਨੀਚ, ਖਾਨ ਘੋੜੀ, ਤੇਰਾ ਮੇਰਾ ਮੇਲ ਨਹੀਂ, ਕੁੰਡਾ ਚੁੱਕ, ਕੀੜ-ਕੜਾਂਗਾ ਅਤੇ ਬਾਂਦਰ ਕਿੱਲਾ ਖੇਡੀਆਂ ਜਾਣ ਵਾਲੀਆਂ ਹੋਰ ਖੇਡਾਂ ਹਨ।

ਇਹਨਾਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ। ਇਹ ਸਾਡਾ ਮਾਣ ਕਰਨ ਯੋਗ ਵਿਰਸਾ ਹਨ। ਅੱਜਕਲ ਇਹਨਾਂ ਪੁਰਾਣੀਆਂ ਖੇਡਾਂ ਦੀ ਥਾਂ ਨਵੀਆਂ ਖੇਡਾਂ ਤੇਜ਼ੀ ਨਾਲ ਪ੍ਰਚੱਲਿਤ ਹੁੰਦੀਆਂ ਜਾ ਰਹੀਆਂ ਹਨ।

Leave a Reply